Home » ਧਾਰਮਿਕ » ਇਤਿਹਾਸ » ਬਾਦਲ ਦਲ਼ੀਆਂ ਨੂੰ ਦਿੱਤੀਆਂ ਧਾਰਮਿਕ ਸਜ਼ਾਵਾਂ ਨਾਲ ਪੰਥ ਸੰਤੁਸ਼ਟ ਨਹੀਂ-SCCEC, AGPC

ਬਾਦਲ ਦਲ਼ੀਆਂ ਨੂੰ ਦਿੱਤੀਆਂ ਧਾਰਮਿਕ ਸਜ਼ਾਵਾਂ ਨਾਲ ਪੰਥ ਸੰਤੁਸ਼ਟ ਨਹੀਂ-SCCEC, AGPC

132 Views

ਜੇਕਰ ਕੌਮੀ ਭਾਵਨਾਵਾਂ ਦੀ ਤਰਜਮਾਨੀ ਕਰਨੀ ਹੈ ਤਾਂ, ਅਕਾਲ ਤਖ਼ਤ ਵੱਲੋਂ ਹੁਕਮ ਕਰਕੇ ਬਾਦਲ ਪਰਿਵਾਰ ਨੂੰ ਅਕਾਲੀ ਸਿਆਸਤ ਵਿਚੋ ਪੱਕੇ ਤੌਰ ਤੇ ਬਾਹਰ ਕੱਢਿਆ ਜਾਵੇ। ਅਕਾਲੀ ਦਲ ਭੰਗ ਕੀਤੇ ਹੋਣ ਦੇ ਬਾਵਜੂਦ ਕੋਰ-ਕਮੇਟੀ ਦੀਆਂ ਪ੍ਰੈਸ ਕਾਨਫਰੰਸਾਂ ਕਰਕੇ, ਤਨਖਾਹੀਏ ਲੋਕਾਂ ਵੱਲੋਂ ਅਕਾਲ ਤਖ਼ਤ ਦਾ ਮਖੌਲ ਉਡਾਉਣ ਦੀ ਕਾਰਵਾਈ ਨੂੰ ਰੋਕਣ ਲਈ ਕੀ ਜਥੇਦਾਰ ਕੋਈ ਜੁਰਅਤ ਵਿਖਾਉਣਗੇ ? ਕੌਮੀ ਜੁਝਾਰੂ ਭਾਈ ਨਰੈਣ ਸਿੰਘ ਚੌੜਾ ਦੇ ਰੋਸ ਵਜੋਂ ਕੀਤੇ (symbolic] ਹਮਲੇ ਪਿੱਛੋਂ, ਜਾਣ ਬੁੱਝ ਕੇ ਦਰਬਾਰ ਸਾਹਿਬ ਦੇ ਅੰਦਰ ਦਸਤਾਰ ਦੀ ਬੇਅਦਬੀ ਕਰਨ ਵਾਲਾ ਸਖ਼ਤ ਸਜ਼ਾ ਦਾ ਹੱਕਦਾਰ।

ਨਿਊਯਾਰਕ 6 ਦਸੰਬਰ 2024: ਪੰਜਾਬ ਤੋਂ ਵਿਦੇਸ਼ਾਂ ਤੱਕ ਕੁਝ ਦਿਨਾਂ ਤੋਂ ਚਰਚਾ ਦਾ ਵਿਸ਼ਾ ਬਣਿਆ ਹੋਇਆ, ਅਕਾਲੀ ਦਲ ਬਾਦਲ ਦੇ ਆਗੂਆਂ ਵੱਲੋਂ ਅਕਾਲ ਤਖ਼ਤ ਸਾਹਿਬ ਤੇ ਜਾ ਕੇ ਆਪਣੇ ਸਾਰੇ ਗੁਨਾਹ ਕਬੂਲ ਕਰ ਲੈਣ, ਅਤੇ ਉਸ ਤੋਂ ਬਾਅਦ ਦਿੱਤੀ ਗਈ ਧਾਰਮਿਕ ਸਜ਼ਾ ਪ੍ਰਤੀ ਵੱਖੋ ਵੱਖਰੇ ਪ੍ਰਤੀਕਰਮਾਂ ਦਾ ਸਿਲਸਿਲਾ ਉਸ ਸਮੇਂ ਗਰਮਾ ਗਿਆ ਜਦੋਂ ਲੰਮੇ ਸਮੇਂ ਤੋਂ ਸਿੱਖ ਸੰਘਰਸ਼ ਵਿਚ ਵਿਚਰਨ ਵਾਲੇ ਜੁਝਾਰੂ ਭਾਈ ਨਰੈਣ ਸਿੰਘ ਚੌੜਾ ਨੇ ਸੁਖਬੀਰ ਬਾਦਲ ਉੱਤੇ ਹਮਲੇ ਦੀ ਕੋਸ਼ਿਸ਼ ਕਰਕੇ ਬਾਦਲ ਦਲੀਆਂ ਲਈ ਕੌਮ ਦੇ ਅੰਦਰਲੇ ਗੁੱਸੇ ਦਾ ਖੁੱਲਾ ਪ੍ਰਗਟਾਵਾ ਕਰ ਦਿੱਤਾ। ਇਸ ਸਾਰੇ ਵਰਤਾਰੇ ਦੇ ਸਨਮੁਖ ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ-ਕੋਸਟ, ਅਤੇ ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੱਦੇ ਉੱਤੇ ਇੱਕ ਹੰਗਾਮੀ ਟੈਲੀਕਾਨਫਰੰਸ ਕੀਤੀ ਗਈ, ਜਿਸ ਵਿਚ ਅਮਰੀਕਾ ਭਰ ਤੋਂ ਬਹੁਤ ਭਾਰੀ ਗਿਣਤੀ ਵਿੱਚ ਪੰਥਕ ਜਥੇਬੰਦੀਆਂ ਅਤੇ ਗੁਰਦੁਆਰਾ ਕਮੇਟੀਆਂ ਦੇ ਨੁਮਾਇੰਦਿਆ ਨੇ ਹਿੱਸਾ ਲਿਆ। ਇਸ ਕਾਨਫਰੰਸ ਕਾਲ ਵਿੱਚ ਸ਼ਾਮਲ ਨੁਮਾਇੰਦਿਆਂ ਨੇ ਸਾਂਝੇ ਤੌਰ ਤੇ ਕਿਹਾ ਕਿ, ਭਾਈ ਨਰੈਣ ਸਿੰਘ ਚੌੜਾ ਦੇ ਰੋਸ ਭਰੇ ਹਮਲੇ ਤੋ ਮਗਰੋਂ ਜਿਥੇ ਸਾਰੀਆਂ ਭਾਰਤੀ ਮੁਖ ਧਾਰਾ ਵਾਲੀਆਂ ਸਿਆਸੀ ਪਾਰਟੀਆਂ ਅਤੇ ਵਿਕਾਊ ਮੀਡੀਆ ਨੇ ਇਸ ਮਸਲੇ ਨੂੰ ਸਿੱਖ ਵਿਰੋਧੀ ਬਿਰਤਾਂਤ ਵਜੋ ਵਰਤਣ ਲਈ ਪੂਰਾ ਟਿੱਲ ਲਾਇਆ ਹੋਇਆ ਹੈ। ਇਸ ਸਭ ਦੇ ਬਾਵਜੂਦ ਸਿੱਖ ਕੌਮ ਦੇ ਵੱਡੇ ਹਿੱਸੇ ਅਤੇ ਚਿੰਤਕਾਂ ਨੂੰ ਹੈਰਾਨੀ ਇਸ ਗੱਲ ਦੀ ਹੈ ਕਿ ਸਿੱਖ ਭਾਵਨਾਵਾਂ ਦੇ ਉਲਟ ਚੱਲਣ ਕਰਕੇ ਹੁਣ ਸੱਤਾ ਤੋਂ ਬਾਹਰ ਹੋਕੇ ਸਜ਼ਾ ਭੁਗਤਣ ਆਏ ਬਾਦਲ ਦਲੀਏ, ਇਸ ਰੋਸ ਮੁਜ਼ਾਹਰੇ ਤੋਂ ਬਾਅਦ ਜਥੇਦਾਰ ਟੌਹੜਾ ਦੀ ਉਦਾਹਰਣ ਤੋਂ ਕੁਝ ਸਿੱਖਣ ਦੀ ਬਜਾਏ, ਉਲਟਾ ਫਿਰ ਸਿੱਖ ਵਿਰੋਧੀ ਬਿਰਤਾਂਤ ਦਾ ਹਿੱਸਾ ਬਣਦੇ ਨਜ਼ਰ ਆ ਰਹੇ ਹਨ, ਅਤੇ ਪੰਥ ਵਿਰੋਧੀ ਪਾਰਟੀਆਂ ਦੇ ਲੀਡਰਾਂ ਵਰਗੇ ਹੀ ਬਿਆਨ ਜਾਰੀ ਕਰ ਰਹੇ ਹਨ। ਬੁਲਾਰਿਆਂ ਨੇ ਕਿਹਾ ਕਿ ਹਾਲੇ ਵੀ ਸਮਾਂ ਹੈ ਕਿ ਸੁਖਬੀਰ ਅਤੇ ਉਸਦੇ ਸਲਾਹਕਾਰ ਕੌਮੀ ਭਾਵਨਾਵਾਂ ਨੂੰ ਸਮਝਣ ਅਤੇ ਭਾਈ ਚੌੜਾ ਦੇ ਖ਼ਿਲਾਫ਼ ਭੁਗਤਣ ਦੀ ਬਜਾਏ ਸਗੋਂ ਇਹ ਸਵੀਕਾਰਨ ਕਿ ਸਾਡੇ ਗੁਨਾਹ ਬਖਸ਼ਣਯੋਗ ਨਹੀ ਸਨ ਸ਼ਾਇਦ ਇਸੇ ਲਈ ਇਹ ਭਾਣਾ ਵਾਪਰਿਆ, ਅਤੇ ਬੀਤੇ ਸਮੇਂ ਵਿਚ ਬਾਦਲਾਂ ਵੱਲੋਂ ਸਿੱਖ ਜੁਝਾਰੂਆਂ ਦੇ ਵਿਰੋਧ ਵਿੱਚ ਦਿੱਤੇ ਬਿਆਨਾਂ ਤੋਂ ਵੀ ਤੌਬਾ ਕਰਕੇ ਜੁਝਾਰੂਆਂ ਲਈ ਨਵੇਂ ਤੇ ਸਹੀ ਦ੍ਰਿਸ਼ਟੀਕੋਣ ਦੀ ਸ਼ੁਰੂਆਤ ਕਰਨ। ਅੱਜ ਇਹ ਗੱਲ ਵੀ ਕਹੀ ਗਈ ਕਿ ਜਿੱਥੇ ਅਕਾਲ ਤਖ਼ਤ ਤੇ ਜਾ ਕੇ ਆਪਣੇ ਸਾਰੇ ਗੁਨਾਹ ਕਬੂਲਣਾ ਚੰਗੀ ਗੱਲ ਹੈ, ਉੱਥੇ ਹੀ ਜੇਕਰ ਮੌਜੂਦਾ ਸੰਕਟ ਦਾ ਕੋਈ ਪਾਏਦਾਰ ਹੱਲ ਕੱਢਣਾ ਹੈ ਤਾਂ ਅਕਾਲ ਤਖ਼ਤ ਸਾਹਿਬ ‘ਤੇ ਸਰਬੱਤ ਖਾਲਸਾ ਸੱਦ ਕੇ ਕੌਮੀ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਦੀ ਅਗਵਾਈ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਗੁਰਮਤਿ ਸਿਧਾਂਤ ਦੀ ਰੌਸ਼ਨੀ ਵਿਚ, ਕਾਰਜਕਾਰੀ ਜਥੇਦਾਰਾਂ ਦੇ ਸਹਿਯੋਗ ਨਾਲ, ਸਿੱਖ ਕੌਮ ਦੀ ਖੁਰ ਰਹੀ ਸਿਆਸੀ ਤਾਕਤ ਨੂੰ ਬਚਾਉਣ ਲਈ ਅਸਲ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਨੂੰ ਪਿੰਡ ਪੱਧਰ ਤੋਂ ਮੁੜ ਕੇ ਸੁਰਜੀਤ ਕਰਨ ਲਈ ਵੱਡੇ ਹੰਭਲਾ ਮਾਰਨ ਦੀ ਲੋੜ ਹੈ।

ਇਸੇ ਤਰਾਂ ਕੁਝ ਹੋਰ ਗੱਲਾਂ ਤੇ ਵੀ ਅਮਲ ਕਰਨਾ ਅੱਤ ਲੋੜੀਂਦਾ ਹੈ ਜਿੰਨਾ ਵਿਚ,

-ਬਾਦਲ ਪਰਿਵਾਰ ਨੂੰ ਉੱਨਾਂ ਦੇ ਗੁਨਾਹਾਂ ਦੇ ਅਨੁਸਾਰ ਮਿਸਾਲੀ ਸਜ਼ਾਵਾਂ ਹੋਣ ਅਤੇ ਇਸ ਸਾਰੇ ਕੋੜਮੇ ਨੂੰ ਹਮੇਸ਼ਾਂ ਲਈ ਸਿਆਸਤ ਤੋਂ ਬਾਹਰ ਕੱਢ ਕੇ ਨਵੇਂ ਸਿਰਿਓਂ ਅਕਾਲੀ ਦਲ ਬਣਾਇਆ ਜਾਵੇ। (ਜਿਵੇਂ ਸ ਗੁਰਤੇਜ ਸਿੰਘ ਨੇ ਅਕਾਲੀ ਦਲ ਦੇ ਸੰਵਿਧਾਨ ਸਬੰਧੀ ਲਿਖਿਆ ਹੈ।)

-ਬਾਦਲ ਅਕਾਲੀ ਦਲ ਭੰਗ ਹੋਣ ਦੇ ਬਾਵਜੂਦ ਸਿੱਖ ਜੂਝਾਰੂ ਭਾਈ ਨਰੈਣ ਸਿੰਘ ਦੇ ਖ਼ਿਲਾਫ਼, ਕੋਰ ਕਮੇਟੀ ਵੱਲੋਂ ਕੋਝੀ ਬਿਆਨਬਾਜ਼ੀ ਕਰਨ ਵਾਲੇ ਧਾਰਮਿਕ ਸਜ਼ਾ ਭੁਗਤ ਰਹੇ ਬਾਦਲ ਦਲ਼ੀਆਂ ਵਿਰੁੱਧ, ਅਕਾਲ ਤਖ਼ਤ ਤੋਂ ਹੋਰ ਵਧੇਰੇ ਸਖ਼ਤ ਸਜ਼ਾਵਾਂ ਦੇਣ ਦੀ ਕਾਰਵਾਈ ਕਰਕੇ ਸਿੱਖਾਂ ਦੇ ਜ਼ਖ਼ਮਾਂ ਤੇ ਮਲ੍ਹਮ ਲਾਇਆ ਜਾਵੇ।

-ਜਸਟਿਸ ਜੋਰਾ ਸਿੰਘ, ਕੰਵਰ ਵਿਜੇ ਪ੍ਰਤਾਪ ਸਿੰਘ ਤੇ ਜਸਟਿਸ ਰਣਜੀਤ ਸਿੰਘ ਦੀਆਂ ਰਿਪੋਰਟਾਂ ਮੁਤਾਬਕ ਅਤੇ, ਬਾਦਲਾਂ ਦੁਆਰਾ ਕਬੂਲ ਕੀਤੇ ਗੁਨਾਹਾਂ ਅਨੁਸਾਰ ਦੋਸ਼ੀ ਪੁਲਸ ਅਫਸਰਾਂ ਦੇ ਵਿਰੁੱਧ ਕੇਸ ਚਲਾ ਕੇ ਉੱਨਾਂ ਨੂੰ ਸਜ਼ਾਵਾਂ ਦਿਵਾਈਆਂ ਜਾਣ।

-ਸੌਦਾ ਸਾਧ ਨੂੰ ਮਾਫ਼ੀ ਦੇਣ ਦੇ ਵਿਰੁੱਧ ਡਟ ਕੇ ਖੜਨ ਅਤੇ ਬੇਅਦਬੀਆਂ ਵੇਲੇ ਕੌਮ ਦੇ ਹੱਕ ਵਿਚ ਖਲੋਣ ਵਾਲੇ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰਿਆਂ ਨੂੰ ਸਨਮਾਨਿਤ ਕਰਕੇ, ਸਤਿਕਾਰ ਸਾਹਿਤ ਮੁੜ ਬਹਾਲ ਕੀਤਾ ਜਾਵੇ।

-ਸੌਦਾ ਸਾਧ ਨੂੰ ਮਾਫ਼ੀ ਦੇਣ ਵਿਚ ਸ਼ਾਮਲ ਦੋਸ਼ੀ ਜਥੇਦਾਰਾਂ ਨੂੰ ਤਲਬ ਕਰਕੇ ਸਜ਼ਾ ਲਾਈ ਜਾਵੇ।

-ਅਕਾਲ ਤਖ਼ਤ ਤੋ ਹੋਣ ਵਾਲੇ ਕਿਸੇ ਵੀ ਫੈਸਲੇ ਵਿਚ ਵਿਦੇਸ਼ਾਂ ਵਿਚਲੀਆਂ ਪੰਥਕ ਜਥੇਬੰਦੀਆਂ ਦੀ ਰਾਏ ਨੂੰ ਸ਼ਾਮਲ ਕੀਤਾ ਜਾਵੇ।

-ਸ਼੍ਰੋਮਣੀ ਕਮੇਟੀ ਪੰਥ ਤੇ ਪੰਜਾਬ ਦੇ ਮਸਲਿਆਂ ਨੂੰ ਸੰਜੀਦਗੀ ਅਤੇ ਲਗਾਤਾਰਤਾ ਨਾਲ ਅੱਗੇ ਵਧਾਵੇ, ਜਿੰਨਾ ਵਿਚ ਬੰਦੀ ਸਿੰਘਾਂ ਦੀ ਰਿਹਾਈ ਲਈ ਚਾਰਾਜੋਈ, ਕੌਮੀ ਇਨਸਾਫ਼ ਮੋਰਚੇ ਦੀ ਸਫਲਤਾ ਅਤੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਸਮੇਤ ਸਾਰੇ ਸਿੰਘਾਂ ਦੀ ਰਿਹਾਈ ਲਈ ਪੰਥਕ ਲਾਮਬੰਦੀ।

-ਪੰਜਾਬ ਦੇ ਵਾਤਾਵਰਨ ਸੰਬੰਧੀ ਕਾਲੇ ਪਾਣੀਆਂ ਦੇ ਮੋਰਚੇ ਦੀ ਹਮਾਇਤ, ਅਤੇ ਪੰਜਾਬ ਦੀਆਂ ਜਮੀਨਾ ਪਰਵਾਸੀਆਂ ਵੱਲੋਂ ਖਰੀਦਣ ਉੱਤੇ ਰੋਕ ਲਈ ਜਾਗਰੂਕਤਾ ਮੁਹਿੰਮ

ਅੱਜ ਦੀ ਇਸ ਟੈਲੀਕਾਨਫਰੰਸ ਵਿਚ ਸਮੁੱਚੇ ਰੂਪ ਵਿਚ ਭਾਈ ਨਰੈਣ ਸਿੰਘ ਚੌੜਾ ਦੀ ਡਟ ਕੇ ਹਮਾਇਤ ਕੀਤੀ ਗਈ, ਅਤੇ ਕਿਹਾ ਗਿਆ ਕਿ ਪੰਥ ਅਤੇ ਪੰਜਾਬ ਦੇ ਅਸਲ ਮੁੱਦਿਆਂ ਨਾਲ ਦਿਲੋਂ ਜੁੜ ਕੇ ਚੱਲਣ ਵਾਲੇ ਅਕਾਲੀ ਦਲ ਦੀ ਸੁਰਜੀਤੀ ਹੀ ਇੱਕ ਹੱਲ ਹੋ ਸਕਦਾ ਹੈ। ਸਿੱਖ ਸੰਗਤਾਂ ਸੁਚੇਤ ਰਹਿਣ ਅਤੇ ਕਿਸੇ ਵੀ ਤਰਾਂ ਦੇ ਭਰਮ ਵਿੱਚ ਨਾ ਪੈਣ|
ਜਾਰੀ ਕਰਤਾ – ਸ. ਹਿੰਮਤ ਸਿੰਘ, ਕੋਆਰਡੀਨੇਟਰ (ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ), ਡਾ. ਪ੍ਰਿਤਪਾਲ ਸਿੰਘ, ਕੋਆਰਡੀਨੇਟਰ (ਅਮਰੀਕਨ ਗੁਰਦੁਆਰਾ ਪ੍ਰਬੰਧਕ ਕਮੇਟੀ), ਸ. ਹਰਜਿੰਦਰ ਸਿੰਘ, ਮੀਡੀਆ ਸਪੋਕਸਮੈਨ (ਸਿੱਖ ਕੋਆਰਡੀਨੇਸ਼ਨ ਕਮੇਟੀ ਈਸਟ ਕੋਸਟ)

 

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?