ਅੰਮ੍ਰਿਤਸਰ, 26 ਅਪ੍ਰੈਲ —( ਹਰਸਿਮਰਨ ਸਿੰਘ ਹੁੰਦਲ਼ )
ਬੀਤੇ ਦਿਨਾਂ ਅੰਦਰ ਪੰਜਾਬ ਤੋਂ ਗ੍ਰਿਫ਼ਤਾਰ ਕਰਕੇ ਅਸਾਮ ਦੇ ਡਿਬਰੂਗੜ੍ਹ ਦੀ ਕੇਂਦਰੀ ਜੇਲ੍ਹ ’ਚ ਨਜ਼ਰਬੰਦ ਕੀਤੇ ਗਏ ਨੌਜਵਾਨਾਂ ਨਾਲ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਲਕੇ 27 ਅਪ੍ਰੈਲ ਨੂੰ ਮੁਲਾਕਾਤ ਕਰਵਾਈ ਜਾਵੇਗੀ। ਇਸ ਸਬੰਧ ਵਿੱਚ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਅੱਜ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨੂੰ ਲੈ ਕੇ ਸ੍ਰੀ ਅੰਮ੍ਰਿਤਸਰ ਤੋਂ ਹਵਾਈ ਜਹਾਜ ਰਾਹੀਂ ਅਸਾਮ ਲਈ ਰਵਾਨਾ ਹੋਏ। ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਦੇ ਆਈ.ਟੀ. ਵਿਭਾਗ ਦੇ ਨੁਮਾਇੰਦੇ ਸ. ਜਸਕਰਨ ਸਿੰਘ ਵੀ ਗਏ ਹਨ।
ਅਸਾਮ ਲਈ ਰਵਾਨਗੀ ਮੌਕੇ ਗੱਲਬਾਤ ਕਰਦਿਆਂ ਐਡਵੋਕੇਟ ਸਿਆਲਕਾ ਨੇ ਦੱਸਿਆ ਕਿ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਦੀ ਮੁਲਾਕਾਤ ਲਈ ਪਿਛਲੇ ਦਿਨੀਂ ਇਜਾਜ਼ਤ ਲਈ ਗਈ ਸੀ, ਜਿਸ ਤਹਿਤ ਇਸ ਮੁਲਾਕਾਤ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹਵਾਈ ਰਸਤੇ ਅੱਜ ਸ੍ਰੀ ਅੰਮ੍ਰਿਤਸਰ ਤੋਂ ਰਵਾਨਗੀ ਮਗਰੋਂ ਦਿੱਲੀ ਤੋਂ ਸਵੇਰੇ ਅਸਾਮ ਲਈ ਉਡਾਣ ਲਈ ਜਾਵੇਗੀ।
ਉਨ੍ਹਾਂ ਕਿਹਾ ਕਿ ਡਿਬਰੂਗੜ੍ਹ ਵਿਖੇ ਜੇਲ੍ਹ ਵਿੱਚ ਨਜ਼ਰਬੰਦ 10 ਨੌਜਵਾਨਾਂ ਵਿੱਚੋਂ ਸ. ਕੁਲਵੰਤ ਸਿੰਘ ਧਾਲੀਵਾਲ, ਸ. ਵਰਿੰਦਰ ਸਿੰਘ ਜੌਹਲ, ਸ. ਗੁਰਮੀਤ ਸਿੰਘ ਬੁੱਕਣਵਾਲਾ, ਸ. ਹਰਜੀਤ ਸਿੰਘ ਜੱਲੂਪੁਰ ਖੈੜਾ, ਸ. ਭਗਵੰਤ ਸਿੰਘ ਬਾਜੇਕੇ, ਸ. ਬਸੰਤ ਸਿੰਘ, ਸ. ਗੁਰਇੰਦਰਪਾਲ ਸਿੰਘ ਅਤੇ ਸ. ਪਪਲਪ੍ਰੀਤ ਸਿੰਘ ਦੇ ਇੱਕ-ਇੱਕ ਪਰਿਵਾਰਕ ਨੂੰ ਮੁਲਾਕਾਤ ਲਈ ਅਸਾਮ ਲੈਜਾਇਆ ਗਿਆ ਹੈ।
ਦੱਸਣਯੋਗ ਹੈ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕਟ ਹਰਜਿੰਦਰ ਸਿੰਘ ਧਾਮੀ ਨੇ ਨੌਜਵਾਨਾਂ ਦੇ ਕੇਸਾਂ ਦੀ ਪੈਰਵਾਈ ਲਈ ਸ਼੍ਰੋਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਜੁੰਮੇਵਾਰੀ ਲਗਾਈ ਸੀ, ਜਿਨ੍ਹਾਂ ਨੇ ਕਾਨੂੰਨੀ ਟੀਮ ਦਾ ਗਠਨ ਕਰਕੇ ਡਿਬਰੂਗੜ੍ਹ ਵਿਖੇ ਜੇਲ੍ਹ ਵਿੱਚ ਬੰਦ ਨੌਜਵਾਨਾਂ ਨਾਲ ਮੁਲਾਕਾਤ ਕਰਨ ਤੋਂ ਇਲਾਵਾ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਮੁਲਾਕਾਤਾਂ ਲਈ ਲੋੜੀਂਦੀ ਇਜਾਜ਼ਤ ਪ੍ਰਾਪਤ ਕੀਤੀ ਹੈ।
Author: Gurbhej Singh Anandpuri
ਮੁੱਖ ਸੰਪਾਦਕ