ਅੰਮ੍ਰਿਤਸਰ, 18 ਮਈ ( ਤਾਜੀਮਨੂਰ ਕੌਰ ) ਬਾਬਾ ਹਰਭਜਨ ਸਿੰਘ ਜੀ ਜਰਮਨੀ ਵਾਲਿਆਂ ਨੇ ਕਿਹਾ ਕਿ ਅੱਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਬਖਸ਼ੇ ਮੀਰੀ ਪੀਰੀ ਦੇ ਸਿਧਾਂਤ ਤੇ ਪਹਿਰਾ ਦਿੰਦਿਆਂ ਪੰਥਕ ਸਿਆਸਤ ਨੂੰ ਮਜਬੂਤ ਤੇ ਸੁਰਜੀਤ ਕਰਨ ਦੀ ਲੋੜ ਹੈ। ਉਹਨਾਂ ਕਿਹਾ ਕਿ ਪੰਜਾਬ ਗੁਰੂਆਂ, ਸੂਰਬੀਰਾਂ ਤੇ ਸ਼ਹੀਦਾਂ ਦੀ ਧਰਤੀ ਹੈ ਪਰ ਅਫਸੋਸ ਹੈ ਕਿ ਲੰਬੇ ਸਮੇਂ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀਆਂ ਬੇਅਦਬੀਆਂ ਹੋ ਰਹੀਆਂ ਹਨ, ਸਜਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਆਦਿ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ ਅਤੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਹਨਾਂ ਦੇ ਸਾਥੀਆਂ ਨੂੰ ਵੀ ਸਰਕਾਰ ਨੇ ਐਨ.ਐਸ.ਏ. ਲਾ ਕੇ ਡਿਬਰੂਗੜ੍ਹ ਦੀ ਜੇਲ ਵਿੱਚ ਨਜ਼ਰਬੰਦ ਕਰ ਦਿੱਤਾ ਹੈ। ਬਾਬਾ ਹਰਭਜਨ ਸਿੰਘ ਨੇ ਕਿਹਾ ਕਿ ਸਰਕਾਰਾਂ ਨੇ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਵਹਾ ਦਿੱਤਾ ਹੈ, ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਕਾਰਨ ਸਾਡੇ ਨੌਜਵਾਨ ਨਸ਼ਿਆਂ ਅਤੇ ਪਤਿਤਪੁਣੇ ਵਿੱਚ ਗਲਤਾਨ ਹੋ ਰਹੇ ਹਨ, ਕਿਸਾਨੀ ਖੁਦਕੁਸ਼ੀਆਂ ਕਰ ਰਹੀ ਹੈ, ਸਾਡੇ ਕਿਸਾਨ ਵੀਰ ਸੜਕਾਂ ਤੇ ਰੁਲ ਰਹੇ ਹਨ, ਕੋਈ ਵੀ ਸਰਕਾਰ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ। ਉਹਨਾ ਕਿਹਾ ਕਿ ਕੋਈ ਵੀ ਪਾਰਟੀ ਪੰਥ ਅਤੇ ਪੰਜਾਬ ਹਿਤੈਸ਼ੀ ਨਹੀਂ ਹੈ, ਜੇਕਰ ਅਸੀਂ ਪੰਥ ਅਤੇ ਪੰਜਾਬ ਬਚਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਸਾਰਿਆਂ ਨੂੰ ਰਵਾਇਤੀ ਪਾਰਟੀਆਂ ਨੂੰ ਠੋਕਰ ਮਾਰ ਕੇ ਹਲਕਾ ਸ੍ਰੀ ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦਾ ਵੱਧ ਚੜ੍ਹ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਉਹ ਐਮ.ਪੀ. ਬਣ ਕੇ ਜੇਲ ਵਿੱਚੋਂ ਵੀ ਰਿਹਾਅ ਹੋ ਸਕਣ ਅਤੇ ਪਾਰਲੀਮੈਟ ਵਿੱਚ ਸਾਡੇ ਪੰਥ ਅਤੇ ਪੰਜਾਬ ਦੇ ਹੱਕਾਂ ਹਕੂਕਾਂ ਦੀ ਗੱਲ ਧੜੱਲੇਦਾਰੀ ਨਾਲ ਕਰ ਸਕਣ। ਬਾਬਾ ਹਰਭਜਨ ਸਿੰਘ ਜੀ ਨੇ ਇਹ ਵੀ ਕਿਹਾ ਕਿ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ, ਲੁਧਿਆਣੇ ਤੋਂ ਭਾਈ ਅੰਮ੍ਰਿਤਪਾਲ ਸਿੰਘ ਛੰਦੜਾ ਸਪੁੱਤਰ ਸ਼ਹੀਦ ਭਾਈ ਰਸ਼ਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਮਲੋਆ ਸਪੁੱਤਰ ਸ਼ਹੀਦ ਭਾਈ ਬੇਅੰਤ ਸਿੰਘ, ਸ੍ਰੀ ਅੰਮ੍ਰਿਤਸਰ ਤੋਂ ਸਰਦਾਰ ਇਮਾਨ ਸਿੰਘ ਮਾਨ, ਗੁਰਦਾਸਪੁਰ ਤੋਂ ਭਾਈ ਗੁਰਿੰਦਰ ਸਿੰਘ ਬਾਜਵਾ ਅਤੇ ਬਠਿੰਡਾ ਤੋਂ ਲਖਬੀਰ ਸਿੰਘ ਲੱਖਾ ਸਿਧਾਣਾ ਸਮੇਤ ਸਮੂਹ ਪੰਥਕ ਉਮੀਦਵਾਰਾਂ ਨੂੰ ਪੰਜਾਬ ਵਾਸੀ ਜਿਤਾਉਣ।
Author: Gurbhej Singh Anandpuri
ਮੁੱਖ ਸੰਪਾਦਕ