ਚੰਡੀਗੜ੍ਹ, 28 ਦਸੰਬਰ 2023 ( ਬਿਮਲਜੀਤ ਸਿੰਘ ਰੰਧਾਵਾ ) ਸਤਲੁਜ-ਯਮੁਨਾ ਲਿੰਕ ਨਹਿਰ (SYL) ਮਸਲੇ (SYL issue) ‘ਤੇ ਹਰਿਆਣਾ ਅਤੇ ਪੰਜਾਬ ਦੇ ਮੁੱਖ ਮੰਤਰੀਆਂ ਅਤੇ ਅਧਿਕਾਰੀਆਂ ਦੀ ਬੈਠਕ ਬਿਨਾਂ ਕਿਸੇ ਨਤੀਜੇ ਦੇ ਸਮਾਪਤ ਹੋ ਗਈ। ਲਗਭਗ 1.20 ਘੰਟੇ ਤੱਕ ਚੱਲੀ ਬੈਠਕ ਵਿੱਚ ਦੋਵੇਂ ਸੂਬੇ ਆਪਣੇ ਪੁਰਾਣੇ ਸਟੈਂਡ ’ਤੇ ਅੜੇ ਰਹੇ। ਬੈਠਕ ਦੀ ਸਮਾਪਤੀ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਅਸੀਂ ਆਪਣੇ ਪੁਰਾਣੇ ਸਟੈਂਡ ‘ਤੇ ਕਾਇਮ ਹਾਂ। ਸਾਡੇ ਕੋਲ ਦੇਣ ਲਈ ਕੋਈ ਵਾਧੂ ਪਾਣੀ ਨਹੀਂ ਹੈ। ਇਸ ਦੇ ਨਾਲ ਹੀ ਸਾਨੂੰ ਯਮੁਨਾ ਤੋਂ ਹਰਿਆਣਾ ਨੂੰ ਪਾਣੀ ਦੇਣ ‘ਤੇ ਕੋਈ ਇਤਰਾਜ਼ ਨਹੀਂ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਸਤਲੁਜ ਹੁਣ ਦਰਿਆ ਨਹੀਂ ਸਗੋਂ ਨਾਲਾ ਬਣ ਗਿਆ ਹੈ। ਪੰਜਾਬ ਦਾ 70 ਫੀਸਦੀ ਇਲਾਕਾ ਡਾਰਕ ਜ਼ੋਨ ਵਿੱਚ ਚਲਾ ਗਿਆ ਹੈ। ਪੰਜਾਬ ਦਾ ਪਾਣੀ ਡੂੰਘਾ ਹੋ ਗਿਆ। ਅਜਿਹੀ ਸਥਿਤੀ ਵਿੱਚ ਵੱਧ ਸਮਰੱਥਾ ਵਾਲੀਆਂ ਮੋਟਰਾਂ ਦੀ ਵਰਤੋਂ ਕਰਨੀ ਪੈਂਦੀ ਹੈ। ਉਨ੍ਹਾਂ ਪੰਜਾਬ ਵਿੱਚ ਧਰਤੀ ਹੇਠਲਾ ਪਾਣੀ ਕੱਢਣ ਲਈ ਜਿੰਨੀ ਸਮਰੱਥਾ ਵਾਲੀ ਮੋਟਰ ਵਰਤੀ ਜਾਂਦੀ ਹੈ, ਉਸੇ ਸਮਰੱਥਾ ਦੀ ਮੋਟਰ ਦੁਬਈ ਵਿੱਚ ਤੇਲ ਕੱਢਣ ਲਈ ਵਰਤੀ ਜਾਂਦੀ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਯਤਨ ਕੀਤੇ ਜਾ ਰਹੇ ਹਨ। ਪੁਰਾਣੇ ਨਾਲਿਆਂ ਅਤੇ ਰਜਵਾਹਿਆਂ ਦੀ ਸਾਂਭ-ਸੰਭਾਲ ਕੀਤੀ ਜਾ ਰਹੀ ਹੈ। ਨਵੇਂ ਡੈਮ ਬਣਾਏ ਜਾ ਰਹੇ ਹਨ। ਤਾਂ ਜੋ ਅਸੀਂ ਆਪਣੀਆਂ ਲੋੜਾਂ ਪੂਰੀਆਂ ਕਰ ਸਕੀਏ। ਜਦਕਿ ਹਰਿਆਣਾ ਅਜਿਹਾ ਨਹੀਂ ਕਰ ਸਕਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ 52 ਐਮਐਫ ਪਾਣੀ ਦੀ ਲੋੜ ਹੈ। ਪਰ ਸਾਡੇ ਕੋਲ ਸਾਢੇ 14 ਐਮ.ਐਫ. ਹੈ, ਅਜਿਹੀ ਸਥਿਤੀ ਵਿੱਚ ਅਸੀਂ ਪਾਣੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਅਜਿਹੀ ਸਥਿਤੀ ਵਿੱਚ ਪੰਜਾਬ ਵਿੱਚ ਨਹਿਰ ਬਣਾਉਣ ਦਾ ਕੋਈ ਫਾਇਦਾ ਨਹੀਂ ਹੈ। ਅਸੀਂ 4 ਜਨਵਰੀ ਨੂੰ ਹੋਣ ਵਾਲੀ ਸੁਣਵਾਈ ਵਿੱਚ ਆਪਣਾ ਪੱਖ ਪੇਸ਼ ਕਰਾਂਗੇ।
Author: Gurbhej Singh Anandpuri
ਮੁੱਖ ਸੰਪਾਦਕ