ਸਾਬਕਾ ਥਾਣੇਦਾਰ ਦੇ 6 ਅਤੇ 7 ਜੂਨ ਦੇ ਦਿਲ ਚੀਰਵੇੰ ਵਿਖਆਨ

20

ਜੂਨ 1984 ਅੰਮ੍ਰਿਤਸਰ ਸ਼ਹਿਰ ਅਤੇ ਦਰਬਾਰ ਸਹਿਬ ਕੰਪਲੈਕਸ ਨੂੰ ਚੌਹਪਾਸੇ ਭਾਰਤੀ ਫ਼ੌਜਾਂ ਨੇ ਘੇਰਾਬੰਦੀ ਕੀਤੀ ਸੀ। ਉਸ ਸਮੇਂ ਮੈਂ ਰੇਲਵੇ ਸਟੇਸ਼ਨ ’ਤੇ ਸਿਪਾਹੀ ਦੀ ਡਿਉਟੀ ਕਰਦਾ ਸੀ। 5 ਜੂਨ ਤੱਕ ਜਦੋਂ ਦਰਬਾਰ ਸਹਿਬ ਨੂੰ ਪਏ ਘੇਰੇ ਦੀ ਕੋਈ ਕਿਸੇ ਬੰਨਿਉ ਕੋਈ ਉੱਘ ਸੁੱਗ, ਖ਼ਬਰਸਾਰ ਨਹੀਂ ਮਿਲੀ ਫਿਰ ਮੈਂ ਆਪਣੇ ਦੋਸਤ ਨਾਲ ਦਰਬਾਰ ਸਹਿਬ ਪਹੁੰਚਣ ਦਾ ਮਨ ਬਨਾਇਆ।
ਅਸੀਂ ਕੋਸ਼ਿਸ਼ ਕਰ ਕਿ ਹਾਲ ਗੇਟ ਦੇ ਅੰਦਰ ਕੋਤਵਾਲੀ ਪਹੁੰਚੇ, ਜਿੱਥੇ ਬਹੁਤ ਸਾਰੇ ਲੋਕਾਂ ਨੂੰ ਫ਼ੌਜ ਵਲੋਂ ਬੰਦੀ ਬਣਾਇਆ ਹੋਈਆ ਸੀ, ਉਥੇ ਮੇਰੀ ਨਜ਼ਰ ਜਰਨਲ ਲਾਭ ਸਿੰਘ ਉਰਫ ਸੁੱਖਾ ਸਿਪਾਹੀ ਵੱਲ ਪਈ, ਨੇੜੇ ਪਿੰਡ ਦੇ ਹੋਣ ਕਰਕੇ ਮੈਂ ਉਸਨੂੰ ਪਛਾਣ ਲਿਆ ਸੀ। ਮੈਂ ਉਸ ਕੋਲ ਗਿਆ ਉਸਨੇ ਮੇਰੇ ਤੋਂ ਪਾਣੀ ਦੀ ਮੰਗ ਕੀਤੀ, ਮੈਂ ਉਸਨੂੰ ਨਿੰਬੂ ਦਾ ਇੰਤਜ਼ਾਮ ਕਰਕੇ ਨਿੰਬੂ ਪਾਣੀ ਪਿਆਇਆ, ਜਦ ਮੈਂ ਥੋੜਾ ਅੱਗੇ ਵੱਧਿਆ ਤਾਂ 13 ਜਾਣੇ ਦੋ ਲਾਈਨਾਂ ਵਿੱਚ ਭਖਦੀ ਗ਼ਰਮੀ ਹੋਣ ਦੇ ਬਾਵਜੂਦ ਗੋਡਿਆਂ ਪਰਨੇ ਲਿਆਂਦੇ ਜਾ ਰਹੇ ਸਨ, ਜਿੰਨਾਂ ਦੇ ਗੋਡਿਆਂ ਤੇ ਚਰਗਲ ਪਏ ਸਨ, ਜਿਸ ਚੋਂ ਇੱਕ ਜਾਣਾ ਜਖ਼ਮਾਂ ਦੀ ਤਾਪ ਨਹੀਂ ਸਹਾਰ ਰਿਹਾ ਸੀ, ਉਸਦੀਆਂ ਚੀਕਾਂ ਅਸਮਾਨ ਛੋਹ ਰਹੀਆਂ ਸਨ, ਪਰ ਨਿਰਦਈ ਫੋਰਸ ਉਨ੍ਹਾਂ ਦੇ ਪਿੱਛੇ ਡਾਂਗਾ ਦਾ ਮੀਂਹ ਵਰਾ ਰਹੀ ਸੀ, ਮੈਂ ਨਜਦੀਕ ਗਿਆ ਉਸ ਨੌਜਵਾਨ ਨੂੰ ਹੌਸਲਾ ਦਿੱਤਾ, ਇਹ ਦੇਖ ਕਿ ਫ਼ੌਜ ਦੇ ਜਵਾਨ ਨੇ ਮਿੰਨੂ ਬਹੁਤ ਗ਼ਲਤ ਬੋਲਿਆ, ਜਦ ਮੈਂ ਅੱਗੇ ਜਾਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਅਸਫਲ ਰਿਹਾ ਤੇ ਮਿੰਨੂ ਵਾਪਸ ਮੁੜਨਾ ਪਿਆ।
ਅਗਲੇ ਦਿਨ 6 ਜੂਨ ਸੀ, ਦੁਪਿਹਰ ਤੋਂ ਬਾਅਦ ਕਰਫ਼ਿਊ ’ਚ ਤਿੰਨ ਘੰਟੇ ਢਿੱਲ ਸੀ, ਮੈਂ ਤੇ ਮੇਰੇ ਦੋ ਹੋਰ ਦੋਸਤ ਉਹ ਵੀ ਪੰਜਾਬ ਪੁਲਿਸ ’ਚ ਸਨ, ਉਨ੍ਹਾਂ ਨਾਲ ਦਰਬਾਰ ਸਹਿਬ ਜਾਣ ਦਾ ਮਨ ਬਣਾਇਆ। ਜਦ ਅਸੀਂ ਘਿਉ ਮੰਡੀ ਚੌਕ ਵਿੱਚ ਪਹੁੰਚੇ ਤਾਂ ਦੇਖਿਆ ਕਿ ਸ਼ਹਿਰ ਦੇ ਬਹੁਤ ਸਾਰੇ ਮੋਨੇ ਨੌਜਵਾਨ ਉਥੇ ਲੱਗੇ ਇੱਕ ਲੋਹੇ ਦੇ ਬੋਰਡ ਨੂੰ ਹਿਲਾ ਕਿ ਪੁੱਟਣ ਦੀ ਕੋਸ਼ਿਸ਼ ਕਰ ਰਹੇ ਸਨ। ਜਿਸ ਬੋਰਡ ’ਤੇ ਲਿਖਿਆ ਸੀ, ਕਿ ਇਸ ਥਾਂ ਤੋਂ ਅੱਗੇ ਤੰਮਾਕੂ ਬੀੜੀ, ਸ਼ਰਾਬ ਦਾ ਇਸਤਮਾਲ ਕਰਨਾ ਮਨਾ ਹੈ। ਉਹ ਨੌਜਵਾਨ ਸਾਰੇ ਹਿੰਦੂ ਬਰਾਦਰੀ ਦੇ ਸਨ, ਇਸਦੇ ਨਾਲ ਉਹ ਫ਼ੌਜ ਨੂੰ ਬਰਫ਼ੀ, ਲੱਡੂ ਆਦਿ ਵੀ ਖਵਾ ਰਹੇ ਸਨ। ਉਨ੍ਹਾਂ ’ਚੋਂ ਇੱਕ ਨੌਜਵਾਨ ਨੇ ਮਿੰਨੂ ਵੀ ਬਰਫ਼ੀ ਦਿੱਤੀ ’ਤੇ ਕਿਹਾ ਕਿ ਤੁਹਾਨੂੰ ’ਤੇ ਸਾਨੂੰ ਮਾਰਨ ਵਾਲਿਆਂ ਦਾ ਸਫਾਇਆ ਹੋ ਰਿਹਾ ਹੈ। ਪਰ ਉਹ ਬਰਫ਼ੀ ਅਸੀਂ ਨਾ ਲਈ, ਉਸ ਚੌਕ ’ਚ ਲੱਗੇ ਫ਼ੌਜ ਦੇ ਨਾਕੇ ਤੋਂ ਸਾਨੂੰ ਅੱਗੇ ਜਾਣ ਦੀ ਇਜ਼ਾਜਤ ਨਾ ਮਿਲੀ ’ਤੇ ਅਸੀਂ ਵਾਪਸ ਆ ਗਏ। ਜਦ ਵਾਪਸ ਆ ਰਹੇ ਸੀ, ਤਾਂ ਸਾਨੂੰ ਇੱਕ ਸਰਕਾਰੀ ਟਰੱਕ ਦਿਖਿਆ ਜਿਹੜਾ ਲਾਸ਼ਾ ਨੂੰ ਢੋਹ ਰਿਹਾ ਸੀ। ਅਸੀਂ ਭੱਜ ਕੇ ਉਸ ਟਰੱਕ ਦੇ ਪਿੱਛੇ ਚੜ੍ਹਨ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਅਸੀਂ ਦੋ ਜਣੇ ਕਾਮਯਾਬ ਰਹੇ ਅਤੇ ਇੱਕ ਸਾਡਾ ਦੋਸਤ ਸਰੀਰ ਭਾਰਾ ਹੋਣ ਕਰਕੇ ਪਿੱਛੇ ਹੀ ਰਹਿ ਗਿਆ। ਅਸੀਂ ਉਸ ਟਰੱਕ ਤੇ ਚੜ੍ਹ ਕੇ ਦਰਬਾਰ ਸਾਹਿਬ ਕੰਪਲੈਕਸ ਲੰਗਰ ਹਾਲ ਵਾਲੇ ਪਾਸੇ ਪਹੁੰਚਣ ਵਿੱਚ ਕਾਮਯਾਬ ਹੋ ਗਏ ਜਦੋਂ ਅਸੀਂ ਘੇਰੇ ਬੰਨੇ ਤੱਕਿਆ ਤੇ ਬਹੁਤ ਭੈੜਾ ਮੰਜ਼ਰ ਦਿਖਾਈ ਦੇ ਰਿਹਾ ਸੀ। ਸਾਰੇ ਪਾਸੇ ਖੂਨ ਹੀ ਖੂਨ ਅਤੇ ਚੀਕ ਚਿਹਾਡ਼ਾ ਸੁਣਾਈ ਦੇ ਰਿਹਾ ਸੀ ਚਾਰੇ ਪਾਸੇ ਪਾਣੀ ਪੱਖੋਂ ਲੋਕ ਕੁਰਲਾਹਟ ’ਚ ਦਿਖਾਈ ਦੇ ਰਹੇ ਸਨ। ਹਰ ਕੋਈ ਪਾਣੀ ਪੀਣ ਕੂਕ ਰਿਹਾ ਸੀ। ਪਰ ਕਿਧਰੇ ਵੀ ਕੋਈ ਪਾਣੀ ਦੀ ਬੂੰਦ ਤੱਕ ਨਹੀਂ ਸੀ ਮਿਲ ਰਹੀ।
ਅਚਾਨਕ ਮੇਰੀ ਨਿਗ੍ਹਾ ਸਾਡੇ ਪੰਜਾਬ ਪੁਲੀਸ ਦੇ ਡੀਐੱਸਪੀ ਬਾਜਵਾ ਤੇ ਪਈ ਮੈਂ ਉਨ੍ਹਾਂ ਨੂੰ ਸਲੂਟ ਮਾਰ ਕੇ ਬੇਨਤੀ ਕੀਤੀ ਕਿ ਸਰ ਜੇਕਰ ਤੁਸੀਂ ਮੈਨੂੰ ਆਗਿਆ ਦੇਵੋ ਤਾਂ ਮੈਂ ਇੱਥੇ ਬੰਦੀ ਬੈਠੇ ਲੋਕਾਂ ਨੂੰ ਪਾਣੀ ਪਿਆ ਸਕਾ। ਬਾਜਵਾ ਨੇ ਝੱਟ ਜਵਾਬ ਦੇ ਦਿੱਤਾ ਉਨ੍ਹਾਂ ਕਿਹਾ ਕਿ ਠੀਕ ਹੈ, ਤੂੰ ਪਾਣੀ ਤੇ ਪਿਲਾ ਦੇਵੇਂਗਾ, ਜੇਕਰ ਫੌਜ ਨੇ ਤੈਨੂੰ ਗੋਲੀ ਮਾਰ ਦਿੱਤੀ ਤਾਂ ਅਸੀਂ ਆਪਣੇ ਮਹਿਕਮੇ ਨੂੰ ਕੀ ਜਵਾਬ ਦੇਵਾਂਗੇ, ਫੇਰ ਮੈਂ ਦੁਬਾਰਾ ਬੇਨਤੀ ਕੀਤੀ ਪਰ ਬਾਜਵਾ ਨਾ ਮੰਨਿਆ ਤਕਰੀਬਨ ਅੱਧਾ ਘੰਟਾ ਮੈਂ ਉਸਦੇ ਪਿੱਛੇ ਪਿੱਛੇ ਹੀ ਘੁੰਮਦਾ ਰਿਹਾ, ਕਿ ਸਰ ਮੈਨੂੰ ਤੁਸੀਂ ਆਗਿਆ ਦੇਵੋ ਜੇਕਰ ਮੇਰੇ ਕਰਮਾਂ ਚ ਗੋਲੀ ਹੋਈ ਤਾਂ ਹੋਣੀ ਨੂੰ ਕੋਈ ਰੋਕ ਨਹੀਂ ਸਕਦਾ। ਉਸ ਨੇ ਅੱਕ ਕੇ ਮੈਨੂੰ ਕਿਹਾ ਕਿ ਤੂੰ ਆਪਣੀ ਜ਼ਿੰਮੇਵਾਰੀ ਤੇ ਜੇ ਕਿਸੇ ਨੂੰ ਪਾਣੀ ਪਿਆ ਸਕਦਾ ਹੈ ’ਤੇ ਪਿਆ ਦੇ ਇਸ ਵਿੱਚ ਸਾਡਾ ਕੋਈ ਹੱਥ ਨਹੀਂ ਹੈ। ਮੈਂ ਅਤੇ ਮੇਰਾ ਦੋਸਤ ਗੁਰਦਵਾਰਾ ਬਾਬਾ ਅਟੱਲ ਰਾਏ ਜੀ ਦੇ ਪਿਛਲੇ ਪਾਸੇ ਇੱਕ ਘਰ ਵਿੱਚ ਗਏ, ਜਿਨ੍ਹਾਂ ਦੇ ਵਿਹੜੇ ਵਿੱਚ ਪੁਰਾਣੇ ਡਿਜ਼ਾਈਨ ਦਾ ਨਲਕਾ ਲੱਗਾ ਸੀ। ਅਸੀਂ ਉਨ੍ਹਾਂ ਨੂੰ ਬੇਨਤੀ ਕੀਤੀ ਕਿ ਅੰਦਰ ਸੰਗਤ ਬਹੁਤ ਤ੍ਰਿਹਾਈ ਹੋਈ ਹੈ, ਜੇਕਰ ਤੁਸੀਂ ਸਾਡੀ ਮਦੱਦ ਕਰੋ, ਸਾਨੂੰ ਪਾਣੀ ਭਰਨ ’ਚ ਸਹਾਇਤਾ ਕਰੋ। ਉਨ੍ਹਾਂ ਸਾਨੂੰ ਦੋ ਬਾਲਟੀਆਂ ਦਿੱਤੀਆਂ, ਅਤੇ ਪਾਣੀ ਭਰਨ ਵਿੱਚ ਸਾਡੀ ਪੂਰੀ ਮੱਦਦ ਕੀਤੀ। ਉਨ੍ਹਾਂ ਦੇ ਸਾਰੇ ਪਰਿਵਾਰ ਨੇ ਪਾਣੀ ਭਰਨਾਂ ਸ਼ੁਰੂ ਕਰ ਦਿੱਤਾ ’ਤੇ ਅਸੀਂ ਆਪਣੀ ਸੇਵਾ ਸ਼ੁਰੂ ਕਰ ਦਿੱਤੀ, ਜਦੋਂ ਅਸੀਂ ਪਾਣੀ ਪਿਆ ਕੇ ਵਾਪਸ ਉਨ੍ਹਾਂ ਦੇ ਘਰ ਜਾਂਦੇ ਤਾਂ ਉਨ੍ਹਾਂ ਦੇ ਘਰ ਜਾਂਦਿਆਂ ਨੂੰ ਪਹਿਲਾਂ ਹੀ ਬਰਤਨਾ ਨੂੰ ਪਾਣੀ ਨਾਲ ਭਰਿਆ ਹੁੰਦਾ ਸੀ, ਪਰਿਵਾਰ ਦੇ ਵੱਡੇ ਵਿਆਕਤੀ ਤੋਂ ਲੈ ਕੇ ਛੋਟੇ ਬੱਚੇ ਤੱਕ ਨਲਕਾ ਗੇੜ ਕੇ ਪਾਣੀ ਭਰਨ ਦੀ ਸੇਵਾ ਕਰ ਰਹੇ ਸਨ, ਸਾਡੇ ਆਉਣ ਸਾਰ ਸਾਨੂੰ ਪਾਣੀ ਭਰਕੇ ਉਹ ਪਿਛਾਂਹ ਨੂੰ ਤੋਰ ਦਿੰਦੇ ਇਸ ਤਰ੍ਹਾਂ ਸਾਡਾ ਕਾਫੀ ਸਮਾਂ ਬਚ ਜਾਂਦਾ। ਪਾਣੀ ਪਿਆਉਂਦਿਆਂ-ਪਿਆਉਂਦਿਆਂ ਸਾਡੀ ਨਿਗ੍ਹਾ ਇਕ ਜਥੇ ਤੇ ਪਈ ਜਿਸ ਨੂੰ ਬੀਬੀ ਅਮਰਜੀਤ ਕੌਰ ਮੋਗੇ ਵਾਲੇ ਪਾਸਿਓਂ ਲੈ ਕੇ ਆਏ ਸਨ। ਉਹ ਜਥਾ ਵੀ ਪਾਣੀ ਨੂੰ ਕੁਰਲਾ ਰਿਹਾ ਸੀ ਸਾਡੇ ਉੱਥੇ ਪਹੁੰਚਣ ਤੋਂ ਪਹਿਲਾਂ ਇਕ ਬਹੁਤ ਭੈੜਾ ਵਾਕਿਆ ਹੋਇਆ। ਉਸ ਜਥੇ ਵਿੱਚ ਦੋ ਭਰਾ ਸਨ, ਜਿਸ ਚੋਂ ਇੱਕ ਭਰਾ ਨੂੰ ਬੇਹੱਦ ਪਾਣੀ ਦੀ ਪਿਆਸ ਲੱਗੀ ਤਾਂ ਉਸਨੇ ਲਾਗੇ ਫਰਸ਼ ਤੇ ਕੋਈ ਦੋ ਤਿੰਨ ਚਮਚੇ ਪਾਣੀ ਇੱਕ ਨੀਵੀਂ ਗੁੱਠ ਤੇ ਇਕੱਠਾ ਹੋਇਆ ਸੀ ਜੋ ਕਿ ਹੈ ਵੀ ਗੰਦਾ ਸੀ, ਉਸ ਨੂੰ ਪੀਣ ਲਈ ਅੱਗੇ ਵਧਿਆ ਤਾਂ ਦੂਰ ਖੜ੍ਹੇ ਆਰਮੀ ਦੇ ਇਕ ਜਵਾਨ ਨੇ ਉਸ ਨੂੰ ਗੋਲੀ ਨਾਲ ਉਡਾ ਦਿੱਤਾ। ਜਿਸ ਦੇ ਵਿਰਲਾਪ ਵਿਚ ਉਸਦਾ ਦੂਸਰਾ ਭਰਾ ਵਿਆਕੁਲ ਹੋ ਰਿਹਾ ਸੀ। ਅਸੀਂ ਉਸ ਕੋਲ ਪਹੁੰਚੇ ਉਸ ਨੂੰ ਪਾਣੀ ਪਿਆਇਆ ਤੇ ਹੌਸਲਾ ਦਿੱਤਾ ਤੇ ਕਿਹਾ ਕਿ ਦੇਖ ਜੇਕਰ ਤੂੰ ਜ਼ਿਆਦਾ ਇਸ ਤਰਾਂ ਰੋਵੇਂਗਾ, ਤਾਂ ਫ਼ੌਜ ਆਲੇ ਤੈਨੂੰ ਵੀ ਗੋਲੀ ਮਾਰ ਦੇਣਗੇ। ਤੁਸੀਂ ਇਸ ਨੂੰ ਰੱਬ ਦਾ ਭਾਣਾ ਅਤੇ ਆਪਣੇ ਭਰਾ ਨੂੰ ਸ਼ਹੀਦ ਸਮਝ ਕਿ ਸਬਰ ਕਰ ਲਵੋ। ਅਸੀਂ ਵੀ ਬੰਦੀ ਕੀਤੇ ਲੋਕਾ ਨਾਲ ਹੇਠਲੀ ਧੌਣ ਕਰਕੇ ਹੀ ਗੱਲ ਕਰਦੇ ਸੀ, ਜੇਕਰ ਸਾਨੂੰ ਗੱਲਬਾਤ ਕਰਦੇ ਫ਼ੌਜ ਦੇਖਦੀ ਤਾਂ ਉਹ ਗਾਲਾਂ ਦੀ ਬੁਛਾੜ ਕਰ ਦਿੰਦੇ। ਕਨੇਡਾ ਦੀ ਧਰਤੀ ਤੋਂ ਦਰਬਾਰ ਸਹਿਬ ਆਏ ਤਿੰਨ ਭਰਾ ਜ਼ਿੰਨਾਾ ’ਚੋਂ ਦੋ ਜਾਣੇ ਫ਼ੌਜ ਨੇ ਮਾਰ ਦਿੱਤੇ ਸਨ, ਇੱਕ ਭਰਾ ਬਚਿਆ ਸੀ, ਉਸਨੇ ਪਾਣੀ ਪੀਣ ਸਮੇਂ ਸਾਨੂੰ ਦੱਸਿਆ ਕਿ ਫ਼ੌਜ ਨੇ ਮੇਰੇ ਦੋ ਭਰਾ ਮਾਰ ਦਿੱਤੇ ਹਨ ਅਤੇ ਸਾਡੇ ਕੁਲੋਂ 60 ਹਜ਼ਾਰ ਰੁਪਏ ਵੀ ਉਹ ਜਬਰਦਸਤੀ ਖੋਹ ਕਿ ਲੈ ਗਏ ਹਨ।
ਕਮਰੇ ਦੇ ਇੱਕ ਪਾਸੇ ਕੰਧ ਦੀ ਓਟ ’ਤੇ ਪਰਛਾਵੇ ਹੇਠ ਦਰਦ ਨਾਲ ਪਿੰਜਿਆ ਇੱਕ ਨਿਹੰਗ ਸਿੰਘ ਜਿਹੜਾ ਜਿੰਦਗੀ ਅਤੇ ਮੌਤ ਵਿਚਕਾਰ ਅਡੋਲ ਬੈਠਾ ਸੀ, ਉਸਦਾ ਇੱਕ ਪਾਸਾ ਗੋਲ਼ੀਆਂ ਨਾਲ ਵਿੰਨਿਆਂ ਨਹੀਂ ਉੱਡਿਆ ਹੋਇਆ ਸੀ।
ਇਸੇ ਤਰ੍ਹਾਂ ਅਸੀਂ ਪਾਣੀ ਪਿਆਉਂਦੇ ਪਿਆਉਂਦੇ ਜਦ ਅੱਗੇ ਵਧੇ ਤਾਂ ਸਾਨੂੰ ਹਰਮਿੰਦਰ ਸਿੰਘ ਸੰਧੂ, ਅਮਰਜੀਤ ਸਿੰਘ ਚਾਵਲਾ, ਰਾਜਿੰਦਰ ਸਿੰਘ ਮਹਿਤਾ ਮਿਲੇ ਅਸੀਂ ਉਨ੍ਹਾਂ ਨੂੰ ਪਾਣੀ ਪਿਆਇਆ ਤੇ ਉਨ੍ਹਾਂ ਤੋਂ ਅੰਦਰ ਦੇ ਹਾਲ ਅਤੇ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਬਾਰੇ ਪੁੱਛਿਆ ਕਿ ਉਹ ਹੁਣ ਕਿਵੇਂ ਹਨ ਤੇ ਕਿੱਥੇ ਹਨ। ਉਨ੍ਹਾਂ ਨੇ ਸਾਨੂੰ ਦੱਸਿਆ ਕਿ ਉਹ ਸਭ ਠੀਕ ਠਾਕ ਹਨ ਚੜ੍ਹਦੀ ਕਲਾ ਚ ਹਨ ਤੇ ਪੂਰੀ ਦ੍ਰਿਡ਼੍ਹਤਾ ਦਲੇਰੀ ਨਾਲ ਲੜ ਰਹੇ ਹਨ, ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੀ ਕੋਈ ਮਦਦ ਕਰ ਸਕਦਾ ਹਾਂ ਤਾਂ ਉਨ੍ਹਾਂ ਨੇ ਅੱਗੋਂ ਕਿਹਾ ਕਿ ਜੇਕਰ ਤੁਸੀਂ ਸਾਨੂੰ ਡੀਐੱਸਪੀ ਬਾਜਵਾ ਨਾਲ ਮਿਲਾ ਦਿਉ ਤਾਂ ਤੁਹਾਡੀ ਬਹੁਤ ਮਿਹਰਬਾਨੀ ਹੋਵੇਗੀ। ਮੈਂ ਡੀਐਸਪੀ ਨੂੰ ਲੱਭ ਕਿ ਉਨ੍ਹਾਂ ਦਾ ਸੁਨੇਹਾ ਦਿੱਤਾ ਤਾਂ ਉਹ ਝੱਟ ਬੋਲਿਆ ਕਿ ਉਹ ਕਿੱਥੇ ਹਨ, ਜਿਵੇਂ ਬਾਜਵਾ ਉਨ੍ਹਾਂ ਨੂੰ ਹੀ ਲੱਭ ਰਿਹਾ ਹੋਵੇ, ਉਸਦੀ ਗੱਲਬਾਤ ਤੋਂ ਅੰਦਾਜ਼ਾ ਲੱਗ ਰਿਹਾ ਸੀ। ਮੈਂ ਡੀਐਸਪੀ ਨੂੰ ਉਨ੍ਹਾਂ ਦਾ ਕਮਰਾ ਦੱਸਿਆ ਤੇ ਡੀਐੱਸਪੀ ਉਸ ਪਾਸੇ ਨੂੰ ਰਵਾਨਾ ਹੋ ਗਿਆ। ਜਦੋਂ ਅਸੀਂ ਗੁਰੂ ਰਾਮਦਾਸ ਸਰਾਂ ਵਿੱਚ ਪਾਣੀ ਪਿਆ ਰਹੇ ਸੀ, ਤਾਂ ਉੱਥੇ ਸਾਨੂੰ ਸ਼੍ਰੋਮਣੀ ਕਮੇਟੀ ਦੇ ਇਕ ਸਕੱਤਰ ਦੀ ਲਾਸ਼ ਦਿਸੀ, ਜਿਸ ਨੂੰ ਕੱਪੜੇ ਨਾਲ ਢੱਕਿਆ ਹੋਇਆ ਸੀ, ਤੇ ਸਾਨੂੰ ਪੁੱਛਣ ਤੇ ਪਤਾ ਲੱਗਾ ਕਿ ਇਹ ਉਹੀ ਸਕੱਤਰ ਦੀ ਲਾਸ਼ ਹੈ, ਜਿਸ ਤੇ ਇਕ ਚੋਟੀ ਦੇ ਖਾੜਕੂ ਨੂੰ ਮਾਰ ਖਪਾਉਣ ਦੇ ਦੋਸ਼ ਲੱਗੇ ਸਨ। ਇਸ ਦਰਮਿਆਨ ਅਸੀਂ ਉੱਥੋਂ ਪੁੱਛਿਆ ਕਿ ਸਾਨੂੰ ਬੀਬੀਆਂ ਕਿਧਰੇ ਦਿਖਾਈ ਨਹੀਂ ਦੇ ਰਹੀਆਂ, ਤਾਂ ਪਤਾ ਲੱਗਾ ਕਿ ਉਨ੍ਹਾਂ ਨੂੰ ਨਾਨਕ ਨਿਵਾਸ ਵਿੱਚ ਬੰਦੀ ਬਣਾ ਕੇ ਰੱਖਿਆ ਹੋਇਆ ਹੈ। ਅਸੀਂ ਉੱਥੇ ਪਹੁੰਚੇ ਤਾਂ ਸਾਡੀਆਂ ਪੱਗਾਂ ਵੱਲ ਵੇਖ ਕਿ ਇਕ ਲੜਕੀ ਜੋ ਨੌਜਵਾਨ ਸੀ ਉਹ ਇਕਦਮ ਅੱਗੇ ਆਈ ਉਸ ਨੇ ਕਿਹਾ ਵੀਰ ਜੀ ਸਾਨੂੰ ਇਹ ਦੱਸੋ ਕਿ ਅਸੀਂ ਇਨ੍ਹਾਂ ਜਲਾਦਾਂ ਦੀ ਚੁੰਗਲ ਚੋਂ ਕਦੋਂ ਆਜ਼ਾਦ ਹੋ ਰਹੀਆਂ ਹਾਂ, ਉਸ ਦੇ ਬੋਲਾਂ ਤੋਂ ਇੰਜ ਪ੍ਰਤੀਤ ਹੋ ਰਿਹਾ ਸੀ ਕਿ ਉਹ ਕਿਸੇ ਡੂੰਘੀ ਤਸ਼ੱਦਦ ਦਾ ਸ਼ਿਕਾਰ ਹੋਈਆਂ ਹਨ। ਮੈਂ ਉਸ ਭੈਣ ਨੂੰ ਹੌਂਸਲਾ ਦਿੱਤਾ ਤੇ ਕਿਹਾ ਕਿ ਕਰਫਿਊ ਵਿੱਚ ਢਿੱਲ ਹੋਈ ਹੈ, ਹੋ ਸਕਦਾ ਕਿ ਤੁਹਾਨੂੰ ਅੱਜ ਹੀ ਛੱਡ ਦਿੱਤਾ ਜਾਵੇ। ਮੈਂ ਉਨ੍ਹਾਂ ਸਾਰੀਆਂ ਬੀਬੀਆਂ ਨੂੰ ਪਾਣੀ ਛਕਾਇਆ ਅਤੇ ਜਦ ਬਾਹਰ ਆਏ ਤਾਂ ਪਤਾ ਲੱਗਾ ਕਿ ਕਰਫਿਊ ਵਿੱਚ ਇੱਕ ਘੰਟਾ ਢਿੱਲ ਹੋਰ ਵਧ ਗਈ ਹੈ। ਅਸੀਂ ਆਪਣੀ ਸੇਵਾ ਨਿਰੰਤਰ ਜਾਰੀ ਰੱਖੀ ਇੱਕ ਘੰਟੇ ਦੀ ਢਿੱਲ ਤੋਂ ਬਾਅਦ ਇੱਕ ਘੰਟਾ ਢਿੱਲ ’ਚ ਹੋਰ ਵੱਧ ਗਿਆ।
ਇਸ ਦਰਮਿਆਨ ਜਦੋਂ ਅਸੀਂ ਗੁਰੂ ਰਾਮਦਾਸ ਸਰਾਂ ਜਾਂ ਗੁਰੂ ਨਾਨਕ ਨਿਵਾਸ ਦੇ ਬਿਲਕੁਲ ਉੱਪਰਲੇ ਬੰਨ੍ਹੇ ਜਾਂਦੇ ਸੀ ਤਾਂ ਸਾਨੂੰ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਦਰਸ਼ਨ ਹੁੰਦੇ ਸਨ। ਪਰ ਉਥੇ ਤਬਾਹੀ ਦਾ ਮੰਜ਼ਰ ਬਹੁਤ ਭਿਆਨਕ ਦਿਸ ਰਿਹਾ ਸੀ। ਇਸ ਦਰਮਿਆਨ ਅਸੀਂ ਕੁਝ ਹੋਰ ਘਟਨਾਵਾਂ ਵੀ ਦੇਖੀਆਂ, ਜਿਵੇਂ ਸਪੀਕਰ ਵਿੱਚ ਬੋਲਿਆ ਜਾ ਰਿਹਾ ਸੀ, ਕਿ ਜਿਸਨੇ ਵੀ ਬਾਹਰ ਆਉਣਾ ਹੈ, ਉਹ ਆਪਣੇ ਦੋਵੇਂ ਹੱਥ ਉਪਰ ਕਰਕੇ ਬਾਹਰ ਆ ਜਾਵੇ, ਜਦੋਂ ਸੰਗਤ ਬਾਹਰ ਜਾਂਦੀ ਸੀ ਤਾਂ ਫ਼ੌਜ ਵਾਲੇ ਬਾਹਰ ਜਾਂਦਿਆਂ ਸਾਰ ਹੀ ਉਨ੍ਹਾਂ ਨੂੰ ਡਾਂਗਾਂ ਨਾਲ ਛੱਲੀਆਂ ਵਾਂਗ ਕੁੱਟ ਸੁੱਟਦੇ। ਕੱਟਣ ਵੇਲੇ ਨਾ ਵੱਡੇ ਛੋਟੇ, ਨਾ ਬੁਜ਼ਰਗ, ਨਾ ਬੀਬੀਆ ਦਾ ਖਿਆਲ ਰੱਖਿਆ ਜਾਂਦਾ। ਜਦ ਕਿ ਬੀਬੀਆਂ ਨੂੰ ਗੰਦੀਆਂ ਗਾਲ੍ਹਾਂ ਕੱਢ ਕੇ ਉਨ੍ਹਾਂ ਦੀ ਬੇਪਤੀ ਕੀਤੀ ਜਾ ਰਹੀ ਸੀ।
ਕਰਫ਼ਿਊ ਦਾ ਦਿੱਤਾ ਸਮਾਂ ਸਮਾਪਤ ਹੋ ਚੁੱਕਾ ਸੀ ਅਤੇ ਸਾਡਾ ਹਾਲ ਵੀ ਬਹੁਤ ਭੈੜਾ ਹੋ ਗਿਆ ਸੀ, ਗ਼ਰਮੀ ਹੋਣ ਕਰਕੇ ਸਾਡੀ ਵਰਦੀਆਂ ਪਸੀਨੇ ਨਾਲ ਨੁੱਚੜ ਚੁੱਕੀਆਂ ਸਨ, ਪੱਗਾਂ ਵੀ ਪਸੀਨੇ ਨਾਲ ਖਰਾਬ ਹੋ ਗਈਆਂ ਸਨ। ਜਿਸ ਘਰ ਚੋਂ ਅਸੀਂ ਪਾਣੀ ਲਿਆ ਰਹੇ ਸਾਂ ਉਸ ਘਰ ਵਾਲਿਆਂ ਨੇ ਵੀ ਉਨ੍ਹਾਂ ਸਮਾਂ ਕੁਝ ਖਾਧਾ ਪੀਤਾ ਨਹੀਂ, ਸਿਰਫ਼ ਸੇਵਾ ਤੇ ਹੀ ਧਿਆਨ ਰੱਖਿਆ ਸੀ। ਬਾਰ ਬਾਰ ਸਾਇਰਨ ਵੱਜ ਰਿਹਾ ਸੀ, ਤੇ ਅਸੀਂ ਵੀ ਦਰਬਾਰ ਸਾਹਿਬ ਕੰਪਲੈਕਸ ਵਿੱਚੋਂ ਬਾਹਰ ਚਲੇ ਗਏ ਪਰ ਉਸ ਦਰਮਿਆਨ ਸਾਨੂੰ ਕਿਸੇ ਹੋਰ ਖ਼ਬਰ ਦੀ ਕੋਈ ਭਿਣਕ ਨਾ ਲੱਗੀ।
ਕੁਝ ਸਮੇਂ ਬਾਅਦ ਦੁਬਾਰਾ ਫਾਇਰ ਦੀ ਅਵਾਜ਼ ਸੁਣਾਈ ਦੇਣ ਲੱਗੀ। ਜਦ ਅਸੀਂ ਥਾਣੇ ਪਹੁੰਚੇ ਤਾਂ ਸਾਡੇ ਐਸਐਚਓ (ਸੋਹੀ) ਨੇ ਪੁੱਛਿਆ ਕਿ ਤੁਸੀਂ ਕਿੱਥੋਂ ਆਏ ਹੋ ਜਦ ਅਸੀਂ ਉਨ੍ਹਾਂ ਨੂੰ ਦੱਸਿਆ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਤੋਂ ਪਾਣੀ ਦੀ ਸੇਵਾ ਕਰਕੇ ਆਏ ਹਾਂ ਤਾਂ ਉਸ ਨੇ ਕਿਹਾ ਕਿ ਜੇਕਰ ਤੁਹਾਡਾ ਉਥੇ ਕੋਈ ਨੁਕਸਾਨ ਹੋ ਜਾਂਦਾ ਅਤੇ ਅਸੀਂ ਮਹਿਕਮੇ ਨੂੰ ਕੀ ਜਵਾਬ ਦੇਣਾ ਸੀ। ਉਹਨੇ ਪੁੱਛਿਆ ਕਿ ਤੁਸੀਂ ਸਵੇਰੇ ਦੁਬਾਰਾ ਫਿਰ ਜਾਵੋਗੇ ਤਾਂ ਮੈਂ ਕਿਹਾ ਹਾਂ ’ਚ ਜਵਾਬ ਦਿੱਤਾ, ਤਾਂ ਉਸ ਨੇ ਮੁਨਸ਼ੀ ਨੂੰ ਕਿਹਾ ਕਿ ਇਨ੍ਹਾਂ ਦੀ ਹਾਜ਼ਰੀ ਸਵੇਰੇ ਨਾ ਲਾਈ ਜਾਵੇ ਇਹ ਆਪਣੇ ਪੱਧਰ ਤੇ ਚਲੇ ਜਾਣ ਸਾਨੂੰ ਇਸ ਗੱਲ ਚ ਕੋਈ ਇਤਰਾਜ਼ ਨਹੀਂ ਹੈ। ਜਦੋਂ ਅਗਲੀ ਸਵੇਰ ਚੜ੍ਹੀ ਤਾਂ ਕਾਫ਼ੀ ਰੌਲਾ ਪੈ ਗਿਆ ਕਿ ਸੰਤ ਭਿੰਡਰਾਂਵਾਲੇ ਸ਼ਹੀਦ ਹੋ ਚੁੱਕੇ ਹਨ ਅਤੇ ਉਨ੍ਹਾਂ ਦਾ ਸਰੀਰ ਘੰਟਾ ਘਰ ਦੇ ਨਜ਼ਦੀਕ ਫੌਜ ਨੇ ਰੱਖਿਆ ਹੋਇਆ ਹੈ। ਮੇਰੀ ਸੰਤ ਭਿੰਡਰਾਂਵਾਲਿਆਂ ਦੇ ਸਰੀਟ ਦੇ ਦਰਸ਼ਨ ਕਰਨ ਦੀ ਉਤਸੁਕਤਾ ਵਧੀ ਤਾਂ ਮੈਂ ਥਾਣੇ ਤੋਂ ਦੌੜ ਲਗਾ ਕੇ ਕੋਤਵਾਲੀ ਤੱਕ ਪਹੁੰਚਿਆ ਅੱਗੇ ਫ਼ੌਜ ਦਾ ਬਹੁਤ ਵੱਡਾ ਨਾਕਾ ਸੀ ਤਾਂ ਮੈਂ ਅੱਗੇ ਗਿਆ ਤਾਂ ਉਨ੍ਹਾਂ ਪੁੱਛਿਆ ਕਿ ਕਿੱਧਰ ਚੱਲੇ ਹੋ ਮੈਂ ਕਿਹਾ ਕਿ ਮੈਂ ਭਿੰਡਰਾਂਵਾਲੇ ਨੂੰ ਦੇਖਣਾ ਚਾਹੁੰਦਾ ਹਾਂ, ਪਰ ਉਨ੍ਹਾਂ ਨੇ ਮਿਨੂੰ ਵੱਧ ਘੱਟ ਗੱਲਾਂ ਕੀਤੀਆਂ ਤੇ ਵਾਪਸ ਮੋੜ ਦਿੱਤਾ। ਪਿੱਛੇ ਮੈਨੂੰ ਇੱਕ ਆਪਣਾ ਸਿਪਾਹੀ ਦੋਸਤ ਮਿਲਿਆ, ਉਸ ਨੇ ਮਿੰਨੂ ਕਿਹਾ ਕਿ ਇਸ ਤਰ੍ਹਾਂ ਤੈਨੂੰ ਇਹ ਅੱਗੇ ਨਹੀਂ ਜਾਣ ਦੇਣਗੇ। ਇਸ ਲਈ ਤੁਸੀਂ ਬਾਬੇ ਭਿੰਡਰਾਂਵਾਲੇ ਦਾ ਅੱਧਾ ਨਾਮ ਲਵੋ ਤਾਂ ਫਿਰ ਇਹ ਸੰਭਵ ਹੋ ਸਕਦਾ ਹੈ। ਮੈਂ ਇੰਝ ਹੀ ਕੀਤਾ ਤਾਂ ਮੈਂ ਉਥੋਂ ਨਾਕੇ ਤੋਂ ਅੱਗੇ ਲੰਘਣ ਵਿੱਚ ਕਾਮਯਾਬ ਹੋ ਗਿਆ। ਜਦੋਂ ਮੈਂ ਘੰਟਾ ਘਰ ਕੋਲ ਪਹੁੰਚਿਆ ਤਾਂ ਮੈਂ ਆਪਣੀ ਮਰਿਆਦਾ ਅਨੁਸਾਰ ਚਰਨ ਗੰਗਾ ਤੋਂ ਪਹਿਲਾਂ ਆਪਣੇ ਬੂਟ ਉਤਾਰੇ, ਤਾਂ ਫ਼ੌਜ ਵਾਲਿਆਂ ਨੇ ਉੱਚੀ ਉੱਚੀ ਮੈਨੂੰ ਗਾਲ੍ਹਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ।
ਅਰੇ ਬੈ….ਬੂਟ ਉਤਾਰ ਰਹੇ ਹੋ। ਜੇਕਰ ਆਪ ਨੇ ਆਗੇ ਆਨਾ ਹੈ, ਤੋ ਬੂਟ ਪਾ ਕਰ ਆਨਾ ਪੜੇਗਾ। ਮੇਰੇ ਦਿਲ ਨੂੰ ਬਹੁਤ ਦੁੱਖ ਲੱਗਾ ਮੈਂ ਪਿੱਛੇ ਗਿਆ ਆਪਣੇ ਬੂਟ ਪਾਏ, ਪਰ ਬੂਟਾਂ ਸਮੇਤ ਚਰਨ ਗੰਗਾ ਤੋਂ ਅੱਗੇ ਆਉਂਣ ਦਾ ਮੇਰਾ ਹੀਆ ਨਾ ਪਿਆ।
ਮੈਂ ਦੂਰੋਂ ਇਹ ਦੇਖਿਆ ਸੀ, ਕਿ ਘੰਟਾ ਘਰ ਦੇ ਕੋਲ ਤਿੰਨ ਸਰੀਰ ਪਏ ਸਨ, ਜਿਨ੍ਹਾਂ ਨੂੰ ਕੱਪੜਿਆਂ ਨਾਲ ਪੂਰੀ ਤਰ੍ਹਾਂ ਢੱਕਿਆ ਹੋਇਆ ਸੀ। ਜਦ ਮੈਂ ਪਿੱਛੇ ਮੁੜਿਆ ਤਾਂ ਫੌਜ ਵੱਲੋਂ ਇੱਕ ਨੌਜਵਾਨ ਗੋਲ ਦਸਤਾਰ ਵਾਲੇ ਨੂੰ ਬੰਦੀ ਬਣਾਇਆ ਹੋਇਆ ਸੀ, ਜਦੋਂ ਮੈਂ ਗਹੁ ਨਾਲ ਵੇਖਿਆ ਤੇ ਉਹ ਦਰਸ਼ਨ ਸਿੰਘ ਮੇਰੇ ਪਿੰਡ ਤੋਂ ਹੀ ਸੀ, ਜੋ ਆਟਾ ਮੰਡੀ ਗੁਰਦੁਆਰਾ ਬਾਬਾ ਸ਼ਾਮ ਸਿੰਘ ਵਿਖੇ ਨਿਸ਼ਕਾਮ ਸੇਵਾ ਨਿਭਾਉਂਦਾ ਸੀ, ਉਹ ਵੀ ਦਰਬਾਰ ਸਾਹਿਬ ਦੀ ਪੁਰਾਤਨ ਪ੍ਰੰਪਰਾ ਅਨੁਸਾਰ ਰਾਤ ਦੇਗ ਕਰਕੇ ਦਰਬਾਰ ਸਾਹਿਬ ਪਹੁੰਚਿਆ ਤਾਂ ਫ਼ੌਜ ਦੇ ਅੜਿੱਕੇ ਆ ਗਿਆ। ਜਦ ਉਸਨੇ ਮੇਰੇ ਵੱਲ ਦੇਖਿਆ ਤਾਂ ਉਸ ਨੂੰ ਲੱਗਾ ਕਿ ਮੇਰੇ ਪਿੰਡ ਦਾ ਹੈ, ਸ਼ਾਇਦ ਮੇਰੀ ਕੁਝ ਮਦਦ ਕਰ ਦੇਵੇਗਾ। ਉਹ ਥੱਲੇ ਬੈਠਾ ਸੀ, ਉਸਨੇ ਉੱਪਰ ਉੱਠਣ ਦੀ ਕੋਸ਼ਿਸ਼ ਕੀਤੀ ਤਾਂ ਫ਼ੌਜ ਵਾਲੇ ਉਸ ਨੂੰ ਗਾਲ੍ਹਾਂ ਕੱਢਣ ਅਤੇ ਬੰਦੂਕਾਂ ਦੇ ਬੱਟਾਂ ਨਾਲ ਕੁੱਟਣ ਲੱਗ ਪਏ ਅਤੇ ਗਾਲ੍ਹਾਂ ਕੱਢਦੇ ਕਹਿਣ ਲੱਗੇ ਕਿ ਬਾਗਨੇ ਕੀ ਕੋਸ਼ਿਸ਼ ਕਰ ਰਹੇ ਹੋ।
ਭਾਵੇਂ ਕਿ ਮੈਂ ਪੰਜਾਬ ਪੁਲਿਸ ਦੀ ਵਰਦੀ ਪਾਈ ਹੋਈ ਸੀ, ਪਰ ਉਸ ਸਮੇਂ ਮੈਂ ਬਿਲਕੁਲ ਬੇਵੱਸ ਸੀ, ਮੈਂ ਇਹ ਕਹਿਣ ਤੋਂ ਵੀ ਅਸਮਰਥ ਸੀ, ਕਿ ਤੁਸੀਂ ਇਸ ਨੂੰ ਨਾ ਕੁੱਟੋ ਇਹ ਮੇਰੇ ਪਿੰਡ ਤੋਂ ਹੈ।
ਮੈਂ ਅੱਖਾਂ ਅੱਖਾਂ ਨਾਲ ਉਸ ਨੂੰ ਇਸ਼ਾਰਾ ਕੀਤਾ ਕਿ ਤੂੰ ਥੱਲੇ ਬੈਠ ਜਾ, ਤੇ ਮੈਂ ਭਰੇ ਮਨ ਨਾਲ ਉੱਥੋਂ ਵਾਪਸ ਆ ਗਿਆ। ਮੈਂ ਕਾਫ਼ੀ ਸਮਾਂ ਕੋਤਵਾਲੀ ਕੋਲ ਬੈਠਾ ਰਿਹਾ। ਫਿਰ ਪਤਾ ਲੱਗਾ ਕਿ ਇਕ ਟਰੱਕ ਵਿਚ ਤਿੰਨ ਲਾਸ਼ਾਂ ਆਈਆਂ ਹਨ, ਜਦੋਂ ਮੈਂ ਉਸ ਟਰੱਕ ਵਿੱਚ ਦੇਖਿਆ ਤਾਂ ਤਿੰਨ ਲਾਸ਼ਾਂ ਉਸ ’ਚ ਪਈਆਂ ਸਨ, ਇਕ ਸੱਜੇ ਬੰਨੇ ਪਏ ਸਰੀਰ ਉਤੇ ਇੱਕ ਹੋਰ ਸਰੀਰ ਮੂਦਾ ਪਾਇਆ ਸੀ। ਦੂਜਾ ਦੂਸਰੇ ਪਾਸੇ ਪਿਆ ਸੀ, ਇੱਥੋਂ ਮੈਨੂੰ ਇਹ ਅੰਦਾਜ਼ਾ ਹੋ ਗਿਆ ਕਿ ਸੰਤ ਬਾਬਾ ਜਰਨੈਲ ਸਿੰਘ ਦਾ ਸਰੀਰ ਬਹੁਤ ਲੰਮਾ ਸੀ ਉਨ੍ਹਾਂ ਦਾ ਜਿਹੜਾ ਸਰੀਰ ਸੀ, ਉਹ ਟਰੱਕ ਦੇ ਸੱਜੇ ਬੰਨੇ ਸੀ, ਉਹਨਾਂ ਦੇ ਉੱਪਰ ਭਾਈ ਅਮਰੀਕ ਸਿੰਘ ਦਾ ਸਰੀਰ ਸੀ, ਕਿਉਂਕਿ ਉਹ ਪਤਲੇ ਤੇ ਸਮੁੱਧਰ ਕੱਦ ਦੇ ਸਨ। ਦੂਸਰੇ ਬੰਨੇ ਬਾਬਾ ਠਾਹਰਾ ਸਿੰਘ ਦਾ ਸਰੀਰ ਪਿਆ ਸੀ। ਅੰਤਮ ਸਮੇਂ ਮੈਨੂੰ ਉਨ੍ਹਾਂ ਦੇ ਦਰਸ਼ਨ ਤਾਂ ਹੋਏ, ਪਰ ਉਨ੍ਹਾਂ ਦੇ ਚਿਹਰੇ ਪੂਰੇ ਕੱਪੜੇ ਨਾਲ ਢੱਕੇ ਹੋਏ ਸਨ।
ਮੈਂ ਆਪਣੇ ਪੱਧਰ ਤੇ ਚੰਗੀ ਤਰ੍ਹਾਂ ਪਤਾ ਕੀਤਾ ਤੇ ਪਤਾ ਲੱਗਾ ਕਿ ਵਾਕਿਆ ਹੀ ਇਹ ਸੰਤ ਗਿਆਨੀ ਜਰਨੈਲ ਸਿੰਘ ਜੀ ਭਾਈ ਅਮਰੀਕ ਸਿੰਘ ਜੀ ਅਤੇ ਬਾਬਾ ਠਾਹਰਾ ਸਿੰਘ ਦੇ ਹੀ ਸਰੀਰ ਸਨ। ਉਹ ਗੱਡੀ ਉਥੋਂ ਚੱਲ ਪਈ ’ਤੇ ਮੈਂ ਵੀ ਭਰੇ ਮਨ ਨਾਲ ਉਥੋਂ ਚੱਲ ਪਿਆ।
ਜਿਕਰਯੋਗ ਹੈ ਕਿ ਇਹ ਅੱਖੀ ਡਿੱਠਾ ਹਾਲ ਸਰਦਾਰ ਹਰਭਜਨ ਸਿੰਘ ਸਾਬਕਾ ਥਾਣੇਦਾਰ ਜ਼ਿਲ੍ਹਾਂ ਤਰਨ ਤਾਰਨ ਪਿੰਡ ਮੂਸੇ ਕਲਾਂ ਨੇ ਬਿਆਨ ਕੀਤਾ ਹੈ, ਜੋ ਉਸ ਸਮੇਂ ਪੰਜਾਬ ਪੁਲਿਸ ’ਚ ਬਤੌਰ ਸਿਪਾਹੀ ਦੀ ਡਿਊਟੀ ਕਰਦੇ ਸਨ, ਜੋ ਬਾਅਦ ਵਿੱਚ ਥਾਣੇਦਾਰ ਰਟਾਇਰ ਹੋਏ, ਉਨ੍ਹਾਂ ਦੇ ਇਸ ਅੱਖੀਂ ਡਿੱਠੇ ਹਾਲ ਨੂੰ ਅਸੀਂ ਇਨ-ਬਿਨ ਕਲਮ ਬੰਦ ਕੀਤਾ ਹੈ, ਤਾਂ ਜੋ ਇਤਿਹਾਸ ’ਚ ਇੰਦਰਾਜ਼ ਹੋ ਸਕੇ।

ਪੱਤਰਕਾਰ ਨਿਸ਼ਾਨ ਸਿੰਘ_ਮੂਸੇ

9876730001

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?