ਜਲੰਧਰ (ਨਜ਼ਰਾਨਾ ਬਿਊਰੋ)- ਅਦਾਲਤ ਵਿਚ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਅਗਵਾਈ ਹੇਠਲੀ ਐਸ.ਆਈ.ਟੀ. ਦੀ ਜਾਂਚ ਰਿਪੋਰਟ ਨੂੰ ਭੰਬਲਭੂਸੇ ਵਿਚ ਪਾਏ ਜਾਣ ਤੋਂ ਬਾਅਦ ਬਰਗਾੜੀ ਮੋਰਚੇ ਵਾਲੀਆਂ ਧਿਰਾਂ ਫਿਰ ਤੋਂ ਲਾਮਬੰਦ ਹੋਣ ਲੱਗੀਆਂ ਹਨ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਮੁੱਖ ਸੇਵਾਦਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਹ ਪ੍ਰਗਟਾਵਾ ਇਕ ਪ੍ਰੈਸ ਬਿਆਨ ਵਿਚ ਕਰਦਿਆਂ ਕਿਹਾ ਹੈ ਕਿ ਬਰਗਾੜੀ ਬੇਅਦਬੀ, ਕੋਟਕਪੂਰਾ ਅਤੇ ਬਹਿਬਲ ਕਲਾਂ ਗੋਲੀ ਕਾਂਡ ਦਾ ਇਨਸਾਫ ਅੱਜ ਵੀ ਅਧੂਰਾ ਹੈ।

ਉਨ੍ਹਾਂ ਕਿਹਾ ਕਿ ਬਾਦਲ ਸਰਕਾਰ ਵੇਲੇ ਵਾਪਰੀ ਇਹ ਅਣਹੋਣੀ ਘਟਨਾ ਜਿਸ ਨੇ ਦੁਨੀਆਂ ਵਿੱਚ ਵੱਸਦੇ ਸਮੂਹ ਸਿੱਖਾਂ ਅਤੇ ਇਨਸਾਫ਼ਪਸੰਦ ਲੋਕਾਂ ਦਾ ਦਿਲ ਹਿਲਾ ਕੇ ਰੱਖ ਦਿੱਤਾ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪੰਥ ਦੋਖੀਆਂ ਵੱਲੋਂ ਚੋਰੀ ਕਰਕੇ ਬਰਗਾੜੀ ਦੀਆਂ ਗਲੀਆਂ ਵਿੱਚ ਪਾਵਨ ਅੰਗ ਪਾੜ ਕੇ ਖ਼ਿਲਾਰ ਦਿੱਤੇ ਸਨ। ਉਸਤੋਂ ਬਾਅਦ ਵਿਚ ਸ਼ਾਂਤਮਈ ਤਰੀਕੇ ਨਾਲ ਸਤਿਨਾਮ ਵਾਹਿਗੁਰੂ ਦਾ ਜਾਪ ਕਰਕੇ ਇਨਸਾਫ਼ ਮੰਗਦੇ ਸਿੱਖਾਂ ਉੱਪਰ ਪੁਲਿਸ ਨੇ ਗੋਲੀਆਂ ਚਲਾ ਕੇ 2 ਸਿੰਘ ਸ਼ਹੀਦ ਕਰ ਦਿੱਤੇ ਅਤੇ ਅਨੇਕਾਂ ਜ਼ਖ਼ਮੀ ਕਰ ਦਿੱਤੇ ਜਿਸਦਾ ਇਨਸਾਫ਼ ਅੱਜ ਵੀ ਅਧੂਰਾ ਹੈ।
ਉਨ੍ਹਾਂ ਹੋਰ ਕਿਹਾ ਕਿ ਬਰਗਾੜੀ ਇਨਸਾਫ਼ ਮੋਰਚਾ ਜੋ ਸਾਢੇ ਛੇ ਮਹੀਨੇ ਦੇ ਕਰੀਬ ਚੱਲਿਆ, ਉਸ ਨੂੰ ਵੀ ਕੈਪਟਨ ਅਮਰਿੰਦਰ ਸਿੰਘ ਨੇ ਮੋਰਚਾ ਡਿਕਟੇਟਰ ਨਾਲ ਝੂਠੇ ਵਾਅਦੇ ਕਰ ਕੇ ਉਠਾ ਦਿੱਤਾ ਸੀ। ਉਸ ਦਾ ਰੋਸ ਵੀ ਹਰ ਸਿੱਖ ਹਿਰਦੇ ਵਿੱਚ ਹੈ। ਬਰਗਾੜੀ ਵਿਖੇ 1 ਜੂਨ ਨੂੰ ਮੁੜ ਸਿੱਖ ਜਥੇਬੰਦੀਆਂ ਵੱਲੋਂ ਪੰਥਕ ਇਕੱਠ ਕੀਤਾ ਜਾ ਰਿਹਾ ਹੈ, ਜਿਸ ਵਿੱਚ ਬੇਅਦਬੀ ਅਤੇ ਗੋਲੀ ਕਾਂਡ ਦੇ ਇਨਸਾਫ਼ ਲਈ ਮੁੜ ਸੰਘਰਸ਼ ਦਾ ਐਲਾਨ ਸਿੱਖ ਜਥੇਬੰਦੀਆਂ ਵੱਲੋਂ ਕੀਤਾ ਜਾਵੇਗਾ।
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਸਮੁੱਚੀਆਂ ਸਿੱਖ ਜਥੇਬੰਦੀਆਂ ਸੰਤ ਮਹਾਂਪੁਰਸ਼ਾਂ ਸੰਪਰਦਾਵਾਂ ਅਤੇ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਆਉ ਸਾਰੇ ਆਪੋ ਆਪਣਾ ਫ਼ਰਜ਼ ਪਛਾਣਦੇ ਹੋਏ ਵਹੀਰਾਂ ਘੱਤ ਕੇ 1 ਜੂਨ ਨੂੰ ਬਰਗਾੜੀ ਗੁਰਦੁਆਰਾ ਸਾਹਿਬ ਵਿਖੇ ਪੁੱਜੋ ਜਿੱਥੇ ਸਿੱਖ ਜਥੇਬੰਦੀਆਂ ਦੇ ਆਗੂ ਸੰਗਤਾਂ ਨਾਲ ਵਿਚਾਰ ਸਾਂਝੇ ਕਰਨਗੇ ਅਤੇ ਇਸ ਬਰਗਾੜੀ ਬੇਅਦਬੀ ਕੋਟਕਪੂਰਾ ਬਹਿਬਲ ਕਲਾਂ ਗੋਲੀ ਕਾਂਡ ਦੇ ਇਨਸਾਫ਼ ਲਈ ਮੁੜ ਤਿੱਖੇ ਸੰਘਰਸ਼ ਦਾ ਐਲਾਨ ਸਿੱਖ ਜਥੇਬੰਦੀਆਂ ਵਲੋਂ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਹਰ ਸਿੱਖ ਅਤੇ ਗੈਰ ਸਿੱਖ ਇਨਸਾਫ਼ਪਸੰਦ ਜਥੇਬੰਦੀ ਸੰਤ ਮਹਾਂਪੁਰਸ਼ ਸੰਗਤ ਦਾ ਫਰਜ਼ ਬਣਦਾ ਹੈ ਕਿ ਆਪਾਂ ਮੁੜ ਇਨਸਾਫ਼ ਦੀ ਲੜਾਈ ਨੂੰ ਅੱਗੇ ਤੋਰਨ ਵਾਸਤੇ 1 ਜੂਨ ਨੂੰ ਬਰਗਾੜੀ ਦੀ ਧਰਤੀ ਤੇ ਵਹੀਰਾਂ ਘੱਤ ਕੇ ਪੁੱਜੀਏ ।