ਜਲੰਧਰ 22 ਸਤੰਬਰ (ਭੁਪਿੰਦਰ ਸਿੰਘ ਮਹੀ) ਜਲੰਧਰ ਦੇ ਵਾਰਡ ਨੰ. 16 ਦੇ ਕਾਂਗਰਸੀ ਕੌਂਸਲਰ ਮਨਮੋਹਨ ਰਾਜੂ ਨੇ ਥਾਣਾ ਰਾਮਾਮੰਡੀ ਦੇ ਮੁਖੀ ਕਮਲਜੀਤ ਸਿੰਘ ‘ਤੇ ਬਦਸਲੂਕੀ ਦੇ ਦੋਸ਼ ਲਾ ਦਿੱਤੇ। ਕੌਂਸਲਰ ਰਾਜੂ ਨੇ ਹਮਾਇਤੀਆਂ ਸਮੇਤ ਥਾਣੇ ਬਾਹਰ ਮੁਜ਼ਾਹਰਾ ਕੀਤਾ। ਦੋਸ਼ ਸੀ ਕਿ ਥਾਣਾ ਮੁਖੀ ਕਮਲਜੀਤ ਸਿੰਘ ਉਨ੍ਹਾਂ ਦੇ ਪੁੱਤਰ ਨੂੰ ਡੰਡਾ ਲੈ ਕੇ ਮਾਰਨ ਲਈ ਦੌੜੇ। ਧਰਨਾ ਲਾਉਣ ਦੀ ਸੂਚਨਾ ਮਿਲਦਿਆਂ ਹੀ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਮੌਕੇ ‘ਤੇ ਪਹੁੰਚੇ। ਦੇਰ ਰਾਤ ਨੂੰ ਥਾਣਾ ਮੁਖੀ ਕਮਲਜੀਤ ਸਿੰਘ ਨੂੰ ਲਾਈਨ ਹਾਜ਼ਰ ਕਰ ਦਿੱਤਾ ਗਿਆ ਸੀ। ਏਸੀਪੀ ਕਾਹਲੋਂ ਨੇ ਦੱਸਿਆ ਕਿ ਥਾਣਾ ਮੁਖੀ ਨੂੰ ਲਾਈਨ ਹਾਜ਼ਰ ਕਰਨ ਤੋਂ ਬਾਅਦ ਜਾਂਚ ਬਿਠਾਈ ਜਾਵੇਗੀ।
ਕੌਂਸਲਰ ਮਨਮੋਹਨ ਰਾਜੂ ਨੇ ਦੱਸਿਆ ਕਿ ਮੰਗਲਵਾਰ ਨੂੰ ਥਾਣਾ ਰਾਮਾਮੰਡੀ ਦੀ ਪੁਲਿਸ ਨੇ ਕੁਝ ਨੌਜਵਾਨਾਂ ਨੂੰ ਉਠਾ ਲਿਆ। ਉਨ੍ਹਾਂ ਕੋਲ ਉਕਤ ਨੌਜਵਾਨਾਂ ਦੇ ਪਰਿਵਾਰ ਆਏ ਤੇ ਸਾਰੀ ਗੱਲ ਦੱਸੀ। ਉਨ੍ਹਾਂ ਨੇ ਥਾਣਾ ਮੁਖੀ ਨੂੰ ਫੋਨ ਕੀਤਾ ਪਰ ਥਾਣਾ ਮੁਖੀ ਨੇ ਉਠਾਇਆ ਨਹੀਂ। ਇਸ ਤੋਂ ਬਾਅਦ ਉਹ ਆਪਣੇ ਪੁੱਤਰ ਨਾਲ ਥਾਣਾ ਰਾਮਾਮੰਡੀ ਪਹੁੰਚੇ ਤਾਂ ਉਥੇ ਐੱਸਐੱਚਓ ਨਹੀਂ ਸਨ। ਉਹ ਬਾਹਰ ਬੈਠ ਗਏ।
ਇਸ ਦੌਰਾਨ ਉਨ੍ਹਾਂ ਨੂੰ ਪਤਾ ਲੱਗਾ ਕਿ ਐੱਸਐੱਚਓ ਉਪਰ ਕਮਰੇ ‘ਚ ਬੈਠੇ ਹੋਏ ਸਨ। ਉਨ੍ਹਾਂ ਨਾਲ ਸਾਦੇ ਕੱਪੜਿਆਂ ‘ਚ ਇਕ ਪੁਲਿਸ ਮੁਲਾਜ਼ਮ ਤੇ ਉਸ ਦਾ ਭਰਾ, ਜੋ ਕੌਂਸਲਰ ਚੋਣ ਹਾਰਿਆ ਹੈ, ਬੈਠੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਥਾਣਾ ਮੁਖੀ ਨੇ ਉਨ੍ਹਾਂ ਨੂੰ ਦੇਖਦੇ ਹੀ ਬਦਸਲੂਕੀ ਕਰਨੀ ਸ਼ੁਰੂ ਕਰ ਦਿੱਤੀ ਤੇ ਹੇਠਾਂ ਜਾਣ ਨੂੰ ਕਿਹਾ। ਉਨ੍ਹਾਂ ਦੇ ਪੁੱਤਰ ਨੇ ਥਾਣਾ ਮੁਖੀ ਨੂੰ ਕਿਹਾ ਕਿ ਜਿਨ੍ਹਾਂ ਨਾਲ ਉਹ ਬਦਸਲੂਕੀ ਕਰ ਰਿਹਾ ਹੈ, ਉਹ ਮੌਜੂਦਾ ਕੌਂਸਲਰ ਹਨ। ਇਹ ਸੁਣ ਕੇ ਥਾਣਾ ਮੁਖੀ ਡੰਡਾ ਲੈ ਕੇ ਉਨ੍ਹਾਂ ਦੇ ਪੁੱਤਰ ਸ਼ੁਭਮ ਦੇ ਪਿੱਛੇ ਭੱਜਿਆ ਤੇ ਉਸ ਨੂੰ ਇਕ ਕਮਰੇ ‘ਚ ਬੰਦ ਕਰ ਦਿੱਤਾ।