ਕਪੂਰਥਲਾ 19 ਸਤੰਬਰ (ਤਾਜੀਮਨੂਰ ਕੌਰ)ਤਖ਼ਤ ਸ੍ਰੀ ਹਜ਼ੂਰ ਸਾਹਿਬ ਵਿਖੇ ਅਮਿਤ ਸ਼ਾਹ ਦੀ ਸਨਮਾਨ ਦੀਆਂ ਤਸਵੀਰਾਂ ਨੇ ਪੰਥ ਦੇ ਵਿੱਚ ਭਾਰੀ ਰੋਸ ਪੈਦਾ ਕੀਤਾ ਹੈ।ਵਰਣਨਯੋਗ ਹੈ ਕਿ ਅਮਿਤ ਸ਼ਾਹ ਸ੍ਰੀ ਹਜ਼ੂਰ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਜਿੱਥੇ ਉੱਥੋਂ ਦੇ ਸਥਾਨਕ ਪ੍ਰਬੰਧਕਾਂ ਵੱਲੋਂ ਦਸਤਾਰ ਸਜਾ ਕੇ ਚੋਲਾ ਅਤੇ ਸ੍ਰੀ ਸਾਹਿਬ ਪੁਆ ਕੇ ਅਮਿਤ ਸ਼ਾਹ ਦਾ ਸਥਾਨਕ ਮਰਿਆਦਾ ਅਨੁਸਾਰ ਸਨਮਾਨ ਕੀਤਾ ਗਿਆ । ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਤਖ਼ਤ ਸਾਹਿਬਾਨ ਦੇ ਖਾਸ ਅਸਥਾਨ ਉੱਪਰ ਕੇਵਲ ਗੁਰਸਿੱਖਾਂ ਨੂੰ ਸਨਮਾਨਤ ਕਰਨ ਦੀ ਮਰਿਆਦਾ ਹੈ ਜਾਂ ਫਿਰ ਕਿਸੇ ਮਹਾਨ ਸ਼ਖ਼ਸੀਅਤ ਨੂੰ ਜਿਸ ਨੇ ਸਿੱਖ ਕੌਮ ਜਾਂ ਸਮਾਜ ਦੇ ਲਈ ਕੋਈ ਮਹਾਨ ਕਾਰਜ ਕੀਤਾ ਹੋਵੇ ।ਜਦੋਂ ਕਿ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਜੋੜੀ ਨੇ ਇਸ ਦੇਸ਼ ਦੇ ਜੋ ਹਾਲਾਤ ਬਣਾ ਦਿੱਤੇ ਹਨ ਉਹ ਕਿਸੇ ਤੋਂ ਲੁਕਵੇਂ ਨਹੀਂ ਹਨ । ਲੰਬੇ ਸਮੇਂ ਤੋਂ ਕਿਸਾਨ ਆਪਣੇ ਹੱਕਾਂ ਦੀ ਖਾਤਰ ਲੜ ਰਹੇ ਹਨ ਥਾਂ ਥਾਂ ਤੇ ਕਿਸਾਨਾਂ ਤੇ ਲਾਠੀਚਾਰਜ ਹੋ ਰਹੇ ਹਨ ਜ਼ਲੀਲ ਕੀਤਾ ਜਾ ਰਿਹਾ ਹੈ ਝੂਠੇ ਮੁਕੱਦਮੇ ਦਰਜ ਕਰਕੇ ਜੇਲ੍ਹਾਂ ਵਿੱਚ ਬੰਦ ਕੀਤਾ ਜਾ ਰਿਹਾ ਹੈ।ਅਜਿਹੇ ਹਾਲਾਤਾਂ ਦੇ ਵਿਚ ਹਜੂਰ ਸਾਹਿਬ ਦੇ ਪ੍ਰਬੰਧਕਾਂ ਵੱਲੋਂ ਅਮਿਤ ਸ਼ਾਹ ਦਾ ਸਨਮਾਨ ਕੀਤਾ ਜਾਣਾ ਮੰਦਭਾਗਾ ਹੈ।ਸ਼ਹੀਦ ਭਾਈ ਮਨੀ ਸਿੰਘ ਜੀ ਗ੍ਰੰਥੀ ਸਭਾ ਦੇ ਮੁੱਖ ਸੇਵਾਦਾਰ ਭਾਈ ਜਸਵਿੰਦਰ ਸਿੰਘ ਖਾਲਸਾ, ਜਨਰਲ ਸਕੱਤਰ ਭਾਈ ਗੁਰਭੇਜ ਸਿੰਘ ਆਨੰਦਪੁਰੀ, ਸੀਨੀਅਰ ਮੀਤ ਪ੍ਰਧਾਨ ਭਾਈ ਕਸ਼ਮੀਰ ਸਿੰਘ ਟਾਂਡੀ, ਮੀਤ ਪ੍ਰਧਾਨ ਭਾਈ ਕੁਲਵੰਤ ਸਿੰਘ ਖਡੂਰ ਸਾਹਿਬ,ਸਕੱਤਰ ਭਾਈ ਸੰਗਤ ਸਿੰਘ ਟਾਂਡੀ,ਖ਼ਜ਼ਾਨਚੀ ਭਾਈ ਰਣਜੀਤ ਸਿੰਘ ,ਜ਼ਿਲ੍ਹਾ ਪਟਿਆਲਾ ਤੋਂ ਪ੍ਰਧਾਨ ਭਾਈ ਪ੍ਰਣਾਮ ਸਿੰਘ, ਭਾਈ ਗੁਰਚਰਨ ਸਿੰਘ ਟਾਂਡੀ, ਮਾਝਾ ਜ਼ੋਨ ਦੇ ਇੰਚਾਰਜ ਭਾਈ ਦਿਲਬਾਗ ਸਿੰਘ ਧਾਰੀਵਾਲ ,ਸੀਨੀਅਰ ਮੈਂਬਰ ਭਾਈ ਗੁਰਦੇਵ ਸਿੰਘ ਮੁੰਡਾਪਿੰਡ ਅਤੇ ਪ੍ਰਚਾਰਕ ਭਾਈ ਜਗਜੀਤ ਸਿੰਘ ਅਹਿਮਦਪੁਰ ਨੇ ਸਾਂਝੇ ਰੂਪ ਵਿਚ ਜਾਰੀ ਇਕ ਬਿਆਨ ਵਿਚ ਕਿਹਾ ਕਿ ਹਜ਼ੂਰ ਸਾਹਿਬ ਦੇ ਪ੍ਰਬੰਧਕਾਂ ਦੇ ਖ਼ਿਲਾਫ਼ ਪੰਥਕ ਰਵਾਇਤਾਂ ਮੁਤਾਬਕ ਕਾਰਵਾਈ ਹੋਣੀ ਚਾਹੀਦੀ ਹੈ,ਕਿਉਂਕਿ ਅਮਿਤ ਸ਼ਾਹ ਦਾ ਸਨਮਾਨ ਕਰਕੇ ਜਿੱਥੇ ਕਿਸਾਨ ਅੰਦੋਲਨ ਦੇ ਮਹਾਨ ਸ਼ਹੀਦਾਂ ਦੇ ਸਨਮਾਨ ਨੂੰ ਸੱਟ ਵੱਜੀ ਹੈ ਉਥੇ ਸਿੱਖ ਪ੍ਰੰਪਰਾਵਾਂ ਦਾ ਵੀ ਘਾਣ ਕੀਤਾ ਗਿਆ ਹੈ। ਉਪਰੋਕਤ ਗੁਰਮੁਖ ਪਿਆਰਿਆਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਬੇਨਤੀ ਕਰਦਿਆਂ ਹੋਇਆਂ ਮੰਗ ਕੀਤੀ ਹੈ ਕਿ ਜਥੇਦਾਰ ਸਾਹਿਬ ਆਪਣੇ ਤੌਰ ਤੇ ਐਕਸ਼ਨ ਲੈਂਦੇ ਹੋਏ ਹਜੂਰ ਸਾਹਿਬ ਦੇ ਪ੍ਰਬੰਧਕਾਂ ਅਤੇ ਉਥੋਂ ਦੇ ਗ੍ਰੰਥੀ/ਜਥੇਦਾਰ ਸਾਹਿਬਾਨ ਸਮੇਤ ਇਸ ਕਾਰੇ ਦੇ ਲਈ ਜ਼ਿੰਮੇਵਾਰ ਸਾਰੇ ਵਿਅਕਤੀਆਂ ਦੇ ਖ਼ਿਲਾਫ਼ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਕਾਰਵਾਈ ਕਰਨ ।