ਦਮਦਮੀ ਟਕਸਾਲ ਨੂੰ ਭਾਜਪਾ, ਆਰ.ਐਸ.ਐਸ. ਤੇ ਬਾਦਲਾਂ ਦੀ ਝੋਲੀਚੁੱਕ ਨਹੀਂ ਬਣਨ ਦਿਆਂਗੇ : ਭਾਈ ਰਣਜੀਤ ਸਿੰਘ
ਅੰਮ੍ਰਿਤਸਰ, 19 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਮਹਾਂਰਾਸ਼ਟਰ ਦੀਆਂ ਅਗਾਮੀ ਵਿਧਾਨ ਸਭਾ ਚੋਣਾਂ ‘ਚ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਭਾਜਪਾ ਨੂੰ ਸਮਰਥਨ ਦੇਣ ‘ਤੇ ਪੰਥਕ ਜਥੇਬੰਦੀ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਨੇ ਸਖ਼ਤ ਇਤਰਾਜ਼ ਜਤਾਇਆ ਹੈ ਤੇ ਬਾਬਾ ਹਰਨਾਮ ਸਿੰਘ ਦੇ ਇਸ ਪੰਥ ਵਿਰੋਧੀ ਫ਼ੈਸਲੇ ਦੀ ਕਰੜੇ ਸ਼ਬਦਾਂ ‘ਚ ਨਿਖੇਧੀ ਕੀਤੀ ਹੈ। ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਨੇ ਇਹ ਫੈਸਲਾ ਲੈ ਕੇ ਦਮਦਮੀ ਟਕਸਾਲ ਦੇ ਸ਼ਾਨਾਮੱਤੇ ਇਤਿਹਾਸ ਨੂੰ ਕਰਾਰੀ ਸੱਟ ਅਤੇ ਸਿੱਖ ਭਾਵਨਾਵਾਂ ਨੂੰ ਡੂੰਘੀ ਠੇਸ ਪਹੁੰਚਾਈ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਿਸ ਭਾਜਪਾ ਨੇ ਜੂਨ 1984 ‘ਚ ਸ੍ਰੀ ਦਰਬਾਰ ਸਾਹਿਬ ‘ਤੇ ਹਮਲੇ ਦਾ ਸਮਰਥਨ ਕੀਤਾ, ਲੱਡੂ ਵੰਡ ਕੇ ਖੁਸ਼ੀਆਂ ਮਨਾਈਆਂ, ਇੰਦਰਾ ਗਾਂਧੀ ਨੂੰ ਦੁਰਗਾ ਦੇਵੀ ਦਾ ਖ਼ਿਤਾਬ ਦਿੱਤਾ, ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਨੂੰ ਭਸਮਾਸੁਰ ਰਾਕਸ਼ਸ਼ ਤੇ ਅੱਤਵਾਦੀ ਕਿਹਾ, ਸ੍ਰੀ ਅਨੰਦਪੁਰ ਸਾਹਿਬ ਦੇ ਮਤੇ ਦਾ ਵਿਰੋਧ ਕੀਤਾ, ਭਾਜਪਾ ਆਗੂ ਹਰਬੰਸ ਲਾਲ ਖੰਨਾ ਨੇ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ‘ਤੇ ਲੱਗਾ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਤੋੜਿਆ, ਸ੍ਰੀ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਵਿਰੋਧ ਕੀਤਾ, ਦੁੱਕੀ ਤਿੱਕੀ ਖਹਿਣ ਨਹੀਂ ਦੇਣੀ ਸਿਰ ‘ਤੇ ਪੱਗੜੀ ਰਹਿਣ ਨਹੀਂ ਦੇਣੀ, ਕੱਛ ਕੜਾ ਕਿਰਪਾਨ ਭੇਜ ਦਿਆਂਗੇ ਪਾਕਿਸਤਾਨ ਆਦਿਕ ਨਾਅਰੇ ਲਗਾਏ। ਭਾਜਪਾ ਆਗੂ ਲਾਲ ਕ੍ਰਿਸ਼ਨ ਅਡਵਾਨੀ ਆਪਣੀ ਕਿਤਾਬ ‘ਚ ਖੁਦ ਮੰਨ ਕਰ ਚੁੱਕਾ ਕਿ ਉਸ ਨੇ ਇੰਦਰਾ ਗਾਂਧੀ ਉੱਤੇ ਸ੍ਰੀ ਦਰਬਾਰ ਸਾਹਿਬ ‘ਤੇ ਹਮਲਾ ਕਰਨ ਲਈ ਜ਼ੋਰ ਪਾਇਆ, ਪੰਜਾਬ ਨੂੰ ਫ਼ੌਜ ਹਵਾਲੇ ਕਰਨ ਦੀ ਮੰਗ ਕੀਤੀ ਤੇ ਇਹ ਵੀ ਕਿਹਾ ਕਿ ਦਰਬਾਰ ਸਾਹਿਬ ‘ਤੇ ਹਮਲਾ ਛੇ ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀ, ਨਵੰਬਰ 1984 ਵਿੱਚ ਵੀ ਸਿੱਖਾਂ ਦੀ ਨਸਲਕੁਸ਼ੀ ਵੇਲੇ ਭਾਜਪਾ ਨੇ ਕਾਂਗਰਸੀਆਂ ਦਾ ਸਾਥ ਦਿੱਤਾ, ਭਾਜਪਾ ਆਗੂ ਅੱਜ ਵੀ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਅਤੇ ਸਾਡੇ ਜੁਝਾਰੂ ਸਿੰਘਾਂ ਤੇ ਸਿੱਖ ਸੰਘਰਸ਼ ਖ਼ਿਲਾਫ਼ ਬੋਲਦੇ ਰਹਿੰਦੇ ਹਨ ਤੇ ਲਗਾਤਾਰ ਸਿੱਖ ਕੌਮ ਨਾਲ ਵੈਰ ਕਮਾ ਰਹੇ ਹਨ ਤੇ ਹੁਣ ਆਰ.ਐਸ.ਐਸ. ਦੇ ਹੀ ਸਿਆਸੀ ਵਿੰਗ ਭਾਜਪਾ ਦਾ ਸਮਰਥਨ ਕਰਕੇ ਬਾਬਾ ਹਰਨਾਮ ਸਿੰਘ ਨੇ ਸਿੱਖ ਕੌਮ ਅਤੇ ਸਿੱਖ ਸੰਘਰਸ਼ ਨਾਲ ਦੁਬਾਰਾ ਫਿਰ ਧ੍ਰੋਹ ਕਮਾਇਆ ਹੈ ਤੇ ਦਮਦਮੀ ਟਕਸਾਲ ਨੂੰ ਸਵਾਲਾਂ ਦੇ ਕਟਹਿਰੇ ਵਿੱਚ ਖੜ੍ਹਾ ਕਰ ਦਿੱਤਾ ਹੈ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਬਾਬਾ ਹਰਨਾਮ ਸਿੰਘ ਖ਼ਾਲਸਾ ਵੱਲੋਂ ਦਮਦਮੀ ਟਕਸਾਲ ਦਾ ਮੁਖੀ ਵੀ ਅਖਵਾਉਣਾ ਤੇ ਭਾਜਪਾ ਦਾ ਸਮਰਥਨ ਕਰਨਾ ਇਹ ਦੋਵੇਂ ਗੱਲਾਂ ਆਪਸ ‘ਚ ਰੱਤਾ ਵੀ ਮੇਲ ਨਹੀਂ ਖਾਂਦੀਆਂ। ਦਮਦਮੀ ਟਕਸਾਲ ਤਾਂ ਕਲਗੀਧਰ ਪਾਤਸ਼ਾਹ ਵੱਲੋਂ ਵਰੋਸਾਈ ਗੁਰਮੁਖਾਂ, ਯੋਧਿਆਂ ਤੇ ਸ਼ਹੀਦਾਂ ਦੀ ਜਥੇਬੰਦੀ ਹੈ, ਇਹ ਖ਼ਾਲਸਾ ਪੰਥ ਦੀ ਚੱਲਦੀ ਫਿਰਦੀ ਧਾਰਮਿਕ ਯੂਨੀਵਰਸਿਟੀ ਅਤੇ ਯੋਧਿਆਂ ਦੀ ਖ਼ਾਨ ਹੈ, ਇਸ ਦਾ ਗੰਧਲਾ ਸਿਆਸੀਕਰਨ ਖ਼ਾਲਸਾ ਪੰਥ ਬਰਦਾਸ਼ਤ ਨਹੀਂ ਕਰੇਗਾ। ਦਮਦਮੀ ਟਕਸਾਲ ਸਾਡੀ ਜ਼ਿੰਦ ਜਾਨ ਹੈ, ਅਸੀਂ ਇਸ ਨੂੰ ਆਰ.ਐਸ.ਐਸ. ਤੇ ਭਾਜਪਾ ਦੀ ਝੋਲੀ ਚੁੱਕ ਨਹੀਂ ਬਣਨ ਦਿਆਂਗੇ ਤੇ ਟਕਸਾਲ ਦੀ ਸ਼ਾਨ ਨੂੰ ਕਾਇਮ ਰੱਖਣ ਅਤੇ ਉੱਚਾ ਚੁੱਕਣ ਲਈ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਸੋਚ, ਵਿਚਾਰਧਾਰਾ, ਸੰਘਰਸ਼ ਤੇ ਨਿਸ਼ਾਨੇ ਉੱਤੇ ਪਹਿਰਾ ਦਿੰਦੇ ਰਹਾਂਗੇ ਅਤੇ ਕਾਂਗਰਸ ਤੇ ਭਾਜਪਾ ਦਾ ਕਿਸੇ ਵੀ ਕੀਮਤ ‘ਤੇ ਸਮਰਥਨ ਨਹੀਂ ਕਰਾਂਗੇ ਤੇ ਕੌਮੀ ਘਰ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਨੂੰ ਬੁਲੰਦ ਕਰਾਂਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਜਪਾ ਦੇ ਆਗੂਆਂ ਨਰਿੰਦਰ ਮੋਦੀ ਤੇ ਅਮਿਤ ਸ਼ਾਹ ਵੱਲੋਂ ਅੱਜ ਵੀ ਵਿਦੇਸ਼ਾਂ ਵਿੱਚ ਸਰਗਰਮ ਸਿੱਖਾਂ ਦੇ ਕਤਲ ਕਰਵਾਏ ਜਾ ਰਹੇ ਨੇ ਜਿਨ੍ਹਾਂ ਵਿੱਚ ਭਾਈ ਹਰਦੀਪ ਸਿੰਘ ਨਿੱਝਰ, ਭਾਈ ਪਰਮਜੀਤ ਸਿੰਘ ਪੰਜਵੜ ਤੇ ਭਾਈ ਅਵਤਾਰ ਸਿੰਘ ਖੰਡਾ ਨੂੰ ਸ਼ਹੀਦ ਕੀਤਾ ਜਾ ਚੁੱਕਾ ਹੈ ਤੇ ਭਾਰਤ ਸਰਕਾਰ ਵੱਲੋਂ ਭਾਈ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਵੀ ਸਾਜਿਸ਼ ਰਚੀ ਗਈ ਹੈ। ਸਜ਼ਾਵਾਂ ਪੂਰੀਆਂ ਕਰਨ ਦੇ ਬਾਵਜੂਦ ਵੀ ਭਾਜਪਾ ਵੱਲੋਂ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ, ਭਾਈ ਜਗਤਾਰ ਸਿੰਘ ਤਾਰਾ, ਭਾਈ ਪਰਮਜੀਤ ਸਿੰਘ ਭਿਓਰਾ, ਭਾਈ ਬਲਵੰਤ ਸਿੰਘ ਰਾਜੋਆਣਾ, ਭਾਈ ਗੁਰਦੀਪ ਸਿੰਘ ਖੈੜਾ ਤੇ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਢਾਹੇ ਗਏ ਗੁਰਦੁਆਰੇ ਗਿਆਨ ਗੋਦੜੀ, ਡਾਂਗਮਾਰ ਸਾਹਿਬ, ਮੰਗੂ ਮੱਠ ਤੇ ਗਵਾਲੀਅਰ ਦੀ ਅਜੇ ਤੱਕ ਭਾਜਪਾ ਨੇ ਉਸਾਰੀ ਨਹੀਂ ਹੋਣ ਦਿੱਤੀ। ਭਾਜਪਾ ਅਤੇ ਸ਼ਿਵ ਸੈਨਾ ਵਾਲੇ ਹਰ ਸਾਲ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਪੁਤਲੇ ਫੂਕਦੇ ਹਨ, ਅਜੇ ਤੱਕ ਸੰਵਿਧਾਨ ਦੀ 25 ਬੀ ਧਾਰਾ ਵਿੱਚ ਸੋਧ ਕਰਕੇ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਿਆ ਗਿਆ, ਪਿਛਲੇ 40 ਸਾਲਾਂ ਤੋਂ ਸਿੱਖ ਮੁੱਦੇ ਜਿਉਂ ਦੇ ਤਿਉਂ ਲਟਕੇ ਹੋਏ ਹਨ ਪਰ ਫਿਰ ਵੀ ਕਿਉਂ ਬਾਬਾ ਹਰਨਾਮ ਸਿੰਘ ਭਾਜਪਾ ਦਾ ਸਮਰਥਨ ਕਰਕੇ ਸਿੱਖ ਕੌਮ ਦੀ ਬੇੜੀ ਵਿੱਚ ਵੱਟੇ ਪਾ ਰਹੇ ਹਨ। ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਇਸ ਤੋਂ ਪਹਿਲਾਂ ਵੀ ਬਾਬਾ ਹਰਨਾਮ ਸਿੰਘ ਨੇ ਸੰਗਤਾਂ ਨੂੰ ਕਿਹਾ ਸੀ ਕਿ ਉਹ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਤੋਂ ਬਾਅਦ ਬਾਦਲ ਪਰਿਵਾਰ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਿਆ ਕਰਨ ਤੇ ਉਹ ਹੱਥ ਵਿੱਚ ਪਲੇਟ ਫੜ ਕੇ ਪ੍ਰਕਾਸ਼ ਸਿੰਘ ਬਾਦਲ ਦਾ ਮੂੰਹ ਮਿੱਠਾ ਕਰਵਾਉਂਦੇ ਫਿਰਦੇ ਸਨ ਜਿਸ ਕਾਰਨ ਬਾਬਾ ਹਰਨਾਮ ਸਿੰਘ ਨੂੰ ਸਿੱਖ ਸੰਗਤਾਂ ਦੇ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਵੀ ਪੰਥ ਅਤੇ ਪੰਜਾਬ ਦੇ ਵੱਡੇ ਗੱਦਾਰ ਹਨ। ਭਾਈ ਰਣਜੀਤ ਸਿੰਘ ਨੇ ਬਾਬਾ ਹਰਨਾਮ ਸਿੰਘ ਨੂੰ ਕਿਹਾ ਕਿ ਉਹਨਾਂ ਨੂੰ ਆਪਣਾ ਫ਼ੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
Author: Gurbhej Singh Anandpuri
ਮੁੱਖ ਸੰਪਾਦਕ