39 Views
ਨਿੱਕਲ ਪਏ ਕਈ ਵੋਟਾਂ ਮੰਗਣ,
ਕਈ ਅਜੇ ਕੱਸਦੇ ਪਏ ਲੰਗੋਟੇ।
ਗੱਲਾਂ ਮਿੱਠੀਆਂ ਮਿਸਰੀ ਵਰਗੀਆਂ,
ਪਰ ਅੰਦਰ ਦੇ ਦਿਲ ਨੇ ਖੋਟੇ।
ਘਸੇ ਪਿੱਟੇ ਉਹੀ ਲਾਰੇ ਵਾਅਦੇ,
ਤੇ ਉਹੋ ਸ਼ਰਾਬ ਪੁਰਾਣੀ ਹੈ।
ਹਰ ਪੰਜਾਂ ਸਾਲਾਂ ਦੇ ਮਗਰੋਂ,
ਫਿਰ ਛਿੜੀ ਉਹੋ ਕਹਾਣੀ ਹੈ।
ਇਸ ਵਾਰ ਹੁਣ ਗੱਲ ਨੀ ਸੁਣਨੀ,
ਹੁਣ ਤਾਂ ਗੱਲ ਇਹ ਪੁੱਛਣੀ ਐ।
ਕੁਰਸੀ ਦੀ ਜੋ ਬੰਨ ਲਈ ਵਾਰੀ,
ਇਹ ਖੇਡ ਦੱਸੋ ਕਦ ਮੁੱਕਣੀ ਐ।
ਕੀਹਨੇ ਕੀਤਾ ਕੰਗਾਲ ਏਸ ਨੂੰ,
ਕੀਹਨੇ ਹੁਣ ਤੱਕ ਲੁੱਟ ਮਚਾਈ।
ਕਿਉਂ ਸਭ ਛੱਡ ਛੱਡ ਭੱਜੀ ਜਾਂਦੇ,
ਸੜਕਾਂ ਤੇ ਕਿਉਂ ਪਵੇ ਦੁਹਾਈ।
ਅਵਾਮ ਨੂੰ ਕੁੱਟਣ ਤੇ ਲੁੱਟਣ ਦੀ,
ਕਸਰ ਤੁਸੀਂ ਤਾਂ ਕੋਈ ਨਾ ਛੱਡੀ।
ਰਿਸ਼ਵਤਖੋਰੀ ਤੇ ਬੇਰੁਜ਼ਗਾਰੀ,
ਹਰ ਥਾਂ ਤੇ ਖੜ੍ਹੀ ਹੈ ਮੂੰਹ ਅੱਡੀ।
ਭੰਨ ਤੀ ਮੜਕ ਪੰਜਾਬ ਦੀ ਸਾਰੀ,
ਠੱਗਿਆ ਮਹਿਸੂਸ ਕਰੇ ਹਰ ਕੋਈ।
ਵੇਚ ਜ਼ਮੀਨ ਜਦ ਪੁੱਤ ਸੀ ਤੋਰਿਆ,
ਅੱਖ ਮਾਂ-ਬਾਪ ਦੀ ਰੱਜ ਰੱਜ ਰੋਈ।
ਅੱਖ ਮਾਂ-ਬਾਪ ਦੀ ਰੱਜ ਰੱਜ ਰੋਈ।
Author: Gurbhej Singh Anandpuri
ਮੁੱਖ ਸੰਪਾਦਕ