ਖ਼ਾਲਿਸਤਾਨ ਦੇ ਸੰਘਰਸ਼ ਪ੍ਰਤੀ ਲੋਕਾਂ ‘ਚ ਜਾਗਰੂਕਤਾ ਪੈਦਾ ਕੀਤੀ ਜਾਏ : ਭਾਈ ਰਣਜੀਤ ਸਿੰਘ ਦਮਦਮੀ ਟਕਸਾਲ
ਅੰਮ੍ਰਿਤਸਰ, 22 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਵੱਲੋਂ ਅਰੰਭੇ ਸੰਘਰਸ਼ ‘ਚ ਸ਼ਹਾਦਤ ਦਾ ਜਾਮ ਪੀਣ ਵਾਲੇ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਖ਼ਾਲਸਾ ਕਾਲਜ ਯੂਨਿਟ ਅਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਪ੍ਰਧਾਨ ਸ਼ਹੀਦ ਭਾਈ ਗੁਰਸਾਹਿਬ ਸਿੰਘ ਮੰਡਿਆਲਾ ਉਰਫ਼ ਭਾਈ ਇੰਦਰਪਾਲ ਸਿੰਘ ਖ਼ਾਲਸਾ ਦਾ ਸ਼ਹੀਦੀ ਦਿਹਾੜਾ ਉਹਨਾਂ ਦੇ ਗ੍ਰਹਿ, ਪਿੰਡ ਮੰਡਿਆਲਾ, ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਵਿਖੇ ਖ਼ਾਲਸਾਈ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਦਮਦਮੀ ਟਕਸਾਲ ਅਜਨਾਲਾ ਦੇ ਜਥੇ ਵੱਲੋਂ ਸ੍ਰੀ ਸਹਿਜ ਪਾਠ ਸਾਹਿਬ ਦੇ ਭੋਗ ਪਾਏ ਗਏ, ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਦੇਵ ਸਿੰਘ ਅਤੇ ਖ਼ਾਲਸਾ ਸੇਵਾ ਟਰੱਸਟ ਦੇ ਬੱਚਿਆਂ ਨੇ ਕੀਰਤਨ ਕੀਤਾ ਤੇ ਕਥਾਵਾਚਕ ਭਾਈ ਦੀਪ ਸਿੰਘ ਪਾਉਂਟਾ ਸਾਹਿਬ ਨੇ ਗੁਰਮਤਿ ਵਿਚਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਪੰਥਕ ਆਗੂ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਅਤੇ ਪੰਥਕ ਲੇਖਕ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ, ਜਥਾ ਸਿਰਲੱਥ ਖਾਲਸਾ ਦੇ ਮੁੱਖ ਜਥੇਦਾਰ ਭਾਈ ਦਿਲਬਾਗ ਸਿੰਘ ਸੁਲਤਾਨਵਿੰਡ, ਜਥੇਦਾਰ ਭਾਈ ਪ੍ਰਤਾਪ ਸਿੰਘ ਧਰਮੀ ਫੌਜੀ, ਜਥੇਦਾਰ ਬਾਬਾ ਪੰਜਾਬ ਸਿੰਘ ਸੁਲਤਾਨਵਿੰਡ ਪੰਜਹੱਥਾ, ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਭਾਈ ਸੂਬਾ ਸਿੰਘ ਰਾਮਰੌਣੀ, ਭਾਈ ਸੁਖਦੇਵ ਸਿੰਘ ਨਾਗੋਕੇ ਅਤੇ ਭਾਈ ਸ਼ਮਸ਼ੇਰ ਸਿੰਘ ਆਦਿ ਪੰਥਕ ਬੁਲਾਰਿਆਂ ਨੇ ਮੌਜੂਦਾ ਸੰਘਰਸ਼ ਪ੍ਰਤੀ ਵਿਚਾਰ ਸਾਂਝੇ ਕੀਤੇ। ਬੁਲਾਰਿਆਂ ਨੇ ਕਿਹਾ ਕਿ ਭਾਈ ਗੁਰਸਾਹਿਬ ਸਿੰਘ ਮੰਡਿਆਲਾ 22 ਜਨਵਰੀ 1991 ਨੂੰ ਸ਼ਹਾਦਤ ਪ੍ਰਾਪਤ ਕਰ ਗਏ ਸਨ, ਉਹਨਾਂ ਨੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਜੀ ਦੀ ਸੰਗਤ ਮਾਣੀ ਸੀ। ਭਾਈ ਗੁਰਸਾਹਿਬ ਸਿੰਘ ਨੇ ਗੁਰਮਤਿ ਕੈਂਪ, ਮਾਰਚ, ਪ੍ਰਦਰਸ਼ਨ, ਧਰਨੇ, ਸੈਮੀਨਾਰ, ਰੈਲੀਆਂ ਤੇ ਸਮਾਗਮ ਕਰਕੇ ਲੋਕਾਂ ਵਿੱਚ ਖ਼ਾਲਿਸਤਾਨ ਦੀ ਅਜ਼ਾਦੀ ਦੇ ਸੰਘਰਸ਼ ਪ੍ਰਤੀ ਜਾਗਰੂਕਤਾ ਪੈਦਾ ਕੀਤੀ ਸੀ। ਉਹ ਸੰਨ 1988 ਵਿੱਚ ਟਾਡਾ ਅਧੀਨ ਜੇਲ੍ਹ ਵਿੱਚ ਵੀ ਰਹੇ ਤੇ ਭਾਰੀ ਤਸ਼ੱਦਦ ਵੀ ਝੱਲਿਆ। ਇਸ ਪਰਿਵਾਰ ਦੀ ਸਿੱਖ ਸੰਘਰਸ਼ ਨੂੰ ਵੱਡੀ ਦੇਣ ਹੈ। ਉਹਨਾਂ ਕਿਹਾ ਕਿ ਸ਼ਹੀਦਾਂ ਦੇ ਪਾਏ ਪੂਰਨਿਆਂ ‘ਤੇ ਪਹਿਰਾ ਦੇਣਾ ਸ਼ਹੀਦਾਂ ਨੂੰ ਸੱਚੀ ਸ਼ਰਧਾਂਜਲੀ ਹੈ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ਼ਹੀਦ ਦੇ ਭਰਾਤਾ ਭਾਈ ਜਸਬੀਰ ਸਿੰਘ ਜੱਸਾ ਮੰਡਿਆਲਾ ਨੂੰ ਸਿਰੋਪਾਉ ਅਤੇ ਤਵਾਰੀਖ਼ ਸ਼ਹੀਦ ਏ ਖ਼ਾਲਿਸਤਾਨ ਕਿਤਾਬ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਕਿਤਾਬ ‘ਚ ਸ਼ਹੀਦ ਭਾਈ ਗੁਰਸਾਹਿਬ ਸਿੰਘ ਮੰਡਿਆਲਾ ਦੀ ਜੀਵਨੀ ਵੀ ਛਪੀ ਹੋਈ ਹੈ। ਇਸ ਮੌਕੇ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਸੁਰਿੰਦਰਪਾਲ ਸਿੰਘ, ਭਾਈ ਕਾਰਜ ਸਿੰਘ ਸਾਂਘਣਾ, ਸੱਜਣ ਸਿੰਘ ਪੱਟੀ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ