*ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਇਟਲੀ ਦੀ ਸਿੱਖ ਸੰਗਤ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਹੇਠ ਇੱਕਠੀ ਹੋਵੇ :-ਐਸ ਜੀ ਪੀ ਸੀ ਇਟਲੀ
ਰੋਮ 16 ਅਪ੍ਰੈਲ ( ਦਲਵੀਰ ਸਿੰਘ ਕੈਂਥ ) ਹਿੰਦੋਸਤਾਨੀ ਸਮਾਜ ਵਿੱਚੋਂ ਜਾਤ-ਪਾਤ ਰੂਪੀ ਕੌਹੜ,ਉੱਚ-ਨੀਚ,ਭਿੰਨ-ਭੇਦ ਤੇ ਗੈਰ-ਬਰਾਬਰਤਾ ਨੂੰ ਖਤਮ ਕਰਨ, ਸਿੱਖ ਸੰਗਤਾਂ ਨੂੰ ਵਿਲੱਖਣ ਤੇ ਨਿਰਾਲਾ ਰੁੱਤਬਾ ਦੇਣ ਲਈ ਮਹਾਨ ਸਿੱਖ ਧਰਮ ਦੇ ਦਸਮੇਸ਼ ਪਿਤਾ,ਸਰਬੰਸਦਾਨੀ,ਸੰਤ ਸਿਪਾਹੀ,ਸਾਹਿਬੇ-ਕਮਾਲ ਮਰਦ ਆਗੰਮਬੜਾ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ ਵੱਲੋਂ ਸਾਜੇ ਖਾਲਸਾ ਪੰਥ ਦੇ 325ਵੇਂ ਸਾਜਨਾ ਦਿਵਸ ਨੂੰ ਸਮਰਪਿਤ ਵਿਸ਼ਾਲ ਨਗਰ ਕੀਰਤਨ ਲਾਸੀਓ ਸੂਬੇ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸਿੰਘ ਸਭਾ ਮਿਲੀਆਰਾ ਰੋਡ ਨੰਬਰ 47 ਪੁਨਤੀਨੀਆ(ਲਾਤੀਨਾ)ਦੀ ਪ੍ਰਬੰਧਕ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਸਿੱਖ ਪ੍ਰਮਪਰਾ ਤਹਿਤ ਬਹੁਤ ਹੀ ਸ਼ਰਧਾ,ਸਤਿਕਾਰ,ਜੋਸੋ਼ ਖਰੋਸ ਨਾਲ ਸਜਾਇਆ ਗਿਆ
ਇਸ ਨਗਰ ਕੀਰਤਨ ਵਿੱਚ ਇਟਲੀ ਭਰ ਤੋਂ ਸਿੱਖ ਸੰਗਤਾਂ ਦੇ ਵੱਡੇ ਹਜੂਮ ਨੇ ਹਾਜ਼ਰੀ ਭਰਦਿਆਂ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰੇ “ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ”ਲਗਾਉਂਦਿਆਂ ਸ਼ਹਿਰ ਪੁਨਤੀਨੀਆਂ ਚੁਫਰੇਰਿਓ ਖਾਲਸਈ ਧੁੰਨਾਂ ਵਿੱਚ ਗੂੰਜਣ ਲਗਾ ਦਿੱਤਾ।ਨਗਰ ਕੀਰਤਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਪੰਜ ਪਿਆਰੇ ਤੇ ਪੰਜ ਨਿਸ਼ਾਨੀ ਸਿੰਘਾਂ ਦੀ ਅਗਵਾਈ ਵਿੱਚ ਸ਼ਹਿਰ ਪੁਨਤੀਨੀਆਂ ਦੀ ਦੁਪਿਹਰ ਤੋਂ ਪ੍ਰਕਰਮਾ ਕਰਦਾ ਆਥਣ ਵੇਲੇ ਸ਼ਹਿਰ ਦੇ ਵਿਚਕਾਰ ਵਾਲੇ ਚੌਂਕ ਵਿੱਚ ਸਮਾਪਤ ਹੋਇਆ।
ਨਗਰ ਕੀਰਤਨ ਦੀਆਂ ਹਾਜ਼ਰੀਨ ਸੰਗਤਾਂ ਵਾਸਤੇ ਸੇਵਾਦਾਰਾਂ ਵੱਲੋਂ ਅਨੇਕਾਂ ਪ੍ਰਕਾਰ ਦੇ ਲੰਗਰ ਵਰਤਾਏ ਗਏ।ਇਸ ਮੌਕੇ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਦੀ ਸਵਾਰੀ ਪਲਾਕੀ ਜੋ ਕਿ ਫੁੱਲਾਂ ਨਾਲ ਸਜਾਈ ਹੋਈ ਸੀ ਦੇ ਮਗਰ ਚੱਲ ਰਿਹਾ ਸੰਗਤ ਦਾ ਹਜੂਮ ਖਾਲਸੇ ਦੀ ਚੜ੍ਹਦੀ ਕਲਾ ਦੇ ਜੈਕਾਰੇ ਲਗਾਉਂਦਾ ਅਲੌਕਿਕ ਨਜ਼ਾਰੇ ਪੇਸ਼ ਕਰ ਰਿਹਾ ਸੀ ਤੇ ਲਾਸੀਓ ਸੂਬੇ ਦੇ ਪ੍ਰਸਿੱਧ ਸਿੱਖ ਮਾਰਸ਼ਲ ਆਰਟ ਦੇ ਬਾਬਾ ਬੁੱਢਾ ਦਲ ਗੱਤਕਾ ਅਖਾੜਾ ਰੋਮ ਦੇ ਸਿੰਘਾਂ ਵੱਲੋਂ ਗੱਤਕਾ ਕਲਾ ਦੇ ਹੈਰਤ ਅੰਗੇਜ਼ ਜੌਹਰ ਵੀ ਦਿਖਾਏ ਗਏ।ਇਸ ਮੌਕੇ ਸਜੇ ਦੀਵਾਨਾਂ ਵਿੱਚ ਭਾਈ ਮਨਿੰਦਰ ਸਿੰਘ ਖਾਲਸਾ,ਭਾਈ ਰਣਜੀਤ ਸਿੰਘ ਕਵੀਸ਼ਰ ਤੇ ਭਾਈ ਜਸਵੀਰ ਸਿੰਘ ਵੱਲੋਂ ਸੰਗਤਾਂ ਨੂੰ ਖਾਲਸੇ ਦੇ ਕੁਰਬਾਨੀਆਂ ਨਾਲ ਭਰੇ ਲਾਸਾਨੀ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ।
ਸਿੱਖ ਧਰਮ ਦੇ ਨਿਰਾਲੇ ਇਸ ਸਮਾਗਮ ਮੌਕੇ ਇਟਲੀ ਵਿੱਚ ਸਿੱਖ ਸੰਗਤ ਦੀ ਆਵਾਜ਼ ਬੁਲੰਦ ਕਰਨ ਵਾਲੀ ਤੇ ਸਿੱਖ ਸੰਗਤਾਂ ਦੇ ਹੱਕਾਂ ਲਈ ਦਿਨ-ਰਾਤ ਖੜਨ ਵਾਲੀ ਸਿਰਮੌਰ ਸਿੱਖ ਸੰਸਥਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਭਾਈ ਰਵਿੰਦਰ ਸਿੰਘ ਬੱਸੀ ਤੇ ਭਾਈ ਸੁਰਿੰਦਰ ਸਿੰਘ ਪੰਡੋਰੀ ਨੇ ਸਾਂਝੈ ਤੌਰ ਤੇ ਸਿੱਖ ਸੰਗਤ ਨੂੰ ਖਾਲਸਾ ਦੇ ਸਾਜਨਾ ਦਿਵਸ ਦੇ 325ਵੇਂ ਪ੍ਰਗਟ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਇਟਲੀ ਵਿੱਚ 70 ਦੇ ਕਰੀਬ ਸਿੱਖ ਗੁਰਦੁਆਰਾ ਸਾਹਿਬ ਹਨ ।ਖਾਲਸਾ ਪੰਥ ਦਾ ਸਾਜਨਾ ਦਿਵਸ ਅਹਿਮ ਦਿਵਸ ਹੈ ਸਿੱਖ ਸੰਗਤ ਲਈ ਇਸ ਮੌਕੇ ਨਗਰ ਕੀਰਤਨ ਸਜਾਉਣ ਨਾਲ ਅਸੀਂ ਇਟਾਲੀਅਨ ਤੇ ਨਵੀਂ ਸਿੱਖ ਪੀੜ੍ਹੀ ਨੂੰ ਖਾਲਸੇ ਦਾ ਕੁਰਬਾਨੀਆਂ ਨਾਲ ਭਰਿਆ ਗੌਰਵਮਈ ਇਤਿਹਾਸ ਸਮਝਾ ਸਕਦੇ ਹਾਂ ।ਉਹਨਾਂ ਕਿਹਾ ਸਿੱਖ ਧਰਮ ਦੀ ਚੜ੍ਹਦੀ ਕਲਾ ਲਈ ਇਟਲੀ ਦੀ ਸਿੱਖ ਸੰਗਤ ਨੂੰ ਗੁਰੂ ਸਾਹਿਬ ਦੇ ਨਿਸ਼ਾਨ ਸਾਹਿਬ ਇੱਕਠੇ ਹੋਣ ਦੀ ਅਪੀਲ ਵੀ ਕੀਤੀ ਹੈ।
ਇਸ ਵਿਸ਼ਾਲ ਨਗਰ ਕੀਰਤਨ ਵਿੱਚ ਇਟਲੀ ਦੇ ਵੱਖ-ਵੱਖ ਗੁਰਦੁਆਰਾ ਸਾਹਿਬ ਤੋਂ ਪਹੁੰਚੀਆਂ ਸੰਗਤਾਂ ਤੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦਾ ਭਾਈ ਦਲਜੀਤ ਸਿੰਘ ਸੋਢੀ ਮੁੱਖ ਸੇਵਾਦਾਰ ਤੇ ਸਮੂਹ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਨੇ ਉਚੇਚਾ ਧੰਨਵਾਦ ਕਰਦਿਆਂ ਸਮੂਹ ਸੇਵਾਦਾਰਾਂ ਦਾ ਗੁਰੂ ਦੀ ਬਖ਼ਸੀਸ ਸਿਰਪਾਓ ਨਾਲ ਵਿਸੇ਼ਸ ਸਨਮਾਨ ਵੀ ਕੀਤਾ।ਇਟਲੀ ਦੀ ਸਿੱਖ ਸੰਸਥਾ ਕਲਤੂਰਾ ਸਿੱਖ ਵੱਲੋ ਸਿੱਖ ਧਰਮ ਨਾਲ ਸੰਬਧਤ ਕਿਤਾਬਾਂ ਵੀ ਵੰਡੀਆਂ ਨਗਰ ਕੀਰਤਨ ਵਿੱਚ ਇਟਾਲੀਅਨ ਪ੍ਰਸ਼ਾਸ਼ਨ ਦੇ ਕਈ ਉੱਚ ਅਧਿਕਾਰੀਆਂ ਤੋਂ ਇਲਾਵਾ ਨਗਰ ਕੌਂਸਲ ਪੁਨਤੀਨੀਆਂ ਦੇ ਉੱਚ ਅਧਿਕਾਰੀਆਂ ਵੀ ਸ਼ਰਧਾ ਭਾਵਨਾ ਨਾਲ ਹਾਜ਼ਰੀ ਭਰੀ ਤੇ ਇਕ ਮਹਿਲਾ ਅਫ਼ਸਰ ਨੇ ਪੰਜਾਬੀ ਸੂਟ ਪਾਕੇ ਸੰਗਤ ਨੂੰ ਸਟੇਜ ਤੋਂ ਵਿਸੇ਼ਸ ਵਧਾਈ ਵੀ ਦਿੱਤੀ।ਨਗਰ ਕੀਰਤਨ ਨੂੰ ਇਟਾਲੀਅਨ ਤੇ ਹੋਰ ਦੇਸ਼ਾਂ ਦੇ ਲੋਕਾਂ ਨੇ ਗਹੂ ਨਾਲ ਦੇਖਿਆਂ ਹੀ ਨਹੀਂ ਸਗੋਂ ਸ਼ਰਧਾ ਤੇ ਅਦਬ ਨਾਲ ਗੁਰੂ ਸਾਹਿਬ ਨੂੰ ਸਜਦਾ ਵੀ ਕੀਤਾ।
Author: Gurbhej Singh Anandpuri
ਮੁੱਖ ਸੰਪਾਦਕ