ਅੰਮ੍ਰਿਤਸਰ, 22 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ ) ਅਕਾਲੀ ਦਲ ਬਾਦਲ ਦੇ ਆਗੂ ਮਹੇਸ਼ਇੰਦਰ ਸਿੰਘ ਗਰੇਵਾਲ ਵੱਲੋਂ ਸ਼ਹੀਦ ਭਾਈ ਅਮਰੀਕ ਸਿੰਘ ਜੀ ਦੀ ਸਪੁੱਤਰੀ ਬੀਬਾ ਸਤਵੰਤ ਕੌਰ ਵਿਰੁੱਧ ਕੀਤੀ ਬਿਆਨਬਾਜ਼ੀ ਸਿੱਖ ਕੌਮ ਸਹਿਣ ਨਹੀਂ ਕਰੇਗੀ, ਸਮੁੱਚਾ ਸਿੱਖ ਜਗਤ ਬੀਬਾ ਸਤਵੰਤ ਕੌਰ ਨਾਲ਼ ਖੜ੍ਹਾ ਹੈ।
ਉਹਨਾਂ ਕਿਹਾ ਕਿ ਸੁਖਬੀਰ ਬਾਦਲ ਉੱਤੇ ਕੀਤੇ ਜਾਨਲੇਵਾ ਹਮਲੇ ਤੋਂ ਇੱਕ ਦਿਨ ਪਹਿਲਾਂ ਭਾਈ ਨਰਾਇਣ ਸਿੰਘ ਚੌੜਾ ਵੱਲੋਂ ਬੀਬੀ ਸਤਵੰਤ ਕੌਰ ਨਾਲ ਮੁਲਾਕਾਤ ਕਰਨਾ ਸਹਿਜ-ਸੁਭਾਵਿਕ ਵਰਤਾਰਾ ਸੀ ਪਰ ਬਾਦਲਾਂ ਦੇ ਪੀ.ਟੀ.ਸੀ. ਚੈੱਨਲ ਵੱਲੋਂ ਇਸ ਮੁਲਾਕਾਤ ਨੂੰ ਸ਼ੱਕੀ ਤੌਰ ‘ਤੇ ਪੇਸ਼ ਕਰਨਾ, ਹਊਆ ਬਣਾਉਣਾ ਤੇ ਬੀਬਾ ਸਤਵੰਤ ਕੌਰ ਦੀ ਜਾਂਚ ਕੀਤੇ ਜਾਣ ਦਾ ਬਿਆਨ ਦੇਣਾ ਬਹੁਤ ਘਟੀਆ ਸਿਆਸਤ ਹੈ।
ਉਹਨਾਂ ਕਿਹਾ ਕਿ ਖ਼ਾਲਸਾ ਪੰਥ ਨੂੰ ਤਾਂ ਪਹਿਲਾਂ ਹੀ ਪੁਲਿਸ ਅਤੇ ਸਰਕਾਰ ਉੱਤੇ ਰੋਹ ਹੈ ਕਿ ਉਹਨਾਂ ਨੇ ਬੀਬਾ ਸਤਵੰਤ ਕੌਰ ਨੂੰ ਥਾਣੇ ਬੁਲਾ ਕੇ ਪੁੱਛਗਿੱਛ ਕਿਉਂ ਕੀਤੀ ? ਇਸ ਮਾਮਲੇ ‘ਚ ਬਾਦਲ ਦਲ, ਮੀਡੀਆ ਅਤੇ ਪੁਲਿਸ ਵੱਲੋਂ ਬੇਵਜ੍ਹਾ ਬੀਬਾ ਸਤਵੰਤ ਕੌਰ ਦਾ ਨਾਮ ਜੋੜਿਆ ਜਾ ਰਿਹਾ ਹੈ। ਇਹ ਸ਼ਹੀਦ ਪਰਿਵਾਰਾਂ ਦੀ ਤੌਹੀਨ ਅਤੇ ਸਿੱਖ ਕੌਮ ਦੀ ਪੱਗ ਨੂੰ ਹੱਥ ਪਾਉਣ ਵਾਲੀ ਗੱਲ ਹੈ। ਪਰ ਬਾਦਲ ਦਲ ਜਿਸ ਨੂੰ ਬੀਬਾ ਸਤਵੰਤ ਕੌਰ ਦੇ ਹੱਕ ਵਿੱਚ ਭੁਗਤਣਾ ਚਾਹੀਦਾ ਸੀ ਤੇ ਪੁਲਿਸ ਦੇ ਕਾਰੇ ਦੀ ਨਿਖੇਧੀ ਕਰਨੀ ਚਾਹੀਦੀ ਸੀ ਉਹ ਉਲਟਾ ਬੀਬਾ ਸਤਵੰਤ ਕੌਰ ਵਿਰੁੱਧ ਬਿਆਨ ਦਾਗ ਰਹੇ ਹਨ।
Author: Gurbhej Singh Anandpuri
ਮੁੱਖ ਸੰਪਾਦਕ