ਅੰਮ੍ਰਿਤਸਰ, 23 ਅਗਸਤ ( ਹਰਮੇਲ ਸਿੰਘ ਹੁੰਦਲ ) ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲੇ ਸਿੱਖ ਕੌਮ ਦੇ ਮਹਾਂਨਾਇਕ ਹਨ, ਉਹਨਾਂ ਖ਼ਿਲਾਫ਼ ਕਿਸੇ ਤਰ੍ਹਾਂ ਦੀ ਟਿੱਪਣੀ ਖ਼ਾਲਸਾ ਪੰਥ ਹਰਗਿਜ਼ ਬਰਦਾਸ਼ਤ ਨਹੀਂ ਕਰੇਗਾ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖ਼ਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ ਅਤੇ ਪੰਥਕ ਆਗੂ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਕਿਹਾ ਕਿ ਅਖੌਤੀ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਲੰਬੇ ਸਮੇਂ ਤੋਂ ਪੰਥ ਦੋਖੀਆਂ ਦੇ ਹੱਥਾਂ ‘ਚ ਖੇਡ ਰਿਹਾ ਹੈ। ਆਰ.ਐੱਸ.ਐੱਸ ਵਰਗੀਆਂ ਸਿੱਖ ਵਿਰੋਧੀ ਸੰਸਥਾਵਾਂ ਨੇ ਗੁਪਤ ਰੂਪ ‘ਚ ਅਜਿਹੇ ਕਈ ਪਿਆਦੇ ਤੇ ਕਰਿੰਦੇ ਪਾਲੇ ਹੋਏ ਹਨ ਜਿਨ੍ਹਾਂ ਨੂੰ ਸਮੇਂ-ਸਮੇਂ ‘ਤੇ ਮੋਹਰਾ ਬਣਾ ਕੇ ਸਿੱਖਾਂ ਵਿਰੁੱਧ ਵਰਤਿਆ ਜਾਂਦਾ ਹੈ। ਉਹਨਾਂ ਕਿਹਾ ਕਿ ਡਾਕਟਰ ਗੁਰਿੰਦਰ ਸਿੰਘ ਆਪਣੇ ਨਾਮ ਨਾਲ ਰੰਘਰੇਟਾ ਤਖੱਲਸ ਲਾ ਕੇ ਗੁੰਮਰਾਹ ਕਰ ਰਿਹਾ ਹੈ। ਇਹ ਲੰਬੇ ਸਮੇਂ ਤੋਂ ਸਿੱਖ ਵਿਰੋਧੀ ਹਰਕਤਾਂ ਕਰਦਾ ਆ ਰਿਹਾ ਹੈ ਅਤੇ ਧਰਮਾਂ ਤੇ ਭਾਈਚਾਰਿਆਂ ‘ਚ ਨਫ਼ਰਤ ਅਤੇ ਪਾਟੋਧਾੜ ਪੈਦਾ ਕਰ ਰਿਹਾ ਹੈ। ਇਸ ਸਿਰਫਿਰੇ ਉੱਤੇ ਸਖ਼ਤ ਤੋਂ ਸਖ਼ਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਜੇਕਰ ਪੰਜਾਬ ਸਰਕਾਰ ਨੇ ਇਸ ਭੂਤਰੇ ਸਾਨ੍ਹ ਨੂੰ ਨੱਥ ਨਾ ਪਾਈ ਤਾਂ ਮਜ਼ਬੂਰਨ ਖ਼ਾਲਸਾ ਪੰਥ ਇਸ ‘ਤੇ ਕਾਰਵਾਈ ਕਰਨ ਲਈ ਮਜ਼ਬੂਰ ਹੋਵੇਗਾ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਸਾਡੇ ਦਿਲਾਂ ਦੀ ਧੜਕਨ ਹਨ, ਉਹਨਾਂ ਨੂੰ ਖ਼ਾਲਸਾ ਪੰਥ ਵੱਲੋਂ ਵੀਹਵੀਂ ਸਦੀ ਦਾ ਮਹਾਨ ਸਿੱਖ ਐਲਾਨਿਆ ਗਿਆ ਹੈ, ਉਹਨਾਂ ਸ੍ਰੀ ਦਰਬਾਰ ਸਾਹਿਬ ਦੀ ਰਾਖੀ ਲਈ ਆਪਾ ਵਾਰਿਆ ਹੈ, ਉਹ ਪੰਥ ਦੇ ਮਹਾਨ ਜਰਨੈਲ ਤੇ ਸ਼ਹੀਦ ਹਨ। ਜੇਕਰ ਗੁਰਿੰਦਰ ਸਿਹੁੰ ਆਪਣੀਆਂ ਹਰਕਤਾਂ ਤੋਂ ਬਾਜ਼ ਨਾ ਆਇਆ ਤਾਂ ਅਖੌਤੀ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਦੇ ਗਲ ‘ਚ ਜੁੱਤੀਆਂ ਦਾ ਹਾਰ ਪਾ ਕੇ ਮੂੰਹ ਕਾਲ਼ਾ ਕੀਤਾ ਜਾਵੇਗਾ। ਉਹਨਾਂ ਕਿਹਾ ਕਿ ਇਸ ਬੰਦੇ ਦਾ ਕੋਈ ਦੀਨ, ਧਰਮ, ਈਮਾਨ ਤੇ ਭਾਈਚਾਰਾ ਨਹੀਂ, ਇਸ ਨੂੰ ਕਈ ਤਰ੍ਹਾਂ ਦੇ ਫੋਬੀਏ ਚੰਬੜੇ ਹੋਏ ਹਨ, ਇਸ ਨੂੰ ਜੁੱਤੀਆਂ ਦੀ ਘਾਟ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੇ ਸ਼ਹਾਦਤ ਦੇਣ ਤੋਂ ਪਹਿਲਾਂ ਉਸ ਜਗ੍ਹਾ ਦੀ ਚੋਣ ਕੀਤੀ ਜਿੱਥੇ ਸ਼ਹਾਦਤ ਦੇਣ ਤੋਂ ਬਾਅਦ ਕੌਮ ਵਿੱਚ ਸੰਘਰਸ਼ ਦੀ ਜਾਗ੍ਰਤੀ ਪੈਦਾ ਹੋਵੇ। ਮੈਦਾਨ-ਏ-ਜੰਗ ਦੀ ਅਤੇ ਸ਼ਹਾਦਤ ਦੀ ਸਹੀ ਚੋਣ ਕਰਨਾ ਹੀ ਇੱਕ ਜਰਨੈਲ ਦਾ ਅਹਿਮ ਗੁਣ ਹੁੰਦਾ ਹੈ। ਸੰਤ ਜਰਨੈਲ ਸਿੰਘ ਜੀ ਨੇ ਕੌਮ ਲਈ ਸ਼ਹੀਦੀ ਦੇਣ ਦਾ ਨਿਸ਼ਚਾ ਕਰ ਹੀ ਲਿਆ ਸੀ। ਜਦੋਂ ਅੰਤਮ ਨਿਸ਼ਾਨਾ ਹੀ ਸ਼ਹੀਦੀ ਸੀ ਤਾਂ ਫਿਰ ਕੌਮ ਦੇ ਰਾਜਸੀ ਮਰਕਜ਼ (ਸ੍ਰੀ ਅਕਾਲ ਤਖ਼ਤ ਸਾਹਿਬ) ਦੀ ਚੋਣ ਉਹਨਾਂ ਦਾ ਸਹੀ ਫ਼ੈਸਲਾ ਸੀ, ਜਿਸ ਤੋਂ ਬਾਅਦ ਕੌਮ ਵਿੱਚ ਸੰਘਰਸ਼ ਦੀ ਚੇਤਨਾ ਨੇ ਜਨਮ ਲਿਆ। ਸਿੱਖ ਕੌਮ ਦੇ ਧਰਮ ਅਸਥਾਨ ਕੇਵਲ ਪੂਜਾ ਘਰ ਹੀ ਨਹੀਂ ਹਨ, ਬਲਕਿ ਸਾਡੀ ਕੌਮੀਅਤ ਦੇ ਸ਼ਾਹੀ ਜਾਹੋ-ਜਲਾਲ ਦੇ ਸਿਖਰਲੇ ਮਰਕਜ਼ ਵੀ ਹਨ ਅਤੇ ਇਤਿਹਾਸ ਵਿੱਚ ਇਸ ਦੀਆਂ ਅਨੇਕਾਂ ਉਦਾਹਰਣਾਂ ਮੌਜੂਦ ਹਨ। ਉਹਨਾਂ ਕਿਹਾ ਕਿ ਅਸੀਂ ਸੰਤ ਜਰਨੈਲ ਸਿੰਘ ਜੀ ਦੀ ਸ਼ਾਨ ਖ਼ਿਲਾਫ਼ ਇੱਕ ਵੀ ਲਫ਼ਜ਼ ਸਹਿਣ ਨਹੀਂ ਕਰ ਸਕਦੇ, ਚਾਹੇ ਸਾਨੂੰ ਕੋਈ ਵੀ ਸੰਘਰਸ਼, ਕੁਰਬਾਨੀ ਜਾਂ ਜਾਨ ਵੀ ਵਾਰਨੀ ਪਵੇ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ।
Author: Gurbhej Singh Anandpuri
ਮੁੱਖ ਸੰਪਾਦਕ