37 Views
ਅਮਰ ਸ਼ਹੀਦ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ੇ ਵੀਹਵੀਂ ਸਦੀ ਦੇ ਮਹਾਨ ਸਿੱਖ ਅਤੇ ਖ਼ਾਲਸਾ ਪੰਥ ਦੇ ਮਹਾਂਨਾਇਕ ਹਨ। ਪਰ ਭਾਰਤ ਸਰਕਾਰ, ਨੈਸ਼ਨਲ ਮੀਡੀਆ ਅਤੇ ਫ਼ਿਰਕੂ ਹਿੰਦੁਤਵੀਆਂ ਵੱਲੋਂ ਉਹਨਾਂ ਨੂੰ ਅੱਤਵਾਦੀ ਕਹਿ ਕੇ ਨਿੰਦਿਆ ਜਾਂਦਾ ਹੈ। ਸਰਕਾਰ ਵੱਲੋਂ ਸੰਤ ਭਿੰਡਰਾਂਵਾਲ਼ਿਆਂ ਉੱਤੇ ਲਾਏ ਜਾਂਦੇ ਇਲਜ਼ਾਮ ਬਿਲਕੁਲ ਨਿਰਅਧਾਰ ਹਨ। ਹੁਣ ਤਾਂ ਆਰ.ਟੀ.ਆਈ. ਰਾਹੀਂ ਵੀ ਇਹ ਖੁਲਾਸਾ ਹੋ ਚੁੱਕਾ ਹੈ ਕਿ ਸੰਤ ਭਿੰਡਰਾਂਵਾਲ਼ਿਆਂ ਉੱਤੇ ਕੋਈ ਕੇਸ ਦਰਜ ਨਹੀਂ ਸੀ, ਨਾ ਹੀ ਉਹ ਕਿਸੇ ਅਦਾਲਤ ਨੂੰ ਲੋੜੀਂਦੇ ਸਨ। ਫਿਰ ਉਹ ਭਗੌੜੇ ਜਾਂ ਅੱਤਵਾਦੀ ਕਿਵੇਂ ਹੋਏ ?
ਸਰਕਾਰ ਅਤੇ ਹਿੰਦੁਤਵੀਏ ਝੂਠ ਬੋਲਦੇ ਹਨ ਕਿ ਸੰਤ ਭਿੰਡਰਾਂਵਾਲ਼ੇ ਅਤੇ ਉਹਨਾਂ ਦੇ ਸਾਥੀ ਅੱਤਵਾਦੀ ਸਨ ਤੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ’ਚੋਂ ਬਾਹਰ ਕੱਢਣ ਜਾਂ ਗ੍ਰਿਫ਼ਤਾਰ ਕਰਨ ਲਈ ਹਮਲਾ ਕਰਨਾ ਪਿਆ। ਸੰਤ ਜੀ ਨੂੰ ਅੱਤਵਾਦੀ ਕਹਿ ਕੇ ਗ੍ਰਿਫ਼ਤਾਰ ਕਰਨ ਜਾਂ ਮਾਰਨ ਦਾ ਸਿਰਫ਼ ਬਹਾਨਾ ਘੜਿਆ ਜਾਂਦਾ ਹੈ ਜਦ ਕਿ ਲਾਲਾ ਜਗਤ ਨਰਾਇਣ ਦੇ ਕਤਲ ਕੇਸ ਵਿੱਚ ਸੰਤ ਭਿੰਡਰਾਂਵਾਲਿਆਂ ਨੂੰ ਜਦੋਂ ਵਰੰਟ ਜਾਰੀ ਹੋਏ ਸਨ ਤਾਂ ਸੰਤਾਂ ਨੇ 20 ਸਤੰਬਰ 1981 ਨੂੰ ਖ਼ੁਦ ਮਹਿਤੇ ਤੋਂ ਗ੍ਰਿਫ਼ਤਾਰੀ ਦਿੱਤੀ ਸੀ।
ਜਦੋਂ 29 ਅਪ੍ਰੈਲ 1984 ਨੂੰ ਚੰਡੀਗੜ੍ਹ ਵਿਖੇ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੇ ਰਾਜੀਵ ਗਾਂਧੀ ਤੋਂ ਪੁੱਛਿਆ ਕਿ ‘ਕੀ ਸੰਤ ਭਿੰਡਰਾਂਵਾਲ਼ੇ ਅੱਤਵਾਦੀ ਹਨ।’ ਤਾਂ ਉਸਨੇ ਜਵਾਬ ਦਿੱਤਾ ਕਿ ‘ਤੁਸੀਂ ਆਪ ਹੀ ਜਾਂਚ ਲਵੋ।’ ਫਿਰ ਪੱਤਰਕਾਰਾਂ ਨੇ ਪੁੱਛਿਆ ਕਿ ‘ਤੁਹਾਡੇ ਖ਼ਿਆਲ ਵਿੱਚ ਸੰਤ ਭਿੰਡਰਾਂਵਾਲ਼ੇ ਇੱਕ ਰਾਜਸੀ ਨੇਤਾ ਹਨ ?’ ਤਾਂ ਰਾਜੀਵ ਨੇ ਜਵਾਬ ਦਿੱਤਾ ਕਿ ‘ਉਹ ਇੱਕ ਧਾਰਮਿਕ ਨੇਤਾ ਹਨ ਤੇ ਉਹਨਾਂ ਨੇ ਹੁਣ ਤਕ ਕੋਈ ਰਾਜਸੀ ਝੁਕਾਅ ਪ੍ਰਗਟ ਨਹੀਂ ਕੀਤਾ।’ ਹੁਣ ਸੋਚਣ ਤੇ ਵਿਚਾਰਨ ਵਾਲ਼ੀ ਗੱਲ ਇਹ ਹੈ ਕਿ ਸਿਰਫ਼ ਇੱਕ ਮਹੀਨੇ ਬਾਅਦ ਹੀ ਧਾਰਮਿਕ ਨੇਤਾ ਤੋਂ ਸੰਤ ਜੀ ਨੂੰ ਅੱਤਵਾਦੀ ਕਹਿ ਕੇ ਮਾਰਨ ਲਈ ਦਰਬਾਰ ਸਾਹਿਬ ’ਤੇ ਹਮਲਾ ਕਿਉਂ ਕਰ ਦਿੱਤਾ ਗਿਆ!
31 ਦਸੰਬਰ 1983 ਦੇ ਇੰਡੀਆ ਟੂਡੇ ’ਚ ਅਰੁਣ ਸ਼ੋਰੀ ਲਿਖਦਾ ਹੈ ਕਿ “ਜਿੰਨਾ ਮੈਂ ਜਾਣਦਾ ਹਾਂ ਉਹ ਇਹ ਕਿ ਸੰਤ ਇੱਕ ਨਿਰਦੋਸ਼ ਆਦਮੀ ਹੈ ਤੇ ਆਪਣੇ ਧਰਮ ਅਤੇ ਗੁਰੂਆਂ ਦੇ ਦੱਸੇ ਰਸਤੇ ਨੂੰ ਸਮਰਪਿਤ ਹੈ।”
ਸ੍ਰੀ ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਸ. ਗੁਰਦੇਵ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਤੋਂ ਕਈ ਦਿਨ ਪਹਿਲਾਂ ਗਵਰਨਰ ਨੂੰ ਇਸ ਗੱਲ ਦਾ ਭਰੋਸਾ ਦਿੱਤਾ ਸੀ ਕਿ ਉਹ ਦਰਬਾਰ ਸਾਹਿਬ ’ਚੋਂ ਕਿਸੇ ਨੂੰ ਵੀ ਗ੍ਰਿਫ਼ਤਾਰ ਕਰਵਾ ਸਕਦਾ ਹੈ। ਦਰਬਾਰ ਸਾਹਿਬ ’ਤੇ ਹਮਲਾ ਨਾ ਕੀਤਾ ਜਾਵੇ ਪਰ ਉਸ ਦੀ ਕਿਸੇ ਨੇ ਗੱਲ ਨਾ ਸੁਣੀ, ਜਿਸ ਕਰਕੇ ਉਹਨਾਂ ਦੀ ਥਾਂ ਰਮੇਸ਼ ਇੰਦਰ ਸਿੰਘ ਨੂੰ ਡਿਪਟੀ ਕਮਿਸ਼ਨਰ ਲਾ ਦਿੱਤਾ ਗਿਆ ਤੇ ਹਮਲੇ ਲਈ ਦਸਖ਼ਤ ਕਰਵਾਏ ਗਏ। ਸ. ਗੁਰਦੇਵ ਸਿੰਘ ਨੇ ਇਹ ਵੀ ਕਿਹਾ ਸੀ ਕਿ ‘ਸੰਤ ਭਿੰਡਰਾਂਵਾਲ਼ੇ ਅਤੇ ਉਹਨਾਂ ਦੇ ਯੋਧੇ ਹੱਥ ਖੜ੍ਹੇ ਨਹੀਂ ਕਰਨਗੇ।’
ਭਾਰਤੀ ਫ਼ੌਜ ਦੇ ਸਾਬਕਾ ਲੈਫ਼ਟੀਨੈਂਟ ਜਨਰਲ ਐੱਸ.ਕੇ. ਸਿਨਹਾ ਆਖਦੇ ਹਨ ਕਿ ‘ਜਦੋਂ ਇੰਦਰਾ ਗਾਂਧੀ ਨੇ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰਨ ਬਾਰੇ ਮੇਰੀ ਰਾਏ ਪੁੱਛੀ ਤਾਂ ਮੈਂ ਇਸ ਫ਼ੈਸਲੇ ਨੂੰ ਗ਼ਲਤ ਕਰਾਰ ਦਿੰਦਿਆਂ ਸਖ਼ਤ ਵਿਰੋਧ ਕੀਤਾ ਸੀ ਜਿਸ ਕਾਰਨ ਮੇਰੀ ਤਰੱਕੀ ਰੁਕ ਗਈ ਤੇ ਅਰੁਣ ਸ੍ਰੀਧਰ ਵੈਦਿਆ ਨੂੰ ਚੀਫ਼ ਜਨਰਲ ਬਣਾ ਦਿੱਤਾ ਗਿਆ।’ ਜਨਰਲ ਸਿਨਹਾ ਦਾ ਕਹਿਣਾ ਹੈ ਕਿ ‘ਸ੍ਰੀ ਦਰਬਾਰ ਸਾਹਿਬ ’ਤੇ ਫੌਜੀ ਹਮਲਾ ਸਰਕਾਰ ਲਈ ਆਖ਼ਰੀ ਰਾਹ ਨਹੀਂ ਸੀ ਬਲਕਿ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤਾਂ ਕਈ ਮਹੀਨੇ ਪਹਿਲਾਂ ਤੋਂ ਹੀ ਤਿਆਰੀਆਂ ਵਿੱਚ ਜੁਟੀ ਹੋਈ ਸੀ, ਹਿਮਾਚਲ ਪ੍ਰਦੇਸ਼ ਚਕਰਾਤਾ ਦੇਹਰਾਦੂਨ ਵਿਖੇ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ ਫ਼ੌਜ ਨੂੰ ਸਿਖਲਾਈ ਦਿੱਤੀ ਜਾ ਰਹੀ ਸੀ ਤਾਂ ਜੋ ਦਰਬਾਰ ਸਾਹਿਬ ’ਤੇ ਹਮਲਾ ਪੂਰੀ ਵਿਉਂਤਬੰਦੀ ਨਾਲ਼ ਕੀਤਾ ਜਾ ਸਕੇ।
ਪੰਜਾਬ ਦੇ ਗਵਰਨਰ ਪਾਂਡੇ ਨੇ ਵੀ ਆਪਣੇ ਖ਼ਾਸ ਅਫ਼ਸਰਾਂ ਨਾਲ਼ ਮੀਟਿੰਗ ਕਰਕੇ ਇੰਦਰਾ ਗਾਂਧੀ ਨੂੰ ਚਿੱਠੀ ਲਿਖੀ ਕਿ ਦਰਬਾਰ ਸਾਹਿਬ ਫ਼ੌਜ ਨਾ ਭੇਜੀ ਜਾਵੇ ਅਤੇ ਨਾਲ਼ ਹੀ ਪੀ.ਸੀ. ਅਲੈਗਜੈਂਡਰ ਨੂੰ ਵੀ ਫ਼ੋਨ ਕਰਕੇ ਦੱਸਿਆ (ਜੋ ਇੰਦਰਾ ਗਾਂਧੀ ਦਾ ਖ਼ਾਸ ਸੀ) ਪਰ ਜਦੋਂ ਉਹਨਾਂ ਦੀ ਇਸ ਗੱਲ ਨੂੰ ਅਣਗੌਲਿਆਂ ਕੀਤਾ ਗਿਆ ਤਾਂ ਪਾਂਡੇ ਨੇ ਅਸਤੀਫ਼ਾ ਦੇ ਦਿੱਤਾ।
ਪ੍ਰੋਫ਼ੈਸਰ ਮਿਹਰ ਚੰਦ ਭਾਰਦਵਾਜ ਨੂੰ ਸਰਕਾਰ ਨੇ ਜਦੋਂ ਅਪ੍ਰੈਲ 1984 ਵਿੱਚ ਸ੍ਰੀ ਦਰਬਾਰ ਸਾਹਿਬ ਦੀ ਸਥਿਤੀ ਦਾ ਮੁਆਇਨਾ ਕਰਨ ਲਈ ਭੇਜਿਆ ਸੀ ਤਾਂ ਉਸ ਨੇ ਸਾਰੀ ਘੋਖ ਕਰਨ ਤੋਂ ਬਾਅਦ ਕਿਹਾ ਕਿ ‘ਦਰਬਾਰ ਸਾਹਿਬ ਅੰਦਰ ਕੋਈ ਅੱਤਵਾਦੀ ਨਹੀਂ ਹੈ।’ ਤੇ ਉਸ ਨੇ ਸਰਕਾਰ ਨੂੰ ਦਰਬਾਰ ਸਾਹਿਬ ’ਤੇ ਹਮਲਾ ਕਰਨ ਵਿਰੁੱਧ ਚਿਤਾਵਨੀ ਵੀ ਦਿੱਤੀ ਸੀ।
ਜੇਕਰ ਹਥਿਆਰ ਰੱਖਣ ਕਾਰਨ ਹੀ ਸੰਤ ਭਿੰਡਰਾਂਵਾਲ਼ਿਆਂ ਨੂੰ ਅੱਤਵਾਦੀ ਕਿਹਾ ਜਾਂਦਾ ਹੈ ਤਾਂ ਹਥਿਆਰ ਰੱਖਣੇ ਤਾਂ ਸਾਡੇ ਗੁਰੂ ਸਾਹਿਬਾਨਾਂ ਦਾ ਹੁਕਮ ਹੈ। ਛੇਵੇਂ ਪਾਤਸ਼ਾਹ ਨੇ ਚਾਰ ਅਤੇ ਦਸਵੇਂ ਪਾਤਸ਼ਾਹ ਨੇ ਜਬਰ-ਜ਼ੁਲਮ ਦੇ ਖ਼ਿਲਾਫ਼ ਚੌਦ੍ਹਾਂ ਜੰਗਾਂ ਲੜੀਆਂ। ਖ਼ਾਲਸਾ ਸੰਤ ਵੀ ਹੈ ਤੇ ਸਿਪਾਹੀ ਵੀ ਹੈ। ਖ਼ਾਲਸਾ ਸ਼ਸਤਰ ਅਤੇ ਸ਼ਾਸਤਰ ਦਾ ਧਾਰਨੀ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸਾਡੇ ਗੁਰੂਆਂ, ਸ਼ਹੀਦਾਂ ਤੇ ਯੋਧਿਆਂ ਦੇ ਅੱਜ ਵੀ ਸ਼ਸਤਰ ਬੰਦੂਕਾਂ, ਕਿਰਪਾਨਾਂ, ਖੰਡੇ-ਚੱਕਰ ਆਦਿਕ ਸੁਭਾਇਮਾਨ ਹਨ। ਸਾਡਾ ਤਾਂ ਜਨਮ ਹੀ ਖੰਡੇ ਦੀ ਧਾਰ ’ਚੋਂ ਹੋਇਆ ਹੈ ਫਿਰ ਉਹਨਾਂ ਹਥਿਆਰਾਂ ਨੂੰ ਅਸੀਂ ਆਪਣੇ ਤੋਂ ਜੁਦਾ ਕਿਵੇਂ ਕਰ ਸਕਦੇ ਹਾਂ!
ਜੇ ਹਥਿਆਰਾਂ ਕਰਕੇ ਹੀ ਹਿੰਦੂ ਸਰਕਾਰ ਸੰਤਾਂ ਨੂੰ ਅੱਤਵਾਦੀ ਆਖਦੀ ਹੈ ਤਾਂ ਹਥਿਆਰ ਤਾਂ ਸ੍ਰੀ ਰਾਮ ਚੰਦਰ, ਸ੍ਰੀ ਕ੍ਰਿਸ਼ਨ, ਸ਼ਿਵ ਜੀ, ਦੁਰਗਾ ਅਤੇ ਹੋਰ ਦੇਵੀ-ਦੇਵਤਿਆਂ ਦੇ ਹੱਥਾਂ ਵਿੱਚ ਵੀ ਸਨ। ਸਰਕਾਰ ਕੋਲ਼ ਤਾਂ ਟੈਂਕ, ਤੋਪਾਂ, ਪ੍ਰਮਾਣੂ ਬੰਬ, ਮਸ਼ੀਨਗੰਨਾਂ ਤੇ ਹਰ ਕਿਸਮ ਦੇ ਹਥਿਆਰ ਹਨ ਫਿਰ ਸਭ ਤੋਂ ਵੱਡੀ ਅੱਤਵਾਦੀ ਤਾਂ ਸਰਕਾਰ ਹੋਈ! ਕਾਂਗਰਸੀ ਆਗੂ ਦਿਗਵਿਜੇ ਸਿੰਘ ਨੇ ਕੁਝ ਸਾਲ ਪਹਿਲਾਂ ਬਿਆਨ ਦਿੱਤਾ ਸੀ ਕਿ “ਆਰ.ਐੱਸ.ਐੱਸ. ਦੇ ਹੈੱਡਕੁਆਟਰ ਨਾਗਪੁਰ ਵਿਖੇ ਬੰਬਾਂ ਦੇ ਭੰਡਾਰ ਭਰੇ ਪਏ ਹਨ।” ਫ਼ਿਰਕੂ ਹਿੰਦੁਤਵੀ ਸੰਸਥਾ ਆਰ.ਐੱਸ.ਐੱਸ. ਨੂੰ ਭਾਰਤ ਸਰਕਾਰ ਅੱਤਵਾਦੀ ਕਿਉਂ ਨਹੀਂ ਕਹਿੰਦੀ।
ਜਦੋਂ ਪੈਲਿਸਤੀਨ ਦੇ 200 ਹਥਿਆਰਬੰਦ ਖਾੜਕੂਆਂ ਨੇ ਇੱਕ ਚਰਚ ’ਤੇ ਕਬਜਾ ਕਰ ਲਿਆ ਤਾਂ ਇਜ਼ਰਾਇਲ ਦੀ ਸਰਕਾਰ ਨੇ ਇੱਕ ਮਹੀਨੇ ਤਕ ਘੇਰਾ ਪਾਈ ਰੱਖਿਆ ਅਤੇ ਖਾੜਕੂਆਂ ਦੇ ਆਗੂ ਨਾਲ਼ ਗੱਲਬਾਤ ਜਾਰੀ ਰੱਖੀ ਤਾਂ ਕਿ ਕੋਈ ਹੱਲ ਕੱਢ ਲਿਆ ਜਾਏ ਅਤੇ ਜਾਨੀ-ਮਾਲੀ ਨੁਕਸਾਨ ਹੋਣੋਂ ਬਚ ਜਾਏ ਅਤੇ ਗਿਰਜਾ ਘਰ ਮਹਿਫ਼ੂਜ਼ ਰਹਿ ਸਕੇ। ਪਰ ਭਾਰਤ ਸਰਕਾਰ ਤਾਂ ਸੰਤ ਭਿੰਡਰਾਂਵਾਲ਼ਿਆਂ ਨੂੰ ਖ਼ਤਮ ਕਰਨ ਦੇ ਨਾਲ਼-ਨਾਲ਼ ਸ੍ਰੀ ਦਰਬਾਰ ਸਾਹਿਬ ਦਾ ਨੁਕਸਾਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਾਹੁਣਾ ਚਾਹੁੰਦੀ ਸੀ ਤੇ ਸਿੱਖਾਂ ਦੇ ਸਵੈਮਾਣ ਨੂੰ ਅਜਿਹੀ ਸੱਟ ਮਾਰਨਾ ਚਾਹੁੰਦੀ ਸੀ ਕਿ ਸਿੱਖ ਕਦੇ ਵੀ ਸਿਰ ਨਾ ਚੁੱਕ ਸਕਣ ਤੇ ਹਮੇਸ਼ਾਂ ਲਈ ਹਿੰਦੂਆਂ ਦੇ ਗ਼ੁਲਾਮ ਬਣ ਜਾਣ। ਸਰਕਾਰ ਨੇ ਸ੍ਰੀ ਦਰਬਾਰ ਸਾਹਿਬ ਤੋਂ ਇਲਾਵਾ 40 ਤੋਂ ਵੱਧ ਹੋਰ ਗੁਰਦੁਆਰਿਆਂ ’ਤੇ ਵੀ ਹਮਲਾ ਕੀਤਾ।
ਮਿਤੀ 6 ਜੂਨ ਨੂੰ ਦਰਬਾਰ ਸਾਹਿਬ ਉੱਤੇ ਕਬਜਾ ਕਰਨ ਤੋਂ ਬਾਅਦ 8 ਜੂਨ ਨੂੰ ਸਿੱਖ ਰੈਫ਼ਰੈਂਸ ਲਾਇਬ੍ਰੇਰੀ ਨੂੰ ਲੁੱਟਿਆ ਅਤੇ ਸਾੜਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੋਲ਼ੀਆਂ ਮਾਰੀਆਂ, ਦੁੱਧ ਪੀਂਦੇ ਬੱਚਿਆਂ ਨੂੰ ਮਾਂਵਾਂ ਤੋਂ ਖੋਹ ਕੇ ਕੰਧਾਂ ਨਾਲ਼ ਪਟਕਾ ਕੇ ਮਾਰਿਆ, ਅਨੇਕਾਂ ਸੰਗਤਾਂ ਨੂੰ ਗ੍ਰਿਫ਼ਤਾਰ ਕਰਕੇ ਘੋਰ ਤਸੀਹੇ ਦਿੱਤੇ ਤੇ ਗੋਲ਼ੀਆਂ ਨਾਲ਼ ਭੁੰਨ ਦਿੱਤਾ ਗਿਆ। ਭਾਰਤੀ ਹਿੰਦੂ ਫ਼ੌਜ ਬੂਟ ਪਾ ਕੇ ਦਰਬਾਰ ਸਾਹਿਬ ’ਚ ਦਾਖਲ ਹੋਈ, ਅੰਦਰ ਸ਼ਰਾਬਾਂ ਪੀਤੀਆਂ, ਸਰੋਵਰ ’ਚ ਸਿਗਰਟਾਂ ਸੁੱਟੀਆਂ, ਬੀਬੀਆਂ ਦੀ ਪੱਤ ਰੋਲੀ, ਕੀਰਤਨ ਕਰਦੇ ਸਿੰਘ ਵੀ ਸ਼ਹੀਦ ਕਰ ਦਿੱਤੇ। ਭਾਰਤੀ ਫ਼ੌਜ ਨੇ ਸ੍ਰੀ ਦਰਬਾਰ ਸਾਹਿਬ ’ਚ ਜੋ ਜ਼ੁਲਮ ਕੀਤਾ ਉਸ ਤੋਂ ਪਤਾ ਲੱਗਦਾ ਹੈ ਕਿ ਅੱਤਵਾਦੀ ਸੰਤ ਭਿੰਡਰਾਂਵਾਲ਼ੇ ਨਹੀਂ ਬਲਕਿ ਭਾਰਤ ਸਰਕਾਰ ਹੈ।
‘ਪੰਜਾਬ ਦੇ ਸਿੱਖ’ ਕਿਤਾਬ ’ਚ ਪੈਟੀਗਰੂ ਲਿਖਦਾ ਹੈ ਕਿ “ਫ਼ੌਜ ਦਰਬਾਰ ਸਾਹਿਬ ਵਿੱਚ ਕਿਸੇ ਇੱਕ ਵਿਅਕਤੀ ਨੂੰ ਦਬਾਉਣ ਜਾਂ ਮਾਰਨ ਵਾਸਤੇ ਨਹੀਂ ਗਈ ਸਗੋਂ ਇੱਕ ਕੌਮ ਦੇ ਧਰਮ, ਸਵੈਮਾਣ ਤੇ ਸ਼ਕਤੀ ਨੂੰ ਕੁਚਲਣ ਵਾਸਤੇ ਗਈ ਸੀ।” ਫ਼ੌਜ ਦਰਬਾਰ ਸਾਹਿਬ ਵਿੱਚ ਕਿਸੇ ਅੱਤਵਾਦੀ ਨੂੰ ਫੜਨ ਲਈ ਨਹੀਂ ਬਲਕਿ ਅੱਤਵਾਦ ਮਚਾਉਣ ਲਈ ਗਈ ਸੀ। ਜੇ ਸਰਕਾਰ ਨੂੰ ਲੱਗਦਾ ਹੈ ਕਿ ਸੰਤ ਭਿੰਡਰਾਂਵਾਲ਼ਿਆਂ ਨੇ ਹਥਿਆਰਾਂ ਨਾਲ਼ ਦਰਬਾਰ ਸਾਹਿਬ ਦੀ ਪਵਿੱਤਰਤਾ ਭੰਗ ਕੀਤੀ ਤਾਂ ਸਰਕਾਰ ਨੇ ਫ਼ੌਜ ਭੇਜ ਕੇ ਟੈਂਕਾਂ-ਤੋਪਾਂ ਨਾਲ਼ ਸ੍ਰੀ ਅਕਾਲ ਤਖ਼ਤ ਸਾਹਿਬ ਢਾਹ ਕੇ ਕਿਹੜੀ ਪਵਿੱਤਰਤਾ ਕਾਇਮ ਕੀਤੀ ਹੈ ? ਮੁਗਲ ਹਾਕਮਾਂ ਤੋਂ ਬਾਅਦ ਹਿੰਦੂ ਹਾਕਮਾਂ ਨੇ ਸ੍ਰੀ ਦਰਬਾਰ ਸਾਹਿਬ ਦੀ ਘੋਰ ਬੇਅਦਬੀ ਕੀਤੀ ਜਿਸ ਨੂੰ ਸਿੱਖ ਕਦੇ ਨਹੀਂ ਭੁੱਲ ਸਕਦੇ ਤੇ ਸੰਤ ਭਿੰਡਰਾਂਵਾਲ਼ਿਆਂ ਤੇ ਉਹਨਾਂ ਦੇ ਜੁਝਾਰੂ ਸਾਥੀਆਂ ਨੇ ਸ਼ਹੀਦ ਬਾਬਾ ਦੀਪ ਸਿੰਘ ਅਤੇ ਸ਼ਹੀਦ ਬਾਬਾ ਗੁਰਬਖ਼ਸ਼ ਸਿੰਘ ਜੀ ਵਾਂਗ ਦਰਬਾਰ ਸਾਹਿਬ ਦੀ ਰਾਖੀ ਕਰਦਿਆਂ ਸ਼ਹਾਦਤਾਂ ਪ੍ਰਾਪਤ ਕੀਤੀਆਂ।
ਕਿਸੇ ਨੂੰ ਖ਼ਤਮ ਕਰਨ ਜਾਂ ਮਾਰਨ ਤੋਂ ਪਹਿਲਾਂ ਬਦਨਾਮ ਕੀਤਾ ਜਾਂਦਾ ਹੈ ਤੇ ਓਹੀ ਕੁਝ ਸਰਕਾਰ ਨੇ ਸੰਤ ਭਿੰਡਰਾਂਵਾਲ਼ਿਆਂ ਉੱਤੇ ਤਰ੍ਹਾਂ-ਤਰ੍ਹਾਂ ਦੇ ਦੋਸ਼ ਮੜ ਕੇ ਕੀਤਾ। ਜੇਕਰ ਅਮਰੀਕਾ ਸਰਕਾਰ ‘ਉਸਾਮਾ-ਬਿਨ-ਲਾਦੇਨ’ ਨੂੰ ਫੜਨ ਲਈ ਮੱਕੇ ਉੱਤੇ ਹਮਲਾ ਕਰਕੇ ਲੱਖਾਂ ਮੁਸਲਮਾਨ ਮਾਰ ਦੇਵੇ ਤਾਂ ਇਸ ਨੂੰ ਕੌਣ ਸਹੀ ਠਹਿਰਾਏਗਾ ? ਜਦੋਂ ਬੰਬੇ ਤਾਜ ਹੋਟਲ ’ਤੇ ਹਮਲਾ ਹੋਇਆ ਤਾਂ ਓਦੋਂ ਫ਼ੌਜ ਨੇ ਹੋਟਲ ਨੂੰ ਢਹਿ-ਢੇਰੀ ਕਿਉਂ ਨਾ ਕੀਤਾ ? ਕਾਂਗਰਸ ਤੋਂ ਭਾਜਪਾ ’ਚ ਗਿਆ ਮੁੱਖ ਮੰਤਰੀ ਬਿਅੰਤ ਸਿਹੁੰ ਬੁੱਚੜ ਦਾ ਪੋਤਾ ਰਵਨੀਤ ਸਿੰਘ ਬਿੱਟੂ ਜੋ ਹੁਣ ਰਾਹੁਲ ਗਾਂਧੀ ਨੂੰ ਦੇਸ਼ ਦਾ ‘ਨੰਬਰ ਵਨ ਅੱਤਵਾਦੀ’ ਕਹਿ ਰਿਹਾ ਹੈ। ਕੀ ਭਾਰਤ ਸਰਕਾਰ ਤੇ ਫ਼ੌਜ ਹੁਣ ਰਾਹੁਲ ਗਾਂਧੀ ਦੇ ਘਰ ਉੱਤੇ ਹਮਲਾ ਕਰੇਗੀ ਜਾਂ ਉਸ ਨੂੰ ਮਾਰੇਗੀ ?
ਧਰਮ ਯੁੱਧ ਮੋਰਚੇ ਦੌਰਾਨ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਸੰਗਤਾਂ ਨੂੰ ਕਿਹਾ ਕਰਦੇ ਸਨ ਕਿ “ਦਾਸ ਨੇ ਤੁਹਾਡੀਆਂ ਬਾਂਹਾਂ ਖੜ੍ਹੀਆਂ ਕਰਾਉਣੀਆਂ, ਤੁਹਾਨੂੰ ਅੱਤਵਾਦੀ ਬਣਾਉਣਾ ਤੇ ਅੱਤਵਾਦੀ ਬਣਨ ਵਾਸਤੇ ਬਾਂਹ ਉਹ ਖੜ੍ਹੀ ਕਰਿਓ ਜਿਹਨੇ ਅੱਤਵਾਦੀ ਵਾਲ਼ਾ ਕੰਮ ਕਰਨਾ, ਦਾਸ ਨੂੰ ਅੱਤਵਾਦੀ ਦਾ ਖ਼ਿਤਾਬ ਗੌਰਮੈਂਟ ਨੇ ਦਿੱਤਾ। ਜਿਹੜਾ ਅੰਮ੍ਰਿਤ ਛਕਾਵੇ ਤੇ ਆਪ ਦਾ ਛਕਿਆ ਹੋਵੇ, ਜਿਹੜਾ ਬਾਣੀ ਆਪ ਪੜ੍ਹਦਾ ਤੇ ਦੂਜਿਆਂ ਨੂੰ ਪੜ੍ਹਾਵੇ, ਆਪ ਕਥਾ ਕਰੇ ਤੇ ਦੂਜਿਆਂ ਤੋਂ ਕਥਾ ਕਰਾਵੇ, ਕਥਾ ਤੇ ਕੀਰਤਨ ’ਤੇ ਸ਼ਰਧਾ ਹੋਵੇ, ਸਤਿਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਬਾਪੂ, ਪਿਓ ਤੇ ਇਸ਼ਟ ਮੰਨਦਾ ਹੋਵੇ, ਧੀਆਂ-ਭੈਣਾਂ ਦੀ ਇੱਜ਼ਤ ਰੱਖਣ ਦਾ ਸਾਂਝੀਵਾਲ ਹੋਣ ਦੀ ਪ੍ਰੇਰਨਾ ਦੇਵੇ, ਕੇਸਰੀ ਨਿਸ਼ਾਨ ਸਾਹਿਬ ਥੱਲੇ ਇਕੱਠੇ ਕਰੇ, ਪੰਥ ਦੀ ਡਟ ਕੇ ਹਮਾਇਤ ਕਰੇ ਤੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਵੇ, ਇਹੋ ਜਿਹਾ ਕੰਮ ਕਰਨ ਵਾਲ਼ਿਆਂ ਦਾ ਨਾਮ ਹੈ ਅੱਤਵਾਦੀ, ਗੌਰਮੈਂਟ ਨੇ ਨਾਂਅ ਇਹ ਕਿਹਾ। ਮੈਂ ਇਹੋ ਜਿਹਾ ਅੱਤਵਾਦੀ ਆਂ, ਜਿਹੋ ਜਿਹਾ ਤੁਹਾਨੂੰ ਦੱਸਿਆ ਤੇ ਤੁਹਾਡਿਆਂ ਚਰਨਾਂ ਵਿੱਚ ਮੈਂ ਬੇਨਤੀ ਕਰਦਾ ਹਾਂ, ਜੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ ’ਚ, ਇਸ਼ਟ ਦੇ ਸਤਿਕਾਰ ਨੂੰ ਕਾਇਮ ਰੱਖਣ ਦੇ ਹੱਕ ਵਿੱਚ, ਪੰਥ ਦੀ ਹਮਾਇਤ ਕਰਨ ਦੇ ਹੱਕ ਵਿੱਚ ਤੇ ਸ਼ਹੀਦਾਂ ਦੇ ਡੁੱਲ੍ਹੇ ਖ਼ੂਨ ਦਾ ਹੱਕ ਲੈਣ ਦੇ ਹੱਕ ਵਿੱਚ ਤੁਸੀਂ ਸਹਿਮਤ ਹੋ, ਇਹੋ ਜਿਹੇ ਅੱਤਵਾਦੀ ਹੋ ਤੇ ਜਦੋਂ ਮੈਂ ਜੈਕਾਰਾ ਛੱਡਾਂਗਾ ਓਦੋਂ ਬਾਂਹਾਂ ਖੜ੍ਹੀਆਂ ਕਰਿਓ ਤੇ ਜਿਹੜਾ ਚਰਖੇ ਤੇ ਬੱਕਰੀ (ਗਾਂਧੀ) ਦਾ ਸਿੱਖ ਆ, ਜਿਹੜਾ ਰਾਧਾ ਸਵਾਮੀਆਂ ਤੇ ਨਰਕਧਾਰੀਆਂ ਦਾ ਸਿੱਖ ਆ, ਜਿਹੜਾ ਦੇਹਧਾਰੀਆਂ ਤੇ ਪਖੰਡੀਆਂ ਦਾ ਸਿੱਖ ਆ, ਜਿਹੜਾ ਕਬਰ ਤੇ ਮੜ੍ਹੀ ਦਾ ਸਿੱਖ ਆ, ਜੰਡ ਨੂੰ ਸੰਧੂਰ ਭੁੱਕਣ ਤੇ ਪਿੱਪਲ ਨੂੰ ਪਾਣੀ ਪਾਉਣ ਦਾ ਸਿੱਖ ਆ, ਉਹ ਬਾਂਹ ਖੜ੍ਹੀ ਨਾ ਕਰਿਓ, ਜਿਹੜਾ ਸਤਿਗੁਰੂ ਦਾ ਸਿੱਖ ਆ ਤੇ ਭੈਣਾਂ ਦੀ ਇੱਜ਼ਤ ਬਚਾਉਣ ਦੇ ਹੱਕ ਵਿੱਚ ਆ, ਪੰਥ ਦਾ ਹਾਮੀ ਆ, ਉਹ ਅੱਤਵਾਦੀ ਬਣਨ। ਯਾਦ ਰੱਖ ਲਿਓ ਇੱਥੇ, ਮੈਂ ਇਹੋ ਜਿਹਾ ਹੀ ਹਾਂ, ਤੇ ਇਹੋ ਜਿਹਾ ਰਹਿਣਾ, ਜ਼ਿੰਦਗੀ ਵਿੱਚ ਹੱਕ ਵੀ ਲੈਣਾ ਪਰ ਇਹ ਹੁਣ ਤੁਸੀਂ ਸੋਚ ਲਿਓ ਅੱਤਵਾਦੀ ਬਣਨਾ ਕਿ ਨਹੀਂ, ਮੈਂ ਤਾਂ ਹਾਂ। ਸੰਤ ਜੀ ਵੱਲੋਂ ਜੈਕਾਰਾ ਬੋਲੇ ਸੋ ਨਿਹਾਲ, ਸੰਗਤ ਵੱਲੋਂ ਹੁੰਗਾਰਾ ਸਤਿ ਸ੍ਰੀ ਅਕਾਲ।”
ਜਦੋਂ ਸੰਤ ਭਿੰਡਰਾਂਵਾਲ਼ਿਆਂ ਉੱਤੇ ਅੱਤਵਾਦੀ ਅਤੇ ਕਾਤਲ ਹੋਣ ਦੇ ਦੋਸ਼ ਲੱਗੇ ਤਾਂ ਉਹਨਾਂ ਨੇ ਤਕਰੀਰ ਕਰਦਿਆਂ ਕਿਹਾ ਕਿ “ਕਾਂਗਰਸ ਦੇ ਏਜੰਟ ਕਹਿਣਾ, ਗ਼ੱਦਾਰ ਕਹਿਣਾ, ਇਹ ਕੌਣ ਕਰ ਰਿਹਾ, ਦੋਫਾੜ ਪਾਉਣ ਵਾਸਤੇ ਪੰਥ ਦੇ ਵਿੱਚ, ਫੁੱਟ ਪੈਦਾ ਕਰਕੇ, ਲੜਾ ਕੇ ਜੁੰਡੋ-ਜੁੰਡੀ ਕਰਾ ਕੇ, ਆਪਣੀ ਕੁਰਸੀ ਨੂੰ ਕਾਇਮ ਰੱਖਣ ਦੀਆਂ ਸਾਜ਼ਿਸ਼ਾਂ ਗੌਰਮੈਂਟ ਵੱਲੋਂ ਜਾਰੀ ਹਨ, ਇਹਨਾਂ ਚੀਜ਼ਾਂ ਤੋਂ ਬਚਣਾ, ਅੰਮ੍ਰਿਤ ਛਕਾਉਣਾ, ਰਹਿਤ ਰਖਾਉਣੀ, ਬਾਣੀ ਪੜ੍ਹਾਉਣੀ, ਕੇਸਰੀ ਨਿਸ਼ਾਨ ਸਾਹਿਬ ਦੇ ਥੱਲੇ ਇਕੱਠਿਆਂ ਕਰਨਾ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਉਣਾ, ਅਕਾਲ ਤਖ਼ਤ ਸਾਹਿਬ ਤੇ ਹਰਿਮੰਦਰ ਸਾਹਿਬ ਨਾਲ਼ ਜੋੜਨਾ, ਧੀਆਂ-ਭੈਣਾਂ ਦੀ ਲੁੱਟੀ ਇੱਜ਼ਤ, ਮਸੂਮਾਂ ਦਾ ਪੀਤਾ ਖ਼ੂਨ, ਸਤਿਗੁਰੂ ਦੀ ਕੀਤੀ ਬੇਅਦਬੀ, ਇਹਦਾ ਹੱਕ ਲੈਣ ਦੇ ਇਛੁੱਕ ਰਹਿਣਾ ਤੇ ਹੱਕ ਲੈਣ ਦੀ ਨੌਜਵਾਨਾਂ ਨੂੰ ਪ੍ਰੇਰਨਾ ਕਰਨੀ ਤੇ ਨੰਗੇ ਧੜ੍ਹ ਘੁੰਡ ਚੁੱਕ ਕੇ ਘੁੰਡ ਕੱਢ ਕੇ ਨਹੀਂ, ਪੰਥ ਦੀ ਹਮਾਇਤ ਕਰਨ ਦਾ ਐਲਾਨ ਕਰਨਾ। ਤੁਸੀਂ ਮੈਨੂੰ ਦੱਸੋ ਭਾਈ ਜੇ ਇਹ ਕਾਂਗਰਸ ਦੇ ਏਜੰਟਾਂ ਦਾ ਤੇ ਬਾਕੀਆਂ ਦਾ ਫਿਰ ਕੀ ਕੰਮ ਆਂ ? ਜੇ ਇਹ ਕੰਮ ਏਜੰਟਾਂ ਦਾ, ਮੈਂ ਏਜੰਟ ਆਂ। ਜੇ ਇਹ ਕੰਮ ਭੈੜੇ ਬੰਦਿਆਂ ਦਾ, ਮੈਂ ਭੈੜਾਂ। ਜੇ ਇਹ ਕੰਮ ਜਨਸੰਘੀਆਂ ਦਾ, ਮੈਂ ਜਨਸੰਘੀ ਆਂ। ਜੇ ਇਹ ਕੰਮ ਕਾੱਲੀਆਂ ਦਾ, ਮੈਂ ਕਾੱਲੀ ਆਂ ਤੇ ਜੇ ਇਹ ਕੰਮ ਅਕਾਲੀਆਂ ਦਾ ਤੇ ਮੈਂ ਅਕਾਲੀ ਤਾਂ ਹੈਗਾਂ ਪਹਿਲਾਂ ਹੀ ਦਸ ਹਜ਼ਾਰ ਬੰਦੇ ਨੂੰ ਆਪ ਪੰਜ ਪਿਆਰਿਆਂ ਦੀ ਸੇਵਾ ਵਿੱਚ ਲੱਗ ਕੇ ਸਤਿਗੁਰੂ ਦੇ ਸਾਹਮਣੇ ਪ੍ਰਣ ਕਰਵਾ ਕੇ ਇੱਕ-ਇੱਕ ਦਿਹਾੜੀ ਵਿੱਚ ਅੰਮ੍ਰਿਤ ਛਕਾਉਣਾ ਤੇ ਫਿਰ ਕਹਿਣਾ ਜੀ ਏਜੰਟ ਆ।”
ਸੰਤ ਜੀ ਕਿਹਾ ਕਰਦੇ ਸਨ ਕਿ “ਜੇ ਧਰਮ ਦਾ ਪ੍ਰਚਾਰ ਕਰਨਾ, ਨੌਜਵਾਨਾਂ ਨੂੰ ਸਿੱਖੀ ਸਰੂਪ ’ਚ ਪ੍ਰਪੱਕ ਕਰਵਾਉਣਾ, ਨਸ਼ੇ ਛੁਡਾਉਣੇ, ਗਾਤਰੇ ਕਿਰਪਾਨ ਪਵਾਉਣੀ, ਧੀਆਂ-ਭੈਣਾਂ ਦੀ ਇੱਜ਼ਤ ਲੁੱਟੇ ਜਾਣ ਤੋਂ ਬਚਾਉਣੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਬਹਾਲ ਕਰਨਾ, ਪੰਥ ਅਤੇ ਪੰਜਾਬ ਦੇ ਹੱਕਾਂ ਤੇ ਅਜ਼ਾਦੀ ਲਈ ਆਵਾਜ਼ ਬੁਲੰਦ ਕਰਨਾ, ਇਹ ਕੰਮ ਅੱਤਵਾਦੀਆਂ ਦੇ ਹਨ ਤਾਂ ਮੈਂ ਅੱਤਵਾਦੀ ਹਾਂ।” ਸੰਤ ਜੀ ਆਖਦੇ ਸਨ ਕਿ “ਹਥਿਆਰ ਰੱਖ ਕੇ ਕਿਸੇ ਮਸੂਮ ਨੂੰ ਮਾਰਨਾ, ਕਿਸੇ ਦਾ ਘਰ ਲੁੱਟਣਾ, ਕਿਸੇ ਦੀ ਇੱਜ਼ਤ ਲੁੱਟਣੀ, ਕਿਸੇ ’ਤੇ ਅੱਤਿਆਚਾਰ ਕਰਨਾ, ਸਿੱਖ ਵਾਸਤੇ ਪਾਪ ਆ ਪਰ ਹਥਿਆਰ ਰੱਖ ਕੇ ਆਪਣੇ ਧਰਮ ਦੀ ਰਾਖੀ ਨਾ ਕਰਨਾ ਸਿੱਖ ਦੇ ਲਈ ਇਸ ਤੋਂ ਵੀ ਵੱਡਾ ਪਾਪ ਆ।”
ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ੇ ਜਦੋਂ 25 ਅਗਸਤ 1977 ਨੂੰ ਦਮਦਮੀ ਟਕਸਾਲ ਦੇ ਮੁਖੀ ਬਣੇ ਤੇ ਉਹਨਾਂ ਪੰਜਾਬ ਅਤੇ ਭਾਰਤ ਦੇ ਹੋਰ ਸੂਬਿਆਂ ’ਚ ਵਿਚਰ ਕੇ ਸਿੱਖੀ ਦਾ ਭਾਰੀ ਪ੍ਰਚਾਰ ਕੀਤਾ ਤਾਂ ਸਰਕਾਰ ਘਬਰਾਅ ਗਈ। ਸਰਕਾਰ ਨੇ ਸਿੱਖਾਂ ਨੂੰ ਸ਼ਬਦ ਗੁਰੂ ਨਾਲੋਂ ਤੋੜਨ ਲਈ ਸਿੱਖੀ ਨੂੰ ਕਮਜ਼ੋਰ ਕਰਨ ਲਈ ਨਕਲੀ ਨਿਰੰਕਾਰੀਆਂ ਨੂੰ ਸ਼ਹਿ ਦਿੱਤੀ, 13 ਅਪ੍ਰੈਲ 1978 ਦਾ ਸਾਕਾ ਵਾਪਰਿਆ, 13 ਸਿੰਘਾਂ ਦੀਆਂ ਸ਼ਹਾਦਤਾਂ ਨੇ ਸਿੱਖ ਸੰਘਰਸ਼ ਦਾ ਮੁੱਢ ਬੰਨ੍ਹ ਦਿੱਤਾ, ਫਿਰ ਲਾਲਾ ਜਗਤ ਨਰਾਇਣ ਦੀ ਬਕਵਾਸ, ਹਰਬੰਸ ਲਾਲ ਖੰਨਾ ਵੱਲੋਂ ਸਿੱਖਾਂ ਨੂੰ ਵੰਗਾਰਨਾ, ਭਾਰਤ ਦੀ ਕਾਂਗਰਸੀ ਕੇਂਦਰ ਸਰਕਾਰ ਵੱਲੋਂ ਸਿੱਖਾਂ ਦੇ ਹੱਕ ਦਬਾਉਣੇ, ਸਿੱਖਾਂ ਨੂੰ ਹਿੰਦੂਆਂ ਦਾ ਅੰਗ ਕਹਿਣਾ। ਸੰਤ ਭਿੰਡਰਾਂਵਾਲ਼ੇ ਇਹ ਸਾਰੀਆਂ ਘਟਨਾਵਾਂ ਨੂੰ ਕਿਵੇਂ ਬਰਦਾਸ਼ਤ ਕਰ ਸਕਦੇ ਸਨ। ਫਿਰ ਸੰਤਾਂ ਦੇ ਸਾਥੀ ਭਾਈ ਅਮਰੀਕ ਸਿੰਘ ਅਤੇ ਬਾਬਾ ਠਾਹਰਾ ਸਿੰਘ ਨੂੰ ਗ੍ਰਿਫ਼ਤਾਰ ਕਰ ਲੈਣਾ ਜਿਸ ਤੋਂ ਬਾਅਦ ਸੰਤ ਭਿੰਡਰਾਂਵਾਲ਼ਿਆਂ ਨੇ 19 ਜੁਲਾਈ 1982 ਨੂੰ ਮੋਰਚਾ ਅਰੰਭਿਆ ਤੇ 4 ਅਗਸਤ 1982 ਨੂੰ ਅਕਾਲੀ ਦਲ ਵੱਲੋਂ ਵੀ ਅਨੰਦਪੁਰ ਸਾਹਿਬ ਦੇ ਮਤੇ ਦੀਆਂ ਮੰਗਾਂ ਦੀ ਪੂਰਤੀ ਲਈ ਇਹ ਮੋਰਚਾ ਅਪਣਾ ਲੈਣਾ।
ਸੰਤ ਭਿੰਡਰਾਂਵਾਲ਼ਿਆਂ ਵੱਲੋਂ ਪੰਥ ਅਤੇ ਪੰਜਾਬ ਦੇ ਹੱਕਾਂ ਲਈ ਦ੍ਰਿੜਤਾ ਸਹਿਤ ਮੋਰਚੇ ਦੀਆਂ ਮੰਗਾਂ ’ਤੇ ਡਟੇ ਰਹਿਣਾ, ਉਲ਼ਟਾ ਸਰਕਾਰ ਵੱਲੋਂ 200 ਸਿੰਘ ਸ਼ਹੀਦ ਕਰ ਦੇਣੇ, ਘੱਲ ਖੁਰਦ ਵਿੱਚ ਪੁਲਿਸ ਵੱਲੋਂ ਸਿੱਖ ਲੜਕੀ ਨੂੰ ਨਗਨ ਕਰਕੇ ਛਾਤੀਆਂ ਤੋਂ ਫੜ ਕੇ ਘੁਮਾਉਣਾ, ਬੱਚੀਆਂ ਨਾਲ਼ ਬਲਾਤਕਾਰ ਕਰਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਣੀਆਂ, ਬਿੱਛੂ ਰਾਮ ਥਾਣੇਦਾਰ ਵੱਲੋਂ ਸਿੱਖ ਦੀ ਦਾੜ੍ਹੀ ਮੁੰਨ ਦੇਣੀ, ਹਿੰਦੁਤਵੀਆਂ ਵੱਲੋਂ ਅੰਮ੍ਰਿਤਸਰ ਰੇਲਵੇ ਸਟੇਸ਼ਨ ’ਤੇ ਦਰਬਾਰ ਸਾਹਿਬ ਦਾ ਮਾਡਲ ਤੋੜਨਾ। ਜਲਸੇ ਵਿੱਚ ਨਾਅਰੇ ਲਾਉਣੇ “ਕੱਛ, ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ।” “ਦੁੱਕੀ ਤੁੱਕੀ ਖਹਿਣ ਨ੍ਹੀ ਦੇਣੀ, ਸਿਰ ’ਤੇ ਪੱਗੜੀ ਰਹਿਣ ਨ੍ਹੀਂ ਦੇਣੀ।” ਫਿਰ ਸਰਕਾਰ ਵੱਲੋਂ ਧਰਮ ਯੁੱਧ ਮੋਰਚੇ ਦੀਆਂ ਜਾਇਜ਼ ਮੰਗਾਂ ਨਾ ਮੰਨਣਾ ਤੇ ਉਲ਼ਟਾ ਸ੍ਰੀ ਦਰਬਾਰ ਸਾਹਿਬ ਉੱਤੇ ਹਮਲਾ ਕਰਨ ਦੀਆਂ ਤਿਆਰੀਆਂ ਕੱਸ ਲੈਣਾ, ਇੰਦਰਾ ਗਾਂਧੀ ਵੱਲੋਂ ਬਿਆਨ ਦੇਣਾ ਕਿ 35 ਹਿੰਦੂਆਂ ਦੇ ਹਿੱਸੇ ਇੱਕ-ਇੱਕ ਸਿੱਖ ਆਉਂਦਾ ਆਦਿਕ। ਸਿੱਖਾਂ ਉੱਤੇ ਹੋ ਰਹੇ ਅੱਤਿਆਚਾਰਾਂ ਨੂੰ ਸੰਤ ਜਰਨੈਲ ਸਿੰਘ ਜੀ ਮਹਿਸੂਸ ਕਰ ਰਹੇ ਸਨ, ਧਰਮ ਯੁੱਧ ਮੋਰਚਾ ਛੱਡ ਕੇ ਭੱਜੇ ਨਹੀਂ, ਵਿਕੇ ਨਹੀਂ, ਝੁਕੇ ਨਹੀਂ ਤੇ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਡਟੇ ਰਹੇ। ਉਹ ਅੱਤਵਾਦੀ ਨਹੀਂ, ਸੱਤਵਾਦੀ ਸਨ, ਪੰਥ ਅਤੇ ਪੰਜਾਬ ਦੇ ਪਹਿਰੇਦਾਰ ਸਨ।
ਜਿਵੇਂ ਮੁਗਲ ਹਕੂਮਤ ਵੇਲ਼ੇ ਸਾਡੇ ਗੁਰੂ ਸਾਹਿਬਾਨਾਂ ਨੂੰ ਬਾਗ਼ੀ ਆਖਿਆ ਜਾਂਦਾ ਸੀ। ਅੰਗਰੇਜ਼ ਹਕੂਮਤ ਸਮੇਂ ਸ. ਭਗਤ ਸਿੰਘ, ਸ. ਕਰਤਾਰ ਸਿੰਘ ਸਰਾਭਾ, ਸ. ਊਧਮ ਸਿੰਘ ਤੇ ਗ਼ਦਰੀ ਬਾਬਿਆਂ ਨੂੰ ਦੋਸ਼ੀ ਆਖ ਕੇ ਫਾਂਸੀਆਂ ਦਿੱਤੀਆਂ ਗਈਆ ਤੇ ਹੁਣ ਹਿੰਦ ਹਕੂਮਤ ਵੱਲੋਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲ਼ਿਆਂ ਅਤੇ ਹੋਰ ਧਰਮੀ ਯੋਧਿਆਂ ਨੂੰ ਅੱਤਵਾਦੀ ਆਖ ਕੇ ਬਦਨਾਮ ਕੀਤਾ ਜਾਂਦਾ ਹੈ। ਆਚਰਨ ਤੋਂ ਗਿਰੀ ਹੋਈ ਭਾਜਪਾਈ ਨੇਤਾ ਕੰਗਨਾ ਰਣੌਤ ਵਾਰ-ਵਾਰ ਸੰਤਾਂ ਵਿਰੁੱਧ ਬਕਵਾਸ ਕਰਦੀ ਹੈ। ਪਰ ਸਰਕਾਰ ਜਿੰਨਾ ਮਰਜੀ ਜ਼ੋਰ ਲਾ ਲਵੇ ਉਹ ਸੰਤ-ਸਿਪਾਹੀ, ਧਰਮੀ ਯੋਧੇ, ਬਾਬਾ-ਏ-ਕੌਮ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੀ ਰੂਹਾਨੀਅਤ ਅਤੇ ਜਰਨੈਲੀ ਸ਼ਖ਼ਸੀਅਤ ਦਾ ਕੁਝ ਨਹੀਂ ਵਿਗਾੜ ਸਕਦੀ।
ਅੱਵਤਾਦੀ ਤਾਂ ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਸੀ ਜਿਸ ਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ। ਅੱਤਵਾਦੀ ਤਾਂ ਜਗਦੀਸ਼ ਟਾਇਟਲਰ, ਸੱਜਣ ਕੁਮਾਰ, ਕਮਲ ਨਾਥ, ਲਲਿਤ ਮਾਕਨ, ਅਰਜਨ ਦਾਸ ਆਦਿਕ ਹਨ। ਅੱਤਵਾਦੀ ਤਾਂ ਅਰੁਣ ਸ੍ਰੀਧਰ ਵੈਦਿਆ ਤੇ ਕੁਲਦੀਪ ਬਰਾੜ ਹਨ। ਅੱਤਵਾਦੀ ਤਾਂ ਕੇ.ਪੀ.ਐੱਸ. ਗਿੱਲ ਅਤੇ ਬਿਅੰਤਾ ਬੁੱਚੜ ਸੀ। ਅੱਤਵਾਦੀ ਤਾਂ ਭਾਜਪਾ ਦੇ ਉਹ ਆਗੂ ਹਨ ਜੋ ਸਿੱਖਾਂ ਅਤੇ ਮੁਸਲਮਾਨਾਂ ਦਾ ਕਤਲੇਆਮ ਕਰਨ ਦੀਆਂ ਅਕਸਰ ਹੀ ਮੀਡੀਆ ’ਚ ਧਮਕੀਆਂ ਦਿੰਦੇ ਹਨ। ਅੱਤਵਾਦੀ ਤਾਂ ਮੋਦੀ ਸਰਕਾਰ ਹੈ ਜਿਸ ਦੇ ਕਾਰਨ 700 ਕਿਸਾਨ ਦਿੱਲੀ ਮੋਰਚੇ ’ਚ ਸੰਘਰਸ਼ ਦੇ ਲੇਖੇ ਲਗ ਗਏ। ਅੱਤਵਾਦੀ ਤਾਂ ਕਰਨਲ ਪੁਰੋਹਿਤ ਤੇ ਸਾਧਵੀ ਪ੍ਰਗਿਆ ਹੈ ਜਿਸ ਨੇ ਬੰਬ ਧਮਾਕੇ ਕੀਤੇ। ਅੱਤਵਾਦੀ ਤਾਂ ਮੋਹਨ ਭਾਗਵਤ ਤੇ ਅਡਵਾਨੀ ਵਰਗੇ ਹਨ। ਸ਼ਹੀਦ ਭਾਈ ਹਰਜਿੰਦਰ ਸਿੰਘ ਜਿੰਦਾ ਅਤੇ ਸ਼ਹੀਦ ਭਾਈ ਸੁਖਦੇਵ ਸਿੰਘ ਸੁੱਖਾ ਨੇ ਕਿਹਾ ਸੀ ਕਿ “ਅਸੀਂ ਅੱਤਵਾਦੀ ਨਹੀਂ ਬਲਕਿ ਹਿੰਦੁਸਤਾਨ ਦੀ ਸਰਕਾਰ ਦੀ ਅੱਤ ਦਾ ਅੰਤ ਕਰਨ ਵਾਲੇ ਹਾਂ।” ਸੰਤ ਭਿੰਡਰਾਂਵਾਲ਼ਿਆਂ ਨੂੰ ਅੱਤਵਾਦੀ ਕਹਿਣ ਵਾਲ਼ੀ ਹਿੰਦੂ ਸਰਕਾਰ ਲਈ ਤਾਂ ਹਰ ਉਹ ਸੱਚਾ ਸਿੱਖ ਅੱਤਵਾਦੀ ਹੈ ਜੋ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਆਸ਼ੇ ਅਨੁਸਾਰ ਚੱਲਦਾ ਹੈ। ਇਸ ਗੱਲ ਬਾਰੇ ਹੋਰ ਵਿਸਥਾਰ ਅਗਲੇ ਲੇਖ ਵਿੱਚ ਕਰਾਂਗਾ ਸੰਗਤ ਜੀ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ)
ਮੋ: 88722-93883.
Author: Gurbhej Singh Anandpuri
ਮੁੱਖ ਸੰਪਾਦਕ