ਨਵੰਬਰ 1984 : ਬਿਹਾਰ ‘ਚ ਸਿੱਖਾਂ ਦੀ ਨਸਲਕੁਸ਼ੀ, ਗੁਰਦੁਆਰੇ ਸਾੜੇ, ਸਿੱਖ ਮਾਰੇ, ਬੀਬੀਆਂ ਦੀ ਪੱਤ ਲੁੱਟੀ
ਭਾਰਤ ਦੇ ਬਿਹਾਰ ਸੂਬੇ ਦੀ ਰਾਜਧਾਨੀ ਪਟਨਾ ਸਾਹਿਬ ‘ਚ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਸੀ ਤੇ ਇੱਥੇ ਤਖ਼ਤ ਸ੍ਰੀ ਹਰਿਮੰਦਰ ਪਟਨਾ ਸਾਹਿਬ ਮੌਜੂਦ ਹੈ। ਇਸ ਸ਼ਹਿਰ ਨਾਲ਼ ਸਿੱਖਾਂ ਦੀ ਖ਼ਾਸ ਸਾਂਝ ਹੈ ਤੇ ਇੱਥੇ ਅਨੇਕਾਂ ਇਤਿਹਾਸਕ ਗੁਰਦੁਆਰੇ ਹਨ। ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ਉੱਤੇ ਹੋਏ ਹਮਲੇ ਦੀ ਮੁੱਖ ਦੋਸ਼ਣ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਜਦੋਂ ਇੱਕ ਨਵੰਬਰ 1984 ਨੂੰ ਭਾਰਤ ਭਰ ਵਿੱਚ ਸਿੱਖਾਂ ਦਾ ਕਤਲੇਆਮ ਸ਼ੁਰੂ ਹੋਇਆ ਤਾਂ ਬਿਹਾਰ ਵਿੱਚ ਵੀ ਫ਼ਿਰਕੂ ਹਿੰਦੁਤਵੀਆਂ ਨੇ ਥਾਂ-ਥਾਂ ਉੱਤੇ ਸਿੱਖਾਂ ਨੂੰ ਨਿਸ਼ਾਨਾ ਬਣਾਇਆ, ਹਿੰਦੂਆਂ ਨੇ ਸਿੱਖਾਂ ਦੇ ਗੁਰੂ-ਘਰ ਵੀ ਨਾ ਬਖ਼ਸ਼ੇ, ਸਿੱਖ ਬੀਬੀਆਂ ਦੀਆਂ ਇੱਜ਼ਤਾਂ ਰੋਲੀਆਂ, ਸਿੱਖਾਂ ਦੀਆਂ ਜਾਇਦਾਦਾਂ ਲੁੱਟੀਆਂ ਤੇ ਹਜ਼ਾਰਾਂ ਸਿੱਖ ਮਾਰ-ਖਪਾ ਦਿੱਤੇ, ਸਿੱਖ ਹੋਣਾ ਹੀ ਸਿੱਖਾਂ ਲਈ ਜੁਰਮ ਬਣ ਗਿਆ।
ਉਸ ਸਮੇਂ ਹਿੰਦੂ ਭੀੜਾਂ ਜੋ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਵੀ ਹਮਲਾ ਕਰਨ ਪਹੁੰਚੀਆਂ, ਪਰ ਅੱਗੋਂ ਸੇਵਾਦਾਰਾਂ ਤੇ ਸੰਗਤਾਂ ਨੇ ਮੁਕਾਬਲਾ ਕਰਕੇ ਉਹਨਾਂ ਨੂੰ ਭਜਾ ਦਿੱਤਾ। ਫਿਰ ਹਿੰਦੂ ਭੀੜਾਂ ਨੇ ਗੁਰਦੁਆਰਾ ਗਊ ਘਾਟ ‘ਤੇ ਹਮਲਾ ਕਰਕੇ ਇਤਿਹਾਸਕ ਅਤੇ ਕੀਮਤੀ ਨਿਸ਼ਾਨੀਆਂ ਸਾੜ ਦਿੱਤੀਆਂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਹੱਥ ਲਿਖਤ ਸਰੂਪ (ਜਿਸ ਉੱਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਸਤਖ਼ਤ ਸਨ) ਨੂੰ ਅੱਗ ਲਾ ਦਿੱਤੀ। ਸੇਵਾਦਾਰ ਬੇਲਾ ਸਿੰਘ ਨੂੰ ਰਿਕਸ਼ੇ ਨਾਲ਼ ਬੰਨ੍ਹ ਕੇ ਘੜੀਸਿਆ, ਫਿਰ ਪੱਥਰ ਮਾਰ-ਮਾਰ ਕੇ ਸ਼ਹੀਦ ਕਰ ਦਿੱਤਾ। ਇੱਕ ਫ਼ੌਜੀ ਸਿੰਘ ਨੂੰ ਵੀ ਕਤਲ ਕਰਕੇ ਉਸ ਦੀ ਲਾਸ਼ ਗਾਇਬ ਕਰ ਦਿੱਤੀ। ਪਟਨਾ ਸਾਹਿਬ ਵਿੱਚ ਕਈ ਸਿੱਖਾਂ ਦੇ ਘਰਾਂ ਨੂੰ ਅੱਗ ਲਾਈ, ਦੁਕਾਨਾਂ ਲੁੱਟੀਆਂ ਤੇ ਕਈ ਸਿੱਖ ਗਾਇਬ ਕਰ ਦਿੱਤੇ ਤੇ ਅਨੇਕਾਂ ਗੁਰਦੁਆਰੇ ਸਾੜੇ ਗਏ।
ਹਿੰਦੂ ਕਾਤਲ ਭੀੜਾਂ ਨੇ ਹਜ਼ਾਰੀ ਬਾਗ ਵਿੱਚ ਸਰਕਾਰੀ ਸ਼ਹਿ ‘ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਕੀਤੀ ਤੇ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ ਤੇ ਰਾਮਗੜ੍ਹ ਕੈਂਟ ਵਿੱਚ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕਰਕੇ ਲਾਸ਼ਾਂ ਖੁਰਦ-ਬੁਰਦ ਕਰ ਦਿੱਤੀਆਂ। ਕਿਸੇ ਵੀ ਸਿਆਸੀ ਆਗੂ ਤੇ ਪੁਲਿਸ ਨੇ ਸਿੱਖਾਂ ਦੀ ਸਹਾਇਤਾ ਨਾ ਕੀਤੀ, ਹਰ ਹਿੰਦੂ ਸਿੱਖਾਂ ਦਾ ਵੈਰੀ ਬਣ ਗਿਆ।
ਡਾਲਟਨ ਗੰਜ ਵਿਖੇ ਹਿੰਦੂ ਭੀੜਾਂ ਅਤੇ ਪੁਲਿਸ ਨੇ ਮਿਲ਼ ਕੇ 60 ਦੇ ਕਰੀਬ ਸਿੱਖ ਫ਼ੌਜੀ ਕੋਹ-ਕੋਹ ਕੇ ਮਾਰ ਦਿੱਤੇ ਜਿਨ੍ਹਾਂ ਵਿੱਚ ਪ੍ਰਗਟ ਸਿੰਘ ਸਿਪਾਹੀ (ਵੜਿੰਗ ਮੋਹਨਪੁਰ, ਤਰਨ ਤਾਰਨ) ਬਲਬੀਰ ਸਿੰਘ ਨਾਇਕ (ਮਾਲ ਖੇੜਾ, ਬਠਿੰਡਾ) ਨਛੱਤਰ ਸਿੰਘ ਨਾਇਕ (ਕੋਠੇ ਕਲਾਂ ਮੇਘਾ, ਫਰੀਦਕੋਟ) ਕਰਤਾਰ ਸਿੰਘ (ਨਾਰਦਨ ਰੇਲਵੇ ਹੈੱਡਕਵਾਟਰ, ਨਵੀਂ ਦਿੱਲੀ), ਸੁਖਦੇਵ ਸਿੰਘ (ਡਾਲਟਨਗੰਜ) ਆਦਿ ਸਨ। ਇਹ ਸਾਰੇ ਫੌਜੀ ਜੋ ਛੁੱਟੀਆਂ ‘ਤੇ ਜਾ ਰਹੇ ਸਨ ਤੇ ਇਹਨਾਂ ਨੂੰ ਰੇਲ ਗੱਡੀ ਵਿੱਚੋਂ ਲਾਹ ਕੇ ਸਿੱਖ ਹੋਣ ਕਰਕੇ ਸ਼ਹੀਦ ਕਰ ਦਿੱਤਾ ਗਿਆ। ਅਕਿਰਤਘਣ ਹਿੰਦੂਆਂ ਨੇ ਇਨ੍ਹਾਂ ਸਿੱਖ ਫ਼ੌਜੀਆਂ ਨੂੰ ਵੀ ਨਾ ਬਖ਼ਸ਼ਿਆ ਜੋ ਭਾਰਤ ਦੀ ਰਾਖੀ ਲਈ ਸਰਹੱਦਾਂ ਉੱਤੇ ਹਿੱਕਾਂ ਡਾਹ ਕੇ ਲੜਦੇ ਸਨ।
ਧੰਨਬਾਦ ਵਿੱਚ ਪਾਠੀ ਨੂੰ ਕੁੱਟ ਕੇ ਸਾੜਿਆ, ਇੱਕ ਪਰਿਵਾਰ ਦੇ ਤਿੰਨੇ ਮੈਂਬਰ ਜਿਉਂਦੇ ਸਾੜੇ ਗਏ, ਜਗਜੀਤ ਸਿੰਘ ਤੇ ਉਸ ਦਾ ਪਰਿਵਾਰ ਬਰੂਦ ਨਾਲ ਬੰਨ੍ਹ ਕੇ ਉਡਾ ਦਿੱਤਾ ਗਿਆ, ਉਸ ਪਰਿਵਾਰ ਦੀ ਲੜਕੀ ਅਤੇ ਨੂੰਹ ਨਾਲ਼ ਬਲਾਤਕਾਰ ਕਰਨ ਪਿੱਛੋਂ ਉਹਨਾਂ ਨੂੰ ਵੀ ਮਾਰ ਦਿੱਤਾ ਗਿਆ। ਨਰਿੰਦਰ ਪਾਲ ਸਿੰਘ ਨੂੰ ਪੱਥਰ ਮਾਰ-ਮਾਰ ਕੇ ਖ਼ਤਮ ਕੀਤਾ ਗਿਆ।
ਟਰਾਂਸਪੋਰਟ ਊਧਮ ਸਿੰਘ ਤੇ ਮਦਨ ਸਿੰਘ ਕਤਰਾਸਗੜ੍ਹ, ਟਰੱਕ ਡਰਾਈਵਰ ਜਸਪਾਲ ਸਿੰਘ ਨੂੰ ਗੋਲ਼ੀਆਂ ਮਾਰ ਕੇ ਕਤਲ ਕੀਤਾ ਗਿਆ। ਟਰੱਕ ਡਰਾਈਵਰ ਤਾਰਨ ਸਿੰਘ (ਸਾਬਕਾ ਫੌਜੀ) ਨੂੰ ਵੀ ਕੁੱਟ-ਕੁੱਟ ਕੇ ਮਾਰਿਆ ਗਿਆ। ਇਹਨਾਂ ਸਾਰੀਆਂ ਘਟਨਾਵਾਂ ਦੌਰਾਨ ਪੁਲਿਸ ਤਮਾਸ਼ਾ ਵੇਖਦੀ ਰਹੀ ਤੇ ਹਿੰਦੂ ਭੀੜਾਂ ਨੂੰ ਹਰ ਪ੍ਰਕਾਰ ਸਹਾਇਤਾ ਅਤੇ ਸ਼ਹਿ ਦਿੰਦੀ ਰਹੀ।
ਬੋਕਾਰੋ ਸ਼ਹਿਰ ਵਿੱਚ ਵੀ ਤਿੰਨ ਗੁਰਦੁਆਰੇ ਸਿੰਘ ਸਭਾ, ਨਾਨਕ ਨਗਰ ਤੇ ਲੱਕੜ ਖੰਡਾ ਅੱਗ ਲਾ ਕੇ ਸਾੜ ਦਿੱਤੇ। ਕਾਤਲ ਭੀੜ ਦੇ ਕੋਲ ਬਰਛੇ, ਪੈਟਰੋਲ ਅਤੇ ਵਿਸ਼ੇਸ਼ ਕਿਸਮ ਦਾ ਪਾਊਡਰ ਸੀ। ਸਿੱਖ ਲੜਕੀਆਂ ਦੇ ਨਾਲ਼ ਬਲਾਤਕਾਰ ਕੀਤੇ ਗਏ ਤੇ ਕਈ ਬੀਬੀਆਂ ਕਤਲ ਕਰਕੇ ਲਾਸ਼ਾਂ ਖਪਾ ਦਿੱਤੀਆਂ ਗਈਆਂ। ਜਿਨ੍ਹਾਂ ਸਿੱਖਾਂ ਨੇ ਸ਼ਸਤਰਾਂ ਨਾਲ਼ ਆਪਣੀ ਰਾਖੀ ਕਰਨੀ ਚਾਹੀ ਉਹ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤੇ। ਸਿੱਖਾਂ ਦੀਆਂ ਦੁਕਾਨਾਂ ਦੀ ਨਿਸ਼ਾਨਦੇਹੀ ਕਰਕੇ ਸਮਾਨ ਲੁੱਟ ਲਿਆ ਗਿਆ ਤੇ ਬੋਕਾਰੋ ਵਿੱਚ ਹਜ਼ਾਰਾਂ ਹੀ ਸਿੱਖ ਤਿੰਨ ਦਿਨਾਂ ਵਿੱਚ ਕਤਲ ਕੀਤੇ ਗਏ, ਦਿੱਲੀ ਵਾਂਗ ਇੱਥੇ ਵੀ ਸਿੱਖਾਂ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਝੱਲਣਾ ਪਿਆ।
ਹਿੰਦੂ ਗੁੰਡਿਆਂ ਨੇ ਸੁਲੱਖਣ ਸਿੰਘ ਦੀਆਂ ਪਹਿਲਾਂ ਚਾਕੂ ਨਾਲ਼ ਅੱਖਾਂ ਕੱਢੀਆਂ, ਫਿਰ ਪੈਟਰੋਲ ਛਿੜਕ ਕੇ ਅੱਗ ਲਾ ਦਿੱਤੀ। ਕਈ ਸਿੰਘਾਂ ਨੂੰ ਗੋਲ਼ੀਆਂ ਅਤੇ ਮਾਰ ਕੇ ਸ਼ਹੀਦ ਕੀਤਾ ਗਿਆ, ਸਿੱਖਾਂ ਦੀਆਂ ਲੜਕੀਆਂ ਦੀ ਇੱਜ਼ਤ ਲੁੱਟੀ, ਫਿਰ ਉਹਨਾਂ ਨੂੰ ਵੀ ਕਤਲ ਕਰ ਦਿੱਤਾ। ਬੋਕਾਰੋ ਦੇ ਬਰਗੂ ਵਿੱਚ ਜਦੋਂ ਦੋ ਸਿੰਘਾਂ ਨੇ ਹਿੰਦੂ ਭੀੜਾਂ ਦਾ ਮੁਕਾਬਲਾ ਕੀਤਾ ਤਾਂ ਪੁਲਿਸ ਨੇ ਉਹਨਾਂ ਨੂੰ ਫੜ ਕੇ ਜੇਲ੍ਹ ਭੇਜ ਦਿੱਤਾ।
ਹਿੰਦੂਆਂ ਨੂੰ ਬਿਹਾਰ ਵਿੱਚ ਜਿੱਥੇ ਵੀ ਕਿਤੇ ਕੋਈ ਸਿੱਖ ਮਿਲ ਜਾਂਦਾ ਤਾਂ ਉਸੇ ਸਮੇਂ ਉਸ ਉੱਤੇ ਹਮਲਾ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ। ਸਿੱਖਾਂ ਦੇ ਘਰਾਂ ਉੱਤੇ ਅੱਗ ਦੀਆਂ ਲਪਟਾਂ ਹੀ ਲਪਟਾਂ ਦਿਸ ਰਹੀਆਂ ਸਨ। ਘਰਾਂ-ਬਜ਼ਾਰਾਂ ਵਿੱਚ ਕਈ ਸਿੱਖ ਔਰਤਾਂ ਨੂੰ ਨਗਨ ਕੀਤਾ ਗਿਆ, ਉਹਨਾਂ ਨਾਲ ਜੋ ਬੀਤੀ ਉਹ ਕਹਿਆ-ਸੁਣਿਆ ਨਹੀਂ ਜਾ ਸਕਦਾ, ਲਿਖਣ ਲੱਗਿਆਂ ਹੱਥ ਕੰਬਦੇ ਹਨ। ਗੁਰਦੁਆਰਿਆਂ ਦੇ ਪਾਠੀ ਸਿੰਘਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਵੀ ਖੌਫ਼ਨਾਕ ਤਸੀਹੇ ਦਿੱਤੇ ਗਏ। ਹਿੰਦੂ ਦੁਕਾਨਦਾਰਾਂ ਨੇ ਸਿੱਖ ਦੁਕਾਨਦਾਰਾਂ ਦੀਆਂ ਦੁਕਾਨਾਂ ਦਾ ਸਾਰਾ ਸਮਾਨ ਜਬਤ ਕਰ ਲਿਆ ਤੇ ਫਿਰ ਦੁਕਾਨਾਂ ਨੂੰ ਅੱਗ ਲਾ ਦਿੱਤੀ। ਜਿਸ ਬਸ, ਟਰੱਕ ਤੇ ਗੱਡੀ ਉੱਤੇ ਵੀ ਸਿੱਖ ਗੁਰੂਆਂ ਦੀ ਤਸਵੀਰ ਜਾਂ ਕੋਈ ਸਿੱਖੀ ਨਿਸ਼ਾਨ ਨਜ਼ਰ ਆ ਜਾਂਦਾ ਤਾਂ ਉਸ ਨੂੰ ਵੀ ਤੋੜ ਕੇ ਅੱਗ ਲਾ ਦਿੱਤੀ ਜਾਂਦੀ।
ਬਿਹਾਰ ਵਿੱਚ ਵੱਸਦੇ ਬਹੁਤਾਂਤ ਸਿੱਖ ਜਾਂ ਤਾਂ ਮਾਰ ਦਿੱਤੇ ਗਏ, ਜਾਂ ਕਈਆਂ ਨੇ ਕੇਸ ਕਤਲ ਕਰਵਾ ਕੇ ਤੇ ਕਈਆਂ ਨੇ ਲੁਕ-ਛਿਪ ਕੇ ਆਪਣੀ ਜਾਨ ਬਚਾਈ ਤੇ , ਸਿੱਖਾਂ ਨੇ ਕਈ ਮਹੀਨੇ ਸਹਿਮ ਵਿੱਚ ਹੀ ਕੱਟੇ ਤੇ ਹਿੰਦੂ ਉਹਨਾਂ ਵੱਲ ਵੇਖ ਕੇ ਹੱਸਦੇ ਰਹੇ। ਇਹੀ ਕੁਝ ਸਿੱਖਾਂ ਨਾਲ ਹੋਰਾਂ ਸੂਬਿਆਂ ਦੇ ਵਿੱਚ ਹੋਇਆ ਤੇ ਸਿੱਖਾਂ ਉੱਤੇ ਕੀਤੇ ਗਏ ਹਿੰਦੂਆਂ ਦੇ ਜ਼ੁਲਮਾਂ ਨੇ ਤਾਂ ਮੁਗਲਾਂ ਦੇ ਜ਼ੁਲਮਾਂ ਨੂੰ ਵੀ ਮਾਤ ਪਾ ਦਿੱਤੀ।
– ਰਣਜੀਤ ਸਿੰਘ ਦਮਦਮੀ ਟਕਸਾਲ
(ਪ੍ਰਧਾਨ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ)
ਮੋ : 88722-93883.
Author: Gurbhej Singh Anandpuri
ਮੁੱਖ ਸੰਪਾਦਕ