ਅੰਮ੍ਰਿਤਸਰ, 30 ਨਵੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਪਿਛਲੇ ਦਿਨੀਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਸਵਾਂਗ ਰਚਾਉਣ ਵਾਲੀ ਲੜਕੀ ਅਤੇ ਪ੍ਰਬੰਧਕਾਂ ਦੇ ਉੱਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਦਵਿੰਦਰ ਸਿੰਘ ਮੁਕੇਰੀਆਂ ਨੇ ਮੱਧ ਪ੍ਰਦੇਸ਼ ਦੇ ਸ਼ਹਿਰ ਛਿਡੋਲ ਪਹੁੰਚ ਕੇ ਸਖਤ ਕਾਰਵਾਈ ਕੀਤੀ ਹੈ। ਭਾਈ ਦਵਿੰਦਰ ਸਿੰਘ ਮੁਕੇਰੀਆਂ ਦੀ ਅਗਵਾਈ ਚ ਸੱਤ ਸਿੰਘਾਂ ਦਾ ਜਥਾ ਸ਼ਡੋਲ ਪਹੁੰਚਿਆ ਅਤੇ ਉਹਨਾਂ ਨੇ ਪ੍ਰਬੰਧਕਾਂ ਨੂੰ ਤਾੜਨਾ ਕੀਤੀ, ਗਲਤੀ ਦਾ ਅਹਿਸਾਸ ਕਰਵਾਇਆ, ਮਰਿਆਦਾ ਤੋਂ ਜਾਣੂ ਕਰਵਾਇਆ ਅਤੇ ਗੁਰੂ ਨਾਨਕ ਸਾਹਿਬ ਦਾ ਸਵਾਂਗ ਰਚਾਉਣ ਵਾਲੇ ਕੱਪੜੇ ਅਤੇ ਕਮੰਡਲ ਜਬਤ ਕਰ ਲਏ ਹਨ। ਫਿਰ ਵਾਪਸੀ ਆ ਕੇ ਭਾਈ ਦਵਿੰਦਰ ਸਿੰਘ ਮੁਕੇਰੀਆਂ ਸ੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚੇ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਪ੍ਰਧਾਨ ਭਾਈ ਸੁਖਜੀਤ ਸਿੰਘ ਖੋਸੇ ਅਤੇ ਸਾਥੀਆਂ ਨੇ ਉਹਨਾਂ ਦੇ ਜਥੇ ਦਾ ਸਨਮਾਨ ਵੀ ਕੀਤਾ ਅਤੇ ਇੱਥੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਭਾਈ ਸੁਖਜੀਤ ਸਿੰਘ ਖੋਸੇ ਨੇ ਭਾਈ ਦਵਿੰਦਰ ਸਿੰਘ ਦੀ ਭਰਪੂਰ ਸ਼ਲਾਘਾ ਕੀਤੀ ਜਿਸਨੇ ਜਮੀਨੀ ਪੱਧਰ ਉੱਤੇ ਇੰਨੇ ਕਿਲੋਮੀਟਰ ਦੂਰ ਜਾ ਕੇ ਕਾਰਵਾਈ ਪਾਈ ਹੈ। ਇਸ ਮੌਕੇ ਭਾਈ ਦਵਿੰਦਰ ਸਿੰਘ ਮੁਕੇਰੀਆਂ ਨੇ ਕਿਹਾ ਕਿ ਗੁਰੂ ਨਾਨਕ ਸਾਹਿਬ ਦਾ ਸਵਾਂਗ ਰਚਾਉਣ ਵਾਲੀ 12 ਸਾਲਾਂ ਦੀ ਲੜਕੀ ਸੀ, ਇਸ ਵਿੱਚ ਦੋਸ਼ੀ ਦੋ ਹੋਰ ਬੰਦੇ ਮਰ ਚੁੱਕੇ ਹਨ ਤੇ ਉਹਨਾਂ ਦੀ ਕਿਰਿਆ ਰਸਮ ਦਾ ਕੰਮ ਚੱਲ ਰਿਹਾ ਸੀ ਤੇ ਲੜਕੀ ਵੀ ਸਹਿਮ ਕਾਰਨ ਬਿਮਾਰ ਹੋ ਚੁੱਕੀ ਹੈ। ਉਹਨਾਂ ਦੱਸਿਆ ਕਿ ਇਹ ਗੁਰਦੁਆਰਾ ਨਹੀਂ, ਬਲਕਿ ਸਿੰਧੀਆਂ ਦੀ ਧਰਮਸ਼ਾਲਾ ਸੀ। ਇੱਥੇ ਗੁਰੂ ਨਾਨਕ ਸਾਹਿਬ ਦਾ ਗੁਰਪੁਰਬ ਮਨਾਉਂਦਿਆਂ ਇਕ ਲੜਕੀ ਨੇ ਗੁਰੂ ਨਾਨਕ ਸਾਹਿਬ ਦਾ ਸਵਾਂਗ ਰਚਾਇਆ ਜੋ ਕਿਸੇ ਸਿੱਖ ਨੂੰ ਵੀ ਬਰਦਾਸ਼ਤਯੋਗ ਨਹੀਂ ਸੀ। ਉਹਨਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਕਿਹਾ ਕਿ ਇਸ ਲੜਕੀ ਅਤੇ ਹੋਰ ਦੋਸ਼ੀਆਂ ਉੱਤੇ ਸਖਤ ਕਾਰਵਾਈ ਕੀਤੀ ਜਾਵੇ। ਇਸ ਮਾਮਲੇ ਨਾਲ ਛੇਤੀ ਤੋਂ ਛੇਤੀ ਨਜਿੱਠਿਆ ਜਾਵੇ, ਉਹਨਾਂ ਇਹ ਵੀ ਕਿਹਾ ਕਿ ਜਦੋਂ ਅਸੀਂ ਪਹਿਲਾਂ ਵੀ ਇੰਦੌਰ ਵਿੱਚ ਮਨਮਤ ਕਰ ਰਹੇ ਸਿੰਧੀਆਂ ਉੱਤੇ ਕਾਰਵਾਈ ਪਾਈ ਸੀ ਜੇਕਰ ਉਦੋਂ ਹੀ ਜਥੇਦਾਰ ਸਾਡਾ ਸਾਥ ਦਿੰਦੇ ਤਾਂ ਆਹ ਹਰਕਤ ਨਹੀਂ ਸੀ ਹੋਣੀ। ਉਹਨਾਂ ਕਿਹਾ ਕਿ ਅਸੀਂ ਆਪਣੇ ਪੰਥਕ ਜਿੰਮੇਵਾਰੀ ਸਮਝ ਕੇ ਇੰਨੀ ਦੂਰ ਪਹੁੰਚੇ ਹਾਂ, ਹਾਲਾਂਕਿ ਕੋਈ ਵੀ ਜਥੇਦਾਰ ਜਾਂ ਸ਼੍ਰੋਮਣੀ ਕਮੇਟੀ ਦਾ ਅਧਿਕਾਰੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਉੱਥੇ ਨਹੀਂ ਗਿਆ, ਕੇਵਲ ਮੱਧ ਪ੍ਰਦੇਸ਼ ਦਾ ਇੱਕ ਪ੍ਰਚਾਰਕ ਹੀ ਗਿਆ ਸੀ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਜਦੋਂ ਸਿਰਸੇ ਵਾਲੇ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਂਗ ਰਚਾਇਆ ਸੀ ਤਾਂ ਪੂਰੀ ਕੌਮ ਵਿੱਚ ਰੋਹ ਸੀ ਪਰ ਇਸ ਲੜਕੀ ਨੇ ਸਿੱਖੀ ਸਿਧਾਂਤਾਂ ਦੀਆਂ ਧੱਜੀਆਂ ਉਡਾ ਦਿੱਤੀਆਂ ਹਨ ਪਰ ਜਥੇਦਾਰ ਚੁੱਪ ਹੈ। ਉਹਨਾਂ ਕਿਹਾ ਕਿ ਜਦੋਂ ਵੀ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸਾਨੂੰ ਹੁਕਮ ਆਏਗਾ ਅਸੀਂ ਜਬਤ ਕੀਤੇ ਇਹ ਕੱਪੜੇ ਅਤੇ ਕਮੰਡਲ ਜਮਾ ਕਰਵਾ ਦੇਵਾਂਗੇ। ਇਸ ਮੌਕੇ ਭਾਈ ਗੁਰਬਖਸ਼ ਸਿੰਘ ਪ੍ਰਧਾਨ ਸ੍ਰੀ ਅੰਮਿ੍ਤਸਰ ਸਾਹਿਬ ਸਿੱਖ ਸਦਭਾਵਨਾ ਦਲ(ਰਜਿ.) ,ਭਾਈ ਸਤਵੰਤ ਸਿੰਘ ਵੇਰਕਾ, ਭਾਈ ਮਨਪ੍ਰੀਤ ਸਿੰਘ ਜੀ , ਭਾਈ ਸਰਮੁੱਖ ਸਿੰਘ ਜੀ , ਭਾਈ ਮਨਦੀਪ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ