11 Views
ਜਥੇਦਾਰ ਬਾਬਾ ਸੱਜਣ ਸਿੰਘ ਦੀਆਂ ਸੇਵਾਵਾਂ ਦੀ ਭਾਈ ਰਣਜੀਤ ਸਿੰਘ ਵੱਲੋਂ ਸ਼ਲਾਘਾ
ਅੰਮ੍ਰਿਤਸਰ, 23 ਜਨਵਰੀ ( ਨਜ਼ਰਾਨਾ ਨਿਊਜ ਨੈੱਟਵਰਕ ) ਵੀਹਵੀਂ ਸਦੀ ਦੇ ਮਹਾਨ ਸਿੱਖ, ਜਰਨੈਲਾਂ ਦੇ ਜਰਨੈਲ ਅਤੇ ਦਮਦਮੀ ਟਕਸਾਲ ਦੇ ਚੌਦ੍ਹਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਜੀ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿੱਚ ਸ੍ਰੀ ਦਰਬਾਰ ਸਾਹਿਬ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਪਵਿੱਤਰਤਾ ਦੀ ਰਾਖੀ ਲਈ ਜੂਨ 1984 ‘ਚ ਭਾਰਤੀ ਫ਼ੌਜਾਂ ਵਿਰੁੱਧ ਜੂਝ ਕੇ ਸ਼ਹਾਦਤ ਦਾ ਜਾਮ ਪੀਣ ਵਾਲੇ ਅਮਰ ਸ਼ਹੀਦ ਭਾਈ ਸਰਵਣ ਸਿੰਘ ਜੀ (ਵਾੜਾ ਸ਼ੇਰ ਸਿੰਘ) ਦਮਦਮੀ ਟਕਸਾਲ ਵਾਲਿਆਂ ਦੇ ਜਨਮ ਦਿਹਾੜੇ ‘ਤੇ ਗੁਰਦੁਆਰਾ ਬਾਬਾ ਬੀਰ ਸਿੰਘ, ਪਿੰਡ ਵਾੜਾ ਸ਼ੇਰ ਸਿੰਘ ਵਾਲਾ, ਨੇੜੇ ਅਲਗੋਂ ਕੋਠੀ, ਜ਼ਿਲ੍ਹਾ ਤਰਨ ਤਾਰਨ ਵਿਖੇ ਮਹਾਨ ਗੁਰਮਤਿ ਸਮਾਗਮ ਕਰਵਾਇਆ ਗਿਆ। ਸਮਾਗਮ ਵਿੱਚ ਸੰਤਾਂ-ਮਹਾਂਪੁਰਸ਼ਾਂ, ਰਾਗੀ, ਢਾਡੀ, ਕਥਾਵਾਚਕਾਂ ਤੇ ਪ੍ਰਚਾਰਕਾਂ ਨੇ ਹਰ ਜੱਸ ਅਤੇ ਜੋਸ਼ੀਲਾ ਇਤਿਹਾਸ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇੰਟਰਨੈਸ਼ਨਲ ਪੰਥਕ ਦਲ ਦੇ ਕਾਰਜਕਾਰੀ ਪੰਜਾਬ ਪ੍ਰਧਾਨ ਸੰਤ ਬਾਬਾ ਜਤਿੰਦਰ ਸਿੰਘ ਜੀ ਗੋਬਿੰਦ ਬਾਗ ਵਾਲੇ, ਬਾਬਾ ਪ੍ਰਤਾਪ ਸਿੰਘ ਜੀ ਅਤੇ ਬਾਬਾ ਸਤਨਾਮ ਸਿੰਘ ਜੀ ਵੱਲੀਆਂ ਵੀ ਵਿਸ਼ੇਸ਼ ਤੌਰ ਉੱਤੇ ਪੁੱਜੇ। ਸਿੱਖ ਪ੍ਰਚਾਰਕ, ਪੰਥਕ ਲੇਖਕ ਤੇ ਸਿੱਖ ਯੂਥ ਫੈਡਰੇਸ਼ਨ ਭਿੰਡਰਾਂਵਾਲਾ ਦੇ ਕੌਮੀ ਪ੍ਰਧਾਨ ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਵੀ ਸੰਗਤਾਂ ਨਾਲ ਸਿੱਖ ਸੰਘਰਸ਼ ਸੰਬੰਧੀ ਵਿਚਾਰਾਂ ਦੀ ਸਾਂਝ ਪਾਈ ਗਈ। ਉਹਨਾਂ ਕਿਹਾ ਕਿ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨੇ ਕੌਮ ਵਿੱਚ ਜਾਗ੍ਰਿਤੀ ਪੈਦਾ ਕੀਤੀ, ਉਹਨਾਂ ਦੇ ਪ੍ਰਚਾਰ ਸਦਕਾ ਨੌਜਵਾਨੀ ਸਿੱਖੀ ਰੰਗ ‘ਚ ਰੰਗੀ ਗਈ ਅਮਤੇ ਲੋਕ ਆਪਣੇ ਹੱਕਾਂ ਤੇ ਅਜ਼ਾਦੀ ਲਈ ਸੰਘਰਸ਼ਸ਼ੀਲ ਹੋਏ। ਸੰਤ ਭਿੰਡਰਾਂਵਾਲਿਆਂ ਨੇ ਨੇ ਬਾਬਾ ਦੀਪ ਸਿੰਘ ਅਤੇ ਬਾਬਾ ਗੁਰਬਖਸ਼ ਸਿੰਘ ਵਾਂਗ ਗੁਰਧਾਮਾਂ ਦੀ ਰਾਖੀ ਲਈ ਸ਼ਹਾਦਤ ਦਿੱਤੀ। ਉਹਨਾਂ ਕਿਹਾ ਕਿ ਸ਼ਹੀਦ ਭਾਈ ਸਰਵਣ ਸਿੰਘ (ਵਾੜਾ ਸ਼ੇਰ ਸਿੰਘ) ਵੀ ਮਹਾਨ ਰੂਹ ਸਨ, ਉਹਨਾਂ ਨੂੰ ਇਬਾਦਤ ਕਾਰਨ ਸ਼ਹਾਦਤ ਦੀ ਮਹਾਨ ਦਾਤ ਪ੍ਰਾਪਤ ਹੋਈ। ਉਹਨਾਂ ਕਿਹਾ ਕਿ ਜਨਮ ਦਿਨ ਤੇ ਮਰਨ ਦਿਨ ਉਹਨਾਂ ਦੇ ਮਨਾਏ ਜਾਂਦੇ ਹਨ ਜਿਨ੍ਹਾਂ ਨੇ ਆਪਣੇ ਜੀਵਨ ਧਰਮ ਅਤੇ ਸਮਾਜ ਨੂੰ ਸਮਰਪਿਤ ਕੀਤੇ ਹੋਣ। ਉਹਨਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਵਿੱਚ ਸ਼ਹਾਦਤ ਹੋਣੀ, ਯਾਦਗਾਰ ਬਣਨੀ ਤੇ ਤਸਵੀਰ ਲੱਗਣੀ ਕੋਈ ਆਮ ਗੱਲ ਨਹੀਂ ਹੈ। ਸੰਤ ਜਰਨੈਲ ਸਿੰਘ, ਭਾਈ ਅਮਰੀਕ ਸਿੰਘ ਜਨਰਲ ਸੁਬੇਗ ਸਿੰਘ, ਬਾਬਾ ਠਾਹਰਾ ਸਿੰਘ ਅਤੇ ਭਾਈ ਸਰਵਣ ਸਿੰਘ ਸਾਡੀ ਕੌਮ ਦੇ ਨਾਇਕ ਤੇ ਜੁਝਾਰੂ ਸੂਰਮੇ ਹਨ। ਇਹਨਾਂ ਸੂਰਮਿਆਂ ਨੇ ਚਮਕੌਰ ਦੀ ਗੜ੍ਹੀ ਵਾਲਾ ਸ਼ਾਨਾਮੱਤਾ ਇਤਿਹਾਸ ਦੁਹਰਾਇਆ, ਰਹਿੰਦੀ ਦੁਨੀਆਂ ਤੱਕ ਇਹਨਾਂ ਦੀ ਜੈ-ਜੈਕਾਰ ਹੁੰਦੀ ਰਹੇਗੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਨੇ ਕਿਹਾ ਕਿ ਅਸੀਂ ਸ਼ਹੀਦਾਂ ਦੇ ਵਾਰਸ ਤਾਹੀਂ ਅਖਵਾ ਸਕਦੇ ਹਾਂ ਜੇਕਰ ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਵਾਂਗੇ ਤੇ ਸ਼ਹੀਦਾਂ ਦੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੀ ਅਜ਼ਾਦੀ ਲਈ ਸੰਘਰਸ਼ ਕਰਾਂਗੇ। ਭਾਈ ਰਣਜੀਤ ਸਿੰਘ ਨੇ ਕਿਹਾ ਕਿ ਸ਼ਹੀਦ ਭਾਈ ਸਰਵਣ ਸਿੰਘ ਦੇ ਸਪੁੱਤਰ ਜਥੇਦਾਰ ਬਾਬਾ ਸੱਜਣ ਸਿੰਘ (ਵਾੜਾ ਸ਼ੇਰ ਸਿੰਘ ਵਾਲੇ) ਸੱਚਮੁੱਚ ਉਹਨਾਂ ਸ਼ਹੀਦਾਂ ਦੇ ਪਾਏ ਪੂਰਨਿਆਂ ਉੱਤੇ ਪਹਿਰਾ ਦੇ ਰਹੇ ਹਨ। ਉਹਨਾਂ ਵੱਲੋਂ ਇਲਾਕੇ ਵਿੱਚ ਵਿਚਰ ਕੇ ਗੁਰਮਤਿ ਦਾ ਭਾਰੀ ਪ੍ਰਚਾਰ ਪ੍ਰਸਾਰ ਕੀਤਾ ਜਾ ਰਿਹਾ ਹੈ, ਜਿੱਥੇ ਉਹ ਸੰਗਤਾਂ ਨੂੰ ਗੁਰਬਾਣੀ ਦੇ ਜਾਪ ਕਰਵਾ ਰਹੇ ਹਨ, ਓਥੇ ਹੀ ਅੰਮ੍ਰਿਤ ਸੰਚਾਰ ਦੀ ਲਹਿਰ ਵੀ ਅਰੰਭੀ ਹੋਈ ਹੈ ਤੇ ਸੰਗਤਾਂ ਨੂੰ ਬਾਣੀ-ਬਾਣੇ ਦੇ ਧਾਰਨੀ, ਕੇਸਾਧਾਰੀ, ਅੰਮ੍ਰਿਤਧਾਰੀ ਅਤੇ ਸ਼ਸਤਰਧਾਰੀ ਹੋਣ ਲਈ ਪ੍ਰੇਰਿਤ ਕਰ ਰਹੇ ਹਨ। ਉਹਨਾਂ ਨੇ ਬਾਬਾ ਸੱਜਣ ਸਿੰਘ ਵੱਲੋਂ ਇੰਟਰਨੈਸ਼ਨਲ ਪੰਥਕ ਦਲ ਰਾਹੀਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਭਰਪੂਰ ਸ਼ਲਾਘਾ ਕੀਤੀ ਅਤੇ ਸੰਗਤਾਂ ਨੂੰ ਤਨ, ਮਨ, ਧਨ ਨਾਲ ਇਸ ਪਰਿਵਾਰ ਦਾ ਸਾਥ ਦੇਣ ਲਈ ਵੀ ਅਪੀਲ ਕੀਤੀ। ਭਾਈ ਰਣਜੀਤ ਸਿੰਘ ਦਮਦਮੀ ਟਕਸਾਲ ਵੱਲੋਂ ਸ਼ਹੀਦ ਭਾਈ ਸਰਵਣ ਸਿੰਘ ਜੀ ਦੇ ਸਪੁੱਤਰ ਬਾਬਾ ਸੱਜਣ ਸਿੰਘ ਜੀ (ਵਾੜਾ ਸ਼ੇਰ ਸਿੰਘ ਵਾਲਿਆਂ) ਨੂੰ ਸਿਰੋਪਾਉ ਅਤੇ ਖ਼ਾਲਸਾ ਫ਼ਤਹਿਨਾਮਾ ਰਸਾਲਾ ਭੇਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਉਹਨਾਂ ਨਾਲ ਭਾਈ ਗਗਨਦੀਪ ਸਿੰਘ ਸੁਲਤਾਨਵਿੰਡ, ਭਾਈ ਸੁਰਿੰਦਰਪਾਲ ਸਿੰਘ (ਸਪੁੱਤਰ ਸ਼ਹੀਦ ਭਾਈ ਸੁਬੇਗ ਸਿੰਘ ਫ਼ੌਜੀ), ਭਾਈ ਮਨਪ੍ਰੀਤ ਸਿੰਘ ਦਸਮੇਸ਼ ਨਗਰ ਵੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ