Nazran News 31 My 2021
ਜਦੋਂ ਸਾਰੇ ਅਕਾਲੀ ਦਲਾਂ ਨੇ ਰਲ ਕੇ ਮੋਰਚੇ ਦੀ ਸ਼ੁਰੂਆਤ ਦਰਬਾਰ ਸਾਹਿਬ ਤੋਂ ਕਰਨੀ ਸੀ , ਮੈਂ ਉਥੇ ਮੌਜੂਦ ਸਾਂ । ਬੜੇ ਭਾਸ਼ਣ ਹੋਏ । ਕਿਉਂਕਿ ਮੋਰਚੇ ਦੀ ਸ਼ਕਤੀ ਦਾ ਕੇਂਦਰ ਸੰਤ ਜਰਨੈਲ ਸਿੰਘ ਬਣਦੇ ਜਾ ਰਹੇ ਸਨ , ਇਸ ਕਰਕੇ ਲੀਡਰਾਂ ਦੇ ਭਾਸ਼ਣ ਉਨ੍ਹਾਂ ਵੱਲ ਵਧੇਰੇ ਕਰਕੇ ਸੇਧਤ ਸਨ । ਜਥੇਦਾਰ ਗੁਰਚਰਨ ਸਿੰਘ ਟੌਹੜਾ , ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ – ਸੰਤ ਜੀ ਮੋਰਚਾ ਕਾਮਯਾਬ ਤਦ ਹੋਵੇਗਾ , ਜੇ ਹਰੇਕ ਸਿੱਖ ਦੇ ਘਰੋਂ ਘੱਟੋ – ਘੱਟ ਇਕ ਬੰਦਾ ਮੋਰਚੇ ਵਿਚ ਸ਼ਾਮਲ ਹੋ ਕੇ ਗ੍ਰਿਫ਼ਤਾਰੀ ਦਏਗਾ । ਬੀਬੀ ਰਾਜਿੰਦਰ ਕੌਰ ਬੋਲੇ – ਮੋਰਚਾ ਕੁਰਬਾਨੀ ਮੰਗਦਾ ਹੈ ਸੰਤ ਜੀ । ਜੇ ਲੀਡਰ ਕੁਰਬਾਨੀ ਦੇਣਗੇ , ਤਦ ਮੋਰਚਾ ਕਾਮਯਾਬ ਹੋਵੇਗਾ । ਮੂੰਹ ਜ਼ਬਾਨੀ ਕਾਰਜ ਨਹੀਂ ਸੰਵਰਨ ਲੱਗੇ । ਹੋਰ ਲੀਡਰਾਂ ਨੇ ਬਥੇਰਾ ਕੁਝ ਕਿਹਾ , ਪਰ ਹੁਣ ਏਨਾ ਕੁ ਯਾਦ ਹੈ ਕਿ ਸੰਤ ਅਖ਼ੀਰ ਵਿਚ ਬੋਲੇ ਤੇ ਕਿਹਾ – ਟੌਹੜਾ ਸਾਹਿਬ ਨੇ ਕਿਹਾ ਹੈ ਕਿ ਹਰੇਕ ਘਰ ਵਿੱਚੋਂ ਘੱਟੋ – ਘੱਟ ਇਕ ਇਕ ਬੰਦਾ ਮੋਰਚੇ ਵਿਚ ਸ਼ਾਮਲ ਹੋ ਕੇ ਗ੍ਰਿਫ਼ਤਾਰੀ ਦਏ । ਇਕ ਇਕ ਨਹੀਂ , ਇਕ ਨੂੰ ਤਾਂ ਕਹਿਣਾ ਪਵੇਗਾ ਤੂੰ ਘਰ ਰਹਿ , ਸਾਰੇ ਆਉਣਗੇ , ਜੇਲ੍ਹਾਂ ਜਾਣ ਲਈ ਨਹੀਂ ਮਰਨ ਲਈ ਵੀ । ਪਰ ਠੱਗੀ ਨਹੀਂ ਚੱਲੇਗੀ । ਰਹੀ ਗੱਲ ਬੀਬੀ ਰਾਜਿੰਦਰ ਕੌਰ ਦੀ । ਸਹੀ ਹੈ ਕਿ ਮੋਰਚਾ ਲੀਡਰ ਦੀ ਕੁਰਬਾਨੀ ਮੰਗਦਾ ਹੈ । ਮੈਂ ਤਾਂ ਲੀਡਰ ਨਹੀਂ ਹਾਂ । ਮੈਂ ਤਾਂ ਮਹਿਤੇ ਚੌਕ ਦਾ ਸਾਧ ਹਾਂ । ਲੀਡਰ ਬੈਠੇ ਹਨ ਇਥੇ । ਬਾਦਲ ਸਾਹਿਬ , ਤਲਵੰਡੀ ਸਾਹਿਬ , ਟੌਹੜਾ ਸਾਹਿਬ , ਬਰਨਾਲਾ ਸਾਹਿਬ ਤੇ ਲੌਂਗੋਵਾਲ ਸਾਹਿਬ । ਇਹ ਦੇਣਗੇ ਕੁਰਬਾਨੀਆਂ ਵਕਤ ਆਉਣ ਤੇ । ਅਜਿਹਾ ਦਾਅਵਾ ਕਰਨ ਤੋਂ ਮੈਂ ਤਾਂ ਝਿਜਕਦਾ ਹਾਂ ਕਿ ਜਾਨ ਦੇ ਦਿਆਂਗਾ ਪੰਥ ਦੀ ਸੇਵਾ ਵਿਚ । ਨਹੀਂ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਇਥੇ , ਗੁਰੂ ਰੂਪ ਸਾਧ ਸੰਗਤ ਮੌਜੂਦ ਹੈ । ਮੈਂ ਬੋਲ ਸਕਦਾ ਖ਼ਾਲਸਾ ਜੀ । ਮਰਨਾ ਕੋਈ ਸੌਖੀ ਗੱਲ ਥੋੜੀ ਹੈ । ਕੁਝ ਲੋਕ ਮੈਨੂੰ ਆ ਕੇ ਆਖਦੇ ਹਨ ਕਿ ਅਨੰਦਪੁਰ ਦੇ ਮਤੇ ਦੀ ਪ੍ਰਾਪਤੀ ਲਈ ਜਥੇਦਾਰਾਂ ਨੇ ਜੋ ਸਹੁੰਆਂ ਖਾਧੀਆਂ ਹਨ ਉਹ ਸਭ ਤੋੜ ਤੂੜ ਦੇਣਗੇ । ਭਾਈਓ ਜੇ ਇਹ ਲੀਡਰ ਪਿੱਠ ਦੇ ਗਏ ਤਾਂ ਤੁਹਾਥੋਂ ਭੱਜ ਕੇ ਕਿਥੇ ਜਾਣਗੇ ? ਇਹ ਕਿੰਨੇ ਕੁ ਹਨ ? ਪੰਜ ਸੱਤ , ਤੇ ਤੁਸੀਂ ? ਕਰੋੜਾਂ । ਕਿਉਂ ਭੱਜਣ ਦਿਉਗੇ ਤੁਸੀਂ ਇਨ੍ਹਾਂ ਨੂੰ ? ਕਿਥੇ ਜਾਣਗੇ ਭੱਜ ਕੇ ਇਹ ? ਜਿਨ੍ਹਾਂ ਨੂੰ ਤੁਸੀਂ ਰਾਜ ਗੱਦੀਆਂ ‘ ਤੇ ਬਿਠਾਇਆ , ਉਹ ਗੁਰੂ ਦੀ ਹਾਜ਼ਰੀ ਵਿਚ ਖਾਧੀਆਂ ਸਹੁੰਆਂ ਕਿਵੇਂ ਤੋੜ ਦੇਣਗੇ ?
ਇਹ ਗੱਲਾਂ ਸੁਣ ਕੇ ਕਰਮਜੀਤ ਸਿੰਘ ਨੇ ਕਿਹਾ – ਸੁਣਿਆ ਕੁਝ ? ਖਰਾ ਆਦਮੀ ਇਉਂ ਬੋਲਦਾ ਹੁੰਦਾ ਹੈ । ਫ਼ਰਜ਼ ਕਰ ਲਵੋ ਅਜਿਹਾ ਵਕਤ ਆ ਜਾਂਦਾ ਹੈ ਕਿ ਮੌਤ ਦਾ ਸਾਹਮਣਾ ਹੁੰਦਾ ਹੈ ਤਦ ਇਹ ਇਕੱਲਾ ਸਾਧ ਸਾਹਮਣਾ ਕਰੇਗਾ ਬਾਕੀ ਦੇ ਸਭ ਭੱਜਣਗੇ , ਦੇਖ ਲਵੀਂ ।
ਪ੍ਰੋ: ਹਰਪਾਲ ਸਿੰਘ ਪੰਨੂ ਜੀ ਦੀ ਲਿਖਤ “ਦੂਰੋਂ ਵੇਖਿਆ ਸੰਤ ਜਰਨੈਲ ਸਿੰਘ” ਵਿਚੋਂ
Author: Gurbhej Singh Anandpuri
ਮੁੱਖ ਸੰਪਾਦਕ