Home » ਧਾਰਮਿਕ » ਇਤਿਹਾਸ » ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ

ਸ਼ਹੀਦ ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ

25

ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਰਗੇ ਕਵੀਸ਼ਰ ਨਿੱਤ ਨਿੱਤ ਨਹੀਂ ਜੰਮਦੇ। ਉਹ ਕਵੀਸ਼ਰ ਕਲਾ ਦੀ ਉੱਚ ਦੁਮਾਲੜੀ ਪਹਿਚਾਣ ਦਾ ਨਾ ਮਿਟਣ ਵਾਲਾ ਸਿਰਨਾਵਾਂ ਹੈ। ਉਹ ਕਵੀਸ਼ਰ ਕਲਾ ਦੀ ਕਦੇ ਵੀ ਨਾ ਮੁੱਕਣ ਵਾਲੀ ਬਾਤ ਦਾ ਨਾਇਕ ਹੈ। ਵੀਂਹਵੀਂ ਸਦੀ ਦੀ ਕਵੀਸ਼ਰ ਕਲਾ ਵਿੱਚ ਅਪਣੀਆਂ ਨਿਵੇਕਲੀ ਪੈੜਾਂ ਪਾਉਣ ਵਾਲਾ ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਕਵੀਸ਼ਰੀ ਦਾ ਯੁੱਗ ਪੁਰਸ਼ ਹੋਣ ਦੇ ਨਾਲ-ਨਾਲ ਸਿੱਖ ਕੌਮ ਦੀ ਚੜ੍ਹਦੀ ਕਲਾ ਲਈ ਜੂਝ ਕੇ ਅਪਣੀ ਕੌਮ ਦੇ ਕੌਮੀ ਘਰ ਲਈ ਅੰਤਾਂ ਦੇ ਤਸੀਹੇ ਝੱਲ ਕੇ ਆਪਣੇ ਜੀਵਨ ਦੀ ਆਹੂਤੀ ਦੇਣ ਵਾਲਾ ਮਾਣ ਮੱਤਾ ਸ਼ਹੀਦ ਵੀ ਹੈ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਗਾਈ ” ਜਾਗੋ ” ਅੱਜ ਵੀ ਅਪਣਾ ਇਹ ਸੁਨੇਹਾ ਦੇ ਰਹੀ ਹੈ ਕਿ ਸੂਰਮੇ ਮੌਤ ਉੱਤੇ ਵੀ ਫਤਹਿ ਪਾਉਣ ਦੇ ਸਮਰੱਥ ਹੁੰਦੇ ਹਨ। ਇਹ “ਜਾਗੋ ” ਦੇ ਰੂਪ ਵਿੱਚ ਸੰਸਾਰ ਪ੍ਰਸਿੱਧ ਹੋਈ ਰਚਨਾ ਗਿ: ਜਗਦੀਸ਼ ਸਿੰਘ ਮਹਿਮਾ ਚੱਕ ਵਾਲਿਆਂ ਦੀ ਲਿਖ਼ਤ ਸੀ।(ਹਵਾਲਾ- ਪੁਸਤਕ ” ਕਵੀਸ਼ਰੀ ਉਡਾਰੀਆਂ” ਲੇਖਕ-ਸੰਸਾਰ ਪ੍ਰਸਿੱਧ ਕਵੀਸ਼ਰ ਭਾਈ ਦਲਬੀਰ ਸਿੰਘ ਗਿੱਲ ਮਹਿਮਾ ਚੱਕ ਹਾਲ ਵਾਸੀ ਇੰਗਲੈਂਡ) । ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਕਵੀਸ਼ਰੀ ਕਰਦੇ ਹੋਏ ਆਪਣੇ ਸੱਜੇ ਹੱਥ ਦੀਆਂ ਉਂਗਲਾਂ ਦਾ ਖੂਬਸੂਰਤ ਫੁੱਲ ਜਿਹਾ ਬਣਾ, ਜਦੋਂ ਬਾਂਹ ਉੱਪਰ ਚੁੱਕ ਕੇ ਅਪਣੀ ਸੁਰੀਲੀ ਆਵਾਜ਼ ਦੀਆਂ ਮੁਰਕੀਆਂ ਦੇ ਰੰਗਲੇ ਫੁੱਲਾਂ ਦੀ ਮਹਿਕ ਖਿਲੇਰਦੇ ਤਾਂ ਸਰੋਤਿਆਂ ਨੂੰ ਮੰਤਰ ਮੁਗਧ ਕਰ ਦਿੰਦੇ ਸਨ। ਸਿੱਖ ਸੰਗਤਾਂ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਇਸ ਅਦਾ ਉਪਰ ਫਿਦਾ ਹੋ ਕੇ ਇੱਕ ਇੱਕ,ਦੋ ਦੋ ਜਾਂ ਪੰਜ ਪੰਜ ਰੁਪਈਆਂ ਦਾ ਮੀਂਹ ਵਰਸਾ ਦਿੰਦੀਆਂ ਸਨ। ਉਦੋਂ ਕਵੀਸ਼ਰੀ ਮੰਡੀਕਰਣ ਦੇ ਪ੍ਰਭਾਵ ਤੋਂ ਮੁਕਤ ਸੀ। 

ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਕਵੀਸ਼ਰ ਕਲਾ ਦੀ ਅਸਲ ਪਛਾਣ ਭਾਈ ਜਗੀਰ ਸਿੰਘ ਮਸਤ ਜੀ ਦੇ ਜੱਥੇ ਦੇ ਰੂਪ ਵਿੱਚ ਬਣੀ। ਗਿਆਨੀ ਜਗੀਰ ਸਿੰਘ ਮਸਤ ਗੈਰਤਮੰਦ ਰੂਹ ਦੇ ਮਾਲਕ ਸਨ ਜ਼ੁਅਰਤ ਨਾਲ ਬੋਲਣਾ,ਲਿਖਣਾ ਤੇ ਵਿਚਰਨਾ ਉਨ੍ਹਾਂ ਦੀ ਵਿਸ਼ੇਸ਼ਤਾ ਸੀ।ਮਸਤ ਜੀ ਦੇ ਜੱਥੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ, ਸੁਲੱਖਣ ਸਿੰਘ ਕੰਗ ਤੇ ਜਰਨੈਲ ਸਿੰਘ ਗਿੱਲ ਗੰਡੀਵਿੰਡ ਵਾਲੇ ਸ਼ਾਮਲ ਸਨ।( ਭਾਈ ਸੁਲੱਖਣ ਸਿੰਘ ਕੰਗ ਤੇ ਜਰਨੈਲ ਸਿੰਘ ਗਿੱਲ ਗੰਡੀਵਿੰਡ ਵੀ ਕਵੀਸ਼ਰ ਕਲਾ ਦਾ ਸਿਖਰ ਹਨ ਸਮੁੱਚੇ ਜੱਥੇ ਦੀ ਕਦੇ ਫਿਰ ਬਾਤ ਪਾਵਾਂਗੇ)। ਇਹ ਉਹ ਸਮਾਂ ਸੀ ਜਦੋਂ ਸਿੱਖ ਕੌਮ ਵਿੱਚ ਜਾਗ੍ਰਤੀ ਦਾ ਦੌਰ ਸੀ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਸਿੱਖਾਂ ਵਿੱਚ ਚੇਤੰਨਤਾ ਦੇ ਅਲੰਬਰਦਾਰ ਸਨ। ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੇ ਵਿਸ਼ੇਸ਼ ਕਦਰਦਾਨ ਸਨ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਆਵਾਜ਼ ਵਿੱਚ ਇੱਕ ਅਜੀਬ ਜਿਹੀ ਕਸ਼ਿਸ਼ ਸੀ, ਉੱਡਦੇ ਪੰਛੀਆਂ ਨੂੰ ਅੰਬਰਾਂ ਤੋਂ ਲਾਹੁਣ ਵਾਲੀ। ਸਾਹ ਲੰਮਾ ਸੀ । ਕਵਿਤਾ ਗਾਇਨ ਕਰਦਿਆਂ ਪੰਚਮ ਦੀ ਸੁਰ ਸਹਿਜ ਨਾਲ ਲਾਉਂਦਿਆਂ ਗਲੇ ਦੀ ਹਰਕਤ ਵਿਖਾਲਦੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਸਿੱਖ ਹਿਰਦਿਆਂ ਵਿੱਚ ਅਪਣੀ ਨਿਵੇਕਲੀ ਪਹਿਚਾਣ ਬਣਾਉਣ ਦਾ ਇਤਿਹਾਸ ਸਿਰਜ ਦਿੰਦੇ ਸਨ।
ਕਵੀਸ਼ਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦਾ ਜਨਮ ਪਿਤਾ ਸਰਦਾਰ ਸੁੱਚਾ ਸਿੰਘ ਤੇ ਮਾਤਾ ਸਰਦਾਰਨੀ ਤੇਜ ਕੌਰ ਦੇ ਗ੍ਰਹਿ ਵਿਖੇ 3 ਅਗਸਤ 1954 ਈਸਵੀ ਨੂੰ ਅੱਜ ਦੇ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਦੇ ਪਿੰਡ ਭੈਲ ਢਾਹੇ ਵਾਲਾ ਵਿੱਚ ਹੋਇਆ। ਪਰਿਵਾਰ ਗੁਰਸਿੱਖੀ ਜੀਵਨ ਨੂੰ ਪਰਣਾਇਆ ਹੋਇਆ ਸੀ ਇਸ ਲਈ ਬਚਪਨ ਤੋਂ ਹੀ ਭਾਈ ਨਿਰਮਲ ਸਿੰਘ ਨੂੰ ਗੁਰਬਾਣੀ ਨਾਲ ਲਗਾਓ ਸੀ। ਸਿੱਖ ਕੌਮ ਵਿੱਚ ਸਨਮਾਨਿਤ ਦਲ ਪੰਥ ਬਾਬਾ ਬਿਧੀ ਚੰਦ ਤਰਨਾ ਦਲ ਮੁੰਡਾ ਪਿੰਡ ਵਾਲਿਆਂ ਦਾ ਇਸ ਇਲਾਕੇ ਵਿੱਚ ਬਹੁਤ ਸਤਿਕਾਰ ਅਤੇ ਪ੍ਰਭਾਵ ਸੀ। ਇਸ ਦਲ ਪੰਥ ਦੇ ਮੁੱਖ ਸੇਵਾਦਾਰ ਬਾਬਾ ਅਮਰਜੀਤ ਸਿੰਘ ਤੇ ਬਾਬਾ ਨੰਦ ਸਿੰਘ ਜੀ ਕਹਿਣੀ ਕਰਨੀ ਦੇ ਪੂਰੇ ਮਹਾਂਪੁਰਖ ਸਨ।ਇਨ੍ਹਾਂ ਮਹਾਂਪੁਰਖਾਂ ਦੀ ਸੰਗਤ ਦਾ ਅਸਰ ਇਹ ਹੋਇਆ ਕਿ ਭਾਈ ਨਿਰਮਲ ਸਿੰਘ ਖੰਡੇ ਬਾਟੇ ਦੀ ਪਾਹੁਲ ਲੈ ਕੇ ਅੰਮ੍ਰਿਤਧਾਰੀ ਬਣ ਗਏ ਤੇ ਨਿਹੰਗ ਸਿੰਘਾਂ ਵਾਲਾ ਬਾਣਾ ਧਾਰਨ ਕਰ ਲਿਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਇਲਾਹੀ ਬਾਣੀ ਦੀ ਸੰਥਿਆ ਕਰਕੇ ਭਾਈ ਨਿਰਮਲ ਸਿੰਘ ਅਖੰਡ ਪਾਠੀ ਬਣ ਗਏ। ਆਵਾਜ਼ ਮਿੱਠੀ ਤੇ ਸੁਰੀਲੀ ਹੋਣ ਕਰਕੇ ਜਦੋਂ ਭਾਈ ਨਿਰਮਲ ਸਿੰਘ ਜੀ ਬਾਣੀ ਪੜ੍ਹਦੇ ਸਨ ਤਾਂ ਸਿੱਖ ਸੰਗਤਾਂ ਚੌਂਕੜੇ ਲਾ ਕੇ ਇਲਾਹੀ ਬਾਣੀ ਸੁਣਕੇ ਅਨੰਦਿਤ ਹੋਣਾ ਮਹਿਸੂਸ ਕਰਦੀਆਂ ਸਨ । ਗੁਰਬਾਣੀ ਦੇ ਰਸੀਏ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ ਮੁੰਡਾ ਪਿੰਡ ਵਾਲੇ ਮਹਾਂਪੁਰਸ਼ ਬਹੁਤ ਪਿਆਰ ਕਰਦੇ ਸਨ। ਇਹ ਮਹਾਂਪੁਰਸ਼ਾਂ ਦੇ ਭਾਈ ਨਿਰਮਲ ਸਿੰਘ ਪ੍ਰਤੀ ਪਿਆਰ ਸਤਿਕਾਰ ਦਾ ਹੀ ਸਬੂਤ ਹੈ ਕਿ ਮਹਾਂਪੁਰਖਾਂ ਨੇ ਅਪਣੀ ਭੂਆ ਜੀ ਦੀ ਬੇਟੀ ਬੀਬੀ ਦਲੇਰ ਕੌਰ ਦਾ ਰਿਸ਼ਤਾ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆਂ ਨਾਲ ਕਰਵਾ ਦਿੱਤਾ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆਂ ਦੇ ਗ੍ਰਹਿਸਥੀ ਜੀਵਨ ਦੌਰਾਨ ਚਾਰ ਪੁੱਤਰਾਂ ਦਾ ਜਨਮ ਹੋਇਆ। ਜਿਨ੍ਹਾਂ ਦੇ ਨਾਮ ਭਾਈ ਬਲਕਾਰ ਸਿੰਘ, ਰਸਾਲ ਸਿੰਘ, ਰਛਪਾਲ ਸਿੰਘ ਤੇ ਕੁਲਵੰਤ ਸਿੰਘ ਰੱਖੇ ਗਏ।
ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ ਕਵੀਸ਼ਰੀ ਦੇ ਉੱਚ ਮੁਕਾਮੀ ਅਸਥਾਨ ਪ੍ਰਾਪਤ ਹੋਣ ਦੀਆਂ ਬਖਸ਼ਿਸ਼ਾਂ ਵਿੱਚ ਮਹਾਂਖੁਰਖਾਂ ਦੇ ਆਖੇ ਬਚਨਾਂ ਦੇ ਸੱਚ ਨੂੰ ਸਮਝਣ ਲਈ ਇਹ ਦੱਸਣਾ ਬਣਦਾ ਹੈ ਕਿ ਮੁੱਢਲੇ ਰੂਪ ਵਿੱਚ ਬਾਬਾ ਅਮਰਜੀਤ ਸਿੰਘ, ਬਾਬਾ ਨੰਦ ਸਿੰਘ ਮੁੰਡਾ ਪਿੰਡ ਵਾਲਿਆਂ ਦੀਆਂ ਅਸੀਸਾਂ ਮਿਲੀਆਂ ਹੋਈਆਂ ਸਨ ਤੇ ਫਿਰ ਨਿਹੰਗ ਸਿੰਘ ਸੰਪਰਦਾ ਦੇ ਸਤ-ਪੁਰਸ਼ ਬਾਬਾ ਬਿਸ਼ਨ ਸਿੰਘ ਜੀ ਤਰਨਾ ਦਲ ਬਾਬਾ ਬਕਾਲਾ ਸਾਹਿਬ ਵਾਲੇ ਇੱਕ ਦਿਨ ਕਹਿਣ ਲੱਗੇ ਕਿ ਭਾਈ ਨਿਰਮਲ ਸਿੰਘ ਉੱਪਰ ਗੁਰੂ ਸਾਹਿਬ ਜੀ ਦੀ ਰਹਿਮਤ ਹੈ ਕਿ ਗੁਰਬਾਣੀ ਬਹੁਤ ਸ਼ੁੱਧ ਤੇ ਪ੍ਰੇਮ ਨਾਲ ਪੜ੍ਹਦੇ ਹਨ । ਦਸਮ ਗ੍ਰੰਥ ਦੀ ਬਾਣੀ ਵੀ ਭਾਈ ਨਿਰਮਲ ਸਿੰਘ ਬਹੁਤ ਪ੍ਰੇਮ ਨਾਲ ਪੜ੍ਹਦੇ ਹਨ ਤਾਂ ਉਨ੍ਹਾਂ ਦੇ ਨਾਲ ਹੀ ਖਲੋਤੇ ਸੁਰ ਸਿੰਘ ਵਾਲੇ ਸਤ-ਪੁਰਸ਼ ਬਾਬਾ ਦਇਆ ਸਿੰਘ ਜੀ ਨੇ ਬਚਨ ਕੀਤਾ ਕਿ ਭਾਈ ਨਿਰਮਲ ਸਿੰਘ ਤਾਂ ਕਵੀਸ਼ਰੀ ਵੀ ਬਹੁਤ ਕਮਾਲ ਦੀ ਕਰਦਾ ਹੈ। ਸੁਰ ਸਿੰਘ ਵਾਲੇ ਮਹਾਂਪੁਰਸ਼ਾਂ ਬਾਬਾ ਦਇਆ ਸਿੰਘ ਜੀ ਤੇ ਬਾਬਾ ਸੋਹਣ ਸਿੰਘ ਜੀ ਸੰਗਤ ਵਿੱਚ ਰਹਿੰਦਿਆਂ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੇ ਬਹੁਤ ਗੁਣ ਗ੍ਰਹਿਣ ਕੀਤੇ। ਇਹ ਮਹਾਂਪੁਰਸ਼ਾਂ ਦੀਅਆਂ ਅਸੀਸਾਂ ਹੀ ਸਨ ਕਿ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲਿਆਂ ਕਵੀਸ਼ਰੀ ਗਾਇਨ ਕਰਨ ਵਿੱਚ ਕਮਾਲ ਕਰ ਦਿੱਤੀ। ਕਵੀਸ਼ਰੀ ਕਰਨ ਦੇ ਅਪਣੇ ਪਹਿਲੇ ਦਿਨਾਂ ਵਿੱਚ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ,ਕਵੀਸ਼ਰ ਕਲਾ ਦੇ ਰੌਸ਼ਨ ਦਿਮਾਗ਼ ਬੁਲਾਰੇ ਤੇ ਰੂਹਾਨੀ ਕਾਵਿ ਰਚਨਾ ਕਰਨ ਵਾਲੇ ਭਾਈ ਬਲਦੇਵ ਸਿੰਘ ਬੈੰਕਾ ਦੇ ਸਾਥੀ ਬਨਣ ਦਾ ਮਾਣ ਮਿਲਿਆ। ਕਵੀਸ਼ਰ ਕਲਾ ਵਿੱਚ ਰੁਸਤਮ ਪਰਵਾਨੇ ਗਏ ਭਾਈ ਦਲਬੀਰ ਸਿੰਘ ਗਿੱਲ ਮਹਿਮਾ ਚੱਕ ਵਾਲਿਆਂ ਨਾਲ ਵੀ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਕੁੱਝ ਚਿਰ ਸਾਥੀ ਰਹੇ। ਕੁੱਝ ਹੋਰ ਕਵੀਸ਼ਰ ਜੱਥਿਆਂ ਵਿੱਚ ਵੀ ਸੇਵਾ ਨਿਭਾਈ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਵਾਲੇ ,ਭਾਈ ਜਗੀਰ ਸਿੰਘ ਮਸਤ ਦੇ ਕਵੀਸ਼ਰ ਸਾਥੀ ਬਣ ਕੇ ਭਾਈ ਸੁਲੱਖਣ ਸਿੰਘ ਕੰਗ ,ਭਾਈ ਜਰਨੈਲ ਸਿੰਘ ਗਿੱਲ ਗੰਡੀਵਿੰਡ ਵਾਲੀ ਜੋੜੀ ਦੇ ਆਗੂ ਬਣੇ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨਿਹੰਗ ਸਿੰਘਾਂ ਵਾਲੇ ਬਾਣੇ ਵਿੱਚ ਕਵੀਸ਼ਰੀ ਕਰਦੇ ਅੰਤਾਂ ਦੇ ਫੱਬਦੇ ਸਨ। ਦਰਿਆਵਾਂ ਦੇ ਵਹਿਣ ਵਰਗੀ ਰਵਾਨੀ ਤੇ ਮਸਤੀ ਵਿੱਚ ਕਵਿਤਾ ਗਾਇਨ ਕਰਨਾ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦਾ ਸੁਭਾਅ ਵੀ ਸੀ ਤੇ ਪਹਿਚਾਣ ਵੀ। ਸਿੱਖ ਹਿਰਦਿਆਂ ਦੇ ਦਿਲਾਂ ਦੀ ਧੜਕਣ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਕਵੀਸ਼ਰੀ ਦੇ ਕਦਰਦਾਨ ਸਨ।
ਜੂਨ 1984 ਵਿੱਚ ਸਚਖੰਡ ਦਰਬਾਰ ਸ਼੍ਰੀ ਹਰਿਮੰਦਰ ਸਾਹਿਬ ਉਪਰ ਭਾਰਤੀ ਫੌਜ ਵਲੋਂ ਕੀਤੇ ਹਮਲੇ ਨੇ ਸਿੱਖ ਨੌਜਵਾਨਾਂ ਦੀ ਮਾਨਸਿਕਤਾ ਨੂੰ ਬਹੁਤ ਗਹਿਰਾ ਜ਼ਖਮ ਦਿੱਤਾ। ਸਿੱਖ ਨੌਜਵਾਨੀ ਨੂੰ ਅਪਣੇ ਗੁਲਾਮ ਹੋਣ ਦਾ ਅਹਿਸਾਸ ਹੋਇਆ। ਫੱਟ ਖਾ ਕੇ ਜ਼ਖਮੀ ਹੋਏ ਸ਼ੇਰ ਵਾਂਗ ਸਿੱਖ ਨੌਜਵਾਨ ਸਰਕਾਰੀ ਜ਼ਬਰ ਵਿਰੁੱਧ ਹਥਿਆਰ ਚੁੱਕਣ ਲਈ ਮਜਬੂਰ ਹੋ ਗਏ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੇ ਸਪੁੱਤਰ ਭਾਈ ਰਸਾਲ ਸਿੰਘ ਯੂ.ਕੇ. ਅਨੁਸਾਰ ਸਿੱਖ ਸੰਘਰਸ਼ ਦੇ ਖਾੜਕੂ ਸਿੰਘਾਂ ਵਿੱਚੋਂ ਭਾਈ ਅਵਤਾਰ ਸਿੰਘ ਬ੍ਰਹਮਾ, ਸੁਖਦੇਵ ਸਿੰਘ ਸਖੀਰਾ ਸੁਖਵਿੰਦਰ ਸਿੰਘ ਸੰਘਾ, ਸੁਖਦੇਵ ਸਿੰਘ ਬੱਬਰ ਵਰਗੇ ਸੂਰਮੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦਾ ਬਹੁਤ ਮਾਣ ਕਰਦੇ ਸਨ। ਉਦੋਂ ਵਿਰਲੇ ਜੱਥੇ ਸਨ ਜਿਹੜੇ ਖਾੜਕੂ ਸਿੰਘਾਂ ਦੀ ਬਹਾਦਰੀ ਦੇ ਕਾਰਨਾਮਿਆਂ ਦੀਆਂ ਵਾਰਾਂ ਗਾਉਂਦੇ। ਇਹ ਵਾਰਾਂ ਗਾਇਨ ਕਰਨ ਵਿੱਚ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਮੋਹਰੀ ਸੀ। ਮੁਖਬਰ ਤੋਂ ਮਿਲੀ ਸੂਚਨਾ ਦੇ ਅਧਾਰ ਤੇ ਇੱਕ ਦਿਨ ਹਰੀਕੇ ਪੱਤਣ ਵਾਲੇ ਹੈਡ ਵਰਕਸ ਨੇੜੇ ਪੁਲੀਸ ਨੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ ਬੱਸ ਵਿੱਚੋਂ ਲਾਹ ਲਿਆ। ਪੁਲੀਸ ਨੇ ਇਨ੍ਹਾਂ ਦੀਆਂ ਲੱਤਾਂ ਤੇ ਬਾਹਾਂ ਬੰਨ ਦਿੱਤੀਆਂ ਤੇ ਲੈ ਤੁਰੇ ਕਿਸੇ ਅਣਦੱਸੀ ਥਾਂ ਵਲ , ਬਿਨਾਂ ਕੁੱਝ ਦੱਸਿਆਂ ਪੁੱਛਿਆਂ। ਸਿਪਾਹੀ ਭਾਈ ਸਾਹਿਬ ਦਾ ਮੂੰਹ ਵੀ ਬੰਦ ਕਰਨ ਦਾ ਯਤਨ ਕਰ ਰਹੇ ਸਨ ਕਿ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੇ ਉੱਚੀ ਅਵਾਜ ਵਿੱਚ ਬੋਲ ਦਿੱਤਾ ਮੈਂ ਚੋਹਲਾ ਸਾਹਿਬ ਵਾਲਾ ਨਿਰਮਲ ਸਿੰਘ ਕਵੀਸ਼ਰ ਹਾਂ । ਇਲਾਕੇ ਵਿੱਚ ਹਾਹਾਕਾਰ ਮੱਚ ਗਈ। ਹਮਦਰਦੀ ਰਖਣ ਵਾਲੇ ਭਾਈ ਸਾਹਿਬ ਬਾਰੇ ਪੁੱਛ ਗਿੱਛ ਕਰ ਰਹੇ ਸਨ ਕਿ ਭਾਈ ਨਿਰਮਲ ਸਿੰਘ ਕਿਹੜੇ ਥਾਣੇ ਵਿੱਚ ਹਨ। ਪੁਲੀਸ ਉਦੋਂ ਕੁੱਝ ਵੀ ਨਹੀਂ ਦੱਸਦੀ ਸੀ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੂੰ ਧਰਮਕੋਟ ਦੇ ਥਾਣੇ ਵਿੱਚ ਲਿਆਂਦਾ ਗਿਆ। ਹੱਥ ਪੈਰ ਬੰਨ੍ਹ ਕੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਉੱਪਰ ਬੇ-ਓੜਕਾ ਤਸ਼ੱਦਦ ਕੀਤਾ ਗਿਆ। ਥਾਣੇਦਾਰ ਨਛੱਤਰ ਸਿੰਘ ਨੇ ਆਖਿਆ ਤੂੰ ਹੀ ਗਾਉਂਦਾ ਸੈਂ ਸਿੰਘਾਂ ਦੀ ਜਾਗੋ ? ਲੈ ਹੁਣ ਗਾ ਕੇ ਵਿਖਾ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਨੇ ਅੰਤਾਂ ਦੇ ਕਸ਼ਟ ਸਹਾਰਦੇ ਹੋਏ ਵੀ ਜਾਗੋ ਦਾ ਇੱਕ ਬੰਦ ਗਾਇਆ। ਬਾਣੇਦਾਰ ਬੋਲਿਆ ਇਹਦੀ ਜੀਭ ਵੱਢ ਦਿਓ। ਜ਼ਾਲਮਾਂ ਨੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਜੀਭ ਵੱਢ ਦਿੱਤੀ। ਭਾਈ ਸਾਹਿਬ ਵਲੋਂ ਗੁਰੂ ਕੀ ਮੋਹਰ ਜਾਣ ਅਪਣੀ ਜੇਬ ਵਿੱਚ ਅਪਣੇ ਕੁੱਝ ਕੇਸ ਸੰਭਾਲੇ ਹੋਏ ਸਨ ।ਇਹ ਕੇਸ ਵੇਖ ਬਾਣੇਦਾਰ ਨੇ ਹੁਕਮ ਦਿੱਤਾ ਇਹਦੀ ਦਾਹੜੀ ਕੱਟ ਦਿਓ। ਜਦੋਂ ਸਿਪਾਹੀ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਦਾਹੜੀ ਕੱਟਣ ਲਈ ਅੱਗੇ ਵਧਿਆ ਤਾਂ ਭਾਈ ਸਾਹਿਬ ਨੇ ਅਪਣੀਆਂ ਬੰਨੀਆਂ ਲੱਤਾਂ ਅਪਣੇ ਪੈਰਾਂ ਵੱਲ ਖਲੋਤੇ ਥਾਣੇਦਾਰ ਨਛੱਤਰ ਸਿੰਘ ਨੂੰ ਮਾਰੀਆਂ। ਗੁੱਸੇ ਵਿੱਚ ਆਏ ਥਾਣੇਦਾਰ ਨੇ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੇ ਬਰੱਸਟ ਮਾਰ ਕੇ ਸ਼ਹੀਦ ਕਰ ਦਿੱਤਾ। ਇਹ ਘਟਨਾ 16 ਅਗਸਤ 1991 ਨੂੰ ਵਾਪਰੀ । ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਲਾਸ਼ ਵੀ ਵਾਰਸਾਂ ਨੂੰ ਨਹੀਂ ਦਿੱਤੀ ਗਈ। ਇਹ ਵਾਰਤਾ ਕਿਸੇ ਚਸ਼ਮਦੀਦ ਨੇ ਬਾਬਾ ਦਇਆ ਸਿੰਘ ਜੀ ਸੁਰਸਿੰਘ ਵਾਲਿਆਂ ਨੂੰ ਆਪ ਦੱਸੀ ਸੀ।
ਜ਼ਾਲਮ ਸਰਕਾਰ ਤੇ ਪੁਲਿਸ ਦੀ ਸੋਚ ਹੈ ਕਿ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਆਵਾਜ ਬੰਦ ਕਰ ਦਿੱਤੀ ਗਈ ਹੈ ਪਰ ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਸਿੱਖ ਹਿਰਦਿਆਂ ਵਿੱਚ ਸਦਾ ਹੀ ਜਿਉਂਦਾ ਹੈ ਤੇ ਜਿਉਂਦਾ ਰਹੇਗਾ। ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਨੂੰ ਬਹੁਤ ਔਖੇ ਦਿਨਾਂ ਵਿੱਚੋਂ ਗੁਜਰਨਾ ਪਿਆ। ਭਾਈ ਸਾਹਿਬ ਦੇ ਤਿੰਨ ਸਪੁੱਤਰ ਬਲਕਾਰ ਸਿੰਘ, ਰਸਾਲ ਸਿੰਘ ਤੇ ਰਛਪਾਲ ਸਿੰਘ ਪਿਤਾ ਦੀ ਵਿਰਾਸਤ ਕਵੀਸ਼ਰੀ ਵੀ ਕਰਦੇ ਰਹੇ।ਭਾਈ ਨਿਰਮਲ ਸਿੰਘ ਚੋਹਲਾ ਸਾਹਿਬ ਦੇ ਵੱਡੇ ਸਪੁੱਤਰ ਭਾਈ ਬਲਕਾਰ ਸਿੰਘ ਅੱਜਕਲ ਅਮਰੀਕਾ ਵਿੱਚ ਰਹਿ ਰਹੇ ਹਨ। ਰਛਪਾਲ ਸਿੰਘ ਇਸ ਦੁਨੀਆਂ ਵਿੱਚ ਨਹੀਂ ਰਹੇ। ਸਭ ਤੋਂ ਛੋਟੇ ਭਾਈ ਕੁਲਵੰਤ ਸਿੰਘ ਅਪਣੀ ਮਾਤਾ ਜੀ ਨਾਲ ਪੰਜਾਬ ਵਿੱਚ ਹੀ ਰਹਿੰਦੇ ਹਨ। ਯੂ.ਕੇ. ਨਿਵਾਸੀ ਭਾਈ ਰਸਾਲ ਸਿੰਘ ਦਾ ਨਾਮ ਅੱਜ ਕਿਸੇ ਜਾਣਕਾਰੀ ਦਾ ਮੁਥਾਜ ਨਹੀਂ ਹੈ।ਭਾਈ ਰਸਾਲ ਸਿੰਘ ਦੀ ਅੱਜ ਪੂਰੇ ਸੰਸਾਰ ਵਿੱਚ ਅਪਣੀ ਇੱਕ ਵੱਖਰੀ ਪਹਿਚਾਣ ਹੈ। ਇਨ੍ਹਾਂ ਦਾ ਅਪਣਾ ਨਾਮਵਰ ਢਾਡੀ ਜੱਥਾ ਹੈ। ਇਨ੍ਹਾਂ ਦਾ ਗੱਲ ਕਰਨ ਦਾ ਅਪਣਾ ਅੰਦਾਜ਼ ਹੈ। ਸਿੱਖ ਮਸਲਿਆਂ ਨੂੰ ਬਹੁਤ ਬਰੀਕੀ ਨਾਲ ਸਮਝਦੇ ਹਨ। ਸੱਚ ਉਪਰ ਪਹਿਰਾ ਦਿੰਦਿਆਂ ਬਹੁਤ ਜ਼ੁਅਰਤ ਨਾਲ ਬੋਲਦੇ ਹਨ। ਯੂ.ਕੇ. ਪਹੁੰਚੇ ਹਰੇਕ ਢਾਡੀ, ਕਵੀਸ਼ਰ ਜੱਥੇ ਦੀ ਬਹੁਤ ਮੱਦਦ ਕਰਦੇ ਹਨ। ਇਸ ਸ਼ਬਦ ਚਿੱਤਰ ਲਈ ਲੋੜੀਂਦੀ ਜਾਣਕਾਰੀ ਵੀ ਭਾਈ ਰਸਾਲ ਸਿੰਘ ਰਾਹੀਂ ਹੀ ਪ੍ਰਾਪਤ ਹੋਈ ਹੈ। ਸਹਿਯੋਗ ਲਈ ਧੰਨਵਾਦ ਸ਼ਬਦ ਛੋਟਾ ਹੈ। ਕਰਜ਼ਦਾਰ ਰਹਾਂਗਾ।

ਲੇਖਕ — ਗਿਆਨੀ ਤਰਲੋਚਨ ਸਿੰਘ ਭਮੱਦੀ
ਸੰਪਰਕ ਫੋਨ ਵਟਸਅੱਪ ਨੰਬਰ +919814700348

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?