ਖਾਸ ਖਬਰ
ਆਸਟਰੇਲੀਆ ਵਸਦੇ ਸਿੱਖਾਂ ਨੂੰ ਵੱਡਾ ਤੋਹਫਾ
ਪ੍ਰਕਾਸ਼ ਪੁਰਬ ਨੂੰ ਸਮਰਪਿਤ , ਲੇਕ ਦਾ ਨਾਮ ਰੱਖਿਆ ”ਗੁਰੂ ਨਾਨਕ ਲੇਕ”
ਸਿੱਖ ਇਹ ਨਹੀਂ ਜਾਣਦੇ ਕਿ ਉਨ੍ਹਾਂ ਦੀ ਤਾਕਤ ਤੇ ਪਛਾਣ ਗੁਰੂ ਸਾਹਿਬਾਨ ਦੇ ਹੁਕਮ ਤੇ ਸਿਧਾਂਤ ਨੂੰ ਅਪਨਾਕੇ ਨਿੱਜੀ,ਸਾਮਾਜਿਕ, ਸਭਿਆਚਾਰਕ ਤੇ ਰਾਜਨੀਤਕ ਜ਼ਿੰਦਗੀ ਨਿਭਾਉਣ ਵਿਚ ਹੈ। ਮਨੁੱਖੀ ਸੇਵਾ ਤੇ ਸਰਬੱਤ ਦਾ ਭਲਾ ਉਸਦੀ ਪਛਾਣ ਬਣ ਚੁਕੀ ਹੈ।ਕੋਈ ਸੰਸਾਰੀ ਤਾਕਤ ਉਸ ਦੇ ਵਜੂਦ ਨੂੰ ਨਹੀਂ ਮਿਟਾ ਸਕਦੀ।ਦੁਨੀਆਂ ਦੇ ਸਭ ਲੋਕ ਤੇ ਵਿਸ਼ਵ ਦੀਆਂ ਸੁਪਰ ਤਾਕਤਾਂ ਉਸਦੇ ਧਰਮ ਕਰਮ ਤੋਂ ਪ੍ਰਭਾਵਿਤ ਹੋ ਰਹੀਆਂ ਹਨ।ਅਮਰੀਕਾ ,ਕੈਨੇਡਾ ,ਇੰਗਲੈਂਡ, ਯੂਰਪ ਹੀ ਨਹੀਂ ਆਸਟਰੇਲੀਆ ਵਿਚ ਉਨ੍ਹਾਂ ਨੂੰ ਵਿਸ਼ੇਸ਼ ਮਾਨਤਾ ਮਿਲਣੀ ਸ਼ੁਰੂ ਹੋ ਗਈ ਹੈ।ਆਉਣ ਵਾਲੇ ਸਮੇਂ ਦੌਰਾਨ ਪੱਛਮੀ ਲੋਕ ਸਿਖ ਧਰਮ ਨੂੰ ਵੱਡੀ ਗਿਣਤੀ ਵਿਚ ਅਪਨਾਉਣਾ ਸ਼ੁਰੂ ਕਰ ਦੇਣਗੇ। ਯਹੂਦੀ ਅਖਬਾਰਾਂ ਤੇ ਮੀਡੀਆ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਹ ਯਹੂਦੀ ਭਾਈਚਾਰੇ ਤੇ ਸਿਖ ਪੰਥ ਦੀ ਸਾਂਝ ਤੇ ਮੇਲ ਦਿਖਾ ਰਹੀਆਂ ਹਨ ਤੇ ਸਿੱਖ ਧਰਮ ਦੀ ਤਾਰੀਫ਼ ਕਰ ਰਹੀਆਂ ਹਨ।ਗੁਗਲ ਵਿਚ ਤੁਸੀਂ ਸਰਚ ਕਰ ਸਕਦੇ ਹੋ।ਮਸਲਾ ਏਨਾ ਹੀ ਹੈ ਅਸੀਂ ਜਾਤੀਵਾਦ ਤੇ ਨਸਲਵਾਦ ਤੇ ਹਿੰਸਾ ਤੋਂ ਉਪਰ ਉਠਕੇ ਸਰਬਤ ਦੇ ਭਲੇ ਤੇ ਸਾਂਝੀਵਾਲਤਾ ਦੇ ਗੁਰੂ ਉਪਦੇਸ਼ ਨੂੰ ਆਪਣੀ ਅਮਲੀ ਜ਼ਿੰਦਗੀ ਰਾਹੀਂ ਪ੍ਰਮੋਟ ਕਰੀਏ।
ਹੁਣੇ ਜਿਹੇ ਆਸਟਰੇਲੀਆ ਦੇ ਸੂਬੇ ਵਿਕਟੋਰੀਆ ਦੀ ਐਲਨ ਲੇਬਰ ਸਰਕਾਰ ਨੇ ਸਿਖ ਭਾਈਚਾਰੇ ਦੀਆਂ ਮਨੁੱਖਤਾ ਦੇ ਹਿੱਤ ਵਿਚ ਸੇਵਾਵਾਂ ਦਾ ਸਨਮਾਨ ਕਰਦੇ ਹੋਏ ਸਿੱਖ ਧਰਮ ਦੇ ਬਾਨੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਤੋਂ ਪਹਿਲਾਂ ਗੁਰੂ ਜੀ ਦੇ ਸਨਮਾਨ ਵਿਚ ਬਰਵਿਕ ਸਪਰਿੰਗਜ਼ ਝੀਲ ਦਾ ਨਾਂ ਬਦਲ ਕੇ ‘ਗੁਰੂ ਨਾਨਕ ਲੇਕ’ ਰੱਖ ਦਿਤਾ ਹੈ। ਇਹ ਝੀਲ ਮੈਲਬੌਰਨ ਦੇ ਦੱਖਣ ਪੂਰਬ ਵਿਚ ਸਥਿਤ ਇਲਾਕੇ ਬੈਰਵਿਕ ਵਿੱਖੇ ਸਥਿਤ ਹੈ ਤੇ ਇਹ ਝੀਲ ਕੁਦਰਤੀ ਰੰਗਾਂ ਨਾਲ ਭਰਪੂਰ ਹੈ।ਇਹ ਐਲਾਨ ਕੀਤਾ ਗਿਆ ਸੀ। ਇਸ ਤੋਂ ਇਲਾਵਾ ਗੁਰਪੁਰਬ ਦੇ ਮੱਦੇਨਜ਼ਰ ਵਿਕਟੋਰੀਆ ਵਿਚ ਲੰਗਰ ਸਮਾਗਮਾਂ ਲਈ 6 ਲੱਖ ਡਾਲਰ ਵੀ ਦਿਤੇ ਗਏ ਹਨ।
ਇਸ ਮੌਕੇ ਨਵੇਂ ਨਾਂ ਦੇ ਸਮਰਪਣ ਨੂੰ ਸਿੱਖ ਧਰਮ ਦੀਆਂ ਰਵਾਇਤੀ ਰਸਮਾਂ, ਅਰਦਾਸ ਦੇ ਨਾਲ ਕੀਤਾ ਗਿਆ।ਇਸ ਮੌਕੇ ਸੂਬਾ ਸਰਕਾਰ ਵਲੋਂ ਆਏ ਬੁਲਾਰਿਆਂ ਵਲੋਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਵਿਕਟੋਰੀਆ ਸੂਬਾ ਸਾਂਝੀਵਾਲਤਾ ਅਤੇ ਬਹੁ-ਸੰਸਕ੍ਰਿਤਿਕ ਮੂਲ ਪਿਛੋਕੜਾਂ ਦੀਆਂ ਕਦਰਾਂ ਦਾ ਪ੍ਰਤੀਕ ਹੈ ਅਤੇ ਤੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੇ ਸਿੱਖਿਆਵਾਂ ਦਾ ਆਦਰ ਕਰਦਾ ਹੈ, ਜੋ ਸਾਰਿਆਂ ਲਈ ਦਇਆ, ਸਮਾਨਤਾ ਅਤੇ ਨਿਸ਼ਕਾਮ ਸੇਵਾ ਦਾ ਸੁਨੇਹਾ ਦਿੰਦੇ ਹਨ।
ਇਸ ਮੌਕੇ ਕਰਵਾਏ ਇਕ ਸਮਾਗਮ ਵਿਚ ਬਹੁ-ਸਭਿਆਚਾਰਕ ਮਾਮਲਿਆਂ ਦੇ ਮੰਤਰੀ ਇੰਗਰਿਡ ਸਟਿਟ ਨੇ ਕਿਹਾ, ‘‘ਮੈਨੂੰ ਵਿਕਟੋਰੀਆ ਵਿਚ ਸਾਡੇ ਸਿੱਖ ਭਾਈਚਾਰੇ ਦੇ ਮਹੱਤਵਪੂਰਨ ਯੋਗਦਾਨ ਨੂੰ ਮਾਨਤਾ ਦਿੰਦੇ ਹੋਏ ਖੁਸ਼ੀ ਹੋ ਰਹੀ ਹੈ ਅਤੇ ਇਕ ਇਤਿਹਾਸਕ ਸਥਾਨ ਦਾ ਨਾਮ ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਦੇ ਨਾਂ ’ਤੇ ਰੱਖਿਆ ਗਿਆ ਹੈ।ਉਨ੍ਹਾਂ ਕਿਹਾ ਕਿ ਵਿਕਟੋਰੀਆ ਵਿੱਚ ਸਿੱਖ ਭਾਈਚਾਰੇ ਨੂੰ ਲੋਕ ਭਲਾਈ ਦੇ ਕਾਰਜਾਂ ਵਿੱਚ ਪਾਏ ਜਾ ਰਹੇ ਯੋਗਦਾਨ ਦੇ ਲਈ ਜਾਣਿਆ ਜਾਂਦਾ ਹੈ ਭਾਵੇ ਉਹ ਕੁਦਰਤੀ ਆਫਤ ਹੋਵੇ, ਕੋਵਿਡ ਮਹਾਮਾਰੀ ਹੋਵੇ ਜਾਂ ਜੰਗਲੀ ਅੱਗ ਹੋਵੇ ਹਰ ਫਰੰਟ ‘ਤੇ ਸੇਵਾ ਪ੍ਰਦਾਨ ਕਰਨ ਲਈ ਸਿੱਖ ਭਾਈਚਾਰੇ ਨੇ ਮਨੁੱਖਤਾ ਦੇ ਹਿੱਤ ਵਿਚ ਕਦਮ ਚੁੱਕੇ ਹਨ।
ਇਸ ਮੌਕੇ ਮੌਜੂਦ ਵਿਕਟੋਰੀਆ ਦੀ ਯੋਜਨਾ ਮੰਤਰੀ ਸੋਨੀਆ ਕਿਲਕੇਨੀ ਨੇ ਇਕ ਵੰਨ-ਸੁਵੰਨੇ ਅਤੇ ਸਮਾਵੇਸ਼ੀ ਸੂਬੇ ਪ੍ਰਤੀ ਸਰਕਾਰ ਦੀ ਵਚਨਬੱਧਤਾ ਦੇ ਹਿੱਸੇ ਵਜੋਂ ਇਸ ਸੰਕੇਤ ਨੂੰ ਉਜਾਗਰ ਕਰਦਿਆਂ ਕਿਹਾ, ‘‘ਸਿੱਖ ਭਾਈਚਾਰੇ ਦੇ ਲੰਮੇ ਸਮੇਂ ਤੋਂ ਚੱਲੇ ਆ ਰਹੇ ਸਹਿਯੋਗ ਅਤੇ ਆਸਟ੍ਰੇਲੀਆਈ ਸਮਾਜ ਲਈ ਯੋਗਦਾਨ ਦੀ ਸ਼ਲਾਘਾ ਕੀਤੀ। ਨਾਲ ਹੀ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਗੁਰੂ ਨਾਨਕ ਲੇਕ ਸੂਬੇ ਵਿੱਚ ਵੱਖ-ਵੱਖ ਸੱਭਿਆਚਾਰਾਂ ਵਿਚਕਾਰ ਆਪਸੀ ਭਾਈਚਾਰੇ ਦਾ ਸੁਨੇਹਾ ਪ੍ਰਦਾਨ ਕਰੇਗੀ।
ਇਸ ਸਬੰਧੀ ਵਿਕਟੋਰੀਆ ਸਰਕਾਰ ਵਲੋਂ ਰਸਮੀ ਤੌਰ ‘ਤੇ ਰੱਖੇ ਇੱਕ ਸਮਾਗਮ ਵਿੱਚ ਵਿਕਟੋਰੀਆ ਦੇ ਮਲਟੀਕਲਚਰਲ ਮੰਤਰੀ ਇੰਗ੍ਰਿਡ ਸਟੀਟ, ਯੋਜਨਾ ਮੰਤਰੀ ਸੋਨੀਆ ਕਿਲਕੇਨੀ , ਸੰਸਦ ਮੈਂਬਰ, ਵਿਕਟੋਰੀਆ ਮਲਟੀਕਲਚਰਲ ਕਮਿਸ਼ਨ ਦੀ ਸੀ.ਈ.ਓ. ਵਿਵ ਨਗੁਇਨ, ਸਥਾਨਕ ਅਧਿਕਾਰੀ ਅਤੇ ਕਈ ਸਿੱਖ ਸੰਸਥਾਵਾਂ ਦੇ ਮੈਂਬਰ ਸ਼ਾਮਲ ਸਨ।
ਇਹ ਸਾਧਾਰਨ ਗੱਲ ਨਹੀਂ।ਆਸਟਰੇਲੀਆ ਨੇ ਸਿੱਖ ਭਾਈਚਾਰੇ ਦਾ ਦੁਨੀਆਂ ਨੂੰ ਵੱਡਾ ਸੁਨੇਹਾ ਦਿਤਾ ਹੈ ਕਿ ਸਿਖ ਪੰਥ ਸਰਬਤ ਦੇ ਭਲੇ ਤੇ ਸਾਂਝੀਵਾਲਤਾ ਦਾ ਦੂਤ ਹੈ ਤੇ ਮਨੁੱਖਤਾ ਨੂੰ ਪਿਆਰ ਕਰਦਾ ਹੈ ਤੇ ਉਨ੍ਹਾਂ ਦੇ ਰਹਿਬਰ ਸਤਿਗੁਰੂ ਨਾਨਕ ਦੀਆਂ ਸਿਖਿਆਵਾਂ ਸਮੁਚੀ ਮਨੁੱਖਤਾ ਲਈ ਰਾਹ ਦਸੇਰਾ ਹਨ।
ਬਲਵਿੰਦਰ ਪਾਲ ਸਿੰਘ ਪ੍ਰੋਫੈਸਰ
Author: Gurbhej Singh Anandpuri
ਮੁੱਖ ਸੰਪਾਦਕ