ਬਠਿੰਡਾ 2 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਸਾਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਇਆ ਹੈ ਕਿ ਬਠਿੰਡਾ ਵਿੱਚ ਨਸ਼ਿਆਂ ਨਾਲ ਨੌਜਵਾਨਾਂ ਦੀਆਂ ਹੋਈਆਂ ਮੌਤਾਂ ਲਈ ਖਜ਼ਾਨਾ ਮੰਤਰੀ ਪੰਜਾਬ ,ਉਸ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਅਤੇ ਉਸ ਦੇ ਕਥਿਤ ਨਸ਼ਾ ਤਸਕਰ ਸਾਥੀ ਸਿੱਧੇ ਤੌਰ ਤੇ ਜਿੰਮੇਵਾਰ ਹਨ। ਉਨ੍ਹਾਂ ਅੱਜ ਪੁਲੀਸ ਵੱਲੋਂ ਕਰੀਬ 15000 ਤੋਂ ਵੱਧ ਨਸ਼ੇ ਦੀਆਂ ਗੋਲੀਆਂ ਅਤੇ ਹਜਾਰਾਂ ਰੁਪਏ ਦੀ ਡਰੱਗ ਮਨੀ ਨਾਲ ਕਾਬੂ ਕੀਤੇ ਰਤਨ ਗਰਗ ਦੀਆਂ ਖਜਾਨਾ ਮੰਤਰੀ ਦੇ ਰਿਸ਼ਤੇਦਾਰ ਨਾਲ ਤਸਵੀਰ ਮੀਡੀਆ ਅੱਗੇ ਪੇਸ਼ ਕੀਤੀ। ਉਨ੍ਹਾਂ ਆਖਿਆ ਕਿ ਰਤਨ ਗਰਗ ਜੋਜੋ ਦੀ ਕਥਿਤ ਸਰਪਰਸਤੀ ਹੇਠ ਨਸ਼ਿਆਂ ਦਾ ਕਾਰੋਬਾਰ ਚਲਾ ਰਿਹਾ ਸੀ,ਜਿਸ ਦਾ ਖੁਲਾਸਾ ਅਕਾਲੀ ਦਲ ਦੇ ਆਗੂ ਪਰਮਪਾਲ ਸਿੰਘ ਨੇ ਕੀਤਾ ਹੈ ।
ਉਨ੍ਹਾਂ ਕਿਹਾ ਕਿ ਇਸ ਨਾਲ ਸ਼ਹਿਰ ਵਿਚ ਚਲਦੇ ਨਸ਼ਿਆਂ ਦੇ ਕਾਰੋਬਾਰ, ਜੂਏ ਦੇ ਅੱਡੇ ਅਤੇ ਕੈਸੀਨੋ ਚੱਲਣ ਅਤੇ ਹਲਕਾ ਇੰਚਾਰਜ ਹਰਵਿੰਦਰ ਲਾਡੀ ਵੱਲੋਂ ਲਾਏ ਨਸ਼ੇ ਸਬੰਧੀ ਕਥਿਤ ਦੋਸ਼ ਵੀ ਸਾਬਤ ਹੋ ਗਏ ਹਨ। ਸਰੂਪ ਸਿੰਗਲਾ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਕਿ ਉਹ ਤੁਰੰਤ ਖਜਾਨਾ ਮੰਤਰੀ ਮਨਪ੍ਰੀਤ ਬਾਦਲ ਨੂੰ ਮੰਤਰੀ ਮੰਡਲ ਵਿੱਚੋਂ ਬਰਖਾਸਤ ਕਰਨ ਤੇ ਨਸ਼ਿਆਂ ਦੇ ਕਾਰੋਬਾਰ ਦੀ ਸੀਬੀਆਈ ਜਾਂਚ ਕਰਾਉਣ ਤਾਂ ਜੋ ਸਾਰਾ ਖੁਲਾਸਾ ਹੋ ਸਕੇ। ਉਨ੍ਹਾਂ ਮੁੱਖ ਮੰਤਰੀ ਨੂੰ ਤੁਰੰਤ ਖਜਾਨਾ ਮੰਤਰੀ ਨੂੰ ਬਰਖਾਸਤ ਕਰਨ ਵਾਲੀ ਕਾਰਵਾਈ ਤੁਰੰਤ ਅਮਲ ’ਚ ਲਿਆਉਣ ਲਈ ਕਿਹਾ ਤਾਂ ਜੋ ਨਸ਼ਿਆਂ ਨਾਲ ਜਾ ਰਹੀਆਂ ਕੀਮਤੀ ਜਾਨਾਂ ਬਚਾਈਆਂ ਜਾ ਸਕਣ।
ਉਨ੍ਹਾਂ ਕਿਹਾ ਕਿ ਹੈਰਾਨਗੀ ਦੀ ਗੱਲ ਹੈ ਕਿ ਪੈਸਿਆਂ ਦੇ ਲਾਲਚ ਲਈ ਕਿਵੇਂ ਨਸ਼ਿਆਂ ਦਾ ਕਾਰੋਬਾਰ ਕਰਕੇ ਨੌਜਵਾਨਾਂ ਦੀ ਜ਼ਿੰਦਗੀ ਨਾਲ ਖੇਡਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਥਿਤ ਨਸ਼ਾ ਸਮੱਗਲਰ ਨੂੰ ਕਾਬੂ ਕਰਵਾਉਣ ਵਾਲੇ ਯੋਧਿਆਂ ਦਾ ਸਨਮਾਨ ਕੀਤਾ ਜਾਏਗਾ। ਉਨ੍ਹਾਂ ਰਤਨ ਗਰਗ ਵੱਲੋਂ ਪੁਲਸ ਦੀ ਹਾਜ਼ਰੀ ਵਿਚ ਪਰਮਪਾਲ ਸਿੰਘ ਨੂੰ ਦਿੱਤੀ ਕਥਿਤ ਧਮਕੀ ਨੂੰ ਲੈਕੇ ਐਸਐਸਪੀ ਬਠਿੰਡਾ ਤੋ ਵੀ ਕਾਰਵਾਈ ਦੀ ਮੰਗ ਕੀਤੀ । ਉਨ੍ਹਾਂ ਸ਼ਹਿਰ ਵਾਸੀਆਂ ਨੂੰ ਨਸ਼ਿਆਂ ਨਾਲ ਮਰ ਰਹੇ ਨੌਜਵਾਨਾਂ ਦੀਆਂ ਲਾਸ਼ਾਂ ਨਸ਼ਿਆਂ ਦੇ ਕਾਰੋਬਾਰ ਸਬੰਧੀ ਮੁਹੱਲਿਆਂ ਵਿਚ ਆਉਣ ਤੇ ਸਵਾਲ ਕਰਨ ਦਾ ਸੱਦਾ ਦਿੱਤਾ । ਇਸ ਮੌਕੇ ਹਰਪਾਲ ਸਿੰਘ ਢਿੱਲੋਂ, ਰਾਜਵਿੰਦਰ ਸਿੰਘ, ਨਿਰਮਲ ਸਿੰਘ ਸੰਧੂ, ਰਾਕੇਸ਼ ਸਿੰਗਲਾ ,ਮਨਪ੍ਰੀਤ ਗੋਸਲ ਅਤੇ ਮਨਪ੍ਰੀਤ ਬਠਿੰਡਾ ਆਦਿ ਹਾਜਰ ਸਨ ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦਾ ਕਹਿਣਾ ਸੀ ਕਿ ਸਰੂਪ ਚੰਦ ਸਿੰਗਲਾ ਦਾ ਦਿਮਾਗ ਖਰਾਬ ਹੋ ਗਿਆ ਹੈ ਜੋ ਬੇਬੁਨਿਆਦ ਅਤੇ ਬਿਨਾਂ ਸਿਰ ਪੈਰ ਦੇ ਦੋਸ਼ ਲਾ ਰਿਹਾ ਹੈ। ਉਨ੍ਹਾਂ ਆਖਿਆ ਕਿ ਜੇਕਰ ਉਨ੍ਹਾਂ ਨੇ ਕਦੇ ਰਤਨ ਗਰਗ ਨੂੰ ਫੋਨ ਕੀਤਾ ਹੋਵੇ ਜਾਂ ਉਸਦਾ ਫੋਨ ਆਇਆ ਹੋਵੇ ਤਾਂ ਉਹ ਬਠਿੰਡਾ ਵਾਸੀਆਂ ਦੇ ਸਭ ਤੋਂ ਵੱਡੇ ਗੁਨਾਂਹਗਾਰ ਹੋਣਗੇ।