ਲੰਗਰ ਤੇ ਜੋੜਾ ਘਰ ਵਿਖੇ ਇੱਕ-ਇੱਕ ਘੰਟੇ ਦੀ ਸੇਵਾ ਅਤੇ ਜਪੁਜੀ ਸਾਹਿਬ ਦੇ ਪੰਜ ਪਾਠ ਕਰਕੇ ਕਰਵਾਈ ਅਰਦਾਸ
ਅੰਮ੍ਰਿਤਸਰ, 25 ਦਸੰਬਰ ( ਨਜ਼ਰਾਨਾ ਨਿਊਜ ਨੈੱਟਵਰਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬੀਤੇ ਦਿਨੀਂ ਬੀਬੀ ਜਗੀਰ ਕੌਰ ਨੂੰ ਬੋਲੇ ਗਏ ਅਪਸ਼ਬਦਾਂ ਦੇ ਮਾਮਲੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਦੇ ਆਦੇਸ਼ ਅਨੁਸਾਰ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਜ ਪਿਆਰਿਆਂ ਦੇ ਸਨਮੁਖ ਪੇਸ਼ ਹੋਏ। ਇਸ ਦੌਰਾਨ ਪੰਜ ਪਿਆਰਿਆਂ ਨੇ ਐਡਵੋਕੇਟ ਧਾਮੀ ਵੱਲੋਂ ਇਸ ਮਾਮਲੇ ਵਿੱਚ ਕੀਤੀ ਖਿਮਾ ਜਾਚਨਾ ’ਤੇ ਵਿਚਾਰ ਕਰਕੇ ਉਨ੍ਹਾਂ ਨੂੰ ਪੰਥਕ ਪਰੰਪਰਾਵਾਂ ਸੇਵਾ ਕਰਨ ਦਾ ਆਦੇਸ਼ ਕੀਤਾ। ਐਡਵੋਕੇਟ ਧਾਮੀ ਨੂੰ ਲਗਾਈ ਗਈ ਸੇਵਾ ਵਿੱਚ ਇੱਕ ਦਿਨ ਵਾਸਤੇ ਇੱਕ ਘੰਟਾ ਜੋੜਾ ਘਰ ਅਤੇ ਇੱਕ ਘੰਟਾ ਲੰਗਰ ਵਿਖੇ ਬਰਤਨ ਮਾਂਜਣ ਦੀ ਸੇਵਾ ਦੇ ਨਾਲ-ਨਾਲ ਪੰਜ ਜਪੁਜੀ ਸਾਹਿਬ ਦੇ ਪਾਠ ਕਰਨ ਉਪਰੰਤ 500 ਰੁਪਏ ਦੀ ਦੇਗ ਕਰਵਾ ਕੇ ਅਰਦਾਸ ਕਰਵਾਉਣ ਦਾ ਆਦੇਸ਼ ਕੀਤਾ ਗਿਆ।
ਇਸ ਆਦੇਸ਼ ਨੂੰ ਮੰਨਦਿਆਂ ਐਡਵੋਕੇਟ ਧਾਮੀ ਨੇ ਵਿਧੀਵਤ ਰੂਪ ਵਿੱਚ ਜੋੜਾ ਘਰ ਅਤੇ ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਇੱਕ-ਇੱਕ ਘੰਟਾ ਸੇਵਾ ਕੀਤੀ ਅਤੇ ਸੇਵਾ ਕਰਦਿਆਂ ਲਗਾਤਾਰ ਜਪੁਜੀ ਸਾਹਿਬ ਦੇ ਪਾਠ ਵੀ ਕੀਤੇ। ਉਨ੍ਹਾਂ ਨੇ ਇਹ ਸੇਵਾ ਨਿਮਰਤਾ ਸਹਿਤ ਪੂਰੀ ਕਰਨ ਮਗਰੋਂ 500 ਰੁਪਏ ਦੀ ਦੇਗ ਕਰਵਾ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਵਾਈ।ਜ਼ਿਕਰਯੋਗ ਹੈ ਕਿ ਇਸ ਮਾਮਲੇ ਸਬੰਧੀ ਬੀਤੇ ਕੱਲ੍ਹ 24 ਦਸੰਬਰ ਨੂੰ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਪੱਤਰ ਜਾਰੀ ਕਰਕੇ 25 ਦਸੰਬਰ (ਬੁੱਧਵਾਰ) ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅੰਮ੍ਰਿਤ ਸੰਚਾਰ ਸਮੇਂ ਪੰਜ ਪਿਆਰੇ ਸਾਹਿਬਾਨ ਦੇ ਸਨਮੁਖ ਪੇਸ਼ ਹੋ ਕੇ ਖਿਮਾ ਜਾਚਨਾ ਕਰਵਾਉਣ ਦਾ ਆਦੇਸ਼ ਕੀਤਾ ਸੀ।
Author: Gurbhej Singh Anandpuri
ਮੁੱਖ ਸੰਪਾਦਕ