ਕਦੇ ਕਿਰਪਾਨ, ਕਦੇ ਕੜਾ, ਕਦੇ ਦਸਤਾਰ, ਕਦੇ ਪੰਜਾਬੀ ਬੋਲੀ ‘ਤੇ ਪਾਬੰਦੀ ਲੱਗਣੀ ਗ਼ੁਲਾਮੀ ਦਾ ਅਹਿਸਾਸ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 27 ਅਗਸਤ ( ਤਾਜੀਮਨੂਰ ਕੌਰ ) ਅੰਮ੍ਰਿਤਧਾਰੀ ਕਿਸਾਨ ਆਗੂਆਂ ਨੂੰ ਦਿੱਲੀ ਹਵਾਈ ਅੱਡੇ ‘ਤੇ ਕਿਰਪਾਨ ਪਹਿਨੀ ਕਾਰਨ ਰੋਕਣਾ ਅਤੇ ਤਾਮਿਲਨਾਡੂ ਜਾਣ ਵਾਸਤੇ ਜਹਾਜ਼ ‘ਤੇ ਨਾ ਚੜ੍ਹਨ ਦੇਣ ਦੀ ਘਟਨਾ ‘ਤੇ ਸਖ਼ਤ ਪ੍ਰਤੀਕਰਮ ਕਰਦਿਆਂ ਸਿੱਖ ਯੂਥ ਫੈ਼ਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਇੱਕ ਸਾਜਿਸ਼ ਤਹਿਤ ਇਹ ਸਾਡੇ ਧਰਮ ‘ਤੇ ਹਮਲਾ ਕੀਤਾ ਹੈ ਜਿਸ ਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਇਸ ਘਟਨਾ ਰਾਹੀਂ ਭਾਜਪਾ ਸਰਕਾਰ ਨੇ ਕੇਵਲ ਕਿਸਾਨ ਆਗੂਆਂ ਭਾਈ ਬਲਦੇਵ ਸਿੰਘ ਸਿਰਸਾ ਅਤੇ ਭਾਈ ਜਗਜੀਤ ਸਿੰਘ ਡੱਲੇਵਾਲ ਨੂੰ ਹੀ ਜ਼ਲੀਲ ਨਹੀਂ ਕੀਤਾ ਬਲਕਿ ਸਮੁੱਚੀ ਕੌਮ ਦੀ ਤੌਹੀਨ ਕੀਤੀ ਹੈ। ਇਹ ਕਿਰਪਾਨ ਸਾਨੂੰ ਸਾਡੇ ਗੁਰੂ ਨੇ ਬਖ਼ਸ਼ੀ ਹੈ, ਪੰਜ ਕਕਾਰਾਂ ਵਿੱਚ ਸ਼ਾਮਲ ਹੋਣ ਕਾਰਨ ਇਹ ਸਾਡਾ ਅੰਗ ਹੈ, ਕਿਰਪਾਨ ਉੱਤੇ ਪਾਬੰਦੀ ਲਗਾ ਕੇ ਸਰਕਾਰ ਨੇ ਸੰਵਿਧਾਨਿਕ ਹੱਕਾਂ ‘ਤੇ ਵੀ ਡਾਕਾ ਮਾਰਿਆ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਰਤ ਵਿੱਚ ਕਦੇ ਸਾਡੀ ਕਿਰਪਾਨ ‘ਤੇ, ਕਦੇ ਦਸਤਾਰ ‘ਤੇ, ਕਦੇ ਕੜੇ ਉੱਤੇ, ਕਦੇ ਪੰਜਾਬੀ ਬੋਲੀ ਲਿਖਣ-ਬੋਲਣ ‘ਤੇ ਪਾਬੰਦੀ ਲੱਗਦੀ ਹੈ ਤੇ ਸਾਨੂੰ ਵਾਰ-ਵਾਰ ਗ਼ੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਪਿਛਲੇ ਸਾਲਾਂ ਵਿੱਚ ਬੇਅੰਤ ਅਜਿਹੀਆਂ ਘਟਨਾਵਾਂ ਵਾਪਰੀਆਂ ਹਨ ਜਦੋਂ ਹਵਾਈ ਅੱਡਿਆਂ, ਰੇਲਵੇ ਸਟੇਸ਼ਨਾਂ, ਸਕੂਲਾਂ ਅਤੇ ਹੋਰ ਸਰਕਾਰੀ ਅਦਾਰਿਆਂ ਵਿੱਚ ਸਿੱਖਾਂ ਨੂੰ ਕਿਰਪਾਨ, ਦਸਤਾਰ ਅਤੇ ਕੜਾ ਪਹਿਨਿਆ ਹੋਣ ਕਾਰਨ ਜਲੀਲ ਕੀਤਾ ਗਿਆ। ਉਹਨਾਂ ਕਿਹਾ ਕਿ ਭਾਰਤ ਸਰਕਾਰ ਸਾਡੇ ਸਿੱਖੀ ਸਰੂਪ, ਵਿਲੱਖਣ ਹੋਂਦ-ਹਸਤੀ, ਕਕਾਰਾਂ, ਪਹਿਰਾਵੇ, ਧਰਮ, ਬੋਲੀ, ਇਤਿਹਾਸ ਤੇ ਸੱਭਿਆਚਾਰ ਨੂੰ ਖ਼ਤਮ ਕਰਨਾ ਚਾਹੁੰਦੀ ਹੈ ਪਰ ਸਿੱਖੀ ਜੁੱਗੋ ਜੁੱਗ ਅਟੱਲ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਸਾਨ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਕਿਸਾਨੀ ਹੱਕਾਂ ਦੇ ਨਾਲ-ਨਾਲ ਪੰਥ ਅਤੇ ਪੰਜਾਬ ਦੀ ਆਜ਼ਾਦੀ ਲਈ ਵੀ ਸੰਘਰਸ਼ਸ਼ੀਲ ਹੋਣ ਕਿਉਂਕਿ ਸੂਬਾ ਅਤੇ ਕੇਂਦਰ ਸਰਕਾਰ ਪੰਜਾਬ ਦੀ ਨੌਜਵਾਨੀ ਅਤੇ ਕਿਸਾਨੀ ਨੂੰ ਖ਼ਤਮ ਕਰਨ ‘ਤੇ ਤੁਲੀ ਹੋਈ ਹੈ। ਉਹਨਾਂ ਕਿਹਾ ਕਿ ਹਿੰਦੂਤਵੀ ਸਰਕਾਰ ਇਹ ਭੁੱਲ ਚੁੱਕੀ ਹੈ ਕਿ ਇਸ ਕਿਰਪਾਨ ਦੇ ਨਾਲ ਹੀ ਸਿੱਖਾਂ ਨੇ ਮੁਗਲਾਂ, ਪਠਾਣਾ, ਅਫ਼ਗ਼ਾਨਾਂ ਅਤੇ ਹਿੰਦੂ ਪਹਾੜੀ ਰਾਜਿਆਂ ਨਾਲ ਟੱਕਰ ਲਈ ਸੀ ਅਤੇ ਅਬਦਾਲੀ ਦੀ ਚੁੰਗਲ ਵਿੱਚੋਂ 30 ਹਜ਼ਾਰ ਹਿੰਦੂ ਲੜਕੀਆਂ ਛੁਡਾ ਕੇ ਲਿਆਂਦੀਆਂ ਸਨ। ਇਸੇ ਕਿਰਪਾਨ ਦੇ ਨਾਲ ਹੀ ਅੰਗਰੇਜ਼ਾਂ ਨੂੰ ਭਜਾ ਕੇ ਭਾਰਤੀਆਂ ਨੂੰ ਆਜ਼ਾਦ ਕਰਵਾਇਆ ਸੀ ਤੇ 1947 ਤੋਂ ਰਾਜ ਸੱਤਾ ਹੱਥ ਆਉਂਦੇ ਸਾਰ ਹੀ ਹਿੰਦੂ ਹਾਕਮ ਐਨੇ ਅਕ੍ਰਿਤਘਣ ਬਣ ਚੁੱਕੇ ਹਨ ਕਿ ਇਹਨਾਂ ਨੇ ਦੇਸ਼ ਪੰਜਾਬ ਦੀ ਵੰਡ ਕਰਵਾ ਕੇ 10 ਲੱਖ ਪੰਜਾਬੀ ਕਤਲ ਕਰਵਾ ਦਿੱਤੇ, ਸਾਡੇ ਜਾਨੋਂ ਪਿਆਰੇ ਗੁਰਧਾਮ ਵਿਛੜ ਗਏ, ਸਿੱਖਾਂ ਨੂੰ ਜਰਾਇਮ ਪੇਸ਼ਾ ਕੌਮ ਐਲਾਨਿਆ, ਪੰਜਾਬੀ ਬੋਲਦੇ ਇਲਾਕੇ ਅਤੇ ਦਰਿਆਈ ਪਾਣੀਆਂ ਦੇ ਹੱਕ ਖੋਹੇ, ਰਾਜਧਾਨੀ ਚੰਡੀਗੜ੍ਹ ਖੋਹੀ ਅਤੇ ਪੰਜਾਬ ਵਿੱਚੋਂ ਹਿਮਾਚਲ ਅਤੇ ਹਰਿਆਣਾ ਕੱਢ ਕੇ ਲੰਗੜਾ-ਲੂਲਾ ਪੰਜਾਬ ਬਣਾ ਦਿੱਤਾ, ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਫ਼ੌਜੀ ਹਮਲਾ ਕੀਤਾ, ਨਵੰਬਰ 1984 ਵਿੱਚ ਦੇਸ਼ ਭਰ ‘ਚ ਸਿੱਖਾਂ ਦਾ ਕਤਲੇਆਮ ਕੀਤਾ, ਇੱਕ ਲੱਖ ਸਿੱਖਾਂ ਨੂੰ ਝੂਠੇ ਪੁਲਿਸ ਮੁਕਾਬਲਿਆਂ ‘ਚ ਸ਼ਹੀਦ ਕੀਤਾ ਅਤੇ ਅੱਜ ਵੀ ਪੰਜਾਬ ਦੀ ਨੌਜਵਾਨੀ ਨੂੰ ਨਸ਼ਿਆਂ ਰਾਹੀਂ ਅਤੇ ਕਿਸਾਨਾਂ ਨੂੰ ਖ਼ੁਦਕੁਸ਼ੀਆਂ ਰਾਹੀਂ ਮਾਰਿਆ ਜਾ ਰਿਹਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਲਗਾਤਾਰ ਬੇਅਦਬੀਆਂ ਹੋ ਰਹੀਆਂ ਨੇ, ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਬੰਦੀ ਸਿੰਘਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ, ਭਾਰਤੀ ਸਟੇਟ ਵੱਲ਼ੋਂ ਹਰ ਦਿਨ ਸਿੱਖਾਂ ਨੂੰ ਪੀੜ-ਸੰਤਾਪ ਦਿੱਤਾ ਜਾਂਦਾ ਹੈ ਜਿਸ ਤੋਂ ਨਿਜ਼ਾਤ ਪਾਉਣ ਲਈ ਸਿੱਖਾਂ ਨੂੰ ਪੰਜਾਬ ਦੀ ਆਜ਼ਾਦੀ ਵੱਲ ਕਦਮ ਵਧਾਉਣ ਦੀ ਲੋੜ ਹੈ।
Author: Gurbhej Singh Anandpuri
ਮੁੱਖ ਸੰਪਾਦਕ