33 Views
ਅੰਮ੍ਰਿਤਸਰ, 1 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸ਼ਹੀਦ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਯਾਦ ‘ਚ ਸ਼ਹੀਦੀ ਸਮਾਗਮ ਹੋਇਆ ਜਿਸ ਵਿੱਚ ਸਿੱਖ ਪ੍ਰਚਾਰਕ, ਪੰਥਕ ਲੇਖਕ ਅਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਵੀ ਸਾਥੀਆਂ ਸਮੇਤ ਹਾਜ਼ਰੀ ਭਰੀ ਅਤੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਦੀ ਯਾਦ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਸਮਾਗਮ ਕਰਵਾ ਕੇ ਸ਼ਲਾਘਾਯੋਗ ਉਪਰਾਲਾ ਕੀਤਾ ਹੈ, ਇਸ ਸਮਾਗਮ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਸ਼ੁਰੂ ਕਰਵਾਉਣ ਅਤੇ ਹਰ ਵਰ੍ਹੇ ਸਲਾਨਾ ਯਾਦ ਮਨਾਉਣ ਲਈ ਅਸੀਂ ਪਿਛਲੇ ਕਈ ਸਾਲਾਂ ਤੋਂ ਆਵਾਜ਼ ਬੁਲੰਦ ਕਰਦੇ ਆ ਰਹੇ ਸੀ। ਉਹਨਾਂ ਕਿਹਾ ਕਿ ਪਿਛਲੇ ਸਾਲ ਜਦੋਂ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਕਮੇਟੀ ਦਾ ਭਾਰੀ ਵਿਰੋਧ ਹੋਇਆ ਸੀ ਤਾਂ 2023 ਵਿੱਚ ਪਹਿਲੀ ਵਾਰ ਜਥੇਦਾਰ ਭਾਈ ਗੁਰਦੇਵ ਸਿੰਘ ਦਾ ਸ਼ਹੀਦੀ ਸਮਾਗਮ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਜਥੇਬੰਦੀਆਂ ਦੀ ਘਾਲਣਾ ਨਾਲ ਅਰੰਭ ਹੋਇਆ ਸੀ ਤੇ ਇਸ ਵਾਰ ਸ਼੍ਰੋਮਣੀ ਕਮੇਟੀ ਨੇ ਖ਼ੁਦ ਸਮਾਗਮ ਕਰਵਾ ਕੇ ਸਹੀ ਦਿਸ਼ਾ ਵੱਲ ਚੱਲਣ ਦਾ ਯਤਨ ਕੀਤਾ ਹੈ। ਉਹਨਾਂ ਕਿਹਾ ਕਿ ਅੱਜ ਮਨ ਨੂੰ ਤਸੱਲੀ ਹੋਈ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਸਿੰਘ ਸਾਹਿਬ ਜੀ ਨੇ ਕਥਾ ਕਰਦਿਆਂ ਸ਼ਹੀਦ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਦੇ ਜਨਮ ਤੋਂ ਲੈ ਕੇ ਸ਼ਹਾਦਤ ਤੱਕ ਮਹਾਨ ਜੀਵਨ ਬਾਰੇ ਚਾਨਣਾ ਪਾਇਆ ਅਤੇ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ ਬਹੁਤ ਹੀ ਸਤਿਕਾਰ ਸਹਿਤ ਸਿੰਘ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਕਹਿ ਕੇ ਸੰਬੋਧਨ ਕੀਤਾ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਭਾਈ ਗੁਰਦੇਵ ਸਿੰਘ ਕਾਉਂਕੇ ਨੂੰ 26 ਜਨਵਰੀ 1986 ਦੇ ਸਰਬੱਤ ਖ਼ਾਲਸਾ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਕਾਰਜਕਾਰੀ ਜਥੇਦਾਰ ਐਲਾਨਿਆ ਗਿਆ ਸੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਇਹ ਮੰਗ ਵੀ ਕੀਤੀ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸ਼ਹੀਦ ਬਾਬਾ ਗੁਰਬਚਨ ਸਿੰਘ ਜੀ ਮਾਨੋਚਾਹਲ (ਚੀਫ ਜਨਰਲ ਭਿੰਡਰਾਂਵਾਲਾ ਟਾਈਗਰ ਫੋਰਸ ਆਫ ਖਾਲਿਸਤਾਨ ਅਤੇ ਪੰਜ ਮੈਂਬਰੀ ਪੰਥਕ ਕਮੇਟੀ) ਦਾ ਵੀ ਸ਼ਹੀਦੀ ਸਮਾਗਮ ਹਰ ਸਾਲ 28 ਫਰਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਕਰਵਾਇਆ ਜਾਣਾ ਚਾਹੀਦਾ ਹੈ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਫੈਡਰੇਸ਼ਨ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਜਥੇਦਾਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਖ਼ਾਲਸਾ ਪੰਥ ਦੀ ਮਾਣਮੱਤੀ ਸ਼ਖ਼ਸੀਅਤ ਸਨ। ਜਥੇਦਾਰ ਜੀ ਨਾਮ-ਬਾਣੀ ਦੇ ਰਸੀਏ ਗੁਰਸਿੱਖ ਅਤੇ ਬਹਾਦਰ ਯੋਧੇ ਸਨ। ਉਹ ਜੁਝਾਰੂ ਸਿੰਘਾਂ ਨੂੰ ਆਪਣੇ ਬੱਚਿਆਂ ਵਾਂਗ ਪਿਆਰ ਕਰਦੇ ਸਨ। ਗੁਰਸਿੱਖੀ ਦਾ ਪ੍ਰਚਾਰ ਕਰਨਾ, ਨੌਜਵਾਨਾਂ ਦੇ ਸਿਰਾਂ ’ਤੇ ਕੇਸ ਰਖਾਉਣੇ, ਅੰਮ੍ਰਿਤ ਛਕਾਉਣਾ, ਨਸ਼ੇ ਛੁਡਾਉਣਾ ਅਤੇ ਪੰਥਕ ਸਿਧਾਂਤਾਂ ਦੀ ਪਹਿਰੇਦਾਰੀ ਤੇ ਸਿੱਖ ਸੰਘਰਸ਼ ਦੀ ਅਗਵਾਈ ਕਰਨੀ ਉਹਨਾਂ ਦੇ ਅਹਿਮ ਕਾਰਜ ਸਨ। ਉਹ ਖ਼ਾਲਸਾ ਪੰਥ ਦੀ ਧਾਰਮਿਕ ਯੂਨੀਵਰਸਿਟੀ ਦਮਦਮੀ ਟਕਸਾਲ ਨਾਲ਼ ਵੀ ਸੰਬੰਧਤ ਸਨ। ਉਹ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਦੇ ਬਚਨਾਂ ਦੇ ਪਹਿਰੇਦਾਰ ਅਤੇ ਸੰਤ ਬਾਬਾ ਠਾਕੁਰ ਸਿੰਘ ਜੀ ਖ਼ਾਲਸਾ ਤੇ ਬਾਬਾ ਜੋਗਿੰਦਰ ਸਿੰਘ ਜੀ ਰੋਡੇ ਦੇ ਬੇਹੱਦ ਕਰੀਬੀ ਸਨ। ਉਹਨਾਂ ਦੀ ਸ਼ਖ਼ਸੀਅਤ ਬੜੀ ਧੜੱਲੇਦਾਰ, ਸੱਚੀ-ਸੁੱਚੀ ਤੇ ਮਹਾਨ ਸੀ। ਉਹਨਾਂ ਦੀ ਅਗੰਮੀ ਅਤੇ ਜਰਨੈਲੀ ਸ਼ਖ਼ਸੀਅਤ ’ਚੋਂ ਜਥੇਦਾਰ ਅਕਾਲੀ ਫੂਲਾ ਸਿੰਘ ਜੀ, ਬਾਬਾ ਦੀਪ ਸਿੰਘ ਜੀ, ਨਵਾਬ ਕਪੂਰ ਸਿੰਘ, ਬਾਬਾ ਬਘੇਲ ਸਿੰਘ ਜੀ ਤੇ ਮਹਾਰਾਜਾ ਜੱਸਾ ਸਿੰਘ ਆਹਲੂਵਾਲੀਆਂ ਦੇ ਦਰਸ਼ਨ ਹੁੰਦੇ ਸਨ। ਅਖੌਤੀ ਅਕਾਲੀ ਬਰਨਾਲਾ ਸਰਕਾਰ ਨੇ 29 ਅਪ੍ਰੈਲ 1986 ਦੇ ਖ਼ਾਲਿਸਤਾਨ ਦੇ ਐਲਾਨਨਾਮੇ ਮਗਰੋਂ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਤੋਂ ਗ੍ਰਿਫ਼ਤਾਰ ਕਰ ਲਿਆ ਸੀ ਤੇ ਲੰਬਾ ਸਮਾਂ ਜੇਲ੍ਹਾਂ ਵਿੱਚ ਰੱਖਿਆ। ਜਥੇਦਾਰ ਜੀ ਨੇ ਜੇਲ੍ਹਾਂ ਵਿੱਚ ਵੀ ਗੁਰਬਾਣੀ, ਇਤਿਹਾਸ ਤੇ ਸਿੱਖੀ ਸਿਧਾਂਤਾਂ ਦਾ ਪ੍ਰਚਾਰ ਕੀਤਾ। ਜਦ ਉਹ ਪਿੰਡਾਂ-ਸ਼ਹਿਰਾਂ ਵਿੱਚ ਸੰਗਤਾਂ ’ਚ ਵਿਚਰਦੇ ਸਨ ਤਾਂ ਉਹ ਸਿੱਖ ਕੌਮ ਉੱਤੇ ਹੋ ਰਹੇ ਜ਼ੁਲਮਾਂ ਖ਼ਿਲਾਫ਼ ਪੂਰੇ ਨਿਡਰ ਤੇ ਬੇਖ਼ੌਫ਼ ਹੋ ਕੇ ਆਵਾਜ਼ ਬੁਲੰਦ ਕਰਦੇ ਸਨ। ਆਖ਼ਰ ਪੁਲੀਸ ਨੇ ਸੰਨ 1992 ਦੇ ਅਖ਼ੀਰਲੇ ਦਿਨਾਂ ’ਚ ਉਹਨਾਂ ਨੂੰ ਫਿਰ ਗ੍ਰਿਫ਼ਤਾਰ ਕਰ ਲਿਆ ਤੇ ਉਹਨਾਂ ਦੇ ਸਰੀਰ ਉੱਤੇ ਜ਼ੁਲਮ ਦੀ ਹਨੇਰੀ ਝੁੱਲਣੀ ਸ਼ੁਰੂ ਹੋ ਗਈ। ਦਰਅਸਲ ਸੰਤ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲ਼ਿਆਂ ਨੂੰ ਸ਼ਹੀਦ ਕਰਕੇ ਹਿੰਦ ਸਰਕਾਰ ਨੇ ਤਾਂ ਸਿੱਖ ਕੌਮ ਨੂੰ ਆਗੂਹੀਣ ਕਰਨਾ ਚਾਹਿਆ ਸੀ, ਪਰ ਭਾਈ ਗੁਰਦੇਵ ਸਿੰਘ ਜੀ ਕਾਉਂਕੇ ਜੋ ਜਥੇਦਾਰ ਬਣਨ ਮਗਰੋਂ ਸਿੱਖ ਕੌਮ ਦੀ ਸ਼ਾਨਦਾਰ ਅਗਵਾਈ ਕਰਨ ਲੱਗੇ। ਉਹ ਆਪਣੇ ਘਰ-ਪਿੰਡ ਵਿੱਚ ਪੰਚਾਇਤ ਲਗਾ ਕੇ ਲੋਕਾਂ ਦੇ ਮਸਲੇ ਹੱਲ ਕਰਨ ਲੱਗੇ। ਸਰਕਾਰ ਨੂੰ ਹੱਥਾਂ-ਪੈਰਾਂ ਦੀ ਪੈ ਗਈ ਤੇ ਜਥੇਦਾਰ ਜੀ ਨੂੰ ਨਿਸ਼ਾਨਾ ਬਣਾ ਲਿਆ ਗਿਆ। ਬੁੱਚੜ ਪੁਲਿਸ ਅਫ਼ਸਰ ਸਵਰਨ ਘੋਟਣੇ ਦੀ ਅਗਵਾਈ ’ਚ ਜੱਲਾਦ ਪੁਲਸੀਆਂ ਨੇ ਉਹਨਾਂ ਉੱਤੇ ਘੋਰ ਤਸ਼ੱਦਦ ਢਾਹਿਆ ਜੋ ਲਿਖਣ-ਬਿਆਨਣ ਤੋਂ ਪਰ੍ਹੇ ਹੈ। ਜਥੇਦਾਰ ਗੁਰਦੇਵ ਸਿੰਘ ਜੀ ਕਾਉਂਕੇ ਨੂੰ ਨਿਰਵਸਤਰ ਕਰਕੇ ਉਹਨਾਂ ਨੂੰ ਤਿੰਨ ਦਿਨ ਪੁੱਠਾ ਟੰਗੀ ਰੱਖਿਆ, ਚੱਡੇ ਪਾੜੇ ਗਏ, ਘੋਟਣੇ ਫੇਰੇ ਗਏ, ਕਰੰਟ ਲਾਏ ਗਏ, ਡਾਂਗਾਂ ਮਾਰ-ਮਾਰ ਕੇ ਸਰੀਰ ਪਿੰਜ ਦਿੱਤਾ। ਉਹਨਾਂ ਦੀ ਇੱਕ ਅੱਖ ਵੀ ਕੱਢ ਦਿੱਤੀ ਗਈ, ਜ਼ਮੂਰਾਂ ਨਾਲ ਮਾਸ ਨੋਚ ਦਿੱਤਾ ਗਿਆ ਤੇ ਫਿਰ ਉਹਨਾਂ ਨੂੰ ਗੋਲ਼ੀਆਂ ਮਾਰ ਕੇ ਸ਼ਹੀਦ ਕਰ ਦਿੱਤਾ। ਤੇ ਸ਼ਹੀਦ ਕਰਨ ਮਗਰੋਂ ਉਹਨਾਂ ਦੀ ਸ਼ਹੀਦੀ ਦੇਹ ਦੇ ਭਾਈ ਮਨੀ ਸਿੰਘ ਜੀ ਵਾਂਗ ਟੁਕੜੇ-ਟੁਕੜੇ ਕਰ ਦਿੱਤੇ ਗਏ ਤੇ ਦਰਿਆ ’ਚ ਸੁੱਟ ਦਿੱਤਾ। ਓਦੋਂ ਕੌਮ ਦਾ ਜਥੇਦਾਰ ਹੀ ਸੁਰੱਖਿਅਤ ਨਹੀਂ ਸੀ ਤੇ ਆਮ ਸਿੱਖਾਂ ਦੇ ਕੀ ਹਾਲਾਤ ਹੋਣਗੇ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਜਥੇਦਾਰ ਭਾਈ ਗੁਰਦੇਵ ਸਿੰਘ ਕਾਉਂਕੇ ਅਤੇ ਹੋਰ ਸ਼ਹੀਦਾਂ ਦੇ ਪਰਿਵਾਰਾਂ ਨਾਲ ਮਿਲ ਕੇ ਭਾਈ ਸੁਰਿੰਦਰ ਸਿੰਘ ਠੀਕਰੀਵਾਲਾ ਦੀ ਕਿਤਾਬ ਜੰਗੀ ਯੋਧੇ ਵੀ ਰਿਲੀਜ਼ ਕੀਤੀ।
Author: Gurbhej Singh Anandpuri
ਮੁੱਖ ਸੰਪਾਦਕ