ਗੁਰਦਾਸਪੁਰ 20 ਫਰਵਰੀ ( ਨਿਰਵੈਰ ਸਿੰਘ ) ਜ਼ਿਲ੍ਹਾ ਗੁਰਦਾਸਪੁਰ ਦੀ ਪੁਲਸ ਨੇ ਪੈਟਰੋਲ ਬੰਬ ਨਾਲ ਘਰ ’ਤੇ ਹਮਲਾ ਕਰਨ ਵਾਲੇ ਦੋ ਦੋਸ਼ੀਆਂ ਨੂੰ ਕਾਬੂ ਕੀਤਾ ਹੈ ਅਤੇ ਨਾਲ ਹੀ ਹਾਈਟੈਕ ਨਾਕੇ ’ਤੇ ਨਕਲੀ ਨੰਬਰ ਲਗਾ ਕੇ ਕਾਰ ਵਿਚ ਹੈਰੋਇਨ ਲਿਆਉਣ ਵਾਲੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਸਬੰਧ ਵਿਚ ਬੁਲਾਈ ਗਈ ਪ੍ਰੈੱਸ ਕਾਨਫਰੰਸ ਦੌਰਾਨ ਐੱਸ. ਐੱਸ. ਪੀ. ਗੁਰਦਾਸਪੁਰ ਹਰੀਸ਼ ਦਾਯਮਾ ਨੇ ਦੱਸਿਆ ਕਿ ਪੁਲਸ ਵੱਲੋਂ ਜ਼ਿਲ੍ਹੇ ਅੰਦਰ ਅਮਨ ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਜਿੱਥੇ ਨਾਕਾਬੰਦੀ ਕਰਕੇ ਨਿਰੰਤਰ ਚੈਕਿੰਗ ਕੀਤੀ ਜਾ ਰਹੀ ਹੈ, ਉਸਦੇ ਨਾਲ ਹੀ ਵੱਖ-ਵੱਖ ਥਾਣਿਆਂ ਦੀ ਪੁਲਸ ਨੂੰ ਵੀ ਮੁਸ਼ਤੈਦ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ 13 ਫਰਵਰੀ ਦੀ ਰਾਤ ਨੂੰ ਪਿੰਡ ਘੁੰਮਣ ਖੁਰਦ ਵਿਖੇ ਦੋ ਅਣਪਛਾਤੇ ਵਿਅਕਤੀਆਂ ਨੇ ਪਰਮਜੀਤ ਸਿੰਘ ਪੁੱਤਰ ਪਾਲ ਸਿੰਘ ਵਾਸੀ ਘੁੰਮਣ ਖੁਰਦ ਦੇ ਘਰ ਦੋ ਪੈਟਰੋਲ ਬੰਬ ਸੁੱਟੇ ਸਨ, ਜਿਸ ਤੋਂ ਬਾਅਦ ਥਾਣਾ ਘੁੰਮਣ ਕਲਾਂ ਵਿਚ ਪਰਚਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕੀਤੀ ਗਈ ਸੀ। ਇਸ ਤਹਿਤ ਪੁਲਸ ਨੇ ਜਾਂਚ ਦੌਰਾਨ ਤਜਿੰਦਰ ਸਿੰਘ ਉਰਫ ਤੇਜੀ ਅਤੇ ਲਵਪ੍ਰੀਤ ਸਿੰਘ ਉਰਫ ਲਵ ਵਾਸੀ ਕਲੇਰ ਕਲਾਂ ਨੂੰ ਗ੍ਰਿਫਤਾਰ ਕੀਤਾ ਸੀ ਅਤੇ ਇਨ੍ਹਾਂ ਵੱਲੋਂ ਵਾਰਦਾਤ ਮੌਕੇ ਵਰਤਿਆ ਸਪਲੈਂਡਰ ਮੋਟਰਸਾਈਕਲ ਵੀ ਬਰਾਮਦ ਕੀਤਾ ਸੀ।
ਉਨ੍ਹਾਂ ਦੱਸਿਆ ਕਿ ਜਾਂਚ ਅਤੇ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਪਿੰਡ ਕਲੇਰ ਕਲਾਂ ਦਾ ਵਸਨੀਕ ਬਲਰਾਜ ਸਿੰਘ ਅਤੇ ਪਿੰਡ ਅਠਵਾਲ ਦਾ ਵਸਨੀਕ ਹਰਮਨ ਇਸ ਮੌਕੇ ਅਮਰੀਕਾ ਵਿਚ ਰਹਿ ਰਹੇ ਹਨ ਜਿਨ੍ਹਾਂ ਨੇ ਉਕਤ ਕਨੈਡਾ ਤੋਂ ਆਏ ਪਰਮਜੀਤ ਸਿੰਘ ਦੇ ਭਤੀਜੇ ਗੁਰਤਾਜਬੀਰ ਸਿੰਘ ਨੂੰ ਡਰਾਉਣ ਲਈ ਲਵਪ੍ਰੀਤ ਸਿੰਘ ਨੂੰ 40 ਹਜ਼ਾਰ ਰੁਪਏ ਦੀ ਫਿਰੌਤੀ ਉਸ ਦੇ ਅਕਾਊਂਟ ਵਿਚ ਭੇਜੀ ਸੀ। ਇਸ ਕਾਰਨ ਤੇਜਿੰਦਰ ਸਿੰਘ ਉਰਫ ਤੇਜੀ ਅਤੇ ਲਵਪ੍ਰੀਤ ਸਿੰਘ ਉਰਫ ਲਵ ਨੇ ਉਕਤ ਪਰਮਜੀਤ ਸਿੰਘ ਦੇ ਘਰ ਪੈਟਰੋਲ ਬੰਬ ਸੁੱਟੇ ਸਨ। ਉਨ੍ਹਾਂ ਦੱਸਿਆ ਕਿ ਉਕਤ ਦੋਵਾਂ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਇਸੇ ਤਰ੍ਹਾਂ ਗੁਰਦਾਸਪੁਰ ਸ਼ਹਿਰ ਦੇ ਬਾਹਰਵਾਰ ਬੱਬਰੀ ਬਾਈਪਾਸ ਹਾਈਟੈਕ ਨਾਕੇ ‘ਤੇ ਚੈਕਿੰਗ ਦੌਰਾਨ ਪੁਲਸ ਨੇ ਸ਼ੱਕ ਦੇ ਆਧਾਰ ‘ਤੇ ਇਕ ਬਰੀਜਾ ਕਾਰ ਨੂੰ ਰੋਕਿਆ ਤਾਂ ਉਸ ਵਿੱਚੋ ਇਕ ਕਿੱਲੋ ਹੈਰੋਇਨ ਬਰਾਮਦ ਕਰਕੇ ਕਾਰ ਸਵਾਰ ਸੁਦੈਮ ਹੁਸੈਨ ਪੁੱਤਰ ਮੁਹੰਮਦ ਫੈਸਾ ਵਾਸੀ ਖਾਨਪੁਰ ਭਵਨ ਜਿਲਾ ਜੰਮੂ ਨੂੰ ਕਾਬੂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਰ ’ਤੇ ਦਿੱਲੀ ਦੀ ਰਜਿਸਟ੍ਰੇਸ਼ਨ ਵਾਲਾ ਜਾਅਲੀ ਨੰਬਰ ਲੱਗਾ ਹੋਇਆ ਸੀ।
Author: Gurbhej Singh Anandpuri
ਮੁੱਖ ਸੰਪਾਦਕ