Home » ਕਰੀਅਰ » ਸਿੱਖਿਆ » ਵਰਤ ਅਤੇ ਗੁਰਮਤਿ – ਹਰਜਿੰਦਰ ਸਿੰਘ ‘ਸਭਰਾ’

ਵਰਤ ਅਤੇ ਗੁਰਮਤਿ – ਹਰਜਿੰਦਰ ਸਿੰਘ ‘ਸਭਰਾ’

84 Views

ਵਰਤ ਅਤੇ ਗੁਰਮਤਿ

ਹਰਜਿੰਦਰ ਸਿੰਘ ‘ਸਭਰਾ’

ਵਰਤ ਕਿੰਨੇ ਹਨ ਅਤੇ ਕਦੋਂ ਕਦੋਂ ਰੱਖੇ ਜਾਂਦੇ ਹਨ ਉਹਨਾਂ ਬਾਰੇ ਪੱਕਾ ਨਹੀਂ ਕਿਹਾ ਜਾ ਸਕਦਾ। ਕਿਉਂਕਿ ਵਰਤਾਂ ਦਾ ਕਰਮ ਕਾਂਡ ਇਨਾਂ ਪਸਾਰੇ ਵਾਲਾ ਹੈ ਕਿ ਇਹਨਾਂ ਦੀ ਗਿਣਤੀ ਕਰਨੀ ਹੀ ਅਸੰਭਵ ਹੈ। ਵਰਤ ਤੋਂ ਭਾਵ ਹੈ ੳਪਵਾਸ-ਕਿਸੇ ਖ਼ਾਸ ਸਮੇਂ ਕਿਸੇ ਭਾਵਨਾ ਨੂੰ ਮੁੱਖ ਰਖਕੇ ਸਮੇਂ ਦੀ ਮਿਆਦ ਅਨੁਸਾਰ ਭੁੱਖੇ ਪਿਆਸੇ ਰਹਿਣਾ। ਵਰਤ ਰਖਣ ਦਾ ਸੰਕਲਪ ਮਨੁੱਖ ਦੀਆਂ ਖਵਾਹਿਸ਼ਾਂ ਵਿਚੋਂ ਉਤਪੰਨ ਹੋਇਆ ਹੈ ਉਹ ਖਵਾਹਿਸ਼ ਜਾਂ ਇੱਛਾ ਜਿਸ ਨੂੰ ਕਰਮਕਾਂਡੀ ਮਨੁੱਖ ਰੱਬ ਜਾਂ ਆਪਣੇ ਕਲਪਿਤ ਦੇਵਤੇ ਕੋਲੋਂ ਹੱਠ ਦੇ ਜ਼ੋਰ ਨਾਲ ਮੰਨਵਾਉਣਾ ਚਾਹੁੰਦਾ ਹੈ ਅਜਿਹਾ ਕਰਨ ਵਾਲਾ ਮਨੁੱਖ ਇਹ ਸੋਚਦਾ ਹੈ ਕਿ ਉਸ ਦੇ ਅਜਿਹੇ ਹੱਠ ਨਾਲ ਉਸ ਦਾ ਰੱਬ ਜਾਂ ਕਲਪਿਤ ਦੇਵਤਾ ਪ੍ਰਸੰਨ ਹੋ ਜਾਵੇਗਾ ਅਤੇ ਉਸ ਦੀ ਇੱਛਾ ਨੂੰ ਬਿਨਾਂ ਰੁਕਾਵਟ ਪੂਰੀ ਕਰ ਦੇਵੇਗਾ। ਪੌਰਾਣਵਾਦੀ ਵੀਚਾਰਧਾਰਾ ਵਿੱਚ ਅਨੇਕਾਂ ਦੇਵੀ ਦੇਵਤਿਆਂ ਦੀ ਪੂਜਾ ਦਾ ਕਰਮਕਾਂਡ ਪ੍ਰਧਾਨ ਹੈ। ਹਰ ਦੇਵੀ ਦੇਵਤੇ ਨੂੰ ਮੰਨਣ ਵਾਲੇ ਸ਼ਰਧਾਲੂ ਆਪਣੇ ਆਪਣੇ ਕਲਪਿਤ ਦੇਵੀ ਦੇਵਤੇ ਦੀ ਵੱਖਰੇ-ਵੱਖਰੇ ਢੰਗ ਨਾਲ ਪੂਜਾ ਕਰਦੇ ਹਨ ਅਤੇ ਉਹਨਾਂ ਨੂੰ ਖੁਸ਼ ਕਰਨ ਲਈ ਵੱਖਰੇ-ਵੱਖਰੇ ਕਈ ਤਰਾਂ ਦੇ ਤਰੀਕੇ ਅਪਣਾਉਂਦੇ ਹਨ। ਪੁਰਾਣਾ ਦੀਆਂ ਕਥਾਵਾਂ ਵਿੱਚ ਕਈ ਕਿਸਮਾਂ ਦੇ ਵਰਤਾਂ ਦਾ ਜ਼ਿਕਰ ਹੈ। ਇਹਨਾਂ ਕਹਾਣੀਆਂ ਨੂੰ ਸੱਚ ਮੰਨਣ ਵਾਲੇ ਲੋਕ ਹੀ ਅਜਿਹੀ ਕਰਮਕਾਂਡੀ ਰੀਤ ਦੀ ਤਨ ਦੇਹੀ ਨਾਲ ਪਾਲਣਾ ਕਰਦੇ ਹਨ। ਕੁੱਝ ਕੁ ਵਰਤ ਜਿਵੇਂ ਕਰਵਾਚੌਥ, ਅਹੋਈ, ਏਕਾਦਸ਼ੀ ਆਦਿ ਜ਼ਿਆਦਾ ਪ੍ਰਚਲਿਤ ਹਨ ਇਹਨਾਂ ਸਾਰਿਆਂ ਵਿਚੋਂ ਕਰਵਾਚੌਥ ਦਾ ਵਰਤ ਸਭ ਤੋਂ ਜ਼ਿਆਦਾ ਪ੍ਰਚਲਿਤ ਹੈ। ਕਰਵਾ ਚੌਥ ਦਾ ਵਰਤ ਕੀ ਹੈ? ਵਿਆਹੀਆਂ ਹਿੰਦੂ ਇਸਤਰੀਆਂ ਇਹ ਵਰਤ ਕਤੱਕ ਵਦੀ ਚੌਥ ਨੂੰ ਰਖਦੀਆਂ ਹਨ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਸੁਹਾਗਣਾ ਸਰਗੀ ਕਰਦੀਆਂ ਹਨ। ਇਸ ਸਰਗੀ ਵਿੱਚ ਆਪਣੇ ਪੇਕੇ ਤੋਂ ਲਿਆਂਦੀਆਂ ਫੈਨੀਆਂ ਰਾਤ ਨੂੰ ਹੀ ਦੁੱਧ ਵਿੱਚ ਭਿਉਂ ਕੇ ਰਖੀਆਂ ਜਾਂਦੀਆਂ ਹਨ। ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਇਹ ਫੈਣੀਆਂ ਅਤੇ ਫਲ ਆਦਿਕ ਰੱਜ ਕੇ ਖਾ ਲਏ ਜਾਂਦੇ ਹਨ। ਇਸ ਵਿੱਚ ਚੰਦ੍ਰਮਾ ਦੀ ਪੂਜਾ ਹੁੰਦੀ ਹੈ ਇਸ ਵਾਸਤੇ ਇਹ ਸਾਰਾ ਕੰਮ ਸੂਰਜ ਨਿਕਲਣ ਤੋਂ ਪਹਿਲਾਂ ਹੀ ਕੀਤਾ ਜਾਂਦਾ ਹੈ। ਫਿਰ ਇਹ ਵਰਤ ਰੱਖਣ ਵਾਲੀਆਂ ਬੀਬੀਆਂ ਸਾਰਾ ਦਿਨ ਕੁੱਝ ਨਹੀਂ ਖਾਂਦੀਆਂ। ਰਾਤ ਵੇਲੇ ਚੰਦ੍ਰਮਾ ਨੂੰ ਕਰੂਏ (ਮਿੱਟੀ ਦਾ ਲੋਟਾ) ਨਾਲ ਅਰਗ ਦਿੰਦੀਆਂ ਹਨ ਅਤੇ ਪਤੀ ਦਾ ਮੂੰਹ ਵੇਖ ਕੇ ਵਰਤ ਖ਼ਤਮ ਕਰਦੀਆਂ ਹਨ। ਕੋਰਾ ਕਰਵਾ (ਮਿੱਟੀ ਦਾ ਲੋਟਾ) ਰੱਖਣ ਦਾ ਭਾਵ ਇਹ ਲਿਆ ਜਾਂਦਾ ਹੈ ਪਤਨੀ ਪਤੀ ਨੂੰ ਹਰ ਸਾਲ ਵਿਸ਼ਵਾਸ ਦਿੰਦੀ ਹੈ ਕਿ ਵਿਆਹ ਸਮੇਂ ਮਿੱਟੀ ਦੇ ਭਾਡੇ ਵਾਂਗ ਉਹ ਕੋਰੀ ਸੀ ਅੱਜ ਵੀ ਉਹ ਪੂਰਨ ਰੂਪ ਵਿੱਚ ਪਤੀਬ੍ਰਤਾ ਹੈ। ਉਸ ਨੇ ਵਿਆਹ ਕਰਵਾ ਕੇ ਜਿਸ ਨੂੰ ਪਤੀ ਪਰਵਾਨ ਕੀਤਾ ਉਸ ਦੀ ਉਹ ਪੂਰਨ ਵਫ਼ਾਦਾਰ ਹੈ। ਗੁਰਮਤਿ ਵਿੱਚ ਉੱਚਾ ਇਖ਼ਲਾਕ ਰੱਖਣਾ, ਸਦਾਚਾਰੀ ਰਹਿਣਾ, ਉੱਤਮ ਹੈ। ਪਰ ਸਵਾਲ ਹੈ ਕਿ ਇਸ ਲਈ ਇਸਤਰੀ ਹੀ ਕਿਉਂ ਸਬੂਤ ਦੇਵੇ ਇਹ ਅਸੂਲ ਤਾਂ ਮਰਦ ਉਪਰ ਵੀ ਬਰਾਬਰ ਲਾਗੂ ਹੁੰਦਾ ਹੈ। ਤਾਂ ਫਿਰ ਆਪਣੇ ਇਖ਼ਲਾਕ ਦੇ ਪਵਿਤੱਰ ਹੋਣ ਦਾ ਸਬੂਤ ਇਸਤਰੀ ਵਾਂਗ ਪੁਰਸ਼ ਕਿਉਂ ਨਹੀਂ ਦਿੰਦਾ? ਸ਼ਪੱਸ਼ਟ ਹੈ! ਇਹ ਰੀਤ ਇਸਤਰੀ ਨੂੰ ਪੁਰਸ਼ ਤੋਂ ਨੀਵਾਂ ਦਰਜਾ ਦਿੰਦੀ ਹੈ ਅਤੇ ਸਦਾ ਹੀ ਪੁਰਸ਼ ਦੀ ਦਾਸੀ ਬਣਨ ਦੀ ਪ੍ਰੇੁਰਣਾ ਕਰਦੀ ਹੈ ਅਤੇ ਇਸ ਗੱਲ ਦਾ ਕੋਈ ਸੰਕੇਤ ਨਹੀਂ ਕਰਦੀ ਕਿ ਉਸ ਔਰਤ ਦੇ ਪਤੀ ਦਾ ਇਖ਼ਲਾਕ ਕਿਹੋ ਜਿਹਾ ਹੋਵੇ।

ਇਸ ਵਰਤ ਨੂੰ ਤੋੜਨ ਤੋਂ ਪਹਿਲਾ ਸ਼ਾਮ ਨੂੰ ਇਹ ਸੁਹਾਗਣਾਂ ਆਪਣੇ ਆਪਣੇ ਹੱਥਾਂ ਵਿੱਚ ਥਾਲ ਲੈ ਕੇ ਜਿਸ ਵਿੱਚ ਮੱਠੀਆਂ, ਬਦਾਮ, ਛੁਹਾਰੇ, ਪੈਸੇ ਆਦਿ ਰੱਖੇ ਹੁੰਦੇ ਹਨ ਜਿਸ ਨੂੰ ਬੇਆ ਵੀ ਕਹਿੰਦੇ ਹਨ ਲੈ ਕੇ ਬਾਹਰ ਵਿਹੜੇ ਵਿੱਚ ਖੁੱਲੇ ਥਾਂ ਤੇ ਆ ਕੇ ਇੱਕ ਗੋਲ ਚੱਕਰ ਬਣਾ ਕੇ ਬੈਠ ਜਾਂਦੀਆਂ ਹਨ। ਇਹ ਸਾਰਾ ਕਰਮ ਸੂਰਜ ਡੁੱਬਣ ਤੋਂ ਬਾਅਦ ਹੁੰਦਾ ਹੈ। ਔਰਤਾਂ ਸੱਜ ਧੱਜ ਕੇ ਪੂਰਾ ਸ਼ਿੰਗਾਰ ਆਦਿ ਕਰਕੇ ਲਾਲ ਕੱਪੜੇ ਪਾ ਕੇ ਆਉਂਦੀਆਂ ਹਨ। ਅਤੇ ਗੋਲ ਚੱਕਰ ਬਣਾ ਕੇ ਬੈਠ ਜਾਂਦੀਆਂ ਹਨ। ਇਸ ਤੋਂ ਭਾਅਦ ਥਾਲੀਆਂ ਵਿੱਚ ਲਿਆਂਦਾ ਬੇਆ ਆਪਸ ਵਿੱਚ ਵਟਾਇਆ ਜਾਂਦਾ ਹੈ ਇਹ ਬ੍ਰਾਹਮਣੀ ਜੋ ਇਸ ਵਕਤ ਆਗੂ ਵਾਂਗ ਹੁੰਦੀ ਹੈ ਆਪ ਬੈਠ ਕੇ ਵਟਾਉਂਦੀ ਹੈ। ਚੰਦ੍ਰਮਾ ਵਾਂਗ ਹੀ ਬਣਾਏ ਗਏ ਇਸ ਗੋਲ ਚੱਕਰ ਵਿੱਚ ਚੰਦ੍ਰਮਾ ਦੀ ਮੂਰਤੀ ਰੱਖੀ ਹੁੰਦੀ ਹੈ ਜਿਸਨੂੰ ਆ ਕੇ ਸਭ ਤੋਂ ਮਹਿਲਾਂ ਮੱਥਾ ਟੇਕ ਕੇ ਸਾਰੀਆਂ ਔਰਤਾਂ ਆਪਣੀ-ਆਪਣੀ ਥਾਲੀ ਵਿਚੋਂ ਪ੍ਰਸ਼ਾਦ ਚੜਾਉਂਦੀਆਂ ਹਨ। ਬਾਅਦ ਵਿੱਚ ਇਨ੍ਹਾਂ ਥਾਲੀਆਂ ਨੂੰ ਗੋਲ ਚੱਕਰ ਵਿੱਚ ਇੱਕ ਦੂਜੀ ਦੇ ਹੱਥ ਦੇ ਕੇ ਵਾਪਸ ਆਪਣੇ ਤੀਕ ਲਿਆਂਦਾ ਜਾਂਦਾ ਹੈ। ਨਾਲ ਨਾਲ ਇਹ ਸਾਰੀਆਂ ਇਸਤਰੀਆਂ ਬੋਲਦੀਆਂ ਜਾਂਦੀਆਂ ਹਨ।“ਕਰਵੜਾ ਨੀ ਕਰਵੜਾ……. . ਲੈ ਨੀ ਭੈਣੇ ਕਰਵੜਾ, ਲੈ ਵੀਰੋ ਕੁੜੀਏ ਕਰਵੜਾ, ਲੈ ਸਰਬ ਸੁਹਾਗਣ ਕਰਵੜਾ, ਲੈ ਇੱਛਾਵੰਤੀ ਕਰਵੜਾ, ਲੈ ਭਾਈਆਂ ਦੀ ਭੈਣੇ ਕਰਵੜਾ, ਕੱਤੀਂ ਨਾ ਅਟੇਰੀਂ ਨਾ, ਘੁੰਮ ਚਰਖੜਾ ਫੇਰੀਂ ਨਾ, ਸੁੱਤੇ ਨੂੰ ਜਗਾਈਂ ਨਾ, ਰੁੱਸੇ ਨੂੰ ਮਾਨਈਂ ਨਾ, ਪਾਟੜਾ ਸੀਵੀਂ ਨਾ…… ਕਰਵੜਾ ਵਟਾਇਆ, ਜਿਵੰਦਾ ਝੋਲੀ ਪਾਇਆ”। ਇਸ ਤਰਾਂ ਦਾ ਗੀਤ ਗਾਂਉਂਦਿਆਂ ਬ੍ਰਾਹਮਣੀ ਆਪਣੇ ਕੋਲ ਥਾਲ ਪੁਜਣ ਤੇ ਹਰ ਥਾਲੀ ਵਿਚੋਂ ਕੇਝ ਨਾ ਕੁੱਝ ਕੱਢੀ ਵੀ ਜਾਂਦੀ ਹੈ। ਇਸ ਸਮੇਂ ਕਰਵਾਚੌਥ ਦੀ ਜੋ ਕਹਾਣੀ ਸੁਣਾਈ ਜਾਂਦੀ ਹੈ ਉਹ ਇਹ ਹੈ ਕਿ “ਇਕ ਰਾਜੇ ਦੀ ਰਾਣੀ ਸੀ ਜਿਸਦਾ ਨਾਮ ਵੀਰੋ ਸੀ। ਵੀਰੋ ਆਪਣੇ ਸੱਤਾਂ ਭਰਾਵਾਂ ਦੀ ਲਾਡਲੀ ਭੈਣ ਸੀ। ਇੱਕ ਵਾਰ ਜਦੋਂ ਵੀਰੋ ਨੇ ਕਰਵਾਚੌਥ ਦਾ ਵਰਤ ਰੱਖਿਆ ਹੋਇਆ ਸੀ ਤਾਂ ਉਸ ਦਿਨ ਚੰਦ੍ਰਮਾ ਬਹੁਤ ਸਮੇਂ ਤੱਕ ਦਿਖਾਈ ਨਾ ਦਿੱਤਾ। ਆਪਣੀ ਭੈਣ ਨੂੰ ਭੁੱਖਿਆਂ ਵੇਖ ਕੇ ਵੀਰੋ ਦੇ ਭਰਾ ਸਹਿਣ ਨਾ ਕਰ ਸਕੇ ਅਤੇ ਉਨਾਂ ਨੇ ਜੰਗਲ ਵਿੱਚ ਬਹੁਤ ਸਾਰੀ ਅੱਗ ਬਾਲ਼ੀ ਅਤੇ ਚਾਦਰ ਤਾਣ ਕੇ ਇੱਕ ਛਾਨਣੀ ਵਿਚੋਂ ਆਪਣੀ ਭੈਣ ਨੂੰ ਚੰਦਰਮਾ ਦਾ ਭੁਲੇਖਾ ਪਾ ਦਿੱਤਾ। ਵੀਰੋ ਨੇ ਉਸ ਨੂੰ ਸੱਚ ਮੰਨ ਕੇ ਵਰਤ ਤੋੜ ਦਿੱਤਾ। ਉਧਰ ਰਾਜਾ ਜੰਗਲ ਵਿੱਚ ਸ਼ਿਕਾਰ ਖੇਡਣ ਗਿਆ ਹੋਇਆ ਸੀ ਅਤੇ ਉਥੇ ਹੀ 365 ਸੂਈਆਂ ਸਰੀਰ ਵਿੱਚ ਚੁਭ ਜਾਣ ਨਾਲ ਬੇਹੋਸ਼ ਹੋ ਗਿਆ। ਦੁਖੀ ਰਾਣੀ ਆਪਣੇ ਪਤੀ ਨੂੰ ਆਪਣੀ ਝੋਲੀ ਵਿੱਚ ਪਾ ਕੇ ਬੈਠ ਗਈ ਅਤੇ ਰੋਜ਼ ਦੀ ਇੱਕ ਸੂਈ ਰਾਜੇ ਦੇ ਸਰੀਰ ਵਿਚੋਂ ਕੱਢਣ ਲੱਗੀ। ਰਾਜਾ ਪੂਰਾ ਸਾਲ ਬੇਹੋਸ਼ ਹੀ ਰਿਹਾ। ਆਖ਼ਰ 364 ਸੂਈਆਂ ਰਾਜੇ ਦੇ ਸਰੀਰ ਵਿਚੋਂ ਰਾਣੀ ਨੇ ਕੱਢ ਦਿੱਤੀਆਂ। ਇਨੇਂ ਨੂੰ ਕਰਵਾਚੌਥ ਦਾ ਵਰਤ ਆ ਗਿਆ। ਬਾਹਰ ਕਰਵੇ ਵੇਚਣ ਵਾਲਾ ਆਇਆ ਹੋਇਆ ਸੀ ਉਸ ਨੇ ਹੋਕਾ ਦਿੱਤਾ ਜਿਸ ਨੂੰ ਸੁਣ ਕੇ ਰਾਣੀ ਕਰਵਾ ਖਰੀਦਣ ਚਲੀ ਗਈ। ਉਧਰ ਮਗਰੋਂ ਦਾਸੀ ਨੇ ਰਾਜੇ ਦੇ ਸਰੀਰ ਵਿਚੋਂ ਆਖ਼ਰੀ ਸੂਈ ਕੱਢ ਦਿੱਤੀ ਜਿਸ ਕਾਰਨ ਰਾਜੇ ਨੇ ਗੋਲੀ ਨੂੰ ਹੀ ਰਾਣੀ ਮੰਨ ਲਿਆ। ਇਸ ਕਾਰਨ ਰਾਣੀ ਨੂੰ ਗੋਲੀ ਬਣ ਕੇ ਰਹਿਣਾ ਪਿਆ। ਉਸਨੇ ਕੱਪੜੇ ਦੀਆ ਗੁਡੀਆ ਬਣਾ ਲਈਆਂ ਤੇ ਉਨਾਂ ਨਾਲ ਮਨ ਪ੍ਰਚਾਵਾ ਕਰਦੀ ਰਹਿੰਦੀ ਤੇ ਇਹ ਬੋਲ ਕਹਿੰਦੀ ਰਹਿੰਦੀ ‘ਰਾਣੀ ਸੀ ਸੋ ਗੋਲੀ ਹੋਈ, ਗੋਲੀ ਸੀ ਸੋ ਰਾਣੀ ਹੋਈ’ ਅਖ਼ੀਰ ਰਾਜੇ ਨੂੰ ਅਸਲੀਅਤ ਦਾ ਪਤਾ ਲੱਗਾ ਤਾਂ ਰਾਜੇ ਨੇ ਫੇਰ ਉਸ ਰਾਣੀ ਨੂੰ ਅਪਣਾ ਲਿਆ”।

ਇਸ ਸਾਰੀ ਕਹਾਣੀ ਨੂੰ ਘੋਖਿਆਂ ਇਸ ਵਿਚੋਂ ਕੁੱਝ ਵੀ ਨਹੀਂ ਲੱਭਦਾ ਸਗੋਂ ਕਈ ਤਰਾਂ ਦੇ ਸਵਾਲ ਪੈਦਾ ਹੋ ਜਾਂਦੇ ਹਨ। ਉਪਰੋਕਤ ਕਹਾਣੀ ਵਾਲਾ ਰਾਜਾ ਕੌਣ ਸੀ? ਕਿੱਥੇ ਰਾਜ ਕਰਦਾ ਸੀ? ਇਹ ਕਦੋਂ ਹੋਇਆ? ਇਸ ਨੂੰ 365 ਸੂਈਆਂ ਕਿਥੋਂ ਚੁਭੀਆਂ? ਫਿਰ ਉਸ ਦੀਆਂ ਸੂਈਆਂ ਕੱਢਣ ਲਈ ਕਿਸੇ ਵੈਦ ਨੂੰ ਕਿਉਂ ਨਾ ਸੱਦਿਆ ਗਿਆ? ਇਹ ਸੂਈਆਂ ਇੱਕੇ ਦਿਨ ਕਿਉਂ ਨਾ ਕੱਢੀਆਂ ਗਈਆਂ? ਇਹਨਾਂ ਨੂੰ ਰੋਜ਼ ਇੱਕ ਇੱਕ ਕਰਕੇ ਕੱਢਣ ਦੀ ਕੀ ਲੋੜ ਸੀ? 364 ਸੂਈਆਂ ਕੱਢ ਕੇ ਬਾਕੀ ਇੱਕ ਕਿਉਂ ਰਹਿਣ ਦਿੱਤੀ ਗਈ? ਅਖੀਰਲੀ ਸੂਈ ਕੱਢਣ ਤੇ ਹੀ ਰਾਜੇ ਨੂੰ ਹੋਸ਼ ਕਿਉਂ ਆਈ? ਜਦੋਂ ਕਿ ਉਸ ਦੀਆਂ 364 ਸੂਈਆਂ ਨਿਕਲ ਚੁੱਕੀਆਂ ਸਨ ਉਸ ਵੇਲੇ ਉਸਨੂੰ ਹੋਸ਼ ਕਿਉਂ ਨਾ ਆਈ? ਕੀ ਕੋਈ ਪਤਨੀ ਸਾਲ ਦੇ 364 ਦਿਨ ਪਤੀ ਦੀ ਸੇਵਾ ਕਰੇ, ਇੱਕ ਦਿਨ ਉਸ ਕੋਲੋਂ ਕੋਤਾਹੀ ਹੋ ਜਾਵੇ ਤਾਂ ਕੀ ਉਪਰੋਕਤ ਰਾਜੇ ਵਾਂਗ ਪਤੀ ਨੂੰ ਕਿਸੇ ਦੂਜੀ ਔਰਤ ਨੂੰ ਅਪਣਾ ਲੈਣ ਦਾ ਹੱਕ ਹੈ?

ਇਸ ਸਾਰੀ ਕਹਾਣੀ ਅਤੇ ਕਰਵਾਚੌਥ ਦੀ ਨਿਭਾਈ ਜਾਂਦੀ ਕਰਮਕਾਂਡੀ ਰੀਤ ਵਿੱਚ ਕੁੱਝ ਵੀ ਅਜਿਹਾ ਨਹੀਂ ਜਿਸਨੂੰ ਸੱਚ ਜਾਂ ਧਰਮ ਦਾ ਅੰਗ ਮੰਨਿਆਂ ਜਾ ਸਕੇ। ਇਸ ਸਾਰੀ ਪ੍ਰਕਿਰਿਆ ਵਿਚੋਂ ਕੁੱਝ ਅਹਿਮ ਪੱਖ ਸਾਹਮਣੇ ਆਉਂਦੇ ਹਨ।

ਪਹਿਲੀ ਗੱਲ ਆਪਣੀ ਕਿਸੇ ਮਨੌਤ ਨੂੰ ਮਨਵਾਉਣ ਲਈ ਜਾਂ ਇੱਛਾ ਦੀ ਪੂਰਤੀ ਲਈ ਭੁੱਖੇ ਪਿਆਸੇ ਰਹਿ ਕੇ ਹੱਠ ਕਰਨਾ ਇਸ ਪ੍ਰਕਿਰਿਆ ਦਾ ਜ਼ਰੂਰੀ ਅੰਗ ਹੈ ਜਿਸਦਾ ਗੁਰਮਤਿ ਨਾਲ ਦੂਰ ਦਾ ਵੀ ਵਾਹ ਵਾਸਤਾ ਨਹੀਂ ਹੈ। ਗੁਰਬਾਣੀ ਸਿਧਾਂਤਾਂ ਅਨੁਸਾਰ ਹਠ ਕਰਮ ਕਰਨੇ ਵਿਵਰਜਿਤ ਹਨ। ਪ੍ਰਭੂ ਨੂੰ ਕਿਸੇ ਹਠ ਕਰਮ ਨਾਲ ਖ਼ੁਸ਼ ਨਹੀਂ ਕੀਤਾ ਜਾ ਸਕਦਾ। ਅਜਿਹੇ ਕਰਮ ਮਨੁੱਖ ਦੀ ਆਪਣੀ ਕਲਪਿਤ ਸੋਚ ਦਾ ਹੀ ਸਿੱਟਾ ਹਨ ਇਨ੍ਹਾਂ ਦਾ ਧਰਮ ਨਾਲ ਕੋਈ ਸੰਬੰਧ ਨਹੀਂ ਹੈ।

“ਮਨਹਠਿ ਕਰਮ ਕਰੇ ਸੋ ਛੀਜੈ॥ ਬਹੁਤੇ ਭੇਖ ਕਰੇ ਨਹੀ ਭੀਜੈ॥” (ਪੰਨਾ-1059)

“ਮਨਹਠਿ ਕਰਮ ਕਮਾਵਦੇ ਨਿਤ ਨਿਤ ਹੋਹਿ ਖੁਆਰੁ॥

ਅੰਤਰਿ ਸਾਂਤਿ ਨ ਆਵਈ ਨਾ ਸਚਿ ਲਗੈ ਪਿਆਰੁ॥” (ਪੰਨਾ-66)

ਦੂਜੀ ਵੀਚਾਰ ਇਹ ਹੈ ਕਿ ਇਸ ਵਿੱਚ ਮੁਰਾਦ, ਕਾਮਨਾ ਆਦਿ ਰੱਖ ਕੇ ਇਹ ਸਾਰਾ ਕੁੱਝ ਕੀਤਾ ਜਾਂਦਾ ਹੈ ਆਪਣੇ ਪਤੀ ਦੀ ਲੰਮੀ ਉਮਰ ਲਈ ਕਾਮਨਾ ਕੀਤੀ ਜਾਂਦੀ ਹੈ ਅਤੇ ਇਸੇ ਲਈ ਹੀ ਵਰਤ ਰੱਖਿਆ ਜਾਂਦਾ ਹੈ। ਲੰਮੀ ਉਮਰ ਲਈ ਕਾਮਨਾ ਕਰਦਿਆਂ ਅਜਿਹਾ ਕਰਨਾ ਕੁਦਰਤੀ ਅਸੂਲ ਤੋਂ ਪੂਰੀ ਤਰ੍ਹਾਂ ਉਲਟ ਹੈ। ਕੀ ਅਜਿਹੀ ਕਿਰਿਆ ਰੱਬ ਤੋਂ ਆਪਣੀ ਮੰਗ ਮਨਵਾਉਣ ਲਈ ਭੁੱਖ ਵੜਤਾਲ ਵਾਂਗ ਹੀ ਨਹੀਂ ਹੈ? ਕੀ ਅਜਿਹੀ ਜ਼ਿਦ ਅਤੇ ਹੱਠ ਨਾਲ ਕੁਦਰਤ ਆਪਣਾ ਨੇਮ ਬਦਲ ਸਕਦੀ ਹੈ? ਜਿਸ ਰੱਬ ਨੂੰ ਮਾਤ ਪਿਤਾ, ਪ੍ਰਤਿਪਾਲਕ ਆਦਿ ਕਿਹਾ ਜਾਂਦਾ ਹੈ ਉਹ ਕਿਸੇ ਨੂੰ ਭੁਖਿਆਂ ਵੇਖ ਖੁਸ਼ ਹੋ ਸਕਦਾ ਹੈ? ਜੇਕਰ ਭੁੱਖੇ ਰਹਿਣ ਨਾਲ ਉਮਰ ਦੇ ਵਾਧੇ ਦਾ ਕੋਈ ਸਬੰਧ ਹੋਵੇ ਤਾਂ ਇਸ ਦੇਸ਼ ਵਿੱਚ ਹੀ ਕਿੰਨੇ ਲੋਕ ਹਨ ਜਿਹਨਾਂ ਨੂੰ ਢੰਗ ਨਾਲ ਗੁਜ਼ਾਰੇ ਜਿੰਨੀ ਰੋਟੀ ਨਸੀਬ ਨਹੀਂ ਹੁੰਦੀ ਕੀ ਉਹ ਚਿਰੰਜੀਵੀ ਬਣ ਗਏ ਹਨ? ਤਾਂ ਫਿਰ ਇਹ ਸਾਰਾ ਕੁੱਝ ਸੱਚ ਕਿਉਂ ਮੰਨਿਆ ਜਾ ਰਿਹਾ ਹੈ? ਗੁਰਬਾਣੀ ਦਾ ਸਿਧਾਂਤ ਕੁਦਰਤੀ ਨੇਮਾਂ ਨੂੰ ਸਮਝਣ, ਮੰਨਣ, ਅਤੇ ਅਪਣਾਉਣ ਤੇ ਜ਼ੋਰ ਦਿੰਦਾ ਹੈ। ਜੋ ਵੀ ਜਨਮਿਆਂ ਹੈ ਉਸ ਨੇ ਆਖ਼ਰ ਮਰਨਾ ਹੈ ਇਸ ਨੇਮ ਨੂੰ ਕੋਈ ਤੋੜ ਨਹੀਂ ਸਕਦਾ ਇਹ ਇੱਕ ਪਰਮ ਸੱਚਾਈ ਹੈ।

“ਜੋ ਆਇਆ ਸੋ ਚਲਸੀ ਸਭੁ ਕੋਈ ਆਈ ਵਾਰੀਐ॥” (ਪੰਨਾ-474)

“ਬਾਦਿਸਾਹ ਸਾਹ ਵਾਪਾਰੀ ਮਰਨਾ॥ ਜੋ ਦੀਸੈ ਸੋ ਕਾਲਹਿ ਖਰਨਾ॥” (ਪੰਨਾ-740)

ਤਾਂ ਕੀ ਕਿਸੇ ਦੇ ਹਠ ਕਰਮ ਨਾਲ ਕਿਸੇ ਦੂਜੇ ਦੀ ਉਮਰ ਵਧ ਸਕਦੀ ਹੈ। ਕੀ ਇਸਤਰ੍ਹਾਂ ਕਰਨ ਨਾਲ ਕੁਦਰਤੀ ਨੇਮ ਬਦਲਿਆ ਜਾ ਸਕਦਾ ਹੈ?

“ਧੁਰਿ ਲਿਖਿਆ ਮੇਟਿ ਨ ਸਕੀਐ ਜੋ ਹਰਿ ਲਿਖਿ ਪਾਇਆ॥” (ਪੰਨਾ-789)

ਫਿਰ ਪਤਨੀ ਹੀ ਪਤੀ ਦੀ ਲੰਮੀ ਉਮਰ ਦੀ ਕਾਮਨਾ ਕਰਦਿਆਂ ਹੋਇਆ ਇਹ ਵਰਤ ਕਿਉਂ ਰੱਖਦੀ ਹੈ? ਕੀ ਪਤੀ ਨੂੰ ਪਤਨੀ ਦੀ ਲੰਮੀ ਉਮਰ ਦੀ ਕਾਮਨਾ ਨਹੀਂ ਕਰਨੀ ਚਾਹੀਦੀ? ਕੀ ਵਰਤ ਰੱਖਣ ਵਾਲੀਆਂ ਔਰਤਾਂ ਦੇ ਪਤੀ ਕਦੇ ਨਹੀਂ ਮਰਦੇ? ਮੰਨ ਲਓ ਜੇ ਕਰ ਉਹਨਾਂ ਦੀ ਉਮਰ ਵੱਧ ਵੀ ਜਾਂਦੀ ਹੈ ਤਾਂ ਉਹਨਾਂ ਨੂੰ ਕਿਵੇਂ ਪਤਾ ਲੱਗਦਾ ਹੈ ਕਿ ਉਹਨਾਂ ਦੇ ਪਤੀ ਦੀ ਉਮਰ ਵਿੱਚ ਵਾਧਾ ਹੋ ਗਿਆ ਹੈ ਜਾਂ ਹੋ ਜਾਵੇਗਾ? ਇਸ ਤਰਾਂ ਇਹ ਰੀਤ ਕੇਵਲ ਤੇ ਕੇਵਲ ਔਰਤ ਲਈ ਹੀ ਨੀਯਤ ਹੈ ਪੁਰਸ਼ ਲਈ ਇਸ ਵਿੱਚ ਕੋਈ ਸਰੋਕਾਰ ਨਹੀਂ ਜਦੋਂ ਕਿ ਗੁਰਮਤਿ ਨੇ ਇਸਤਰੀ ਪੁਰਸ਼ ਨੂੰ ਬਰਾਬਰ ਦਾ ਦਰਜ਼ਾ ਦਿੱਤਾ ਹੈ।

“ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ॥” (ਪੰਨਾ-473)

ਕਿਸੇ ਵੀ ਤਰਾਂ ਦੇ ਹੱਠ ਕਰਨ ਨਾਲ ਕੁਦਰਤੀ ਨੇਮ ਨੂੰ ਬਦਲਿਆ ਨਹੀਂ ਜਾ ਸਕਦਾ ਅਤੇ ਨਾ ਹੀ ਅਜਿਹੇ ਕਰਮਕਾਡਾਂ ਨਾਲ ਉਮਰ ਦੇ ਵਧਣ ਘਟਣ ਨਾਲ ਕੋਈ ਸਬੰਧ ਹੈ।

ਇਸ ਰੀਤ ਵਿੱਚ ਚੰਦ੍ਰਮਾ ਨੂੰ ਦੇਵਤਾ ਮੰਨ ਕੇ ਸਾਰਾ ਕਰਮਕਾਂਡ ਉਸ ਦੇ ਆਲੇ ਦੁਆਲੇ ਹੀ ਕੀਤਾ ਜਾਂਦਾ ਹੈ। ਚੰਦ੍ਰਮਾ ਨੂੰ ਵੇਖ ਕੇ ਵਰਤ ਤੋੜਨਾ, ਉਸ ਨੂੰ ਜਲ ਅਰਪਿਤ ਕਰਨਾ, ਉਸ ਦੀ ਪੂਜਾ ਕਰਨੀ, ਆਦਿ ਇਸ ਰਸਮ ਦੇ ਅਹਿਮ ਹਿੱਸੇ ਹਨ ਸਿੱਖੀ ਸਿਧਾਂਤਾਂ ਅਨੁਸਾਰ ਕਿਸੇ ਦੇਵੀ ਦੇਵਤੇ ਨੂੰ ਕੋਈ ਮਾਨਤਾ ਨਹੀਂ ਦਿੱਤੀ ਗਈ ਦੇਵੀ ਦੇਵਤੇ ਪੁਰਾਣਵਾਦੀ ਕਥਾਵਾਂ ਜੋ ਕਿ ਮਨੋਕਲਪਿਤ ਹਨ ਵਿਚੋਂ ਉਤਪੰਨ ਹੋਏ ਹਨ ਜਿਨ੍ਹਾਂ ਦਾ ਕੁਦਰਤੀ ਤਾਕਤਾਂ ਨਾਲ ਕੋਈ ਸਬੰਧ ਨਹੀਂ। ਇਹਨਾਂ ਦੀ ਪੂਜਾ ਆਦਿ ਕਰਨੀ ਗੁਰਮਤਿ ਵਿੱਚ ਵਿਵਰਜਿਤ ਹੈ। ਜਿਸ ਚੰਦ੍ਰਮਾ ਨੂੰ ਦੇਵਤਾ ਮੰਨ ਕੇ ਪੂਜਿਆ ਜਾਂਦਾ ਹੈ ਉਸ ਬਾਰੇ ਬਾਣੀ ਦੇ ਹੁਕਮ ਹਨ।

“ਭੈ ਵਿਚਿ ਸੂਰਜੁ ਭੈ ਵਿਚਿ ਚੰਦੁ॥ ਕੋਹ ਕਰੋੜੀ ਚਲਤ ਨ ਅੰਤੁ॥” (ਪੰਨਾ-464)

“ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥” (ਪੰਨਾ-129)

ਇਸ ਤਰਾਂ ਵਰਤ ਆਦਿਕ ਨੂੰ ਗੁਰਮਤਿ ਵਿੱਚ ਕੋਈ ਮਾਨਤਾ ਨਹੀਂ ਹੈ ਹਠੀ ਕਰਮ ਕਰਦਿਆਂ ਭੋਜਨ ਆਦਿਕ ਛੱਡਣਾ ਸਰੀਰ ਨੂੰ ਦੁਖੀ ਕਰਨ ਤੋਂ ਵੱਧ ਕੁੱਝ ਵੀ ਨਹੀਂ ਗੁਰਬਾਣੀ ਗਿਆਨ ਨੇ ਅਜਿਹੇ ਭਰਮਾਂ ਦਾ ਖੰਡਣ ਕੀਤਾ ਹੈ ਅਤੇ ਹਰ ਤਰਾਂ ਦੇ ਵਰਤ ਦੀ ਖੰਡਣਾ ਕੀਤੀ ਹੈ।

“ਛੋਡਹਿ ਅੰਨੁ ਕਰਹਿ ਪਾਖੰਡ॥ ਨਾ ਸੋਹਾਗਨਿ ਨਾ ਓਹਿ ਰੰਡ॥ …………………

ਅੰਨੈ ਬਿਨਾ ਨ ਹੋਇ ਸੁਕਾਲੁ॥ ਤਜਿਐ ਅੰਨਿ ਨ ਮਿਲੈ ਗੁਪਾਲੁ॥” (ਪੰਨਾ-873)

“ਅੰਨੁ ਨ ਖਾਹਿ ਦੇਹੀ ਦੁਖੁ ਦੀਜੈ॥ ਬਿਨੁ ਗੁਰ ਗਿਆਨ ਤ੍ਰਿਪਤਿ ਨਹੀ ਥੀਜੈ॥” (ਪੰਨਾ-905)

“ਵਰਤ ਕਰਹਿ ਚੰਦ੍ਰਾਇਣਾ ਸੇ ਕਿਤੈ ਨ ਲੇਖੰ॥” (ਪੰਨਾ-1099)

“ਵਰਤ ਨ ਰਹਉ ਨ ਮਹ ਰਮਦਾਨਾ॥ ਤਿਸੁ ਸੇਵੀ ਜੋ ਰਖੈ ਨਿਦਾਨਾ॥” (ਪੰਨਾ-1136)

ਅਫ਼ਸੋਸ ਦੀ ਗੱਲ ਤਾਂ ਇਹ ਹੈ ਕਿ ਬਹੁ ਗਿਣਤੀ ਦੇ ਸਭਿਆਚਾਰ ਦੇ ਪ੍ਰਭਾਵ ਹੇਠ ਸਿੱਖ ਬੀਬੀਆਂ ਵੀ ਇਸ ਫੋਕੇ ਕਰਮਕਾਂਡ ਨੂੰ ਦੇਖਾ ਦੇਖੀ ਅਪਣਾ ਰਹੀਆਂ ਹਨ ਅਤੇ ਸਾਰੀਆਂ ਰਸਮਾਂ ਰੀਤਾਂ ਹਿੰਦੂ ਇਸਤਰੀਆਂ ਵਾਂਗ ਹੀ ਕਰਦੀਆਂ ਹਨ। ਇਉਂ ਪ੍ਰਤੀਤ ਹੁੰਦਾ ਹੈ ਕਿ ਜਿਵੇਂ ਗੁਰੂ ਸਾਹਿਬਾਨ ਦੀਆਂ ਮਹਾਨ ਸਿਖਿਆਵਾਂ ਨਾਲੋਂ, ਆਪਣੀ ਮਹਾਨ ਵਿਰਾਸਤ ਅਤੇ ਲਾਸਾਨੀ ਸ਼ਭਿਆਚਾਰ ਨਾਲੋਂ ਪੁਰਾਣਾ ਦੀਆਂ ਕਾਲਪਨਿਕ ਕਹਾਣੀਆਂ ਸਿੱਖ ਬੀਬੀਆਂ ਲਈ ਜ਼ਿਆਦਾ ਮਹਤੱਵਪੂਰਨ ਬਣ ਗਈਆਂ ਹਨ। ਬਹੁ ਗਿਣਤੀ ਦਾ ਸਭਿਆਚਾਰ ਜੋ ਕਿ ਮੀਡਿਏ ਰਾਹੀਂ ਪ੍ਰਚਾਰਿਆ ਪ੍ਰਸਾਰਿਆ ਜਾਂਦਾ ਹੈ ਉਸ ਦਾ ਸਭ ਤੋਂ ਜ਼ਿਆਦਾ ਅਸਰ ਔਰਤਾਂ ਕਬੂਲਦੀਆਂ ਹਨ। ਇਸੇ ਪ੍ਰਭਾਵ ਨੂੰ ਸਿੱਖ ਬੀਬੀਆਂ ਵੀ ਅਪਣਾਈ ਜਾ ਰਹੀਆਂ ਹਨ ਜੋ ਕਿ ਗੁਰਮਤਿ ਸਿਧਾਂਤ ਤੋਂ ਉਲਟ ਹੈ। ਗੁਰਬਾਣੀ ਅਸੂਲਾਂ ਅਨੁਸਾਰ ਮਨੁੱਖ ਨੂੰ ਜਿਤਨਾ ਜੀਵਨ ਪ੍ਰਾਪਤ ਹੋਇਆ ਹੈ ਉਸ ਨੂੰ ਚੰਗੇ ਢੰਗ ਨਾਲ ਜਿਉਣਾ ਚਾਹੀਦਾ ਹੈ ਨੇਕ ਕਰਮ ਅਤੇ ਸੱਚ ਨਾਲ ਜੁੜੇ ਰਹਿਣਾ ਚਾਹੀਦਾ ਹੈ। ਜੀਵਨ ਥੋੜਾ ਜਾਂ ਬਹੁਤਾ ਹੋਵੇ ਜੇ ਕਰ ਸੋਹਣੇ ਤਰੀਕੇ ਨਾਲ ਉਸ ਨੂੰ ਜੀਵਿਆ ਜਾਵੇ ਤਾਂ ਉਹ ਸਫਲਾ ਅਤੇ ਸਾਰਥਕ ਹੁੰਦਾ ਹੈ। ਪਰ ਜੇਕਰ ਹਜ਼ਾਰਾਂ ਸਾਲ ਦੀ ਉਮਰ ਵੀ ਪ੍ਰਾਪਤ ਹੋ ਜਾਵੇ ਪਰ ਜੇ ਉਹ ਪਸ਼ੂ ਬਿਰਤੀਆਂ ਵਿੱਚ ਹੀ ਬਤੀਤ ਹੁੰਦੀ ਹੈ ਤਾਂ ਇਤਨੀ ਲੰਮੀ ਉਮਰ ਵੀ ਕਿਸੇ ਅਰਥ ਨਹੀਂ ਗੁਰੂ ਨਾਨਕ ਸਾਹਿਬ ਦੇ ਇਸ ਮਹਾਨ ਵੀਚਾਰ ਨੂੰ ਧਿਆਨ ਹਿਤ ਰੱਖਣਾ ਚਾਹੀਦਾ ਹੈ

“ਜੇ ਜੁਗ ਚਾਰੇ ਆਰਜਾ ਹੋਰ ਦਸੂਣੀ ਹੋਇ॥ ਨਵਾ ਖੰਡਾ ਵਿਚਿ ਜਾਣੀਐ ਨਾਲਿ ਚਲੈ ਸਭੁ ਕੋਇ॥ ਚੰਗਾ ਨਾਉ ਰਖਾਇ ਕੈ ਜਸੁ ਕੀਰਤਿ ਜਗਿ ਲੇਇ॥ ਜੇ ਤਿਸੁ ਨਦਰਿ ਨ ਆਵਈ ਤ ਵਾਤ ਨ ਪੁਛੈ ਕੇ॥ ਕੀਟਾ ਅੰਦਰਿ ਕੀਟੁ ਕਰਿ ਦੋਸੀ ਦੋਸੁ ਧਰੇ॥ ਨਾਨਕ ਨਿਰਗੁਣਿ ਗੁਣੁ ਕਰੇ ਗੁਣਵੰਤਿਆ ਗੁਣੁ ਦੇ॥ ਤੇਹਾ ਕੋਇ ਨ ਸੁਝਈ ਜਿ ਤਿਸੁ ਗੁਣੁ ਕੋਇ ਕਰੇ॥” (ਪੰਨਾ-2)

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?