ਬਾਘਾਪੁਰਾਣਾ 24ਅਕਤੂਬਰ (ਰਾਜਿੰਦਰ ਸਿੰਘ ਕੋਟਲਾ)ਅੱਜ ਗੁਰਦੁਆਰਾ ਜੋਤੀ ਜੋਗੇਵਾਲਾ ਵਿਖੇ ਇਲਾਕੇ ਦੇ ਮਹਾਂਪੁਰਖਾਂ ਦੀ ਮੀਟਿੰਗ ਸੰਤ ਬਾਬਾ ਬਲਦੇਵ ਸਿੰਘ ਜੋਗੇਵਾਲਾ ਦੀ ਅਗਵਾਈ ਵਿੱਚ ਹੋਈ ਜਿਸ ਵਿੱਚ ਦਿੱਲੀ ਦੇ ਸਿੰਧੂ ਬਾਰਡਰ ਤੇ ਚੱਲ ਰਹੇ ਕਿਸਾਨ ਮੋਰਚੇ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਦਸਮੇਸ਼ ਪਿਤਾ ਦੀ ਬਾਣੀ ਸ੍ਰੀ ਸਰਬ ਲੋਹ ਗ੍ਰੰਥ ਦੇ ਸਰੂਪਾਂ ਦੀ ਬੇਅਦਬੀ ਕਰਨ ਵਾਲੇ ਦੁਸ਼ਟ ਲਖਬੀਰ ਸਿੰਘ ਦੇ ਹੱਥ ਪੈਰ ਵੱਢ ਕੇ ਸੋਧਣ ਵਾਲੇ ਨਿਹੰਗ ਸਿੰਘ ਦੀ ਸਮੂਹ ਸੰਤ ਸਮਾਜ ਤੇ ਬਾਬਾ ਸੁਰਜੀਤ ਸਿੰਘ ਮਹਿਰੋ ਨਿਹੰਗ ਸਿੰਘ ਨੇ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕੇ ਗੁਰੂ ਕੀਆਂ ਲਾਡਲੀਆਂ ਫ਼ੌਜਾਂ ਨਿਹੰਗ ਸਿੰਘਾਂ ਨੇ ਗੁਰੂ ਸਾਹਿਬ ਦੇ ਹੁਕਮਾਂ ਉੱਤੇ ਡਟ ਕੇ ਪਹਿਰਾ ਦਿੱਤਾ ਹੈ। ਬੇਅਦਬੀ ਕਰਨ ਵਾਲੇ ਪਾਪੀ ਨੂੰ ਮੌਕੇ ਉਤੇ ਖਾਲਸਾਈ ਰਵਾਇਤਾਂ ਪ੍ਰੰਪਰਾਵਾਂ ਅਨੁਸਾਰ ਸਜ਼ਾ ਦੇ ਕੇ ਮਾਣ ਮੱਤਾ ਇਤਿਹਾਸ ਸਿਰਜਿਆ ਹੈ। ਇਸ ਮੌਕੇ ਬਾਬਾ ਬਲਦੇਵ ਸਿੰਘ ਜੋਗੇਵਾਲਾ ਨੇ ਕਿਹਾ ਕਿ ਸਿੱਖ ਕੌਮ ਲੰਬੇ ਸਮੇਂ ਤੋਂ ਬੇਅਦਬੀਆਂ ਦਾ ਸੰਤਾਪ ਭੋਗ ਰਹੀ ਸੀ ਅਤੇ ਬੇਅਦਬੀਆਂ ਦੇ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਸਿੱਖ ਕੌਮ ਨੂੰ ਕਈ ਮੋਰਚੇ ਅਤੇ ਧਰਨੇ ਲਾਉਣੇ ਪਏ, ਜਿਸ ਦੌਰਾਨ ਸਿੰਘ ਵੀ ਸ਼ਹੀਦ ਹੋਏ ਅਤੇ ਸੰਗਤਾਂ ਨੇ ਜ਼ੁਲਮ ਵੀ ਚੱਲਿਆ ਹੈ। ਉਨ੍ਹਾਂ ਕਿਹਾ ਕਿ ਹੋਰ ਵੀ ਸੰਘਰਸ਼ ਕਰਨੇ ਪਏ ਤੇ ਇਸ ਇਨਸਾਫ ਲਈ ਜੱਦੋ ਜਹਿਦ ਅੱਜ ਵੀ ਜਾਰੀ ਹੈ ਪਰ ਸਰਕਾਰਾਂ ਅਤੇ ਪੁਲੀਸ ਜਾਂ ਤਾਂ ਬੇਅਦਬੀ ਦੇ ਦੋਸ਼ੀ ਨੂੰ ਮਾਨਸਿਕ ਰੋਗੀ ਕਹਿ ਕੇ ਛੱਡ ਦਿੰਦੀ ਸੀ ਜਾਂ ਕੁਝ ਦਿਨਾਂ ਬਾਅਦ ਹੀ ਜ਼ਮਾਨਤ ਦੇ ਦਿੱਤੀ ਸੀ ਜੋ ਸਿੱਖ ਕੌਮ ਲਈ ਨਾ ਬਰਦਾਸ਼ਤਯੋਗ ਸੀ । ਉਨ੍ਹਾਂ ਨੇ ਕਿਹਾ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੁੰਦੀ ਹੈ ਤਾਂ ਸਿੱਖਾਂ ਦੇ ਕਲੇਜੇ ਪਾਟਦੇ ਹਨ ਤੇ ਭਾਰਤੀ ਅਦਾਲਤ ਵਿਚੋਂ ਦੋਸ਼ੀ ਬਚ ਜਾਂਦੇ ਹਨ ਇਸ ਲਈ ਇੱਕੋ ਇੱਕ ਰਾਹ ਮੌਕੇ ਤੇ ਇਨਸਾਫ਼ ਦਾ ਹੈ। ਇਸ ਮੌਕੇ ਭਾਈ ਰਣਜੀਤ ਸਿੰਘ ਲੰਗੇਆਣਾ ਨੇ ਕਿਹਾ ਕਿ ਨਿਹੰਗ ਸਿੰਘ ਖ਼ਾਲਸਾ ਹਨ ਅਤੇ ਖ਼ਾਲਸਾ ਖ਼ੁਦ ਖ਼ੁਦਾ ਹੈ। ਕਿਸੇ ਵੀ ਮੁਲਕ ਦੇ ਸਿਸਟਮ ਤੋਂ ਆਜ਼ਾਦ ਹੈ ਉਨ੍ਹਾਂ ਕਿਹਾ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਤਕ ਪੁਲਸ ਛੇ ਸਾਲ ਬਾਅਦ ਵੀ ਨਹੀਂ ਪਹੁੰਚ ਸਕੀ ਜਦ ਕਿ ਬੇਅਦਬੀ ਵਿੱਚ ਉਸ ਦਾ ਮੁੱਖ ਰੋਲ ਹੈ। ਉਨ੍ਹਾਂ ਕਿਹਾ ਕਿ ਬੇਅਦਬੀਆਂ ਲਗਾਤਾਰ ਵਧ ਰਹੀਆਂ ਹਨ ਅਤੇ ਇਨਸਾਫ਼ ਲਈ ਧਰਨੇ ਲਾਉਣੇ ਨਮੋਸ਼ੀ ਬਣ ਚੁੱਕੀ ਸੀ ਪਾਪੀ ਇਸ ਸਜ਼ਾ ਦਾ ਹੱਕਦਾਰ ਸੀ ਸੋ ਖ਼ਾਲਸੇ ਦੀ ਹਿੰਸਾ ਪਵਿੱਤਰ ਹੈ ਅਤੇ ਇਹ ਕੋਈ ਕਤਲ ਨਹੀਂ ਬਲਕਿ ਸੱਚਾ ਇਨਸਾਫ ਹੈ। ਇਸ ਮੌਕੇ ਗਿਆਨੀ ਮੇਜਰ ਸਿੰਘ ਲਧਾਈ ਕੇ ਵਾਲਿਆਂ ਨੇ ਕਿਹਾ ਕਿ ਭਾਰਤੀ ਸਟੇਟ ਅਤੇ ਪੰਜਾਬ ਸਰਕਾਰ ਪੁਲੀਸ ਸਿੱਖਾਂ ਨੂੰ ਗੁਰੂ ਸਾਹਿਬ ਦੀ ਬੇਅਦਬੀ ਦਾ ਇਨਸਾਫ਼ ਦੇਣ ਅਤੇ ਬੇਅਦਬੀ ਦੀਆਂ ਘਟਨਾਵਾਂ ਨੂੰ ਰੋਕਣ ਵਿੱਚ ਅਸਫਲ ਰਹੀ ਹੈ। ਜਦ ਕੋਈ ਸਟੇਟ ਦਾ ਹੀਲਾ ਵਸੀਲਾ ਕੰਮ ਨਾ ਆਇਆ ਤਾਂ ਸਿੱਖਾਂ ਨੇ ਅੱਕ ਕੇ ਆਪਣਾ ਹੱਕ ਆਪ ਲੈ ਲਿਆ।
ਇਸ ਮੌਕੇ ਸਮੂਹ ਇਕੱਤਰ ਹੋਈ ਸੰਗਤ ਨੇ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਟਕਸਾਲ, ਸੰਪਰਦਾਵਾਂ ਅਤੇ ਸਮੂਹ ਜਥੇਬੰਦੀਆਂ ਅਤੇ ਕਿਸਾਨ ਜਥੇਬੰਦੀਆਂ ਨੂੰ ਨਿਹੰਗ ਸਿੰਘਾਂ ਨਾਲ ਖੜ੍ਹਨ ਦੀ ਅਪੀਲ ਕੀਤੀ। ਇਸ ਮੌਕੇ ਰਾਜਾ ਸਿੰਘ ਖੁਖਰਾਣਾ ਨੇ ਕਿਹਾ ਕਿ ਨਿਹੰਗ ਸਿੰਘਾਂ ਨੇ ਕਰਨੀ ਨਾਲ ਦੱਸਿਆ ਹੈ ਕਿ ਕਿਸੇ ਸਿਸਟਮ ਤੋਂ ਇਨਸਾਫ਼ ਦੀ ਭੀਖ ਨਾ ਮੰਗੋ ਇਨਸਾਫ ਤੁਹਾਡੇ ਗਾਤਰੇ ਵਿੱਚ ਪਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਜਦ ਕਾਨੂੰਨ ਅਤੇ ਸਰਕਾਰਾਂ ਇਨਸਾਫ਼ ਨਾ ਦੇਣ ਤਾਂ ਬੇਅਦਬੀਆਂ ਨੂੰ ਠੱਲ੍ਹਣ ਦਾ ਇੱਕੋ ਇੱਕ ਹੱਲ ਖ਼ਾਲਸਈ ਰਵਾਇਤਾਂ ਅਨੁਸਾਰ ਸੋਧਾਂ ਹੀ ਸੀ ਅਤੇ ਹੈ। ਇਸ ਮੌਕੇ ਬਾਬਾ ਗੁਰਮੀਤ ਸਿੰਘ ਖੋਸਿਆਂ ਵਾਲੇ ਅਤੇ ਗਿਆਨੀ ਅਜੀਤ ਸਿੰਘ ਨੇ ਆਖਿਆ ਕਿ ਜਿਸ ਦਿਨ ਬੇਅਦਬੀ ਕਰਨ ਵਾਲੇ ਸੌਦਾ ਲਾਇਆ ਗਿਆ ਹੈ ਉਸ ਤੋਂ ਬਾਅਦ ਕੁਝ ਕਾਮਰੇਡ ਕਿਸਾਨ ਜਥੇਬੰਦੀਆਂ ਵੱਲੋਂ ਸਿੰਧੂ ਬਾਰਡਰ ਤੇ ਬੈਠੀਆਂ ਨਿਹੰਗ ਸਿੰਘ ਜਥੇਬੰਦੀਆਂ ਖ਼ਿਲਾਫ਼ ਕਾਨੂੰਨ ਹੱਥਾਂ ਵਿੱਚ ਲੈਣ ਦੀ ਝੂਠੀ ਬਿਆਨਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਆਖਿਆ ਕਿ ਕਾਨੂੰਨ ਤਾਂ ਉਸ ਦਿਨ ਹੀ ਹੱਥ ਵਿੱਚ ਲੈ ਲਿਆ ਗਿਆ ਸੀ ਜਿਸ ਦਿਨ ਦਿੱਲੀ ਦੀਆਂ ਸੜਕਾਂ ਕਿਸਾਨ ਜਥੇਬੰਦੀਆਂ ਨੇ ਬੰਦ ਕਰ ਦਿੱਤੀਆਂ ਸਨ। ਇਸ ਮੌਕੇ ਬਾਬਾ ਮਹਿੰਦਰ ਸਿੰਘ ਜਨੇਰ, ਬਾਬਾ ਅਵਤਾਰ ਸਿੰਘ ਬੱਧਨੀ ਕਲਾਂ, ਰੇਸ਼ਮ ਸਿੰਘ ਖੁਖਰਾਣਾ, ਗਿਆਨੀ ਸਤਨਾਮ ਸਿੰਘ ਗਿਆਨੀ ਹਰਪ੍ਰੀਤ ਸਿੰਘ ਜੋਗੇਵਾਲਾ ਅਤੇ ਬਸੰਤ ਸਿੰਘ ਖਾਲਸਾ ਨੇ ਵੀ ਸੰਬੋਧਨ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ