ਪਠਾਨਕੋਟ 17 ਜੂਨ (ਤਾਜੀਮਨੂਰ ਕੌਰ ) ਜੰਮੂ-ਕਸ਼ਮੀਰ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਪਠਾਨਕੋਟ ‘ਚ ਰੈੱਡ ਅਲਰਟ ਜਾਰੀ ਹੈ, ਇਸ ਦੌਰਾਨ ਅੱਜ ਸਵੇਰੇ ਪਠਾਨਕੋਟ ਦੇ ਨਲੂਆ ਪੁਲ ਵਿਖੇ ਸਥਿਤ ਮਸ਼ਹੂਰ ਬਰਫਾਨੀ ਮੰਦਰ ਦੇ ਸ਼ਿਵਲਿੰਗ ‘ਤੋਂ ਪਾਕਿਸਤਾਨ ਦੇ 100 ਰੁਪਏ ਦੇ ਲਾਲ ਨੋਟ ਮਿਲਣ ਤੋਂ ਬਾਅਦ ਪੂਰੇ ਸ਼ਹਿਰ ‘ਚ ਹੜਕੰਪ ਮਚ ਗਿਆ। ਦੱਸ ਦੇਈਏ ਕਿ ਇਹ ਮੰਦਿਰ ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਸਥਿਤ ਹੈ ਅਤੇ ਇੱਥੇ ਨਾ ਸਿਰਫ਼ ਸਥਾਨਕ ਲੋਕ ਸਗੋਂ ਸੈਲਾਨੀ ਵੀ ਆਉਂਦੇ ਹਨ। ਅੱਜ ਸਵੇਰੇ ਜਦੋਂ ਲੋਕ ਮੰਦਰ ‘ਚ ਪੂਜਾ ਅਰਚਨਾ ਕਰਨ ਗਏ ਤਾਂ ਸ਼ਿਵਲਿੰਗ ‘ਤੇ ਚੜ੍ਹਾਏ ਗਏ ਪਾਕਿਸਤਾਨ ਦੇ 100 ਰੁਪਏ ਦੇ ਲਾਲ ਨੋਟ ਨੂੰ ਦੇਖ ਕੇ ਹੈਰਾਨ ਰਹਿ ਗਏ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਥਾਨਕ ਵਿਅਕਤੀ ਰਾਕੇਸ਼ ਸਿੰਘ ਨੇ ਦੱਸਿਆ ਕਿ ਉਹ ਹਰ ਰੋਜ਼ ਦੀ ਤਰ੍ਹਾਂ ਅੱਜ ਸਵੇਰੇ ਮੰਦਰ ‘ਚ ਪੂਜਾ ਕਰਨ ਲਈ ਆਏ ਸਨ। ਉਸ ਨੇ ਦੱਸਿਆ ਕਿ ਜਦੋਂ ਉਹ ਸ਼ਿਵਲਿੰਗ ‘ਤੇ ਜਲ ਚੜ੍ਹਾਉਣ ਆਇਆ ਤਾਂ ਸ਼ਿਵਲਿੰਗ ਨੇੜੇ 100 ਰੁਪਏ ਦਾ ਪਾਕਿਸਤਾਨੀ ਨੋਟ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਉਸੇ ਸਮੇਂ ਆਪਣੇ ਕੌਂਸਲਰ ਨੂੰ ਫ਼ੋਨ ਕੀਤਾ ਤਾਂ ਉਹ ਉਸੇ ਸਮੇਂ ਆ ਗਈ।ਇਸ ਸੰਬੰਧੀ ਜਦੋਂ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸੂਚਨਾ ਦੇ ਆਧਾਰ ‘ਤੇ ਉਹ ਇਥੇ ਪੁੱਜੇ ਸਨ ਤੇ 100 ਰੁਪਏ ਦਾ ਪਾਕਿਸਤਾਨੀ ਨੋਟ ਮਿਲਿਆ ਹੈ। ਉਨ੍ਹਾਂ ਦੱਸਿਆ ਕਿ ਸੀ.ਸੀ.ਟੀ.ਵੀ. ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
Author: Gurbhej Singh Anandpuri
ਮੁੱਖ ਸੰਪਾਦਕ