ਅੰਮ੍ਰਿਤਸਰ, 7 ਮਾਰਚ ( ਹਰਸਿਮਰਨ ਸਿੰਘ ਹੁੰਦਲ ): ਸੁਖਬੀਰ ਸਿੰਘ ਬਾਦਲ ਅਤੇ ਸੁਖਦੇਵ ਸਿੰਘ ਢੀੰਡਸਾ ਦੇ ਮਿਲਾਪ ‘ਤੇ ਸਖ਼ਤ ਟਿੱਪਣੀ ਕਰਦਿਆਂ ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪਹਿਲਾਂ ਜਦੋਂ ਅਕਾਲੀ ਦਲ ਦੇ ਵੱਖ-ਵੱਖ ਧੜੇ ਇਕੱਠੇ ਹੋ ਜਾਂਦੇ ਸਨ ਤਾਂ ਲੋਕ ਕਹਿੰਦੇ ਸੀ ਕਿ ਪੰਥ ਇਕੱਠਾ ਹੋ ਗਿਆ, ਪਰ ਹੁਣ ਜਦੋਂ ਇਹ ਅਖੌਤੀ ਅਕਾਲੀ ਆਪਣੇ ਨਿੱਜ ਅਤੇ ਸਿਆਸਤ ਦੀ ਪੂਰਤੀ ਲਈ ਇਕੱਠੇ ਹੁੰਦੇ ਨੇ ਤਾਂ ਲੋਕੀ ਕਹਿੰਦੇ ਨੇ ਕਿ ਚੋਰ ਇਕੱਠੇ ਹੋ ਗਏ। ਉਹਨਾਂ ਕਿਹਾ ਕਿ ਜਦੋਂ ਸੁਖਦੇਵ ਸਿੰਘ ਢੀਂਡਸਾ, ਸੁਖਬੀਰ ਬਾਦਲ ਨਾਲੋਂ ਅਲੱਗ ਹੋਇਆ ਸੀ ਤਾਂ ਅਸੀਂ ਉਦੋਂ ਤੋਂ ਹੀ ਸੰਗਤਾਂ ਨੂੰ ਸੁਚੇਤ ਕਰਦੇ ਆ ਰਹੇ ਹਾਂ ਕਿ ਇਹਨਾਂ ਨੇ ਸਿਰਫ਼ ਢਕਵੰਜ/ਡਰਾਮਾ ਰਚਿਆ ਹੋਇਆ ਹੈ ਤੇ ਸਮਾਂ ਆਉਣ ਤੇ ਇਹ ਇਕੱਠੇ ਹੋ ਜਾਣਗੇ। ਉਹਨਾਂ ਕਿਹਾ ਕਿ ਸੁਖਬੀਰ ਬਾਦਲ ਹੋਵੇ ਜਾਂ ਸੁਖਦੇਵ ਸਿੰਘ ਢੀਂਡਸਾ ਇਹਨਾਂ ਵਿੱਚ ਪੰਥ ਪ੍ਰਸਤੀ ਅਤੇ ਪੰਜਾਬ ਪ੍ਰਸਤੀ ਨਹੀਂ, ਇਹ ਪੰਥ ਅਤੇ ਪੰਜਾਬ ਦੇ ਹਿੱਤਾਂ ਵਿਰੁੱਧ ਭੁਗਤਦੇ ਹਨ, ਇਹ ਰਲ-ਮਿਲ ਕੇ ਖਾਲਸਾ ਪੰਥ ਅਤੇ ਪੰਜਾਬ ਵਾਸੀਆਂ ਨੂੰ ਮੂਰਖ ਬਣਾਉਂਦੇ ਆ ਰਹੇ ਹਨ।
ਯਾਦ ਰੱਖਣ ਦੀ ਲੋੜ ਹੈ ਕਿ ਸੁਖਦੇਵ ਸਿੰਘ ਢੀਂਡਸਾ ਵੀ ਸਿੱਖਾਂ ਦੇ ਕਾਤਲ ਇਜ਼ਹਾਰ ਆਲਮ ਦਾ ਯਾਰ ਰਿਹਾ ਹੈ। ਇਹਨਾਂ ਅਖੌਤੀ ਅਕਾਲੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ, ਸੰਘਰਸ਼ਸ਼ੀਲ ਸਿੰਘਾਂ ਦੀਆਂ ਸ਼ਹੀਦੀਆਂ, ਬੰਦੀ ਸਿੰਘਾਂ ਦੀਆਂ ਰਿਹਾਈਆਂ, ਹੱਕ ਮੰਗਦੇ ਕਿਸਾਨਾਂ, ਬੇਰੁਜ਼ਗਾਰਾਂ ਨੌਜਵਾਨਾਂ ਅਤੇ ਦਸ ਸਿੱਖ ਨੌਜਵਾਨਾਂ ‘ਤੇ ਲੱਗੀ ਐਨ.ਐਸ.ਏ. ਦਾ ਕੋਈ ਦੁੱਖ ਨਹੀਂ। ਇਹ ਉਹ ਅਕਾਲੀ ਨਹੀਂ ਜੋ ਪੰਥ ਵਸੈ ਮੈਂ ਉੱਜੜਾ ਸਿਧਾਂਤ ਦੇ ਧਾਰਨੀ ਸਨ, ਇਹ ਤਾਂ ਕਹਿੰਦੇ ਹਨ ਕਿ ਸਾਡੀ ਸਿਆਸਤ ਚਮਕਣੀ ਚਾਹੀਦੀ ਹੈ, ਕੁਰਸੀ ਮਿਲਣੀ ਚਾਹੀਦੀ ਹੈ, ਪੰਥ ਭਾਵੇਂ ਢੱਠੇ ਖੂਹ ਵਿੱਚ ਪਵੇ। ਇਹਨਾਂ ਅਖੌਤੀ ਅਕਾਲੀਆਂ ਨੇ ਰਲ ਮਿਲ ਕੇ ਖਾਲਸਾ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਪਹਿਲਾਂ ਪੰਜਾਬੀ ਦਲ ਬਣਾਇਆ, ਫਿਰ ਬਾਦਲ ਦਲ ਤੋਂ ਬੇਅਦਬੀ ਦਲ ਬਣਾ ਧਰਿਆ ਹੈ। ਸੁਖਬੀਰ ਬਾਦਲ ਤੇ ਸੁਖਦੇਵ ਢੀਂਡਸਾ ਦਾ ਨਾਂ ਇਤਿਹਾਸ ਵਿੱਚ ਹਰਚੰਦ ਸਿੰਘ ਲੌਂਗੋਵਾਲ ਅਤੇ ਸੁਰਜੀਤ ਸਿੰਘ ਬਰਨਾਲੇ ਵਾਂਗ ਕੌਮ ਦੇ ਗੱਦਾਰਾਂ ਵਿੱਚ ਗਿਣਿਆ ਜਾਏਗਾ। ਇਹ ਪੰਥ ਅਤੇ ਪੰਜਾਬ ਦੇ ਹਿਤੈਸ਼ੀ ਨਹੀਂ, ਇਹ ਪੰਥ ਅਤੇ ਪੰਜਾਬ ਨੂੰ ਲੁੱਟਣ-ਕੁੱਟਣ ਵਾਲੇ ਹਨ, ਇਹ ਦਿੱਲੀ ਦਰਬਾਰ ਦੇ ਪਿਆਦੇ ਹਨ। ਹੁਣ ਇਹਨਾਂ ਨੇ ਥੋੜੇ ਦਿਨਾਂ ਬਾਅਦ ਭਾਜਪਾ ਅਤੇ ਆਰ.ਐਸ.ਐਸ. ਦੇ ਨਾਲ ਵੀ ਜਨਤਕ ਤੌਰ ‘ਤੇ ਜੱਫੀਆਂ ਪਾਉਣੀਆਂ ਹਨ। ਇਹ ਕੁੜਤੇ-ਪਜਾਮੇ ਤੇ ਗਾਤਰੇ-ਕਛਹਿਰਿਆਂ ਵਾਲੇ ਅਕਾਲੀ ਨਹੀਂ, ਇਹ ਖਾਕੀ ਨਿੱਕਰਾਂ ਵਾਲੇ ਹਿੰਦੁਤਵ ਦੇ ਹੱਥਠੋਕੇ ਹਨ।
Author: Gurbhej Singh Anandpuri
ਮੁੱਖ ਸੰਪਾਦਕ