ਚੰਡੀਗੜ੍ਹ, 25 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) -ਜੱਚਾ ਬੱਚਾ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ, ਪੰਜਾਬ ਸਰਕਾਰ ਨੇ ਅੱਜ ਕੇਅਰ ਕੰਪੈਨੀਅਨ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਜਿਸ ਦਾ ਉਦੇਸ਼ ਹਸਪਤਾਲ ਦੇ ਹਾਲਵੇਅ/ਵਾਰਡਾਂ ਨੂੰ ਕਲਾਸਰੂਮ ਅਤੇ ਦੇਖਭਾਲ ਲਈ ਉਪਲਬਧ ਸਭ ਤੋਂ ਬਿਹਤਰ ਸਰੋਤ ਵਿੱਚ ਬਦਲਣਾ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਮਰੀਜ਼ ਦੇ ਆਪਣੇ ਪਰਿਵਾਰ ਨੂੰ ਹਸਪਤਾਲ ਅਤੇ ਘਰ ਵਿੱਚ ਆਪਣੇ ਅਜ਼ੀਜ਼ਾਂ ਦੀ ਦੇਖਭਾਲ ਲਈ ਜਾਗਰੂਕ ਕਰਦਿਆਂ ਪੰਜਾਬ ਸਰਕਾਰ ਨੇ ਇਹ ਸਕੀਮ ਸ਼ੁਰੂ ਕੀਤੀ ਹੈ ਅਤੇ ਹੁਣ ਪੰਜਾਬ ਇਸ ਸਕੀਮ ਨੂੰ ਸਬ-ਡਵੀਜ਼ਨ ਹਸਪਤਾਲਾਂ ਤੱਕ ਪਹੁੰਚਾਉਣ ਵਾਲਾ ਪਹਿਲਾ ਸੂਬਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਨਵਜਾਤ ਬੱਚਿਆਂ ਦੀਆਂ 22 ਫ਼ੀਸਦੀ ਤੋਂ ਵੱਧ ਮੌਤਾਂ ਹੁੰਦੀਆਂ ਹਨ ਜੋ ਸਾਲਾਨਾ 5,22,000 ਮੌਤਾਂ ਬਣਦੀਆਂ ਹਨ ਜੋ ਕਿ ਵਿਸ਼ਵ ਦੇ ਕਿਸੇ ਵੀ ਹੋਰ ਦੇਸ਼ ਨਾਲੋਂ ਜ਼ਿਆਦਾ ਹੈ। ਇਹ ਅੰਦਾਜ਼ਾ ਲਗਾਇਆ ਗਿਆ ਹੈ ਕਿ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿੱਚ 70 ਫ਼ੀਸਦੀ ਮੌਤਾਂ ਬਿਹਤਰ ਸਿਹਤ ਅਭਿਆਸਾਂ ਨਾਲ ਰੋਕੀਆਂ ਜਾ ਸਕਦੀਆਂ ਹਨ ਅਤੇ ਇਹਨਾਂ ਵਿੱਚੋਂ ਬਹੁਤੀਆਂ ਮੌਤਾਂ ਘਰ ਵਿੱਚ ਹੀ ਰੋਕੀਆਂ ਜਾ ਸਕਦੀਆਂ ਹਨ।
ਸ. ਸਿੱਧੂ ਨੇ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਲੋਕਾਂ ਵਿੱਚ ਜਾਗਰੂਕਤਾ ਅਤੇ ਆਪਣੇ ਸਿਹਤ ਸੰਭਾਲ ਕਰਮਚਾਰੀਆਂ ਦੀ ਸਮਰੱਥਾ ਵਧਾ ਕੇ ਪੰਜਾਬ ਦੇ ਨਾਗਰਿਕਾਂ ਦੀ ਸਿਹਤ ਸਥਿਤੀ ਵਿੱਚ ਸੁਧਾਰ ਅਤੇ ਭਲਾਈ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸੀ.ਸੀ.ਪੀ. ਵਿੱਚ ਪੰਜਾਬ ਦੀਆਂ ਸਰਕਾਰੀ ਸਿਹਤ ਸੰਸਥਾਵਾਂ ਵਿੱਚ ਨਵਜੰਮੇ ਬੱਚਿਆਂ ਦੀ ਮੌਤ ਦਰ, ਮੁੜ ਦਾਖਲ ਹੋਣ ਦੇ ਬੋਝ, ਛੁੱਟੀ ਤੋਂ ਬਾਅਦ ਦੀਆਂ ਪੇਚੀਦਗੀਆਂ ਵਿੱਚ ਕਮੀ ਅਤੇ ਹਸਪਤਾਲ ਦੀ ਸਫ਼ਾਈ ਦੇ ਪੱਧਰ, ਨਰਸਾਂ ਦੀ ਸਮਰੱਥਾ ਅਤੇ ਮਰੀਜ਼ਾਂ ਦੀ ਸੰਤੁਸ਼ਟੀ ਵਿੱਚ ਵਾਧਾ ਦਰਸਾਇਆ ਗਿਆ ਹੈ। ਇਹ ਪ੍ਰੋਗਰਾਮ ਜੱਚਾ ਬੱਚਾ ਸਿਹਤ ਅਤੇ ਆਮ ਤੇ ਸਰਜੀਕਲ ਮਰੀਜ਼ਾਂ ਦੀ ਦੇਖਭਾਲ ਦੇ ਖੇਤਰਾਂ ਵਿੱਚ ਕਾਰਜਸ਼ੀਲ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਕੇਅਰ ਕੰਪੈਨੀਅਨ ਪ੍ਰੋਗਰਾਮ ਨੂੰ ਭਾਰਤ ਸਰਕਾਰ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਵੱਲੋਂ 2019 ਵਿੱਚ ਨੈਸ਼ਨਲ ਹੈਲਥ ਇਨੋਵੇਸ਼ਨ ਸੰਮੇਲਨ ਵਿੱਚ ਮਾਨਤਾ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਜਨਮ ਤੋਂ ਬਾਅਦ ਦੀਆਂ ਦੇਖਭਾਲ ਸੇਵਾਵਾਂ ਲਈ ਸਾਲ 2017 ਵਿੱਚ 6 ਜ਼ਿਲ੍ਹਾ ਹਸਪਤਾਲਾਂ ਵਿੱਚ ਮੁੱਖ ਤੌਰ ‘ਤੇ ਇਹ ਪਹਿਲਕਦਮੀ ਸ਼ੁਰੂ ਕੀਤੀ ਗਈ, ਫਿਰ ਸਾਲ 2018 ਵਿੱਚ ਜਨਮ ਤੋਂ ਪਹਿਲਾਂ ਅਤੇ ਬਿਮਾਰ ਨਵਜੰਮੇ ਬੱਚਿਆਂ ਦੀ ਦੇਖਭਾਲ ਲਈ ਸਾਰੇ 22 ਜ਼ਿਲ੍ਹਾ ਹਸਪਤਾਲਾਂ ਵਿੱਚ ਇਸ ਦਾ ਵਿਸਥਾਰ ਕੀਤਾ ਗਿਆ। ਪ੍ਰੋਗਰਾਮ ਦੇ ਸ਼ਾਨਦਾਰ ਨਤੀਜਿਆਂ ਨੂੰ ਵੇਖਦਿਆਂ, ਸਾਲ 2019 ਵਿੱਚ ਇਹ ਪ੍ਰੋਗਰਾਮ 22 ਜ਼ਿਲ੍ਹਾ ਹਸਪਤਾਲਾਂ ਵਿੱਚ ਮੈਡੀਕਲ ਅਤੇ ਸਰਜੀਕਲ ਖੇਤਰਾਂ ਲਈ ਵੀ ਸ਼ੁਰੂ ਕੀਤਾ ਗਿਆ।
ਡਾਇਰੈਕਟਰ ਸਿਹਤ ਸੇਵਾਵਾਂ (ਪਰਿਵਾਰ ਭਲਾਈ) ਡਾ. ਅੰਦੇਸ਼ ਕੰਗ ਨੇ ਕਿਹਾ ਕਿ ਹੁਣ ਤੱਕ, ਪੰਜਾਬ ਵਿੱਚ ਇਸ ਪ੍ਰੋਗਰਾਮ ਵਿੱਚ ਤਕਰੀਬਨ 1100 ਨਰਸਾਂ ਨੂੰ ਸਿਖਲਾਈ ਦਿੱਤੀ ਜਾ ਚੁੱਕੀ ਹੈ ਅਤੇ ਉਨ੍ਹਾਂ ਨੇ ਅੱਗੇ ਪਿਛਲੇ 4 ਸਾਲਾਂ ਦੌਰਾਨ 2,43,000 ਤੋਂ ਵੱਧ ਪਰਿਵਾਰਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਸਿਖਲਾਈ ਦਿੱਤੀ। ਉਹਨਾਂ ਅੱਗੇ ਦੱਸਿਆ ਕਿ ਨੂਰਾ ਹੈਲਥ ਨੇ ਕੋਵਿਡ ਮਹਾਂਮਾਰੀ ਦੌਰਾਨ ਸਹਾਇਤਾ ਪ੍ਰਦਾਨ ਕਰਕੇ ਸੂਬਾ ਸਰਕਾਰ ਦੀ ਸਹਾਇਤਾ ਕੀਤੀ ਹੈ। ਕੇਅਰ ਕੰਪੈਨੀਅਨ ਸੈਸ਼ਨਾਂ ਰਾਹੀਂ ਨਾ ਸਿਰਫ਼ ਹਸਪਤਾਲਾਂ ਵਿੱਚ ਕੋਵਿਡ ਜਾਗਰੂਕਤਾ ਸੰਦੇਸ਼ ਭੇਜੇ ਗਏ ਬਲਕਿ ਟੈਲੀ-ਟ੍ਰੇਨਿੰਗ ਅਤੇ ਆਈਵੀਆਰਐਸ ਅਧਾਰਤ ਸੰਦੇਸ਼ਾਂ ਰਾਹੀਂ ਕੋਵਿਡ ਪਾਜ਼ੇਟਿਵ ਮਰੀਜ਼ਾਂ ਅਤੇ ਉਨ੍ਹਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਵੀ ਭੇਜੇ ਗਏ।
ਸਟੇਟ ਪ੍ਰੋਗਰਾਮ ਅਫਸਰ ਸੀਸੀਪੀ ਡਾ. ਬਲਜੀਤ ਕੌਰ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਲਾਭ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣ ਦੀ ਕੋਸ਼ਿਸ਼ ਤਹਿਤ, ਪੰਜਾਬ ਦੇ ਸਿਹਤ ਵਿਭਾਗ ਨੇ ਇਸ ਪ੍ਰੋਗਰਾਮ ਨੂੰ ਸੂਬੇ ਭਰ ਦੇ ਉਪ ਜ਼ਿਲ੍ਹਾ ਹਸਪਤਾਲਾਂ (ਐਸਡੀਐਚਜ਼) ਤੱਕ ਪਹੁੰਚਾਉਣ ਦਾ ਫੈਸਲਾ ਲਿਆ ਹੈ।
ਇਸ ਮੌਕੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਦੇ ਡਾਇਰੈਕਟਰ ਡਾ. ਗੁਰਿੰਦਰਬੀਰ ਸਿੰਘ, ਡਾਇਰੈਕਟਰ ਈਐਸਆਈ ਡਾ. ਓ.ਪੀ. ਗੋਜਰਾ, ਡਿਪਟੀ ਡਾਇਰੈਕਟਰ ਡਾ. ਨਿਸ਼ਾ ਸਾਹੀ, ਸਹਾਇਕ ਡਾਇਰੈਕਟਰ ਡਾ. ਬਲਜੀਤ ਕੌਰ, ਨੋਰਾ ਹੈਲਥ ਦੇ ਸਹਿ-ਸੰਸਥਾਪਕ ਡਾ. ਸ਼ਾਹਿਦ ਆਲਮ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ