ਘੱਲੂਘਾਰੇ ਦਿਹਾੜੇ ‘ਤੇ ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਲਹਿਰਾਏ ਪੋਸਟਰ
ਅੰਮ੍ਰਿਤਸਰ, 6 ਜੂਨ ( ਨਜ਼ਰਾਨਾ ਨਿਊਜ਼ ਨੈੱਟਵਰਕ ) ਇਸ ਵਾਰ ਦੀ ਛੇ ਜੂਨ ਇਤਿਹਾਸਕ ਹੋ ਨਿਬੜੀ ਹੈ ਜਦ ਇੱਕ ਵਾਰ ਫਿਰ ਸਿੱਖ ਨੌਜਵਾਨਾਂ ਨੇ ਆਪਣੇ ਕੌਮੀ ਸ਼ਹੀਦਾਂ ਪ੍ਰਤੀ ਪਿਆਰ ਵਿਖਾਉਂਦਿਆਂ ਅਦਭੁੱਤ ਨਜ਼ਾਰਾ ਪੇਸ਼ ਕਰ ਦਿੱਤਾ। ਜੂਨ 1984 ਦੇ ਤੀਜੇ ਘੱਲੂਘਾਰੇ ਦੀ 38ਵੀਂ ਵਰ੍ਹੇਗੰਢ ‘ਤੇ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥੇਦਾਰ ਭਾਈ ਬਲਵੰਤ ਸਿੰਘ ਗੋਪਾਲਾ ਤੇ ਭਾਈ ਭੁਪਿੰਦਰ ਸਿੰਘ ਛੇ ਜੂਨ ਦੀ ਅਗਵਾਈ ‘ਚ ਸਿੱਖ ਨੌਜਵਾਨਾਂ ਨੇ ਸ਼ਹੀਦੀ ਸਮਾਗਮ ਦੀ ਸਮਾਪਤੀ ‘ਤੇ ਅਰਦਾਸ ਅਤੇ ਹੁਕਮਨਾਮੇ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਨਮੁੱਖ ਸ਼ਹੀਦੀ ਯਾਦਗਾਰ ਕੋਲ ਸ਼ਹੀਦਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕਰਦਿਆਂ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਸ਼ਹੀਦ ਭਾਈ ਅਮਰੀਕ ਸਿੰਘ, ਸ਼ਹੀਦ ਜਨਰਲ ਸ਼ਬੇਗ ਸਿੰਘ, ਸ਼ਹੀਦ ਬਾਬਾ ਥਾਹਰਾ ਸਿੰਘ ਦੀਆਂ ਤਸਵੀਰਾਂ ਵਾਲੇ ਪੋਸਟਰ-ਬੈਨਰ ਲਹਿਰਾ ਦਿੱਤੇ ਜੋ ਖਿੱਚ ਦਾ ਕੇਂਦਰ ਬਣ ਗਏ। ਫ਼ੈਡਰੇਸ਼ਨ ਭਿੰਡਰਾਂਵਾਲਾ ਨੇ ਜਿਵੇਂ ਹੀ ਜੰਗਲੇ ਕੋਲ ਪੋਸਟਰ ਲਹਿਰਾਏ ਤਾਂ ਇਹ ਸ਼ਾਨਦਾਰ, ਪ੍ਰਭਾਵਸ਼ਾਲੀ ਤੇ ਜਬਰਦਸਤ ਪ੍ਰੋਗਰਾਮ ‘ਤੇ ਸਭ ਦੀਆਂ ਨਜ਼ਰਾਂ ਟਿਕ ਗਈਆਂ। ਇਸ ਦੌਰਾਨ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਸਿੰਘਾਂ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਜ਼ਿੰਦਾਬਾਦ, ਸ਼ਹੀਦ ਭਾਈ ਅਮਰੀਕ ਸਿੰਘ ਅਮਰ ਰਹੇ, ਜਰਨਲ ਸ਼ਬੇਗ ਸਿੰਘ ਜ਼ਿੰਦਾਬਾਦ, ਸ਼ਹੀਦਾਂ ਦੀ ਸੋਚ ‘ਤੇ ਪਹਿਰਾ ਦਿਆਂਗੇ ਠੋਕ ਕੇ, ਰਾਜ ਕਰੇਗਾ ਖ਼ਾਲਸਾ, ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ, ਭਿੰਡਰਾਂਵਾਲਿਆਂ ਬੱਬਰ ਸ਼ੇਰਾ ਸੁਪਨਾ ਪੂਰਾ ਕਰਾਂਗੇ ਤੇਰਾ, ਭਿੰਡਰਾਂਵਾਲਾ ਸੰਤ ਸਿਪਾਹੀ ਜਿੰਨੇ ਸੁੱਤੀ ਕੌਮ ਜਗਾਈ, ਭਿੰਡਰਾਂਵਾਲਿਆਂ ਬੱਬਰ ਸ਼ੇਰਾ ਰਹਿਣ ਨ੍ਹੀਂ ਦੇਣਾ ਦੁਸ਼ਮਣ ਤੇਰਾ, ਖ਼ਾਲਿਸਤਾਨ ਜ਼ਿੰਦਾਬਾਦ ਆਦਿਕ ਨਾਅਰੇ ਲਗਾਏ ਜਿਸ ਨਾਲ ਆਸਮਾਨ ਵੀ ਗੂੰਜ ਉੱਠਿਆ ਤੇ ਮਾਹੌਲ ਬੇਹੱਦ ਜੋਸ਼ੀਲਾ ਬਣ ਗਿਆ, ਨੌਜਵਾਨਾਂ ਦੇ ਚਿਹਰਿਆਂ ‘ਤੇ ਆਪਣੇ ਸ਼ਹੀਦਾਂ ਪ੍ਰਤੀ ਪਿਆਰ ਡੁੱਲ੍ਹ-ਡੁੱਲ੍ਹ ਪੈਂਦਾ ਦਿਸ ਰਿਹਾ ਸੀ। ਇਸ ਮੌਕੇ ਗੱਲਬਾਤ ਕਰਦਿਆਂ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਭਾਈ ਬਲਵੰਤ ਸਿੰਘ ਗੋਪਾਲਾ ਨੇ ਕਿਹਾ ਕਿ ਸਿੱਖ ਕੌਮ ਨਾਲ਼ ਪੰਜ ਸਦੀਆਂ ਦਾ ਵੈਰ ਕੱਢਣ ਲਈ ਅਤੇ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਤੇ ਉਹਨਾਂ ਦੇ ਜੁਝਾਰੂਆਂ ਨੂੰ ਖ਼ਤਮ ਕਰਨ ਲਈ, ਧਰਮ ਯੁੱਧ ਮੋਰਚੇ ਨੂੰ ਕੁਚਲਣ ਲਈ, ਸਿੱਖਾਂ ਨੂੰ ਹਮੇਸ਼ਾ ਵਾਸਤੇ ਗ਼ੁਲਾਮ ਬਣਾਉਣ ਲਈ ਤੇ ਸਿੱਖਾਂ ਦੇ ਮਨਾਂ ‘ਚ ਹਿੰਦ ਹਕੂਮਤ ਦੀ ਦਹਿਸ਼ਤ ਫੈਲਾਉਣ ਲਈ ਅਤੇ ਕੌਮ ਦੇ ਸਵੈ-ਅਭਿਮਾਨ ਤੇ ਸ਼ਕਤੀ ਨੂੰ ਦਰੜਨ ਲਈ ਜੂਨ 1984 ਦੇ ਪਹਿਲੇ ਹਫ਼ਤੇ ਹਿੰਦੂ ਸਾਮਰਾਜ ਨੇ ਸ੍ਰੀ ਦਰਬਾਰ ਸਾਹਿਬ ‘ਤੇ ਟੈਂਕਾਂ-ਤੋਪਾਂ ਨਾਲ਼ ਫ਼ੌਜੀ ਹਮਲਾ ਕਰ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ-ਢੇਰੀ ਕਰ ਦਿੱਤਾ। ਪੰਜਾਬ ਦੇ ਪਿੰਡਾਂ-ਸ਼ਹਿਰਾਂ ‘ਚ ਹਜ਼ਾਰਾਂ ਸਿੱਖ ਨੌਜਵਾਨਾਂ ਨੂੰ ਬੇ-ਰਹਿਮੀ ਨਾਲ਼ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਭਾਰਤ ਦੀ ਰਾਜਧਾਨੀ ਦਿੱਲੀ ਤੇ ਦੇਸ਼ ਦੇ ਹੋਰਾਂ ਸੂਬਿਆਂ ‘ਚ ਨਿਰਦੋਸ਼ੇ ਸਿੱਖਾਂ ਦੇ ਗਲ਼ਾਂ ‘ਚ ਟਾਇਰ ਪਾ ਕੇ ਅੱਗਾਂ ਲਾਈਆਂ ਗਈਆਂ, ਧੀਆਂ-ਭੈਣਾਂ ਦੀ ਪੱਤ ਰੋਲੀ ਗਈ। ਸਿੱਖ ਹੋਣਾ ਹੀ ਇਸ ਦੇਸ਼ ‘ਚ ਪਾਪ ਹੋ ਗਿਆ। ਫਿਰ ਅਣਖੀ ਸਿੱਖ ਨੌਜਵਾਨਾਂ ਨੇ ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਦੱਸੇ ਸਿਧਾਂਤ ‘ਤੇ ਪਹਿਰਾ ਦਿੰਦਿਆਂ, ਖ਼ਾਲਸਾ ਪੰਥ ਦੀ ਅਣਖ, ਇੱਜ਼ਤ, ਸਵੈਮਾਣ ਤੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਹਥਿਆਰ ਚੁੱਕ ਲਏ ਜਿਸ ਨਾਲ ਦੁਸ਼ਟਾਂ ਨੂੰ ਸੋਧੇ ਲੱਗਣ ਲੱਗੇ। ਦੁਸ਼ਮਣ ਦੀ ਸ਼ੁਰੂ ਕੀਤੀ ਜੰਗ ਨੂੰ ਇਹਨਾਂ ਮਰਜੀਵੜਿਆਂ ਨੇ ਦੁਸ਼ਮਣ ਦੇ ਘਰ ਤਕ ਪਹੁੰਚਾਇਆ। ਹਜ਼ਾਰਾਂ ਜੁਝਾਰੂ ਸ਼ਹੀਦੀਆਂ ਪਾ ਗਏ, ਕੌਮ ਦੇ ਜਰਨੈਲ ਆਪਾ ਵਾਰ ਗਏ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਉੱਤੇ ਹਮਲੇ ਨਾਲ ਸਿੱਖਾਂ ਦਾ ਭਾਰਤ ਨਾਲੋਂ ਰਿਸ਼ਤਾ ਟੁੱਟ ਗਿਆ ਤੇ ਖ਼ਾਲਿਸਤਾਨ ਦੀ ਨੀਂਹ ਰੱਖ ਗਈ ਜਿਸ ਦੀ ਅਜ਼ਾਦੀ ਲਈ ਸੰਘਰਸ਼ ਜਾਰੀ ਹੈ। ਉਹਨਾਂ ਕਿਹਾ ਕਿ ਹਿੰਦ ਹਕੂਮਤ ਨੇ ਦਰਬਾਰ ਸਾਹਿਬ ‘ਤੇ ਹਮਲਾ ਕਰਕੇ ਸਿੱਖਾਂ ਨੂੰ ਖ਼ਾਲਿਸਤਾਨ ਦੇ ਰਾਹ ਵੱਲ ਤੋਰਿਆ ਹੈ। ਉਹਨਾਂ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲਾ ਕਿਸੇ ਇੱਕ ਪਾਰਟੀ ਵੱਲੋਂ ਨਹੀਂ ਬਲਕਿ ਪੂਰੇ ਭਾਰਤ ਦੇ ਰਾਜਤੰਤਰ ਨੇ ਕੀਤਾ ਸੀ ਜਿਸ ਦੀ ਅਗਵਾਈ ਕਾਂਗਰਸ ਸਰਕਾਰ ਨੇ ਕੀਤੀ ਤੇ ਭਾਜਪਾ, ਕਾਮਰੇਡ ਤੇ ਹਿੰਦੁਤਵੀਆਂ ਨੇ ਸਮਰਥਨ ਕੀਤਾ। ਉਹਨਾਂ ਕਿਹਾ ਕਿ ਇਸ ਘੱਲੂਘਾਰੇ ਨੂੰ ਭੁੱਲ ਜਾਣਾ ਦੂਜੀ ਨਸਲਕੁਸ਼ੀ ਨੂੰ ਸੱਦਾ ਦੇਣ ਦੇ ਬਰਾਬਰ ਹੈ, ਇਸ ਲਈ ਇਸ ਘੱਲੂਘਾਰੇ ਨੂੰ ਨਾ ਕਦੇ ਭੁੱਲਿਆ ਜਾਂ ਭੁਲਾਇਆ ਜਾ ਸਕਦਾ ਹੈ ਤੇ ਨਾ ਹੀ ਸਿੱਖਾਂ ਦੇ ਕਾਤਲਾਂ ਨੂੰ ਬਖ਼ਸ਼ਿਆ ਜਾ ਸਕਦਾ ਹੈ। ਉਹਨਾਂ ਕਿਹਾ ਕਿ ਭਾਰਤ ਦੀ ਗ਼ੁਲਾਮੀ ਤੋੰ ਨਿਜ਼ਾਤ ਪਾਉਣ ਲਈ ਸਿੱਖਾਂ ਨੂੰ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਣਾ ਚਾਹੀਦਾ ਹੈ। ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਮਨਪ੍ਰੀਤ ਸਿੰਘ ਮੰਨਾ, ਜਸਕਰਨ ਸਿੰਘ ਪੰਡੋਰੀ, ਭਾਈ ਮਨਜੀਤ ਸਿੰਘ ਡੱਲਾ, ਕਰਨਪ੍ਰੀਤ ਸਿੰਘ ਵੇਰਕਾ, ਹਰਪ੍ਰੀਤ ਸਿੰਘ ਬੰਟੀ ਆਦਿ ਹਾਜ਼ਰ ਸਨ।
ਸ਼ਹੀਦਾਂ ਦੀਆਂ ਤਸਵੀਰਾਂ ਵਾਲੇ ਪੋਸਟਰ ਲਹਿਰਾਉਣ ਸਮੇਂ ਫ਼ੈਡਰੇਸ਼ਨ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ, ਬਲਵੰਤ ਸਿੰਘ ਗੋਪਾਲਾ, ਭੁਪਿੰਦਰ ਸਿੰਘ ਤੇ ਹੋਰ।