ਅੰਮ੍ਰਿਤਸਰ, 7 ਜੁਲਾਈ ( ਤਾਜੀਮਨੂਰ ਕੌਰ ) ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪੰਥਕ ਫ਼ਰਜ਼ਾਂ ਤੋਂ ਭਗੌੜੇ ਹੋਣ ਕਾਰਨ ਹਾਲਤ ਏਨੀ ਮਾੜੀ ਹੋ ਚੁੱਕੀ ਹੈ ਕਿ ਪੰਥਕ ਆਗੂਆਂ ਅਤੇ ਸੰਗਤਾਂ ਵੱਲੋਂ ਇਹਨਾਂ ਨੂੰ ਹਰ ਮੁੱਦੇ ਉੱਤੇ ਘੇਰ ਲਿਆ ਜਾਂਦਾ ਹੈ ਤੇ ਆਪਣੇ ਆਪ ਨੂੰ ਅਕਾਲੀ ਅਖਵਾਉਂਦੇ ਇਹਨਾਂ ਆਗੂਆਂ ਨੂੰ ਕੋਈ ਜਵਾਬ ਤਕ ਨਹੀਂ ਆਉਂਦਾ। ਬੀਤੇ ਦਿਨੀਂ ਜ਼ਿਲ੍ਹਾ ਜਲੰਧਰ ਦੇ ਪਿੰਡ ਧੀਰਪੁਰ ਵਿਖੇ ਸਿੱਖ ਸਟੂਡੈਂਟਸ ਫੈਡਰੇਸ਼ਨ ਅਤੇ ਖ਼ਾਲਿਸਤਾਨ ਕਮਾਂਡੋ ਫੋਰਸ ਦੇ ਜੁਝਾਰੂ ਯੋਧੇ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸ਼ਹੀਦੀ ਸਮਾਗਮ ਵਿੱਚ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਅਤੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਉਸ ਦੇ ਮੂੰਹ ਤੇ ਖਰੀਆਂ ਖਰੀਆਂ ਸੁਣਾਈਆਂ ਤੇ ਬਾਦਲ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਉਹਨਾਂ ਦੇ ਪੰਥ ਵਿਰੋਧੀ ਕਾਰਿਆਂ ਦਾ ਸ਼ੀਸ਼ਾ ਵਿਖਾਉਂਦਿਆਂ ਸ਼ਰਮਸਾਰ ਕੀਤਾ। ਇਸ ਸਮਾਗਮ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਸਮੇਤ ਵੱਖ-ਵੱਖ ਪੰਥਕ ਜਥੇਬੰਦੀਆਂ ਮਾਨ ਦਲ, ਦਲ ਖਾਲਸਾ, ਸਿੱਖ ਸਿਆਸਤ ਆਦਿ ਦੇ ਆਗੂ ਵੀ ਹਾਜ਼ਰ ਸਨ।
ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਤਿਕਾਰਯੋਗ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜੀ ਇੱਕ ਪਾਸੇ ਤੁਸੀਂ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੇ ਸੰਘਰਸ਼ੀ ਸਾਥੀ ਹੋਣ ਦਾ ਦਾਅਵਾ ਕਰਦੇ ਹੋ, ਪਰ ਦੂਜੇ ਪਾਸੇ ਉਹਨਾਂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਉਣ ਲਈ ਤਿਆਰ ਨਹੀਂ। ਭਾਈ ਗੁਰਦੇਵ ਸਿੰਘ ਦੇਬੂ ਨੂੰ ਪੁਲਿਸ ਨੇ ਗਰਮ ਕੜਾਹੇ ਵਿੱਚ ਉਬਾਲ ਕੇ ਭਾਈ ਦਿਆਲਾ ਜੀ ਵਾਂਗ ਸ਼ਹੀਦ ਕੀਤਾ ਸੀ। ਉਹਨਾਂ ਕਿਹਾ ਕਿ ਧਾਮੀ ਸਾਬ੍ਹ ਤੁਸੀਂ ਬਾਦਲ ਪਰਿਵਾਰ ਦੇ ਚਮਚੇ ਬਣ ਚੁੱਕੇ ਹੋ ਅਤੇ ਹਰ ਕੰਮ ਲਈ ਬਾਦਲਾਂ ਦੀ ਇਜਾਜ਼ਤ ਲੈਂਦੇ ਹੋ। ਤੁਸੀਂ ਕੇਂਦਰੀ ਸਿੱਖ ਅਜਾਇਬ ਘਰ ਨੂੰ ਬਾਦਲ ਦਲ ਦਾ ਅਜਾਇਬ ਘਰ ਬਣਾ ਦਿੱਤਾ ਹੈ, ਇਸ ਨੂੰ ਸ਼ਹੀਦਾਂ ਦਾ ਅਜਾਇਬ ਘਰ ਹੀ ਰਹਿਣ ਦਿਓ। ਬਾਦਲ ਪਾਰਟੀ ਦਾ ਕੋਈ ਬੰਦਾ ਮਰ ਜਾਵੇ ਤਾਂ ਉਸ ਦੀ ਤਸਵੀਰ ਅਜਾਇਬ ਘਰ ਵਿੱਚ ਲਗਾ ਦਿੱਤੀ ਜਾਂਦੀ ਹੈ ਜਿਵੇਂ ਤੁਸੀਂ ਮੰਤਰੀ ਤੋਤਾ ਸਿੰਘ ਦੀ ਲਗਾਈ ਹੋਈ ਹੈ ਜਿਸ ਦੀ ਪੰਥ ਨੂੰ ਕੋਈ ਦੇਣ ਨਹੀਂ। ਪਰ ਦੂਜੇ ਪਾਸੇ ਜਿਨ੍ਹਾਂ ਕੌਮ ਲਈ ਕੁਰਬਾਨੀਆਂ ਅਤੇ ਸ਼ਹਾਦਤਾਂ ਦਿੱਤੀਆਂ, ਉਹਨਾਂ ਨੂੰ ਤੁਸੀਂ ਅਣਗੋਲਿਆਂ ਕਰਦੇ ਹੋ। ਸ਼ਹੀਦ ਭਾਈ ਦਿਲਾਵਰ ਸਿੰਘ ਨੇ 31 ਅਗਸਤ 1995 ਨੂੰ ਬੁੱਚੜ ਮੁੱਖ ਮੰਤਰੀ ਬੇਅੰਤ ਸਿਹੁੰ ਨੂੰ ਬੰਬ ਨਾਲ ਉਡਾ ਕੇ ਆਪਾ ਪੰਥ ਲਈ ਨਿਸ਼ਾਵਰ ਕੀਤਾ ਸੀ। ਕਾਂਗਰਸ ਦੇ ਜ਼ੁਲਮੀ ਰਾਜ ਮਗਰੋਂ ਤਿੰਨ ਵਾਰ ਅਕਾਲੀ ਦਲ ਬਾਦਲ ਦੀਆਂ ਸਰਕਾਰਾਂ ਬਣੀਆਂ, ਪਰ ਤੁਸੀਂ ਭਾਈ ਦਿਲਾਵਰ ਸਿੰਘ ਦੀ ਤਸਵੀਰ ਅਜਾਇਬ ਘਰ ਵਿੱਚ ਨਹੀਂ ਲਗਾਈ ਤੇ ਕਾਂਗਰਸ ਨਾਲ ਯਾਰੀ ਨਿਭਾਈ। ਭਾਈ ਦਿਲਾਵਰ ਸਿੰਘ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਵਾਉਣ ਲਈ ਪੰਥਕ ਜਥੇਬੰਦੀਆਂ ਅਤੇ ਸੰਗਤਾਂ ਨੇ ਕਈ ਵਾਰ ਤੁਹਾਨੂੰ ਮੰਗ ਪੱਤਰ ਸੌਂਪੇ, ਤੁਸੀਂ ਸੰਗਤਾਂ ਦੀਆਂ ਲਿੱਲਕੜੀਆਂ ਕਢਵਾ ਕੇ ਫਿਰ ਹੀ ਫੋਟੋ ਲਗਾਈ ਜਦੋਂ ਤੁਹਾਡੀ ਸਰਕਾਰ ਚਲੇ ਗਈ ਤੇ ਪੱਲੇ ਕੁਝ ਨਹੀਂ ਰਿਹਾ। ਜਦੋਂ ਸੰਗਤਾਂ ਨੇ ਸ਼ਹੀਦੀ ਯਾਦਗਾਰ ਬਣਾਉਣ ਦੀ ਮੰਗ ਕੀਤੀ ਸੀ ਤਾਂ ਸ਼੍ਰੋਮਣੀ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਸੰਗਤਾਂ ਨੂੰ ਕਾਂਗਰਸੀ ਤੱਕ ਕਹਿ ਦਿੱਤਾ ਸੀ। ਉਹਨਾਂ ਕਿਹਾ ਕਿ ਧਾਮੀ ਸਾਹਿਬ ਹਕੀਕਤ ਨੂੰ ਪਹਿਚਾਣੋ, ਬਾਦਲਾਂ ਦਾ ਹੁਕਮ ਵਜਾਉਣਾ ਛੱਡੋ, ਇਹ ਉਹ ਅਕਾਲੀ ਨਹੀਂ ਜੋ ਪੰਥ ਵਸੈ ਮੈ ਉਜੜਾਂ ਸਿਧਾਂਤ ਦੇ ਧਾਰਨੀ ਸਨ। ਸੁਖਬੀਰ ਬਾਦਲ ਤਾਂ ਕਹਿੰਦਾ ਹੈ ਕਿ ਮੈਨੂੰ ਕੁਰਸੀ ਮਿਲਣੀ ਚਾਹੀਦੀ ਹੈ, ਉਹ ਆਪਣੀ ਮੁੱਖ ਮੰਤਰੀ ਦੀ ਭੁੱਖ ਪੂਰੀ ਕਰਨੀ ਚਾਹੁੰਦਾ ਹੈ, ਪੰਥ ਭਾਵੇਂ ਢੱਠੇ ਖੂਹ ਵਿੱਚ ਪਵੇ। ਬਾਦਲ ਪਰਿਵਾਰ ਨੇ ਪੰਥ ਦੀ ਮਹਾਨ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ 1996 ਵਿੱਚ ਪਹਿਲਾਂ ਪੰਜਾਬੀ ਦਲ ਬਣਾਇਆ, ਫਿਰ ਇਹ ਬਾਦਲ ਦਲ ਬਣਿਆ ਤੇ 2015 ਵਿੱਚ ਇਹ ਬੇਅਦਬੀ ਦਲ ਬਣ ਚੁੱਕਾ ਹੈ। ਸ਼ਰਾਬੀ, ਕਬਾਬੀ ਗੁੰਡੇ, ਚੋਰ ਸਾਰੇ ਬਾਦਲ ਪਾਰਟੀ ਵਿੱਚ ਸ਼ਾਮਿਲ ਹਨ। ਇਹ ਇੱਕ ਸ਼ਰਾਬੀ ਦਲ ਤੇ ਭਈਆ ਦਲ ਬਣ ਚੁੱਕਾ ਹੈ। ਧਾਮੀ ਸਾਹਿਬ ਬਾਦਲ ਟੱਬਰ ਨੇ ਅਕਾਲੀ ਦਲ ਦਾ ਸੱਤਿਆਨਾਸ ਕਰ ਦਿੱਤਾ ਹੈ, ਪੰਥ ਇਹਨਾਂ ਨੂੰ ਕਦੇ ਬਖਸ਼ੇਗਾ ਨਹੀਂ। ਜੇਕਰ ਤੁਸੀਂ ਸੱਚਮੁੱਚ ਹੀ ਪੰਥ ਦਰਦੀ ਹੋ, ਬਾਦਲਾਂ ਦੇ ਕਹਿਣੇ ਉੱਤੇ ਨਹੀਂ ਚੱਲਦੇ ਤਾਂ ਅੱਜ ਦੇ ਸ਼ਹੀਦੀ ਸਮਾਗਮ ਵਿੱਚ ਐਲਾਨ ਕਰੋ ਕਿ ਸ਼ਹੀਦ ਭਾਈ ਗੁਰਦੇਵ ਸਿੰਘ ਦੇਬੂ ਦੀ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਵਿੱਚ ਲਗਾਈ ਜਾਵੇਗੀ। ਸਮਾਗਮ ਵਿੱਚ ਸਾਰੀਆਂ ਸੰਗਤਾਂ ਨੇ ਹੱਥ ਖੜ੍ਹੇ ਕਰਕੇ ਅਤੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਦਾ ਜੈਕਾਰਾ ਗਜਾ ਕੇ ਇਸ ਗੱਲ ਦੀ ਪੁਰਜੋਰ ਮੰਗ ਵੀ ਕੀਤੀ। ਫੈਡਰੇਸ਼ਨ ਦੇ ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਨੇ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਧਾਮੀ ਨੂੰ ਚੰਗੀ ਤਰ੍ਹਾਂ ਝਾੜਿਆ। ਪਰ ਜਦੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਬੋਲਣ ਦੀ ਵਾਰੀ ਆਈ ਤਾਂ ਉਹਨਾਂ ਇਹ ਕਹਿ ਕੇ ਸਾਰ ਦਿੱਤਾ ਕਿ ਸਾਡੀਆਂ ਵੀ ਕਈ ਮਜਬੂਰੀਆਂ ਹੁੰਦੀਆਂ ਹਨ, ਸਾਨੂੰ ਵੀ ਸ਼੍ਰੋਮਣੀ ਕਮੇਟੀ ਸੰਸਥਾ ਦੇ ਨਿਯਮਾਂ ਵਿੱਚੋਂ ਲੰਘਣਾ ਪੈਂਦਾ ਹੈ, ਸਮੇਂ ਅਨੁਸਾਰ ਆਪੇ ਸਭ ਕੁਝ ਹੋ ਜਾਵੇਗਾ, ਅਸੀਂ ਤਸਵੀਰਾਂ ਵਿੱਚ ਨਾ ਉਲਝੀਏ।
Author: Gurbhej Singh Anandpuri
ਮੁੱਖ ਸੰਪਾਦਕ