-ਪ੍ਰਨੀਤ ਕੌਰ ਵੱਲੋਂ ਮੁੱਖ ਮੰਤਰੀ ਦੀ ਵਿਰੋਧਤਾ ਕਰ ਰਹੇ ਵਿਧਾਇਕਾਂ ਨੂੰ ਸਲਾਹ, ਆਗਾਮੀ ਚੋਣਾਂ ਜਿੱਤਣ ਲਈ ਨਿੱਜੀ ਰਾਜਨੀਤੀ ਦੀ ਥਾਂ ਕਾਂਗਰਸ ਦੀ ਮਜ਼ਬੂਤੀ ਲਈ ਉਸਾਰੂ ਭੂਮਿਕਾ ਨਿਭਾਉਣ ਦੀ ਲੋੜ
ਚੰਡੀਗੜ੍ਹ, 25 ਅਗਸਤ(ਨਜ਼ਰਾਨਾ ਨਿਊਜ਼ ਨੈੱਟਵਰਕ) -ਪਟਿਆਲਾ ਤੋਂ ਸੰਸਦ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਨੇ ਅੱਜ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀਆਂ ਸ਼ਰਮਨਾਕ ਟਿਪਣੀਆਂ ਨੂੰ ਕਰਾਰੇ ਹੱਥੀਂ ਲੈਂਦਿਆਂ, ਇਨ੍ਹਾਂ ਨੂੰ ਕਾਂਗਰਸ ਪਾਰਟੀ ਨੂੰ ਕਮਜ਼ੋਰ ਕਰਨ ਵਾਲੀਆਂ ਕਰਾਰ ਦਿੰਦਿਆਂ ਕਾਂਗਰਸ ਆਲਾ ਕਮਾਨ ਤੋਂ ਉਨ੍ਹਾਂ ਵਿਰੁੱਧ ਸਖ਼ਤ ਕਾਰਵਾਈ ਕੀਤੇ ਜਾਣ ਦੀ ਮੰਗ ਕੀਤੀ ਹੈ।
ਪ੍ਰਨੀਤ ਕੌਰ ਨੇ ਇਹ ਪ੍ਰਗਟਾਵਾ ਅੱਜ, ਪੰਜਾਬ ਜਲ ਸਰੋਤ ਪ੍ਰਬੰਧਨ ਵਿਕਾਸ ਬੋਰਡ ਦੇ ਨਵ ਨਿਯੁਕਤ ਚੇਅਰਮੈਨ ਮਹੰਤ ਹਰਵਿੰਦਰ ਸਿੰਘ ਵੱਲੋਂ ਅਹੁਦਾ ਸੰਭਾਲੇ ਜਾਣ ਮੌਕੇ ਕਰਵਾਏ ਸਮਾਗਮ ‘ਚ ਸ਼ਿਰਕਤ ਕਰਨ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਕੀਤਾ।
ਮੀਡੀਆ ਦੇ ਇਸ ਸਵਾਲ, ਕੀ ਨਵਜੋਤ ਸਿੰਘ ਸਿੱਧੂ ਪਾਰਟੀ ਵਿੱਚ ਅਸ਼ਾਂਤੀ ਲਈ ਜ਼ਿੰਮੇਵਾਰ ਹਨ, ਦੇ ਜਵਾਬ ਵਿੱਚ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਤੇ ਪਟਿਆਲਾ ਤੋਂ ਸੰਸਦ ਮੈਂਬਰ ਨੇ ਕਿਹਾ, ‘ਬਿਨ੍ਹਾਂ ਸ਼ੱਕ, ਸਿੱਧੂ ਜ਼ਿੰਮੇਵਾਰ ਹਨ, ਉਨ੍ਹਾਂ ਨੇ ਇਹ ਸਭ ਸ਼ੁਰੂ ਕੀਤਾ ਅਤੇ ਹੁਣ, ਇਹ ਉਨ੍ਹਾਂ ਦੇ ਸਲਾਹਕਾਰ ਹੀ ਹਨ ਜੋ ਅਜਿਹੇ ਗ਼ੈਰ ਜ਼ਿੰਮੇਵਾਰਾਨਾ ਬਿਆਨ ਦੇ ਰਹੇ ਹਨ, ਜਦੋਂ ਕਿ ਮੁੱਖ ਮੰਤਰੀ ਨੇ ਉਦਾਰਤਾ ਦਿਖਾਉਂਦਿਆਂ ਹਾਈ ਕਮਾਨ ਵੱਲੋਂ ਸਿੱਧੂ ਨੂੰ ਕਾਂਗਰਸ ਦੀ ਪ੍ਰਦੇਸ਼ ਇਕਾਈ ਦਾ ਮੁਖੀ ਲਾਉਣ ਦੇ ਫੈਸਲੇ ਨੂੰ ਮੰਨਿਆ ਪਰੰਤੂ ਅਜਿਹਾ ਨਾ ਕੀਤੇ ਜਾਣ ਲਈ ਸਿੱਧੂ ਅਤੇ ਉਨ੍ਹਾਂ ਦੇ ਸਾਥੀਆਂ ਦੀ ਜਵਾਬ ਤਲਬੀ ਹੋਣੀ ਚਾਹੀਦੀ ਹੈ।’
ਉਨ੍ਹਾਂ ਅੱਗੇ ਕਿਹਾ ਕਿ, ‘ਇਹ ਸਮਾਂ ਨਿੱਜੀ ਰਾਜਨੀਤੀ ਖੇਡਣ ਦਾ ਨਹੀਂ ਹੈ। ਜੇਕਰ ਉਨ੍ਹਾਂ ਦੀ ਕੋਈ ਸ਼ਿਕਾਇਤ ਹੈ, ਤਾਂ ਉਸਨੂੰ ਇਸ ਤਰ੍ਹਾਂ ਜਨਤਕ ਕਰਨ ਦੀ ਥਾਂ ਪਾਰਟੀ ਪਲੇਟਫਾਰਮ ‘ਤੇ ਉਠਾਉਣਾ ਚਾਹੀਦਾ ਸੀ।’ ਉਨ੍ਹਾਂ ਕਿਹਾ ਕਿ, ”ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ, ਕਾਂਗਰਸ ਪਾਰਟੀ ਇੱਕਜੁਟਤਾ ਨਾਲ ਲੜੇ।”
ਕਸ਼ਮੀਰ ਅਤੇ ਇੰਦਰਾ ਗਾਂਧੀ ਦੇ ਮੁੱਦੇ ‘ਤੇ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰਾਂ ਵੱਲੋਂ ਕੀਤੀ ਟਿੱਪਣੀ ਦੀ ਨਿੰਦਾ ਕਰਦੇ ਹੋਏ ਪ੍ਰਨੀਤ ਕੌਰ ਨੇ ਕਿਹਾ, ”ਮੈਨੂੰ ਨਹੀਂ ਪਤਾ ਕਿ ਇਹ ਲੋਕ ਕਿੱਥੋਂ ਆਏ ਹਨ, ਪਾਰਟੀ ਪ੍ਰਧਾਨ ਨੂੰ ਪਾਰਟੀ ਦੇ ਅੰਦਰੋਂ ਹੀ ਜ਼ਿੰਮੇਵਾਰ ਸਲਾਹਕਾਰਾਂ ਦੀ ਚੋਣ ਕਰਨੀ ਚਾਹੀਦੀ ਸੀ। ਇਹ ਹੁਣ ਹਾਈ ਕਮਾਨ ‘ਤੇ ਨਿਰਭਰ ਕਰਦਾ ਹੈ ਕਿ ਇਨ੍ਹਾਂ ਵਿਰੁੱਧ ਕੀ ਕਾਰਵਾਈ ਕੀਤੀ ਜਾਵੇ, ਪਰ ਮੈਂ ਨਿੱਜੀ ਤੌਰ ‘ਤੇ ਇਨ੍ਹਾਂ ਦੀਆਂ ਗ਼ੈਰ ਜ਼ਿੰਮੇਵਾਰਾਨਾ ਟਿੱਪਣੀਆਂ ਦੀ ਸਖ਼ਤ ਨਿੰਦਾ ਕਰਦੀ ਹਾਂ।”
ਪ੍ਰਨੀਤ ਕੌਰ ਨੇ, ਆਪਣੇ ਨਿੱਜੀ ਹਿੱਤਾਂ ਲਈ ਪਾਰਟੀ ਨੂੰ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਨ ਵਾਲਿਆਂ ‘ਤੇ ਵਰ੍ਹਦਿਆਂ ਕਿਹਾ ਕਿ, ‘ਸਾਢੇ ਚਾਰ ਸਾਲ ਸੱਤਾ ਦਾ ਆਨੰਦ ਲੈਣ ਤੋਂ ਬਾਅਦ, ਉਨ੍ਹਾਂ ਵੱਲੋਂ ਬਗ਼ਾਵਤ ਦਾ ਝੰਡਾ ਚੁੱਕਣਾ, ਪਰਦੇ ਪਿੱਛੇ ਦੀ ਕਹਾਣੀ ਬਾਰੇ ਬਹੁਤ ਕੁਝ ਸਪੱਸ਼ਟ ਕਰਦਾ ਹੈ।’ ਉਨ੍ਹਾਂ ਕਿਹਾ ਕਿ ਇਹ ਸਮਾਂ ਤਾਅਨੇ-ਮਿਹਣਿਆਂ ਦੀ ਖੇਡ ‘ਚ ਸ਼ਾਮਲ ਹੋਣ ਦਾ ਨਹੀਂ, ਕਿਉਂਜੋ ਅਜਿਹਾ ਕਰਨ ਨਾਲ ਅੱਗੇ ਵਧਣ ਦੀਆਂ ਪਾਰਟੀ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪੁੱਜੇਗਾ। ਪ੍ਰਨੀਤ ਕੌਰ ਨੇ ਸਾਰੀਆਂ ਧਿਰਾਂ ਨੂੰ ਇਕਜੁਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ ਤਾਂ ਜੋ 2022 ‘ਚ ਕਾਂਗਰਸ ਪਾਰਟੀ ਦੀ ਮੁੜ ਜਿੱਤ ਯਕੀਨੀ ਬਣਾਈ ਜਾ ਸਕੇ।
ਕੁਝ ਵਿਧਾਇਕਾਂ ਵੱਲੋਂ ਮੁੱਖ ਮੰਤਰੀ ਬਦਲਣ ਬਾਰੇ ਚਲਾਈ ਮੁਹਿੰਮ ਬਾਰੇ ਪੁੱਛਣ ‘ਤੇ, ਸ੍ਰੀਮਤੀ ਪ੍ਰਨੀਤ ਕੌਰ ਨੇ ਜਵਾਬ ਦਿੱਤਾ ਕਿ, ”ਇਹ ਹਾਈ ਕਮਾਨ ਦਾ ਅਧਿਕਾਰ ਖੇਤਰ ਹੈ, ਉਹ ਹੀ ਇਸ ਬਾਰੇ ਨਿਰਣਾ ਕਰਨਗੇ, ਪਰ, ਮੈਂ ਕਹਾਂਗੀ ਕਿ, ”ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਪੂਰੀ ਵਾਹ ਲਾਕੇ ਔਖੇ ਵੇਲਿਆਂ ‘ਚ ਪਾਰਟੀ ਦੀ ਅਗਵਾਈ ਕੀਤੀ ਅਤੇ ਹਾਈ ਕਮਾਂਡ ਦੀਆਂ ਆਸਾਂ ਮੁਤਾਬਕ ਬਹੁਤ ਸਾਰੀਆਂ ਜਿੱਤਾਂ ਦਰਜ ਕੀਤੀਆਂ। ਕੈਪਟਨ ਨੇ ਮਹਾਂਮਾਰੀ ਦੌਰਾਨ ਵੀ ਵਿੱਤੀ ਔਕੜਾਂ ਦੇ ਬਾਵਜੂਦ ਪੰਜਾਬ ਦੇ ਲੋਕਾਂ ਅਤੇ ਸੂਬੇ ਦੇ ਚਹੁੰਤਰਫ਼ਾ ਵਿਕਾਸ ਲਈ ਬਹੁਤ ਵਧੀਆ ਕੰਮ ਕੀਤਾ ਹੈ
Author: Gurbhej Singh Anandpuri
ਮੁੱਖ ਸੰਪਾਦਕ