ਖ਼ਾਲਸਾਈ ਸ਼ਾਨ ਨਾਲ ਮਨਾਇਆ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦਾ 37ਵਾਂ ਸ਼ਹੀਦੀ ਦਿਹਾੜਾ
ਅੰਮ੍ਰਿਤਸਰ, 7 ਜੁਲਾਈ ( ਤਾਜੀਮਨੂਰ ਕੌਰ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ਵਿੱਚ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਯੋਧੇ ਅਮਰ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦਾ 37ਵਾਂ ਸ਼ਹੀਦੀ ਦਿਹਾੜਾ ਉਹਨਾਂ ਦੇ ਜੱਦੀ ਪਿੰਡ ਧੀਰਪੁਰ, ਜ਼ਿਲ੍ਹਾ ਜਲੰਧਰ ਵਿਖੇ ਖਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਧੁਰ ਕੀ ਬਾਣੀ ਦਾ ਕੀਰਤਨ ਹੋਇਆ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਨਰਲ ਸਕੱਤਰ ਪ੍ਰੋਫੈਸਰ ਮਹਿੰਦਰਪਾਲ ਸਿੰਘ, ਦਲ ਖਾਲਸਾ ਦੇ ਆਗੂ ਭਾਈ ਗੁਰਦੀਪ ਸਿੰਘ ਕਾਲਕਟ, ਕੌਮੀ ਇਨਸਾਫ ਮੋਰਚੇ ਦੇ ਆਗੂ ਭਾਈ ਪਾਲ ਸਿੰਘ ਫਰਾਂਸ, ਰਾਜੀਵ ਗਾਂਧੀ ਦੇ ਹਮਲਾ ਕਰਨ ਵਾਲੇ ਜੁਝਾਰੂ ਭਾਈ ਕਰਮਜੀਤ ਸਿੰਘ ਸੁਨਾਮ, ਸਿੱਖ ਸਿਆਸਤ ਦੇ ਸੰਪਾਦਕ ਭਾਈ ਪਰਮਜੀਤ ਸਿੰਘ ਗਾਜੀ, ਭਾਈ ਭੁਪਿੰਦਰ ਸਿੰਘ ਛੇ ਜੂਨ, ਭਾਈ ਗੁਰਨਾਮ ਸਿੰਘ ਸਿੰਗੜੀਵਾਲਾ ਆਦਿ ਨੇ ਪੰਥਕ ਵਿਚਾਰਾਂ ਦੀ ਸਾਂਝ ਪਾਈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਸੁਪਤਨੀ ਅਤੇ ਸਪੁੱਤਰ ਨੂੰ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਕਿਤਾਬ ਅਤੇ ਸਿਰੋਪਾਓ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸਮਾਗਮ ਵਿੱਚ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਸ ਦੇ ਮੂੰਹ ਤੇ ਖਰੀਆਂ ਖਰੀਆਂ ਸੁਣਾਈਆਂ। ਉਹਨਾਂ ਕਿਹਾ ਕਿ ਤੁਸੀਂ ਬਾਦਲ ਪਰਿਵਾਰ ਦੇ ਚਮਚੇ ਬਣ ਚੁੱਕੇ ਹੋ ਤੇ ਹਰ ਕੰਮ ਉਹਨਾਂ ਦੇ ਕਹੇ ਤੇ ਕਰਦੇ ਹੋ। ਉਹਨਾਂ ਕਿਹਾ ਧਾਮੀ ਸਾਹਿਬ ਇੱਕ ਪਾਸੇ ਤਾਂ ਤੁਸੀਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸੰਘਰਸ਼ ਦੇ ਸਾਥੀ ਹੋਣ ਦਾ ਦਾਅਵਾ ਕਰਦੇ ਹੋ ਪਰ ਦੂਜੇ ਪਾਸੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਕਿਉਂ ਨਹੀਂ ਲਗਾ ਰਹੇ। ਉਹਨਾਂ ਕਿਹਾ ਕਿ ਬਾਦਲ ਪਾਰਟੀ ਦਾ ਕੋਈ ਲੀਡਰ ਮਰ ਜਾਵੇ ਤਾਂ ਉਸ ਦੀ ਤਸਵੀਰ ਉਸੇ ਵੇਲੇ ਅਜਾਇਬ ਘਰ ਵਿੱਚ ਲਗਾ ਦਿੱਤੀ ਜਾਂਦੀ ਹੈ, ਇਸ ਅਜਾਇਬ ਘਰ ਨੂੰ ਸ਼ਹੀਦਾਂ ਦਾ ਅਜਾਇਬ ਘਰ ਰਹਿਣ ਦਿਓ, ਇਸ ਨੂੰ ਬਾਦਲ ਪਰਿਵਾਰ ਦਾ ਅਜਾਇਬ ਘਰ ਨਾ ਬਣਾਓ। ਉਹਨਾਂ ਕਿਹਾ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਨੇ ਦੇਗ ਵਿੱਚ ਉਬਾਲੇ ਗਏ ਸ਼ਹੀਦ ਭਾਈ ਦਿਆਲਾ ਜੀ ਵਾਂਗ ਮਾਣਮੱਤਾ ਇਤਿਹਾਸ ਦੁਹਰਾਇਆ ਹੈ ਜਿਨ੍ਹਾਂ ਨੂੰ ਕੜਾਹੇ ਵਿੱਚ ਉਬਾਲ ਕੇ ਪੁਲਿਸ ਵੱਲੋਂ ਸ਼ਹੀਦ ਕੀਤਾ ਗਿਆ ਸੀ। ਪ੍ਰੋਫੈਸਰ ਮਹਿੰਦਰਪਾਲ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ 1946 ਵਿੱਚ ਵੱਖਰੇ ਸਿੱਖ ਰਾਜ ਦਾ ਮਤਾ ਪਾਸ ਕੀਤਾ ਸੀ ਲੇਕਿਨ ਹੁਣ ਸ਼੍ਰੋਮਣੀ ਕਮੇਟੀ ਇਸ ਤੋਂ ਭਗੌੜੀ ਹੋ ਚੁੱਕੀ ਹੈ, ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਉਹਨਾਂ ਦਾ ਸਿੱਖ ਰਾਜ ਦਾ ਸੁਪਨਾ ਸਾਕਾਰ ਕਰੀਏ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਵੱਡੀ ਕੁਰਬਾਨੀ ਹੈ, ਉਹ ਬਾਣੀ ਬਾਣੇ ਨਾਲ ਜੁੜੀ ਹੋਈ ਮਹਾਨ ਰੂਹ ਸੀ। ਉਹਨਾਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਲਗਾਉਣ ਦੀ ਮੰਗ ਬਾਰੇ ਬੋਲਦਿਆਂ ਕਿਹਾ ਕਿ ਸਾਡੀਆਂ ਕਈ ਮਜਬੂਰੀਆਂ ਹਨ, ਸਾਨੂੰ ਵੀ ਸ਼੍ਰੋਮਣੀ ਕਮੇਟੀ ਦੀ ਸੰਸਥਾ ਦੇ ਨਿਯਮਾਂ ਵਿੱਚੋਂ ਲੰਘਣਾ ਪੈਂਦਾ ਹੈ, ਸਮੇਂ ਅਨੁਸਾਰ ਆਪੇ ਸਭ ਕੁਝ ਹੋ ਜਾਵੇਗਾ। ਭਾਈ ਪਰਮਜੀਤ ਸਿੰਘ ਗਾਜੀ ਨੇ ਕਿਹਾ ਕਿ ਅੱਜ ਪੂਰੇ ਸੰਸਾਰ ਵਿੱਚ ਸਿੱਖਾਂ ਦੀ ਗੱਲ ਚੱਲ ਰਹੀ ਹੈ, ਕਿਸਾਨ ਸੰਘਰਸ਼ ਤੋਂ ਬਾਅਦ ਬਹੁਤ ਕੁਝ ਬਦਲ ਚੁੱਕਾ ਹੈ, ਸਿੱਖਾਂ ਦਾ ਭਵਿੱਖ ਸੁਨਹਿਰੀ ਆਉਣ ਵਾਲਾ ਹੈ। ਭਾਈ ਕਰਮਜੀਤ ਸਿੰਘ ਸੁਨਾਮ ਨੇ ਕਿਹਾ ਕਿ ਅੱਜ ਸਾਨੂੰ ਰਾਜਸੀ ਸ਼ਕਤੀ ਦੀ ਵੀ ਲੋੜ ਹੈ ਤਾਂ ਜੋ ਸਾਡੀਆਂ ਸ਼ਹਾਦਤਾਂ ਅਜਾਈਂ ਨਾ ਚਲੀਆਂ ਜਾਣ। ਭਾਈ ਗੁਰਦੀਪ ਸਿੰਘ ਕਾਲਕਟ ਨੇ ਕਿਹਾ ਕਿ ਅਸੀਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਤਸਵੀਰ ਅਜਾਇਬ ਘਰ ਵਿੱਚ ਲਗਵਾਉਣ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੀ ਬਾਂਹ ਮਰੋੜੀ ਹੋਈ ਹੈ। ਇਸ ਮੌਕੇ ਭਾਈ ਭਜਨ ਸਿੰਘ, ਭਾਈ ਪ੍ਰਤਾਪ ਸਿੰਘ ਫੌਜੀ, ਭਾਈ ਗਗਨਦੀਪ ਸਿੰਘ ਬਾਗੀ ਕਲਮ ਆਦਿ ਇਲਾਕੇ ਦੀਆਂ ਪ੍ਰਸਿੱਧ ਸ਼ਖਸੀਅਤਾਂ ਹਾਜ਼ਰ ਸਨ। ਗੁਰੂ ਕੇ ਲੰਗਰ ਦੀ ਅਤੁੱਟ ਵਰਤੇ।
Author: Gurbhej Singh Anandpuri
ਮੁੱਖ ਸੰਪਾਦਕ