ਅੰਮ੍ਰਿਤਸਰ 10 ਅਪ੍ਰੈਲ ( ਹਰਸਿਮਰਨ ਸਿੰਘ ਹੁੰਦਲ ) ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਹੋਈ। ਜਿਸ ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਵਧੀਕ ਮੁੱਖ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਦਿਆਲ ਸਿੰਘ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਗੁਰਮਿੰਦਰ ਸਿੰਘ ਸ਼ਾਮਲ ਹੋਏ।ਇਕੱਤਰਤਾ ਵਿਚ ਵਿਚਾਰਾਂ ਕਰ ਕੇ ਅਹਿਮ ਫ਼ੈਸਲੇ ਲਏ ਗਏ। ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਖ਼ਾਲਸਾ ਸਾਜਨਾ ਦਿਵਸ ਦੇ 325 ਸਾਲ ਪੂਰੇ ਹੋਣ ‘ਤੇ 13 ਅਪ੍ਰੈਲ 2024 ਨੂੰ ਹਰ ਸਿੱਖ ਆਪਣੇ ਘਰਾਂ ਉੱਪਰ ਖ਼ਾਲਸਾਈ ਨਿਸ਼ਾਨ ਝੁਲਾ ਕੇ ਖ਼ਾਲਸਾਈ ਜਾਹੋ-ਜਲਾਲ ਦਾ ਪ੍ਰਗਟਾਵਾ ਕਰੇ। ਇਸ ਦੇ ਨਾਲ ਹੀ ਸਾਰੀ ਕੌਮ ਨੂੰ ਸੰਦੇਸ਼ ਹੈ ਕਿ ਆਓ! ਅਗਿਆਨਤਾ ਰੂਪੀ ਆਤਮਿਕ ਧੁੰਦੂਕਾਰੇ ਵਿਚੋਂ ਬਾਹਰ ਨਿਕਲ ਕੇ ਸੱਚ-ਧਰਮ ਦੇ ਪਾਂਧੀ ਬਣਨ ਦੇ ਯਤਨ ਕਰਦਿਆਂ ਸਾਬਤ-ਸੂਰਤ ਹੋ ਕੇ ਅੰਮ੍ਰਿਤਧਾਰੀ ਹੋਈਏ ਅਤੇ ਦਸਮੇਸ਼ ਪਿਤਾ, ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੁਆਰਾ ਆਪਣਾ ਪੂਰਾ ਸਰਬੰਸ ਵਾਰ ਕੇ ਸਾਡੇ ਲਈ ਖੁਸ਼ਹਾਲ ਕੀਤੀ ਖ਼ਾਲਸਾਈ ਫੁਲਵਾੜੀ ਦੀ ਮਹਾਨ ਵਿਰਾਸਤ ਦੇ ਵਾਰਿਸ ਬਣੀਏ।ਉਨ੍ਹਾਂ ਕਿਹਾ ਕਿ 13 ਅਪ੍ਰੈਲ 2024 ਨੂੰ ਖ਼ਾਲਸਾ ਸਾਜਨਾ ਦਿਵਸ (ਵਿਸਾਖੀ) ਵਾਲੇ ਦਿਨ ਸਵੇਰੇ 9 ਵਜੇ ਸੰਸਾਰ-ਭਰ ਵਿਚ ਵੱਸਦਾ ਹਰ ਸਿੱਖ, ਸਮੂਹ ਬੰਦੀ ਸਿੰਘਾਂ ਦੀ ਰਿਹਾਈ ਅਤੇ ਖ਼ਾਲਸਾ ਪੰਥ ਦੀ ਚੜ੍ਹਦੀ ਕਲਾ ਲਈ ਪੰਜ ਮਿੰਟ ਗੁਰਮੰਤਰ ਅਤੇ ਮੂਲਮੰਤਰ ਦਾ ਜਾਪ ਕਰ ਕੇ ਅਰਦਾਸ ਕਰੇ।
ਉਨ੍ਹਾਂ ਕਿਹਾ ਕਿ ਜੂਨ 1984 ਦੇ ਸ੍ਰੀ ਦਰਬਾਰ ਸਾਹਿਬ, ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਹੋਰ ਗੁਰਦੁਆਰਾ ਸਾਹਿਬਾਨ ’ਤੇ ਸਮੇਂ ਦੀ ਭਾਰਤ ਦੀ ਕਾਂਗਰਸ ਹਕੂਮਤ ਵੱਲੋਂ ਕੀਤੇ ਫ਼ੌਜੀ ਹਮਲੇ ਦੇ 40 ਸਾਲ ਪੂਰੇ ਹੋਣ ‘ਤੇ ਪੂਰੀ ਕੌਮ 6 ਜੂਨ 2024 ਨੂੰ ਘੱਲੂਘਾਰਾ ਦਿਵਸ ਮੌਕੇ ਆਪੋ-ਆਪਣੇ ਨੇੜਲੇ ਗੁਰੂ ਘਰਾਂ ਵਿਚ ਸ਼ਹੀਦੀ ਸਮਾਗਮ ਉਲੀਕੇ, ਗੁਰਬਾਣੀ ਦੇ ਜਾਪ ਕੀਤੇ ਜਾਣ ਤੇ ਦੀਵਾਨ ਲਗਾ ਕੇ ਨਵੀਂ ਪੀੜੀ ਨੂੰ ਭਾਰਤੀ ਹਕੂਮਤ ਵੱਲੋਂ ਸਿੱਖਾਂ ਉਤੇ ਕੀਤੇ ਜੁਲਮਾਂ ਦੀ ਦਾਸਤਾਨ ਸੁਣਾਈ ਜਾਵੇ। 7 ਅਪ੍ਰੈਲ 2024 ਨੂੰ ਅੰਮ੍ਰਿਤਪਾਲ ਸਿੰਘ ਦੇ ਪਰਿਵਾਰ ਅਤੇ ਕੁਝ ਹੋਰ ਸਿੰਘਾਂ ਨੂੰ ਪੰਜਾਬ ਸਰਕਾਰ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ, ਜੋ ਕਿ ਬਹੁਤ ਹੀ ਮੰਦਭਾਗਾ ਵਰਤਾਰਾ ਹੈ। ਨਗਰ ਕੀਰਤਨ ਸਿੱਖ ਪਰੰਪਰਾ ਦਾ ਹਿੱਸਾ ਹੈ ਨਗਰ ਕੀਰਤਨ ਨੂੰ ਰੋਕ ਕੇ ਸੰਗਤਾਂ ਨੂੰ ਤੰਗ ਪਰੇਸ਼ਾਨ ਕਰਨਾ ਸਾਡੀ ਪਰੰਪਰਾ ’ਤੇ ਹਮਲਾ ਹੈ।
Author: Gurbhej Singh Anandpuri
ਮੁੱਖ ਸੰਪਾਦਕ