Home » ਧਾਰਮਿਕ » ਇਤਿਹਾਸ » ਸ਼੍ਰੋਮਣੀ ਕਮੇਟੀ ਵੱਲੋਂ ਮੁੰਬਈ ’ਚ ਚਾਰ ਸਾਹਿਬਜ਼ਾਦੇ ਐੱਮਆਰਆਈ ਤੇ ਸੀਟੀ ਸਕੈਨ ਕੇਂਦਰ ਸ਼ੁਰੂ

ਸ਼੍ਰੋਮਣੀ ਕਮੇਟੀ ਵੱਲੋਂ ਮੁੰਬਈ ’ਚ ਚਾਰ ਸਾਹਿਬਜ਼ਾਦੇ ਐੱਮਆਰਆਈ ਤੇ ਸੀਟੀ ਸਕੈਨ ਕੇਂਦਰ ਸ਼ੁਰੂ

49 Views

ਆਰਥਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ 10 ਰੁਪਏ ’ਚ ਦਿੱਤੀ ਜਾਵੇਗੀ ਐੱਮਆਰਆਈ ਤੇ ਸੀਟੀ ਸਕੈਨ ਦੀ ਸਹੂਲਤ- ਐਡਵੋਕਟ ਹਰਜਿੰਦਰ ਸਿੰਘ ਧਾਮੀ

ਅੰਮ੍ਰਿਤਸਰ, 24 ਜਨਵਰੀ- ( ਤਾਜੀਮਨੂਰ ਕੌਰ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਅਧੀਨ ਮੁੰਬਈ ਵਿਖੇ ਚੱਲ ਰਹੇ ਗੁਰੂ ਨਾਨਕ ਖ਼ਾਲਸਾ ਕਾਲਜ ਮਾਟੁੰਗਾ ਵਿੱਚ ਅੱਜ ਚਾਰ ਸਾਹਿਬਜ਼ਾਦੇ ਐੱਮਆਰਆਈ ਤੇ ਸੀਟੀ ਸਕੈਨ ਸੈਂਟਰ ਦਾ ਉਦਘਾਟਨ ਕੀਤਾ ਗਿਆ ਹੈ। ਇਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਸੁਲਤਾਨ ਸਿੰਘ, ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਬਲਦੇਵ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਸ. ਗੁਰਿੰਦਰ ਸਿੰਘ ਬਾਵਾ, ਤਖ਼ਤ ਸ੍ਰੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਜਗਜੋਤ ਸਿੰਘ, ਸ਼੍ਰੋਮਣੀ ਕਮੇਟੀ ਦੇ ਓਐੱਸਡੀ ਸ. ਸਤਬੀਰ ਸਿੰਘ ਧਾਮੀ, ਸ. ਜਸਬੀਰ ਸਿੰਘ ਧਾਮ ਸਮੇਤ ਹੋਰ ਸ਼ਖ਼ਸੀਅਤਾਂ ਮੌਜੂਦ ਸਨ।
ਇਸ ਸਬੰਧੀ ਗੱਲਬਾਤ ਕਰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਕੌਮ ਦੀ ਨੁਮਾਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਲੋਕ ਭਲਾਈ ਦੇ ਕਾਰਜਾਂ ਵਿੱਚ ਵੱਡੀਆਂ ਸੇਵਾਵਾਂ ਕੀਤੀਆਂ ਜਾ ਰਹੀਆਂ ਹਨ। ਇਸੇ ਤਹਿਤ ਹੀ ਅੱਜ ਮੁੰਬਈ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਚਾਰ ਸਾਹਿਬਜ਼ਾਦਿਆਂ ਨੂੰ ਸਮਰਪਿਤ ਐੱਮਆਰਆਈ ਤੇ ਸੀਟੀ ਸਕੈਨ ਸੈਂਟਰ ਦੀ ਸ਼ੁਰੂਆਤ ਕੀਤੀ ਗਈ ਹੈ। ਉਨ੍ਹਾਂ ਦੱਸਿਆਂ ਕਿ ਇਸ ਸੈਂਟਰ ਵਿਖੇ ਆਰਥਕ ਤੌਰ ’ਤੇ ਕਮਜ਼ੋਰ ਲੋਕਾਂ ਨੂੰ ਕੇਵਲ 10 ਰੁਪਏ ਵਿੱਚ ਐੱਮਆਰਆਈ, ਸੀਟੀ ਸਕੈਨ, ਐਕਸਰੇ ਆਦਿ ਟੈਸਟਾਂ ਦੀਆਂ ਸੇਵਾਵਾਂ ਦਿੱਤੀਆਂ ਜਾਣਗੀਆਂ। ਇਸ ਤੋਂ ਇਲਾਵਾ ਗੁਰੂ ਨਾਨਕ ਮਿਸ਼ਨ 1313 ਨਾਮ ਉੱਤੇ ਚਲਾਈ ਜਾਣ ਵਾਲੀ ਫਾਰਮੇਸੀ ਤੋਂ ਮਾਰਕੀਟ ਰੇਟ ਨਾਲੋਂ 25% ਘੱਟ ਰੇਟ ਉੱਤੇ ਦਵਾਈਆਂ ਮੁਹੱਈਆ ਕਰਵਾਈਆਂ ਜਾਣਗੀਆਂ ਅਤੇ ਮੈਡੀਕਲ ਖੂਨ ਦੀ ਜਾਂਚ ਦੇ ਟੈਸਟ ਵੀ 50% ਸਸਤੀਆਂ ਦਰਾਂ ਉੱਤੇ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਇਹ ਸੇਵਾਵਾਂ ਆਮ ਲੋਕਾਂ ਲਈ ਵੀ ਬਹੁਤ ਸਸਤੀਆਂ ਦਰਾਂ ਉੱਤੇ ਦਿੱਤੀਆਂ ਜਾਣਗੀਆਂ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਐਲਾਨ ਕੀਤਾ ਕਿ ਮੁੰਬਈ ਅਤੇ ਇਸ ਦੇ ਆਸ-ਪਾਸ ਦੇ ਇਲਾਕਿਆਂ ਦੇ ਗੁਰਦੁਆਰਾ ਸਾਹਿਬਾਨ ਦੇ ਗ੍ਰੰਥੀ ਸਿੰਘਾਂ ਅਤੇ ਹੋਰ ਮੁਲਾਜ਼ਮਾਂ ਨੂੰ ਵੀ ਇਹ ਸਹੂਲਤਾਂ ਕੇਵਲ 10 ਰੁਪਏ ਵਿੱਚ ਹੀ ਦਿੱਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਇਨ੍ਹਾਂ ਕਾਰਜਾਂ ਵਿੱਚ ਮਹਾਂਰਾਸ਼ਟਰ ਤੋਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਸ. ਗੁਰਿੰਦਰ ਸਿੰਘ ਬਾਵਾ ਵੱਲੋਂ ਵਿਸ਼ੇਸ਼ ਤੇ ਸ਼ਲਾਘਾਯੋਗ ਯਤਨ ਕੀਤੇ ਗਏ ਹਨ, ਜਿਸ ਨਾਲ ਸਿੱਖ ਸੰਸਥਾ ਦਾ ਮਾਨ ਹੋਰ ਵਧੇਗਾ। ਇਸ ਮੌਕੇ ਗੁਰੂ ਨਾਨਕ ਖ਼ਾਲਸਾ ਕਾਲਜ ਦੀ ਡਾਇਰੈਕਟਰ ਐਡਮਿਨ ਡਾ. ਜਸਬੀਰ ਕੌਰ ਮੱਕੜ, ਸ. ਹਰਮੀਤ ਸਿੰਘ ਸਲੂਜਾ ਆਦਿ ਮੌਜੂਦ ਸਨ।

 

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?