ਪੰਜਾਬ By Beuro Report
ਫਗਵਾੜਾ ਦੇ ਮੁੱਖ ਬੱਸ ਸਟੈਂਡ ਇਲਾਕੇ ਵਿਚ ਪੰਜਾਬ ਪੁਲਸ ਵਿਚ ਥਾਣੇਦਾਰ ਦੀ ਕੁਝ ਲੋਕਾਂ ਵੱਲੋਂ ਕੁੱਟਮਾਰ ਕਰਕੇ ਉਸ ਦੀ ਵਰਦੀ ਫਾੜ ਦੇਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਥਾਣੇਦਾਰ ਦੀ ਕੀਤੀ ਗਈ ਕੁੱਟਮਾਰ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਹੁਣ ਫਗਵਾੜਾ ਪੁਲਸ ਨੇ ਥਾਣੇਦਾਰ ਜੋ ਕੁਝ ਸਮੇਂ ਪਹਿਲਾਂ ਫਗਵਾੜਾ ਵਿਚ ਹੀ ਤਾਇਨਾਤ ਰਿਹਾ ਹੈ, ਦੇ ਬਿਆਨ ‘ਤੇ ਪੰਜ ਵਿਅਕਤੀਆਂ ਖ਼ਿਲਾਫ਼ ਵੱਖ- ਵੱਖ ਕਾਨੂੰਨੀ ਧਾਰਾ ਦੇ ਤਹਿਤ ਮਾਮਲਾ ਦਰਜ ਕਰ ਲਿਆ
ਜਾਣਕਾਰੀ ਮੁਤਾਬਕ ਥਾਣੇਦਾਰ ਗੁਰਚਰਨ ਸਿੰਘ ਨੇ ਪੁਲਸ ਕੇਸ ਵਿਚ ਆਨ ਰਿਕਾਰਡ ਦੱਸਿਆ ਹੈ ਕਿ ਉਸ ਨਾਲ ਜਦ ਕੁੱਟਮਾਰ ਕੀਤੀ ਗਈ ਅਤੇ ਦੋਸ਼ੀਆਂ ਨੇ ਉਸ ਨੂੰ ਗੰਦੀਆਂ ਗਾਲ੍ਹਾਂ ਅਤੇ ਕਈ ਤਰ੍ਹਾਂ ਦੇ ਤਾਹਨੇ ਕੱਸੇ ਤਾਂ ਉਸ ਦਾ ਡਰ ਦੇ ਮਾਰੇ ਆਪਣੀ ਪੈਂਟ ਵਿਚ ਹੀ ਪਿਸ਼ਾਬ ਤੱਕ ਨਿਕਲ ਗਿਆ ਹੈ। ਉਸ ਨੇ ਦੱਸਿਆ ਹੈ ਕਿ ਮੁਲਜ਼ਮਾਂ ਵੱਲੋਂ ਉਸ ‘ਤੇ ਸ਼ਰਾਬ ਪੀਣ ਦੇ ਵੀ ਗੰਭੀਰ ਦੋਸ਼ ਲਗਾਏ ਗਏ ਅਤੇ ਇਹ ਸਭ ਗੱਲਾਂ ਕਹਿ ਕੇ ਉਸ ਦੀ ਰੱਜ ਕੇ ਕੁੱਟਮਾਰ ਕੀਤੀ ਗਈ ਹੈ।
ਇਸ ਦੌਰਾਨ ਉਸ ਦੀ ਪੁਲਸ ਦੀ ਵਰਦੀ ਵੀ ਫਾੜ ਦਿੱਤੀ ਗਈ ਹੈ। ਫਗਵਾੜਾ ਪੁਲਸ ਨੇ ਮਾਮਲੇ ਨੂੰ ਲੈ ਕੇ ਸਤਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ ਵਾਸੀ ਮੁਹੱਲਾ ਹਾਂਡਾ, ਦਵਿੰਦਰ ਸਿੰਘ ਪੁੱਤਰ ਕੁਲਦੀਪ ਸਿੰਘ, ਮਨੂ ਸਰੀਨ ਉਰਫ ਗੁੱਛੀ ਵਾਸੀ ਮੋਤੀ ਬਾਜ਼ਾਰ, ਰਜਨੀਸ਼ ਕੁਮਾਰ ਉਰਫ਼ ਸੋਨੂੰ ਪੁੱਤਰ ਕਿਸ਼ੋਰ ਕੁਮਾਰ ਵਾਸੀ ਗਲੀ ਨੰਬਰ 3 ਮੁਹੱਲਾ ਡੰਡਲਾਂ, ਮਿੰਕੂ ਪੁੱਤਰ ਪ੍ਰਮੋਦ ਸ਼ਰਮਾ ਵਾਸੀ ਹਦੀਆਬਾਦ ਫਗਵਾੜਾ ਦੇ ਖ਼ਿਲਾਫ਼ ਵੱਖ-ਵੱਖ ਕਾਨੂੰਨੀ ਧਾਰਾ ਦੇ ਤਹਿਤ ਪੁਲਸ ਕੇਸ ਦਰਜ ਕਰ ਲਿਆ ਹੈ। ਪੁਲਸ ਨੇ ਮਨੂ ਸਰੀਨ ਉਰਫ਼ ਗੁੱਛੀ ਅਤੇ ਰਜਨੀਸ਼ ਕੁਮਾਰ ਉਰਫ਼ ਸੋਨੂੰ ਨੂੰ ਗ੍ਰਿਫ਼ਤਾਰ ਕਰ ਲਿਆ ਹੈ
Author: Gurbhej Singh Anandpuri
ਮੁੱਖ ਸੰਪਾਦਕ