( Khushwant Bargari ਜੀ ਦੁਆਰਾ ਭੇਜੀ ਗਈ ਜਾਣਕਾਰੀ,ਜੋ ਤੁਹਾਡੇ ਕੰਮ ਆ ਸਕਦੀ ਹੈ)
ਦੋਸਤੋ…. ਕੁਝ ਦਿਨ ਪਹਿਲਾਂ ਮੈਂ ਆਪਣੇ ਘਰ ਵਿਚ ਪੰਜ ਸਾਲ ਪਹਿਲਾਂ ਬਣਾਏ ਗਏ ਰੇਨ ਵਾਟਰ ਰੀਚਾਰਜ ਸਿਸਟਮ ਬਾਰੇ ਇੱਕ ਵੀਡੀਓ ਸਾਂਝੀ ਕੀਤੀ ਸੀ….. ਬਹੁਤ ਸਾਰੇ ਦੋਸਤਾਂ ਨੇ ਇਸ ਸਬੰਧੀ ਵਧੇਰੇ ਜਾਣਕਾਰੀ ਲਈ ਫੋਨ ਕੀਤੇ ਸਨ.
ਇਸ ਸਬੰਧੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ ..
1. ਸਭ ਤੋਂ ਪਹਿਲਾਂ ਧਰਤੀ ਵਿੱਚ ਇੱਕ ਚਾਰ ਫੁੱਟ ਚੌੜਾ ਖੂਹ ਪੁੱਟਿਆ ਜਾਵੇਗਾ । ਖੂਹ ਦੀ ਡੂੰਘਾਈ ਵੱਖ-ਵੱਖ ਇਲਾਕਿਆਂ ਵਿੱਚ ਪਾਣੀ ਦੇ ਪੱਧਰ ਅਨੁਸਾਰ ਘੱਟ ਵੱਧ ਹੋ ਸਕਦੀ ਹੈ । ਪ੍ਰੰਤੂ ਖੂਹ ਦਾ ਤਲ ਬਰੇਤੀ ਤੋਂ ਤਿੰਨ ਤੋਂ ਚਾਰ ਫੁੱਟ ਡੂੰਘਾ ਜਰੂਰ ਹੋਣਾ ਚਾਹੀਦਾ ਹੈ
2. ਖੂਹ ਪੁੱਟਣ ਤੋਂ ਬਾਅਦ ਉਸ ਖੂਹ ਦੇ ਵਿਚਕਾਰ ਇਕ ਪਲਾਸਟਿਕ ਦੀ ਛੇ ਇੰਚ ਚੌੜੀ ਪਾਈਪ , ਜਿਸਦੇ ਚਾਰੇ ਪਾਸੇ ਮੋਰੀਆਂ ਕੀਤੀਆਂ ਹੋਣ, ਸਿੱਧੀ ਖੜ੍ਹੀ ਕੀਤੀ ਜਾਵੇਗੀ । ਪਾਈਪ ਦਾ ਥੱਲੜਾ ਹਿੱਸਾ ਢੱਕਣ ਨਾਲ ਬੰਦ ਹੋਵੇਗਾ ।
3. ਇਸ ਮੋਰੀਦਾਰ ਪਾਈਪ ਦੇ ਚਾਰ ਚੁਫੇਰੇ ਖਾਲੀ ਖੂਹ ਵਿਚ ਪੰਦਰਾਂ ਤੋਂ ਵੀਹ ਫੁੱਟ ਉੱਪਰ ਤੱਕ ਮੋਟੇ ਡਲੇ ਅਤੇ ਮੋਟੀ ਬੱਜਰੀ ( ਗਟਕਾ ) ਭਰੇ ਜਾਣਗੇ। ਇਹ ਡਲ੍ਹੇ ਜੇਕਰ ਖਿੰਘਰ ਹੋਣ ਤਾਂ ਜਿਆਦਾ ਠੀਕ ਰਹਿਣਗੇ । ਵਿਚ ਥੋੜ੍ਹੀ ਬਹੁਤ ਘੱਗਰ ਸੈਂਡ ਵੀ ਪਾਈ ਜਾ ਸਕਦੀ ਹੈ।
4. ਜਿੱਥੇ ਆਕੇ ਡਲ੍ਹੇ ਅਤੇ ਮੋਟੀ ਬੱਜਰੀ ਖਤਮ ਹੋਵੇ , ਉਸ ਉੱਪਰ ਪਾਈਪ ਦੇ ਚਾਰੇ ਪਾਸੇ ਸੀਮੈੰਟ ਦੀ ਤਹਿ ਬਣਾ ਦਿੱਤੀ ਜਾਵੇ , ਤਾਂ ਜੋ ਮਿੱਟੀ ਹੇਠਾਂ ਡਲਿਆਂ ਅਤੇ ਬੱਜਰੀ ਦੇ ਬਣੇ ਫਿਲਟਰ ਵਿਚ ਨਾ ਜਾਵੇ ।
5. ਇਸ ਸੀਮਿੰਟ ਦੀ ਤਹਿ ਤੋਂ ਉੱਪਰ ਖੂਹ ਨੂੰ ਮਿੱਟੀ ਨਾਲ ਪੂਰੀ ਤਰ੍ਹਾਂ ਭਰ ਦਿੱਤਾ ਜਾਵੇ ਅਤੇ ਚੰਗੀ ਤਰ੍ਹਾਂ ਦੁਰਮਟ ਨਾਲ ਕੁਟਾਈ ਕਰ ਦਿੱਤੀ ਜਾਵੇ । ਪਲਾਸਟਿਕ ਪਾਈਪ ਇਕੱਲੀ ਬਾਹਰ ਰਹਿ ਜਾਵੇਗੀ ।
6. ਇਕ ਛੋਟਾ ਚੁਬੱਚਾ ਬਣਾ ਲਉ ਅਤੇ ਬਾਹਰ ਆ ਰਹੀ ਪਾਈਪ ਤੇ ਪਲਾਸਟਿਕ ਦਾ ਕੂਹਣੀਦਾਰ ਮੋੜ ਪਾਕੇ ਉਸਨੂੰ ਇਸ ਚੁਬੱਚੇ ਵਿਚ ਪੈਂਦੀ ਕਰ ਲਉ ਅਤੇ ਇਸ ਪਾਈਪ ਅੱਗੇ ਡੇਢ ਤੋਂ ਦੋ ਫੁੱਟ ਮੋਰੀਦਾਰ ਪਾਈਪ ਜੋੜ ਲਉ । ਮੋਰੀਦਾਰ ਪਾਈਪ ਉੱਪਰ ਮੋਟੀ ਮੋਰੀ ਦੀ ਜਾਲੀ ਲਪੇਟੀ ਜਾ ਸਕਦੀ ਹੈ ।
7.ਚੁਬੱਚੇ ਦੇ ਅੱਗੇ ਮੀਂਹ ਦਾ ਪਾਣੀ ਇਕੱਠਾ ਕਰਨਾ ਲਈ ਇਕ ਚੌੜੀ ਟੈੰਕੀ ਬਣਾਈ ਜਾਵੇ ਤਾਂ ਜੋ ਪਾਣੀ ਨਿੱਤਰ ਜਾਵੇ।
ਇਸ ਤਰ੍ਹਾਂ ਤੁਹਾਡਾ ਘਰੇਲੂ ਰੇਨ ਵਾਟਰ ਰੀਚਾਰਜ ਤਿਆਰ ਹੋ ਜਾਵੇਗਾ । ਜਿਸ ਰਾਹੀਂ ਮੀੰਹ ਦਾ ਲੱਖਾਂ ਲੀਟਰ ਪਾਣੀ ਮੁੜ ਧਰਤੀ ਵਿਚ ਸਮਾ ਜਾਵੇਗਾ ।
ਧਿਆਨ ਰੱਖਣਯੋਗ ਗੱਲਾਂ :
1. ਇਸ ਫਿਲਟਰ ਵਿਚ ਰੇਤਾ ਅਤੇ ਫੁੱਲ ਪੱਤੇ ਜਾਣ ਤੋਂ ਰੋਕਣਾ ਪਵੇਗਾ । ਨਹੀਂ ਤਾਂ ਹੌਲੀ ਹੌਲੀ ਪਾਣੀ ਧਰਤੀ ਚ ਸਮਾਉਣਾ ਘੱਟ ਜਾਵੇਗਾ । ਪਾਈਪ ਵਿਚ ਬੋਕੀ ਮਰਵਾਕੇ ਪੱਤੇ ਅਤੇ ਹੋਰ ਚੀਜ਼ਾਂ ਤਾਂ ਕੱਢੀਆਂ ਜਾ ਸਕਦੀਆਂ ਹਨ , ਪ੍ਰੰਤੂ ਡਲਿਆਂ ਅਤੇ ਬੱਜਰੀ ਵਿਚ ਗਿਆ ਰੇਤਾ ਦੁਬਾਰਾ ਨਹੀਂ ਕੱਢਿਆ ਜਾ ਸਕਦਾ।
2.ਇਸ ਵਿਧੀ ਰਾਹੀਂ ਸਿਰਫ਼ ਮੀਂਹ ਦਾ ਪਾਣੀ ਹੀ ਧਰਤੀ ਹੇਠ ਭੇਜਣਾ ਚਾਹੀਦਾ ਹੈ , ਗੁਸਲਖਾਨੇ ਦਾ ਜਾਂ ਕੋਈ ਵੀ ਹੋਰ ਪ੍ਰਦੂਸ਼ਤ ਪਾਣੀ ਭੁੱਲ ਕੇ ਵੀ ਇਸ ਵਿਚ ਨਹੀਂ ਪਾਉਣਾ ਚਾਹੀਦਾ।
3. ਜੇਕਰ ਛੱਤਾਂ ਅਤੇ ਵਿਹੜਾ ਪੱਕਾ ਹੋਵੇ ਤਾਂ ਇਹ ਵਾਟਰ ਰੀਚਾਰਜ ਸਿਸਟਮ ਬਹੁਤ ਕਾਮਯਾਬ ਹੈ ।
4.ਇਸ ਨੂੰ ਬਣਾਉਣ ਤੇ ਕੁੱਲ ₹12000/- ਤੋਂ ₹15000/- ਖਰਚ ਆਉਂਦਾ ਹੈ ।
ਹਰੇਕ ਘਰ ਅਤੇ ਹੋਰ ਇਮਾਰਤਾਂ ਵਿਚ ਇਹ ਰੇਨ ਵਾਟਰ ਰੀਚਾਰਜ ਸਿਸਟਮ ਜਰੂਰ ਹੋਣਾ ਚਾਹੀਦਾ ਹੈ।
ਤਕਨੀਕੀ ਮਾਹਰ ਦੀ ਮਦਦ ਨਾਲ ਇਸ ਮਾਡਲ ਵਿਚ ਹੋਰ ਸੋਧ ਕੀਤੀ ਜਾ ਸਕਦੀ ਹੈ।
ਵਧੇਰੇ ਜਾਣਕਾਰੀ ਲਈ ਤੁਸੀਂ ਮੇਰੇ ਨਾਲ ਵੀ ਸੰਪਰਕ ਕਰ ਸਕਦੇ ਹੋ…..
ਖ਼ੁਸ਼ਵੰਤ ਬਰਗਾੜੀ
98729 89313
Author: Gurbhej Singh Anandpuri
ਮੁੱਖ ਸੰਪਾਦਕ