Home » ਅੰਤਰਰਾਸ਼ਟਰੀ » ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਜਿਹੜੀ ਕਿ ਜੋ਼ਖ਼ਮ ਭਰੇ ਕੰਮ ਤੇਲ ਟੈਂਕਰ ਦੀ ਡਰਾਇਵਰ ਬਣ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਬਣ ਰਹੀ ਮਿਸਾਲ

ਇਟਲੀ ਦੀ ਪਹਿਲੀ ਪੰਜਾਬਣ ਰਾਜਦੀਪ ਕੌਰ ਜਿਹੜੀ ਕਿ ਜੋ਼ਖ਼ਮ ਭਰੇ ਕੰਮ ਤੇਲ ਟੈਂਕਰ ਦੀ ਡਰਾਇਵਰ ਬਣ ਇਟਲੀ ਦੀਆਂ ਪ੍ਰਵਾਸੀ ਔਰਤਾਂ ਲਈ ਬਣ ਰਹੀ ਮਿਸਾਲ

127 Views

ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ :-ਰਾਜਦੀਪ ਕੌਰ

ਰੋਮ 8 ਫਰਵਰੀ ( ਦਲਵੀਰ ਸਿੰਘ ਕੈਂਥ )ਰੀਝਾਂ ਨੂੰ ਮਾਰ ਕੇ ਕੋਈ ਜਿਉਣਾ ਨਹੀਂ ਹੁੰਦਾ ਜੇਕਰ ਜਿੰਦਗੀ ਜਿਉਣੀ ਚਾਹੁੰਦੇ ਹੋ ਤਾਂ ਜੋ ਸੁਪਨੇ ਤੁਸੀ ਦੇਖਦੇ ਹੋ ਜਾਂ ਜਿਹੜੇ ਸੁਪਨੇ ਤੁਹਾਨੂੰ ਸੌਣ ਨਹੀਂ ਦਿੰਦੇ ਉਹਨਾਂ ਸੁਪਨਿਆਂ ਨੂੰ ਉਹਨਾਂ ਰੀਝਾਂ ਨੂੰ ਸੱਚ ਕਰਨ ,ਹਕੀਕਤ ਬਣਾਉਣ ਲਈ ਸੰਘਰਸ਼ ਕਰੋ ਹਾਲਾਤਾਂ ਨਾਲ ਆਪਣੇ ਆਪ ਨਾਲ ਤੇ ਦੁਨੀਆਂ ਨੂੰ ਦਿਖਾਓ ਕਿ ਜੇਕਰ ਇਨਸਾਨ ਦੇ ਇਰਾਦੇ ਬੁਲੰਦ ਤੇ ਦ੍ਰਿੜ ਹੋਣ ਤਾਂ ਦੁਨੀਆਂ ਵਿੱਚ ਕੋਈ ਵੀ ਕੰਮ ਅਸੰਭਵ ਨਹੀਂ ਹੁੰਦਾ।ਇਹ ਅਲਫਾਜ਼ ਹਨ ਪੰਜਾਬ ਦੀ ਉਸ ਧੀ ਦੇ ਜਿਹੜੀ ਕਿ ਪੰਜਾਬ ਦੇ ਜਿ਼ਲ੍ਹਾ ਫਤਿਹਗ੍ਹੜ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਵਿਖੇ ਸਿੱਖ ਪਰਿਵਾਰ ਦੇ ਸ: ਕਰਮ ਸਿੰਘ ਤੇ ਬੀਬੀ ਜਸਪਾਲ ਕੌਰ ਦੇ ਘਰ ਜਨਮੀ ਰਾਜਦੀਪ ਕੌਰ ।

ਜਿਸ ਨੂੰ ਖੇਤੀ-ਬਾੜੀ ਨਾਲ ਸੰਬਧਤ ਮਸ਼ੀਨਰੀ ਚਲਾਉਣ ਦਾ ਸ਼ੌਕ ਬਚਪਨ ਤੋਂ ਹੀ ਸੀ ਇਸ ਸ਼ੌਕ ਨੇ ਉਸ ਨੂੰ ਅੱਜ ਇਟਲੀ ਦੀ ਪਹਿਲੀ ਅਜਿਹੀ ਪੰਜਾਬਣ ਬਣਾ ਦਿੱਤਾ ਹੈ ਜਿਹੜੀ ਲੰਬਾਰਦੀਆ,ਇਮਿਲੀਆ ਰੋਮਾਨਾ ਤੇ ਕਈ ਹੋਰ ਇਲਾਕਿਆਂ ਵਿੱਚ ਤੇਲ(ਪੈਟਰੋਲ,ਡੀਜ਼ਲ)ਦੇ ਟੈਂਕਰ ਦੀ ਡਰਾਇਵਰ ਬਣ ਪੈਟਰੋਲ ਪੰਪਾਂ ਉਪੱਰ ਤੇਲ ਦੀ ਸਪਲਾਈ ਪਹੁੰਚਾਉਣ ਦਾ ਜੋਖ਼ਮ ਭਰਿਆ ਕੰਮ ਕਰਦੀ ਹੈ ਜਦੋਂ ਕਿ ਇਸ ਖੇਤਰ ਵਿੱਚ ਖਤਰੇ ਵਾਲਾ ਕੰਮ ਹੋਣ ਕਾਰਨ ਇਟਾਲੀਅਨ ਕੁੜੀਆਂ ਨਾ ਦੇ ਬਰਾਬਰ ਹਨ।ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਆਪਣੀ ਸੰਘਰਸ ਭਰੀ ਕਾਮਯਾਬੀ ਦੀ ਗੱਲ ਕਰਦਿਆਂ ਰਾਜਦੀਪ ਕੌਰ (ਜਿਹੜੀ ਕਿ ਹਰਜਿੰਦਰ ਸਿੰਘ ਨਾਲ ਵਿਆਹ ਕਰਵਾ ਸੰਨ 2006 ਵਿੱਚ ਇਟਲੀ ਆਈ)ਨੇ ਕਿਹਾ ਕਿ ਪਹਿਲਾ-ਪਹਿਲ ਉਸ ਨੇ ਫੈਕਟਰੀ ਵਿੱਚ ਕੰਮ ਕੀਤਾ ਫਿਰ ਹਸਪਤਾਲ ਵਿੱਚ ਵਾਰਡ ਸਹਿਯੋਗੀ ਵਜੋਂ ਵੀ ਸੇਵਾਵਾਂ ਦਿੱਤੀ ਪਰ ਉਸ ਨੂੰ ਉਹ ਸਕੂਨ ਨਹੀਂ ਮਿਲਿਆ ਜਿਹੜਾ ਕਿ ਉਹ ਕੁਝ ਵੱਖਰਾ ਕਰ ਹਾਸਿਲ ਕਰਨਾ ਚਾਹੁੰਦੀ ਸੀ ਫਿਰ ਉਸ ਨੇ ਸੋਸ਼ਲ ਮੀਡੀਏ ਉਪੱਰ ਕੈਨੇਡਾ ਦੀ ਇੱਕ ਕੁੜੀ ਨੂੰ ਟਰੱਕ ਚਲਾਉਂਦਿਆ ਦੇਖਿਆ ਬਸ ਫਿਰ ਕੀ ਸੀ ਰਾਜਦੀਪ ਕੌਰ ਨੂੰ ਮੰਜਿ਼ਲ ਮਿਲ ਗਈ ਉਸ ਨੇ ਕੈਨੇਡਾ ਦੀ ਪੰਜਾਬਣ ਨੂੰ ਆਪਣਾ ਮਾਰਗ ਦਰਸ਼ਕ ਮਨ ਟੱਰਕ ਡਰਾਇਵਰ ਬਣਨ ਲਈ ਨਵੀਆਂ ਪੁਲਾਂਘਾ ਪੁੱਟਣੀਆਂ ਸ਼ੁਰੂ ਕਰ ਦਿੱਤੀਆਂ ਇਸ ਖੇਤਰ ਵਿੱਚ ਚਾਹੇ ਉਸ ਨੂੰ ਕਾਫ਼ੀ ਸੰਘਰਸ਼ ਕਰਨਾ ਪਿਆ ਪਰ ਪਤੀ ਹਰਜਿੰਦਰ ਸਿੰਘ ਤੇ ਹੋਰ ਪਰਿਵਾਰ ਦੀਆਂ ਪ੍ਰੇਰਨਾਵਾਂ ਸੱਦਕੇ ਅੱਜ ਰਾਜਦੀਪ ਕੌਰ ਉਸ ਮੁਕਾਮ ਉਪੱਰ ਪਹੁੰਚ ਹੀ ਗਈ ਜਿਹੜਾ ਕਦੀਂ ਉਸ ਲਈ ਸਿਰਫ਼ ਸੁਪਨਾ ਸੀ ਤੇ ਉਹ ਇਟਲੀ ਦੀਆਂ ਪਰਵਾਸੀ ਔਰਤਾਂ ਲਈ ਕਾਮਯਾਬੀ ਦੀ ਇੱਕ ਮਿਸਾਲ ਹੈ।

7 ਫਰਵਰੀ ਨੂੰ ਰਾਜਦੀਪ ਕੌਰ ਆਪਣਾ ਜਨਮ ਦਿਨ ਮਨਾਉਂਦੇ ਹੋਏ ਇਟਲੀ ਦੀਆਂ ਉਹਨਾਂ ਤਮਾਮ ਪੰਜਾਬਣਾਂ ਨੂੰ ਇਹ ਕਹਿਣਾ ਚਾਹੁੰਦੀ ਹੈ ਕਿ ਜਿੰਦਗੀ ਵਿੱਚ ਕਾਮਯਾਬ ਹੋਣ ਦਾ ਮੌਕਾ ਦੇਰ ਸਵੇਰ ਵਾਹਿਗੁਰੂ ਸਭ ਨੂੰ ਦਿੰਦਾ ਜਰੂਰ ਹੈ ਪਰ ਮਿਹਨਤ ,ਸੰਘਰਸ਼ ਤੇ ਬਲੁੰਦ ਇਰਾਦਿਆਂ ਨਾਲ ਹਾਸਿਲ ਕੀਤੀ ਕਾਮਯਾਬੀ ਦਾ ਕੀ ਆਨੰਦ ਹੈ ਇਹ ਉਹੀ ਸਮਝ ਸਕਦਾ ਜਿਸ ਨੇ ਬਿਨ੍ਹਾਂ ਰੁੱਕੇ ਬਿਨ੍ਹਾਂ ਝੁੱਕੇ ਹੱਡ ਭੰਨਵੀ ਮਿਹਨਤ ਕਰ ਕਾਮਯਾਬੀ ਹਾਸਿਲ ਕੀਤੀ ਹੋਵੇ।ਇਸ ਲਈ ਪੰਜਾਬ ਤੋਂ ਇਟਲੀ ਆਕੇ ਸੌਖਾ ਨਹੀਂ ਵੱਖਰੀ ਪਹਿਚਾਣ ਬਣਾਉਣੀ ਬਸ ਸੰਘਰਸ਼ ਤੇ ਮਿਹਨਤ ਕਰਦੇ ਰਹੋ ਅਕਾਲ ਪੁਰਖ ਸਭ ਨੂੰ ਬੁਲੰਦ ਬਖ਼ਸੇਗਾ ।ਰਾਜਦੀਪ ਕੌਰ ਦੀ ਕਈ ਸਾਲ ਕੀਤੀ ਮਿਹਨਤ ਦਾ ਵਕਤ ਨੇ ਅੱਜ ਮੁੱਲ ਪਾ ਦਿੱਤਾ ਹੈ ਤੇ ਬਾਕੀ ਉਹਨਾਂ ਸਭ ਪੰਜਾਬਣਾਂ ਨੂੰ ਵੀ ਕਾਮਯਾਬੀ ਜ਼ਰੂਰ ਮਿਲੇਗੀ ਜਿਹੜੀਆਂ ਕੁਝ ਵੱਖਰਾ ਕਰਨ ਦੇ ਸੁਪਨੇ ਦੇਖ ਦਿਨ-ਰਾਤ ਮਿਹਨਤ ਮੁਸ਼ੱਕਤ ਕਰ ਰਹੀਆਂ ਹਨ।ਜਿ਼ਕਰਯੋਗ ਹੈ ਇਸ ਸਮੇਂ ਇਟਲੀ ਵਿੱਚ ਭਾਰਤੀਆਂ ਦੀ ਕਾਮਯਾਬੀ ਦਾ ਜਿ਼ਕਰ ਹਰ ਖੇਤਰ ਵਿੱਚ ਜੋ਼ਰ ਫੜ੍ਹਦਾ ਜਾ ਰਿਹਾ ਹੈ ਜਿਹੜਾ ਕਿ ਚੰਗਾ ਸ਼ੰਗਨ ਮੰਨਿਆ ਜਾ ਰਿਹਾ ਹੈ ।ਹੁਣ ਉਹ ਦਿਨ ਦੂਰ ਨਹੀਂ ਜਦੋਂ ਅਮਰੀਕਾ-ਕਨੇਡਾ ਵਾਂਗਰ ਇਟਲੀ ਦੇ ਭਾਰਤੀਆਂ ਦਾ ਵੀ ਮਾਣਮੱਤਾ ਇਤਿਹਾਸ ਹੋਵੇਗਾ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?