ਨਵਾਂ ਸ਼ਹਿਰ 26 ਅਗਸਤ (ਨਜ਼ਰਾਨਾ ਨਿਊਜ਼ ਨੈੱਟਵਰਕ) ਇੱਕ ਵਾਰ ਫਿਰ ਵਿਦੇਸ਼ ਜਾਣ ਦੇ ਨਾਮ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ। ਇਲਜ਼ਾਮ ਹਨ ਕਿ ਕੁੜੀ ਅਤੇ ਉਸਦੇ ਪਰਿਵਾਰ ਨੇ ਕਰੀਬ 30 ਲੱਖ ਦਾ ਖਰਚਾ ਕਰਵਾਇਆ ਅਤੇ ਹੁਣ ਪਤੀ ਨੂੰ ਵਿਦੇਸ਼ ਬੁਲਾਉਣ ਤੋਂ ਇਨਕਾਰ ਕਰ ਰਹੀ ਹੈ। ਨਵਾਂਸ਼ਹਿਰ ਦੇ ਪਿੰਡ ਮਹਿੰਦੀਪੁਰ ਦੇ ਸੁਖਵਿੰਦਰ ਸਿੰਘ ਨੇ ਬੜੇ ਹੀ ਚਾਅ ਮਲਾਰ ਨਾਲ ਆਪਣੇ ਮੁੰਡੇ ਦਾ ਵਿਆਹ ਆਈਲੈਟਸ ਕਰ ਚੁੱਕੀ ਕੁੜੀ ਨਾਲ ਕਰਵਾਇਆ। ਸੁਖਵਿੰਦਰ ਮੁਤਾਬਕ ਵਿਆਹ ਅਤੇ ਕੁੜੀ ਨੂੰ ਬਾਹਰ ਭੇਜਣ ਦਾ ਪੂਰਾ ਖਰਚਾ ਓਹਨਾਂ ਨੇ ਖੁਦ ਕੀਤਾ, ਜਿਸ ਤੇ 30 ਲੱਖ ਤੋਂ ਵੱਧ ਦਾ ਖਰਚਾ ਆਇਆ। ਹੁਣ ਕੁੜੀ ਨੂੰ ਕੈਨੇਡਾ ਪਹੁੰਚੇ ਡੇਢ ਸਾਲ ਤੋਂ ਵੀ ਵੱਧ ਦਾ ਸਮਾਂ ਹੋ ਗਿਆ, ਪਰ ਉਸਨੇ ਆਪਣੇ ਪਤੀ ਅਰਸ਼ਪ੍ਰੀਤ ਨੂੰ ਅਜੇ ਤੱਕ ਕੈਨੇਡਾ ਨਹੀਂ ਬੁਲਾਇਆ ਅਤੇ ਫੋਨ ਚੁੱਕਣਾ ਤੱਕ ਬੰਦ ਕਰ ਦਿੱਤਾ ਹੈ
ਉੱਧਰ ਅਰਸ਼ਪ੍ਰੀਤ ਸਿੰਘ ਨੇ ਦੱਸਿਆ ਕਿ ਕਰੀਬ ਇੱਕ ਹਫਤਾ ਉਸਦੀ ਪਤਨੀ ਸਹੁਰੇ ਘਰ ਰਹੀ ਸੀ ਪਰ ਇਸ ਦੌਰਾਨ ਵੀ ਦੋਹਾਂ ਵਿਚਾਲੇ ਪਤੀ ਪਤਨੀ ਦਾ ਰਿਸ਼ਤਾ ਨਹੀਂ ਬਣਿਆ। ਮੁੰਡੇ ਦੇ ਪਰਿਵਾਰ ਦੀ ਸ਼ਿਕਾਇਤ ਤੇ ਪੁਲਿਸ ਨੇ ਕੁੜੀ ਅਤੇ ਉਸਦੇ ਪਰਿਵਾਰ ਖਿਲਾਫ ਹੇਰਾਫੇਰੀ ਦਾ ਮਾਮਲਾ ਦਰਜ ਕਰ ਲਿਆ ਹੈ।
ਅਰਸ਼ਪ੍ਰੀਤ ਦਾ ਵਿਆਹ 10 ਜਨਵਰੀ 2020 ਨੂੰ ਹੋਇਆ ਹੈ। ਹਾਲਾਂਕਿ ਦੋਹਾਂ ਪਰਿਵਾਰਾਂ ਦੀ ਜਾਣ ਪਛਾਣ ਨਵੰਬਰ 2018 ਚ ਹੋਈ ਸੀ। ਜਦੋਂ ਸੁਖਵਿੰਦਰ ਸਿੰਘ ਦੇ ਇੱਕ ਦੋਸਤ ਨੇ ਕੁੜੀ ਦੇ ਪਰਿਵਾਰ ਨਾਲ ਮਿਲਾਇਆ ਸੀ। ਫ਼ਿਲਹਾਲ ਹੁਣ ਅਰਸ਼ਪ੍ਰੀਤ ਦਾ ਪਰਿਵਾਰ ਮੰਗ ਕਰ ਰਿਹਾ ਹੈ ਕਿ ਓਹਨਾਂ ਨਾਲ ਧੋਖਾ ਕਰਨ ਵਾਲੀ ਕੁੜੀ ਨੂੰ ਭਾਰਤ ਡੀਪੋਟਰ ਕੀਤਾ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ