
ਅੰਮ੍ਰਿਤਸਰ 28 ਜੂਨ (ਨਜ਼ਰਾਨਾ ਨਿਊਜ਼ ਨੈੱਟਵਰਕ ) : ਪੰਜਾਬ ਵਿੱਚ ਆਪ ਦ ਸਰਕਾਰ ਬਣਨ ਤੇ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਵੇਖਣ ਨੂੰ ਮਿਲੇਗਾ।
ਇਹ ਜਾਣਕਾਰੀ ਇਕ ਪ੍ਰੈੱਸ ਕਾਨਫ਼ਰੰਸ ਰਾਹੀਂ ਪੱਤਰਕਾਰਾਂ ਨਾਲ ਸਾਂਝੀ ਕਰਦੇ ਹੋਏ ‘ਆਪ’ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਕਿਹਾ ਕਿ ਲੋਕਾਂ ਦੇ ਅਸੀ ਸੇਵਾਦਾਰ ਬਣ ਕੇ ਕੰਮ ਕਰਾਂਗੇ। ਦਿੱਲੀ ਤਰਜ਼ ’ਤੇ ਲੋਕਾਂ ਨੂੰ ਸਹੂਲਤਾਂ ਦੇਵਾਂਗੇ। ‘ਆਪ’ ਸਰਕਾਰ ਬਣਨ ’ਤੇ ਬੱਚਿਆਂ ਨੂੰ ਨਰਸਰੀ ਤੋਂ ਲੈ ਕੇ ਯੂਨੀਵਰਸਟੀ ਤਕ ਡਿਗਰੀ ਹਾਸਲ ਕਰਵਾਊਣ ਲਈ ਆਕਸਫ਼ੋਰਡ ਯੂਨੀਵਰਸਟੀ ਵਾਂਗ ਮੁਫ਼ਤ ਵਿਦਿਆ ਦਿਤੀ ਜਾਵੇਗੀ ਤੇ ਨਾਲ ਹੀ ਨੌਕਰੀ ਵੀ, ਜਿਸ ਦਾ ਉਹ ਵਾਅਦਾ ਨਹੀਂ ਦਾਅਵਾ ਕਰਦੇ ਹਨ।
ਉਨ੍ਹਾਂ ਨਾਲ ਹੀ ਕਿਹਾ ਕਿ ਕੈਨੇਡਾ ਅਮਰੀਕਾ ਦੀ ਤਰਜ਼ ’ਤੇ ਸਰਕਾਰੀ ਮੈਡੀਕਲ ਹਸਪਤਾਲਾਂ ਵਿਚ ਲੋਕਾਂ ਦਾ ਇਲਾਜ ਹੋਵੇਗਾ ਉਹ ਵੀ ਮੁਫ਼ਤ ਤੇ ਨਾਲ ਹੀ ਲੋਕਾਂ ਨੂੰ ਬਿਜਲੀ ਸਹੂਲਤ ਵੀ ਸੱਭ ਤੋਂ ਵਧੀਆ ਦਿਤੀ ਜਾਵੇਗੀ। ਉਨ੍ਹਾਂ ਅਕਾਲੀ, ਕਾਂਗਰਸੀ ਆਗੂਆਂ ਦਾ ਨਾਮ ਲਏ ਬਗੈਰ ਕਿਹਾ ਕਿ ਲੋਕਾਂ ਨੂੰ ਲੁੱਟਣ ਲਈ ਕਈ ਪ੍ਰਜੇਕਟ ਲਿਆਂਦੇ ਜਿਵੇਂ ਬੀਆਰਟੀਸੀ ਜਿਸ ਦਾ ਜਨਤਾ ਨੂੰ ਕੋਈ ਫ਼ਾਇਦਾ ਨਹੀਂ ਹੋਇਆ ਪ੍ਰੰਤੂ ਇਨ੍ਹਾਂ ਲੀਡਰਾਂ ਨੇ ਮੋਟੀਆਂ ਰਕਮਾਂ ਹਜ਼ਮ ਕਰ ਲਈਆਂ। ਜਿਸ ਬਾਰੇ ਉਹ ਵਾਈਟ ਪੇਪਰ ਜਨਤਾ ਸਾਹਮਣੇ ਲਿਆਉਣਗੇ।
ਬੇਅਦਬੀ ਕਾਂਡ ਬਾਰੇ ਉਨ੍ਹਾਂ ਕਿਹਾ ਕਿ ਇਹ ਇਕ ਬਹੁਤ ਵੱਡੀ ਸਾਜਸ਼ ਸੀ, ਜਿਸ ਨੂੰ ਛੁਪਾਉਣ ਲਈ ਤਿੰਨ ਕਾਨੂੰਨਾਂ ਦਾ ਸਹਾਰਾ ਲਿਆ ਗਿਆ ਤਾਂ ਜੋ ਪੰਜਾਬੀਆਂ ਦਾ ਧਿਆਨ ਇਸ ਪਾਸੇ ਤੋਂ ਹਟ ਕੇ ਦੂਸਰੇ ਪਾਸੇ ਲੱਗ ਜਾਵੇ ਤੇ ਇਹ ਹੁਕਮਰਾਨ ਪਾਰਟੀ ਚੋਰ ਦਰਵਾਜ਼ੇ ਰਾਹੀਂ ਅਪਣੇ ਇਨ੍ਹਾਂ ਸਿਆਸੀ ਭਾਈਵਾਲਾਂ ਨੂੰ ਬਚਾਅ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਨਸ਼ਾ ਲਿਆਉਣ ਵਾਲਾ ਸੱਭ ਤੋਂ ਤਾਕਤਵਰ ਲੀਡਰ ਕੌਣ ਹੈ ਉਹ ਸੱਭ ਲੋਕ ਜਾਣਦੇ ਹਨ। ਇਨ੍ਹਾਂ ਪਾਪੀਆਂ ਦਾ ਉਹ ਅਪਣੀ ਜ਼ੁਬਾਨ ’ਤੇ ਨਾਮ ਨਹੀਂ ਲਿਆਊਣਾ ਚਾਹੁੰਦੇ। ਨਸ਼ੇ ਦੇ ਪਾਪੀਆਂ, ਬੇਅਦਬੀ ਕਾਂਡ ਦੇ ਪਾਪੀਆਂ ਤੇ ਪੰਜਾਬ ਨੂੰ ਲੁੱਟਣ ਵਾਲੇ ਪਾਪੀਆਂ ਦਾ ਨਾਸ਼ ਪ੍ਰਮਾਤਮਾ ਤਾਂ ਜ਼ਰੂਰ ਕਰੇਗਾ।
ਉਸ ਤੋਂ ਪਹਿਲਾਂ ਫ਼ਰਵਰੀ ਵਿਚ ਜਨਤਾ ਇਨ੍ਹਾਂ ਪਾਪੀਆਂ ਦਾ ਝਾੜੂ ਫੇਰ ਕੇ ਸਫ਼ਾਇਆ ਜ਼ਰੂਰ ਕਰੇ। ਇਸ ਮੌਕੇ ਅਰਵਿੰਦਰ ਸਿੰਘ ਭੱਟੀ, ਅਸ਼ੌਕ ਤਲਵਾੜ, ਡਾ. ਨਿੱਝਰ, ਬਲਜੀਤ ਸਿੰਘ ਖਹਿਰਾ, ਘੁਲੇ ਸ਼ਾਹ, ਸ਼ਹਿਰੀ ਪ੍ਰਧਾਨ ਪ੍ਰਮਿੰਦਰ ਸ਼ੇਠੀ, ਐਸ.ਸੀ ਵਿੰਗ ਪ੍ਰਧਾਨ ਡਾ. ਇੰਦਰਪਾਲ ਸ਼ਿੰਘ, ਕੁਲਦੀਪ ਸਿੰਘ ਧਾਲੀਵਾਲ, ਬੀਸੀ ਵਿੰਗ ਸ਼ਹਿਰੀ ਪ੍ਰਧਾਨ ਅਨਮੋਲ ਸੰਘ ਛਾਪਾ ਸਮੇਤ ਵੱਡੀ ਗਿਣਤੀ ਵਿਚ ‘ਆਪ’ ਆਗੂ ਤੇ ਵਰਕਰ ਮੌਜੂਦ ਸਨ।