ਅੰਮ੍ਰਿਤਸਰ 2 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ) ਸਰਬੱਤ ਖਾਲਸਾ ਦੇ ਮੁੱਖ ਪ੍ਰਬੰਧਕ ਤੇ ਪੰਥਕ ਆਗੂ ਭਾਈ ਮੋਹਕਮ ਸਿੰਘ , ਯੂਨਾਈਟਡ ਅਕਾਲੀ ਦਲ ਦੇ ਪ੍ਰਧਾਨ ਗੁਰਦੀਪ ਸਿੰਘ ਬਠਿੰਡਾ , ਸੰਤ ਚਰਨਜੀਤ ਸਿੰਘ ਜੱਸੋਵਾਲ ਭਾਈ ਸਤਨਾਮ ਸਿੰਘ ਮਨਾਵਾਂ ਅਤੇ ਜਤਿੰਦਰ ਸਿੰਘ ਈਸੜੂ ਨੇ ਇੱਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਅੱਜ 2 ਦਸੰਬਰ ਨੂੰ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸੁਖਬੀਰ ਸਿੰਘ ਬਾਦਲ ਤੇ ਹੋਰਨਾਂ ਵਿਰੁੱਧ ਜੋ ਧਾਰਮਿਕ ਸਜ਼ਾ ਐਲਾਨ ਕੀਤਾ ਗਿਆ ਹੈ । ਇਸ ਲੱਗੀ ਧਾਰਮਿਕ ਸਜ਼ਾ ਦੇ ਸੰਬੰਧ ਵਿੱਚ ਪੰਥਕ ਧਿਰਾਂ ਵੱਲੋਂ 4 ਦਸੰਬਰ ਨੂੰ ਅੰਮ੍ਰਿਤਸਰ ਵਿੱਚ ਇੱਕ ਸਾਂਝੀ ਪ੍ਰੈੱਸ ਕਾਨਫਰੰਸ ਕਰਕੇ ਆਪਣਾ ਪ੍ਰਤੀਕਰਮ ਦਿੱਤਾ ਜਾਵੇਗਾ । ਅਕਾਲ ਤਖ਼ਤ ਸਾਹਿਬ ਤੋਂ ਚਿਰਾਂ ਤੋਂ ਉਡੀਕੇ ਜਾ ਰਹੇ ਫ਼ੈਸਲੇ ਸੰਬੰਧੀ ਅੱਜ ਸਿੱਖ ਕੌਮ ਨੂੰ ਨਿਰਾਸ਼ ਹੋ ਕੇ ਘਰਾਂ ਨੂੰ ਪਰਤਣਾ ਪਿਆ ਹੈ। ਸਿੱਖ ਕੌਮ ਨੂੰ ਅਕਾਲ ਤਖ਼ਤ ਸਾਹਿਬ ਤੋਂ ਸਖ਼ਤ ਫ਼ੈਸਲੇ ਦੀ ਉਡੀਕ ਸੀ । ਭਾਈ ਮੋਹਕਮ ਸਿੰਘ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ (ਧਾਰਮਿਕ ਅਦਾਲਤ) ਤੇ ਆ ਕੇ ਆਪਣੇ ਸਾਰੇ ਗੁਨਾਹ ਕਬੂਲ ਗਿਆ ਪਰ ਜਥੇਦਾਰ (ਜੱਜ) ਉਸਨੂੰ ਸਜ਼ਾ ਦੇਣੀ ਹੀ ਭੁੱਲ ਗਏ। ਇਸ ਤਰ੍ਹਾਂ ਤਾਂ ਹਰ ਦੋਸ਼ੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਬਚਾ ਕੇ, ਸਿੱਖਾਂ ਦੇ ਕਤਲ ਕਰਵਾ ਕੇ, ਕੌਮ ਦਾ ਧਾਰਮਿਕ ਅਤੇ ਰਾਜਸੀ ਵੱਡਾ ਨੁਕਸਾਨ ਕਰਕੇ ਫਿਰ ਇੱਕ ਦਿਨ ਗੁਨਾਹ ਕਬੂਲ ਕਰਕੇ ਬਰੀ ਹੋ ਜਾਇਆ ਕਰੇਗਾ। ਇਹ ਫੈਸਲਾ ਕੌਮ ਨੂੰ ਬਰਦਾਸ਼ਤ ਨਹੀਂ ਹੈ ਇਸ ਨਾਲ ਸੰਗਤਾਂ ਦੀਆਂ ਭਾਵਨਾਵਾਂ ਨੂੰ ਭਾਰੀ ਠੇਸ ਪੁੱਜੀ ਹੈ।
Author: Gurbhej Singh Anandpuri
ਮੁੱਖ ਸੰਪਾਦਕ