ਅੰਮ੍ਰਿਤਸਰ, 20 ਸਤੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਮੀਤ ਪ੍ਰਧਾਨ ਭਾਈ ਭੁਪਿੰਦਰ ਸਿੰਘ ਛੇ ਜੂਨ ਅਤੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ ਨੇ ਕਿਹਾ ਕਿ ਕੰਗਣਾ ਰਣੌਤ ਆਚਰਨ ਤੋਂ ਗਿਰੀ ਹੋਈ ਔਰਤ ਹੈ ਜਿਸ ਦਾ ਕੋਈ ਦੀਨ ਈਮਾਨ ਨਹੀਂ ਹੈ, ਭਾਜਪਾ ਇਸ ਨੂੰ ਤੁਰੰਤ ਨੱਥ ਪਾ ਲਵੇ, ਨਹੀਂ ਤਾਂ ਇਸ ਦੀ ਜ਼ਹਿਰ ਉਗਲਦੀ ਜ਼ੁਬਾਨ ਨੂੰ ਸਿੱਖ ਖਿੱਚਣ ਲਈ ਮਜਬੂਰ ਹੋ ਜਾਣਗੇ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਜੀ ਦੇ ਖਿਲਾਫ ਖ਼ਾਲਸਾ ਪੰਥ ਇੱਕ ਵੀ ਲਫਜ਼ ਬਰਦਾਸ਼ਤ ਨਹੀਂ ਕਰੇਗਾ, ਉਹ ਸਾਡੇ ਦਿਲਾਂ ‘ਚ ਚੌਂਕੜਾ ਮਾਰ ਕੇ ਬੈਠੇ ਹਨ, ਉਹ ਵੀਹਵੀਂ ਸਦੀ ਦੇ ਮਹਾਨ ਸਿੱਖ ਤੇ ਖ਼ਾਲਸਾ ਪੰਥ ਦੇ ਮਹਾਂਨਾਇਕ ਹਨ। ਉਹਨਾਂ ਕਿਹਾ ਕਿ ਅੱਤਵਾਦੀ ਸੰਤ ਭਿੰਡਰਾਂਵਾਲੇ ਨਹੀਂ, ਬਲਕਿ ਇੰਦਰਾ ਗਾਂਧੀ, ਜਨਰਲ ਵੈਦਿਆ ਅਤੇ ਲਾਲ ਕ੍ਰਿਸ਼ਨ ਅਡਵਾਨੀ ਸੀ। ਕੰਗਨਾ ਦੇ ਇਸ ਬਿਆਨ ਕੇ ਏ.ਕੇ.47 ਰੱਖਣ ਵਾਲਾ ਸੰਤ ਨਹੀਂ ਹੋ ਸਕਦਾ ਦਾ ਜਵਾਬ ਦਿੰਦਿਆਂ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸਾਡੇ ਤਾਂ ਗੁਰੂਆਂ ਨੇ ਵੀ ਹਥਿਆਰ ਰੱਖੇ ਸਨ ਅਤੇ ਜਬਰ ਜੁਲਮ ਦੇ ਖਿਲਾਫ ਛੇਵੇਂ ਪਾਤਸ਼ਾਹ ਨੇ ਚਾਰ ਤੇ ਦਸਵੇਂ ਪਾਤਸ਼ਾਹ ਨੇ ਚੌਦਾਂ ਜੰਗਾਂ ਲੜੀਆਂ। ਉਹਨਾਂ ਕਿਹਾ ਕਿ ਸ਼ਸਤਰ ਰੱਖਣੇ ਸਾਡੇ ਗੁਰੂ ਦਾ ਹੁਕਮ ਹੈ, ਸਿੱਖ ਧਰਮ ਦਾ ਸਿਧਾਂਤ ਦੇਗ ਤੇਗ ਅਤੇ ਸ਼ਸਤਰ ਤੇ ਸ਼ਾਸਤਰ ਦਾ ਹੈ। ਉਹਨਾਂ ਕਿਹਾ ਕਿ ਹਿੰਦੂ ਧਰਮ ਵਿੱਚ ਜਿਨ੍ਹਾਂ ਨੂੰ ਭਗਵਾਨ ਕਰਕੇ ਪੂਜਿਆ ਜਾਂਦਾ ਹੈ ਸ੍ਰੀ ਰਾਮ ਚੰਦਰ, ਸ੍ਰੀ ਕ੍ਰਿਸ਼ਨ, ਸ਼ਿਵ ਜੀ ਦੁਰਗਾ ਆਦਿ ਸਭ ਨੇ ਹਥਿਆਰ ਰੱਖੇ ਸਨ। ਕੀ ਕੰਗਨਾ ਰਣੌਤ ਹੁਣ ਉਹਨਾਂ ਨੂੰ ਵੀ ਅੱਤਵਾਦੀ ਆਖੇਗੀ ? ਜੋ ਕੋਈ ਵੀ ਹਿੰਦੂ ਬਰਦਾਸ਼ਤ ਨਹੀਂ ਕਰੇਗਾ। ਹੁਣ ਵੀ ਬਹੁਤ ਸਾਰੇ ਹਿੰਦੂ ਧਰਮ ਨਾਲ ਸਬੰਧਤ ਸੰਤਾਂ ਨੇ ਹਥਿਆਰ ਰੱਖੇ ਹੋਏ ਹਨ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਇਕੱਲੇ ਸੰਤ ਹੀ ਨਹੀਂ ਬਲਕਿ ਸਿਪਾਹੀ ਵੀ ਸਨ, ਉਹ ਜਰਨੈਲਾਂ ਦੇ ਜਰਨੈਲ ਸਨ, ਜਿਨ੍ਹਾਂ ਨੇ ਸਿੱਖ ਕੌਮ ਨੂੰ ਗੂੜੀ ਨੀਂਦ ਵਿੱਚੋਂ ਜਗਾਇਆ ਤੇ ਜਾਬਰ ਹਕੂਮਤ ਵਿਰੁੱਧ ਸੰਘਰਸ਼ ਕਰਨਾ ਸਿਖਾਇਆ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਪੰਥ ਅਤੇ ਪੰਜਾਬ ਦੇ ਹੱਕਾਂ ਤੇ ਆਜ਼ਾਦੀ ਲਈ ਸੰਘਰਸ਼ ਕਰਨਾ ਜੇ ਅੱਤਵਾਦੀ ਹੈ ਤਾਂ ਹਰੇਕ ਸਿੱਖ ਅੱਤਵਾਦੀ ਅਖਵਾਉਣਾ ਪਸੰਦ ਕਰੇਗਾ। ਉਹਨਾਂ ਕਿਹਾ ਕਿ ਹਿੰਦ ਸਰਕਾਰ ਦੀ ਨਿਗ੍ਹਾ ਵਿੱਚ ਤਾਂ ਹਰ ਉਹ ਸਿੱਖ ਅੱਤਵਾਦੀ ਹੈ ਜੋ ਆਪਣੇ ਗੁਰੂ ਸਾਹਿਬਾਨਾਂ ਦੇ ਦਰਸਾਏ ਮਾਰਗ ‘ਤੇ ਚੱਲਦਾ ਹੈ, ਸੱਚ ਦਾ ਰਾਹ ਅਪਣਾਉਂਦਾ ਹੈ, ਸਿੱਖੀ ਦਾ ਪ੍ਰਚਾਰ ਕਰਦਾ ਹੈ, ਹਕੂਮਤ ਦੇ ਜੁਲਮੀ ਵਰਤਾਰੇ ਦਾ ਖਿਲਾਫ ਆਵਾਜ਼ ਬੁਲੰਦ ਕਰਦਾ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਆਖਿਆ ਕਿ ਸਿੱਖ ਕੌਮ ਦੇ ਕੇਂਦਰੀ ਸਥਾਨ ਸ੍ਰੀ ਦਰਬਾਰ ਸਾਹਿਬ ਵਿੱਚ ਸੰਤ ਭਿੰਡਰਾਂਵਾਲਿਆਂ ਦਾ ਗੁਰਦੁਆਰਾ ਸੁਸ਼ੋਭਿਤ ਹੈ, ਸ਼ਹੀਦੀ ਗੈਲਰੀ ਅਤੇ ਅਜਾਇਬ ਘਰ ਵਿੱਚ ਉਹਨਾਂ ਦੀ ਤਸਵੀਰ ਵੀ ਸਥਾਪਿਤ ਹੈ। ਉਹਨਾਂ ਕਿਹਾ ਕਿ ਕੰਗਨਾ ਰਣੌਤ ਭਾਰਤੀ ਸਟੇਟ ਦੀ ਸੰਦ ਅਤੇ ਭਾਜਪਾ ਵੱਲੋਂ ਭੌਂਕਣ ਲਈ ਛੱਡੀ ਹੋਈ ਹੈ। ਉਹਨਾਂ ਕਿਹਾ ਕਿ ਕੰਗਨਾ ਰਨੋਤ ਵਿੱਚ ਇੰਦਰਾ ਗਾਂਧੀ ਦੀ ਰੂਹ ਵੜ ਚੁੱਕੀ ਹੈ ਤੇ ਮੈਂਬਰ ਪਾਰਲੀਮੈਂਟ ਕੰਗਨਾ ਵਾਰ ਵਾਰ ਬਕਵਾਸ ਕਰਕੇ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾ ਰਹੀ ਹੈ। ਇੰਦਰਾ ਗਾਂਧੀ ਦਾ ਹਸ਼ਰ ਸਭ ਦੇ ਸਾਹਮਣੇ ਹੈ, ਹੁਣ ਮੈਂਬਰ ਪਾਰਲੀਮੈਂਟ ਕੰਗਨਾ ਰਣੌਤ ਇਸ ਰਾਹੇ ਨਾ ਹੀ ਪਵੇ ਤਾਂ ਉਸ ਲਈ ਚੰਗਾ ਹੈ। ਉਹਨਾਂ ਕਿਹਾ ਕਿ ਸੰਤ ਭਿੰਡਰਾਂਵਾਲੇ ਸੱਚ ਦੇ ਪਹਿਰੇਦਾਰ, ਧਰਮ ਦੇ ਰਾਖੇ ਅਤੇ ਸ੍ਰੀ ਦਰਬਾਰ ਸਾਹਿਬ ਦੀ ਅਜ਼ਮਤ ਦੀ ਰਾਖੀ ਕਰਦਿਆਂ ਸ਼ਹੀਦ ਹੋਣ ਵਾਲੇ ਮਹਾਨ ਸੂਰਬੀਰ ਯੋਧੇ ਸਨ। ਸਿੱਖਾਂ ਦੇ ਘਰਾਂ ਅਤੇ ਗੱਡੀਆਂ ਉੱਤੇ ਸੰਤ ਭਿੰਡਰਾਂਵਾਲਿਆਂ ਦੀ ਤਸਵੀਰ ਸ਼ੋਭ ਰਹੀ ਹੈ, ਅਖੀਰ ਤੇ ਉਹਨਾਂ ਨੇ ਕਿਹਾ ਕਿ ਸੰਤ ਭਿੰਡਰਾਂਵਾਲਿਆਂ ਦੀ ਮਹਾਨ ਸ਼ਖਸੀਅਤ ਬਾਰੇ ਸਾਨੂੰ ਕੰਗਨਾ ਰਨੌਤ ਜਾਂ ਹਿੰਦੁਸਤਾਨੀ ਸਰਕਾਰ ਕੋਲੋਂ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈ।
Author: Gurbhej Singh Anandpuri
ਮੁੱਖ ਸੰਪਾਦਕ