ਚੰਡੀਗੜ 7 ਮਾਰਚ 2024 ( ਬਲਦੇਵ ਸਿੰਘ ਭੋਲੇਕੇ ) ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚੱਲ ਰਹੀ ਮੁਹਿੰਮ ਤਹਿਤ ਵੀਰਵਾਰ ਨੂੰ ਗੁਰਮੇਜ ਸਿੰਘ ਅਤੇ ਜਵਾਲਾ ਸਿੰਘ (ਦੋਵੇਂ ਸਾਬਕਾ ਸਰਪੰਚ), ਨਿਰਵੈਲ ਸਿੰਘ, ਕਾਬੁਲ ਸਿੰਘ ਅਤੇ ਗੁਰਬੀਰ ਸਿੰਘ (ਦੋਵੇਂ ਸਾਬਕਾ ਮੈਂਬਰ) ਨੂੰ ਗ੍ਰਾਮ ਪੰਚਾਇਤ ਬੇਨਕਾ ,ਜ਼ਿਲ੍ਹਾ ਤਰਨਤਾਰਨ ਦੇ ਵਿਕਾਸ ਲਈ ਮਿਲੀ ਸਰਕਾਰੀ ਗਰਾਂਟ ਦੀ ਦੁਰਵਰਤੋਂ ਕਰਨ ਲਈ ਗ੍ਰਿਫਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਓਰੋ ਦੇ ਬੁਲਾਰੇ ਨੇ ਦੱਸਿਆ ਕਿ ਸਾਬਕਾ ਪੰਚਾਇਤ ਮੈਂਬਰਾਂ ਖਿਲਾਫ ਇਹ ਕੇਸ ਪਿੰਡ ਬੇਨਕਾ ਦੇ ਵਸਨੀਕ ਸ਼ੁਬੇਗ ਸਿੰਘ ਵੱਲੋਂ ਬਿਊਰੋ ਨੂੰ ਦਰਜ ਕਰਵਾਈ ਸ਼ਿਕਾਇਤ ਦੇ ਅਧਾਰ ’ਤੇ ਦਰਜ ਕੀਤਾ ਗਿਆ ਹੈ।
ਬੁਲਾਰੇ ਨੇ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਤੋਂ ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਉਕਤ ਦੋਸ਼ੀਆਂ ਨੇ ਪਿੰਡ ਬੇਨਕਾ ਦੇ ਪੰਚਾਇਤ ਮੈਂਬਰਾਂ ਵਜੋਂ ਆਪਣੇ ਕਾਰਜ ਕਾਲ ਦੌਰਾਨ ਸਰਕਾਰੀ ਫੰਡਾਂ ਚੋਂ 1,66,95,153 ਰੁਪਏ ਦਾ ਗਬਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧ ਵਿੱਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਅੰਮ੍ਰਿਤਸਰ ਰੇਂਜ ਵਿੱਚ ਪੰਜਾਂ ਮੁਲਜ਼ਮਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।
Author: Gurbhej Singh Anandpuri
ਮੁੱਖ ਸੰਪਾਦਕ