ਚੰਡੀਗੜ੍ਹ 21 ਸਤੰਬਰ (ਨਜ਼ਰਾਨਾ ਨਿਊਜ਼ ਨੈੱਟਵਰਕ)ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ’ਚ ਕਈ ਨੌਜਵਾਨ ਚਿਹਰੇ ਸ਼ਾਮਲ ਹੋ ਸਕਦੇ ਹਨ। ਉੱਥੇ, ਕੈਪਟਨ ਅਮਰਿੰਦਰ ਸਿੰਘ ਦੀ ਕੈਬਨਿਟ ’ਚ ਸ਼ਾਮਲ ਰਹੇ ਚਾਰ ਮੰਤਰੀਆਂ ਦੀ ਛੁੱਟੀ ਹੋਣੀ ਤੈਅ ਹੈ। ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ’ਚ ਸ਼ਾਮਲ ਰਹੇ ਸਾਧੂ ਸਿੰਘ ਧਰਮਸੋਤ, ਇੰਡਸਟਰੀਅਲ ਪਲਾਟ ਨੂੰ ਨਿੱਜੀ ਹੱਥਾਂ ’ਚ ਸਸਤੇ ਭਾਅ ਵੇਚਣ ਦੇ ਘੁਟਾਲੇ ’ਚ ਫਸੇ ਸੁੰਦਰ ਸ਼ਾਮ ਅਰੋੜਾ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਸਭ ਤੋਂ ਕਰੀਬੀ ਰਹੇ ਰਾਣਾ ਗੁਰਮੀਤ ਸਿੰਘ ਦੀ ਛੁੱਟੀ ਤੈਅ ਮੰਨੀ ਜਾ ਰਹੀ ਹੈ। ਉੱਥੇ, ਕਾਂਗਰਸ ਵਿਧਾਇਕ ਦਲ ਦੇ ਸਭ ਤੋਂ ਸੀਨੀਅਰ ਤੇ ਸੱਤ ਵਾਰ ਵਿਧਾਇਕ ਰਹੇ ਸਾਬਕਾ ਸਥਾਨਕ ਸਰਕਾਰਾਂ ਮੰਤਰੀ ਬ੍ਰਹਮ ਮਹਿੰਦਰਾ ਡਿਪਟੀ ਉਪ ਮੁੱਖ ਮੰਤਰੀ ਨਾ ਬਣਾਏ ਜਾਣ ਤੋਂ ਨਾਰਾਜ਼ ਹੋ ਗਏ ਹਨ। ਉਨ੍ਹਾਂ ਦੇ ਵੀ ਨਵੀਂ ਕੈਬਨਿਟ ’ਚ ਆਉਣ ਦੀ ਸੰਭਾਵਨਾ ਨਹੀਂ ਹੈ।
ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਨਵੀਂ ਕੈਬਨਿਟ ’ਚ ਨੌਜਵਾਨ ਚਿਹਰਿਆਂ ਦੇ ਰੂਪ ’ਚ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਗੁਰਕੀਰਤ ਸਿੰਘ ਕੋਟਲੀ ਦੀ ਐਂਟਰੀ ਤੈਅ ਮੰਨੀ ਜਾ ਰਹੀ ਹੈ। ਦੋਵੇਂ ਹੀ ਵਿਧਾਇਕ ਸ਼ੁਰੂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਚੱਲ ਰਹੇ ਸਨ। ਅੰਮ੍ਰਿਤਸਰ ਤੋਂ ਦਲਿਤ ਚਿਹਰਾ ਰਾਜ ਕੁਮਾਰ ਵੇਰਕਾ ਦਾ ਵੀ ਮੰਤਰੀ ਬਣਨਾ ਤੈਅ ਹੈ।
ਉੱਥੇ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ਿਲ੍ਹੇ ਤੋਂ ਆਉਣ ਵਾਲੇ ਮਦਨ ਲਾਲ ਜਲਾਲਪੁਰ ਦੀ ਵੀ ਕੈਬਨਿਟ ’ਚ ਐਂਟਰੀ ਹੋ ਸਕਦੀ ਹੈ। ਜਲਾਲਪੁਰ ਉਹ ਵਿਧਾਇਕ ਹਨ, ਜੋ ਲੰਮੇ ਸਮੇਂ ਤੋਂ ਕੈਪਟਨ ਦਾ ਵਿਰੋਧ ਕਰ ਰਹੇ ਸਨ ਅਤੇ ਨਵਜੋਤ ਸਿੰਘ ਸਿੱਧੂ ਦੇ ਸੂਬਾ ਪ੍ਰਧਾਨ ਬਣਨ ’ਤੇ ਸਭ ਤੋਂ ਪਹਿਲਾਂ ਉਨ੍ਹਾਂ ਨੂੰ ਵਧਾਈ ਦੇਣ ਲਈ ਸਿੱਧੂ ਦੇ ਘਰ ਪਹੁੰਚੇ ਸਨ। ਮਨਪ੍ਰੀਤ ਸਿੰਘ ਬਾਦਲ, ਤ੍ਰਿਪਤ ਰਾਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਅਰੁਣਾ ਚੌਧਰੀ, ਰਜ਼ੀਆ ਸੁਲਤਾਨਾ, ਗੁਰਪ੍ਰੀਤ ਸਿੰਘ ਕਾਂਗੜ, ਬਲਬੀਰ ਸਿੰਘ ਸਿੱਧੂ, ਵਿਜੈ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਨੂੰ ਨਵੀਂ ਕੈਬਨਿਟ ’ਚ ਮੌਕਾ ਮਿਲਣਾ ਤੈਅ ਹੈ।
ਅਹਿਮ ਪਹਿਲੂ ਇਹ ਹੈ ਕਿ ਐਤਵਾਰ ਦੇਰ ਸ਼ਾਮ ਤਕ ਬ੍ਰਹਮ ਮਹਿੰਦਰਾ ਦਾ ਹਿੰਦੂ ਕੋਟੇ ਤੋਂ ਡਿਪਟੀ ਸੀਐੱਮ ਬਣਨਾ ਤੈਅ ਮੰਨਿਆ ਜਾ ਰਿਹਾ ਸੀ। ਪਰ ਆਖ਼ਰੀ ਸਮੇਂ ’ਚ ਨਵਜੋਤ ਸਿੰਘ ਸਿੱਧੂ ਦੇ ਦਖਲ ਤੋਂ ਬਾਅਦ ਉਨ੍ਹਾਂ ਦਾ ਪੱਤਾ ਕੱਟਿਆ ਗਿਆ। ਦੱਸ ਦੇਈਏ ਕਿ ਮਹਿੰਦਰਾ ਨੇ ਕਿਹਾ ਸੀ ਕਿ ਜਦੋਂ ਤਕ ਸਿੱਧੂ ਕੈਪਟਨ ਤੋਂ ਮਾਫ਼ੀ ਨਹੀਂ ਮੰਗਦੇ ਉਦੋਂ ਤਕ ਉਨ੍ਹਾਂ ਨੂੰ ਨਹੀਂ ਮਿਲਣਗੇ। ਡਿਪਟੀ ਸੀਐੱਮ ਨਾ ਬਣਾਏ ਜਾਣ ਤੋਂ ਮਹਿੰਦਰਾ ਨਾਰਾਜ਼ ਹੋ ਗਏ ਹਨ।
ਅਹਿਮ ਪਹਿਲੂ ਇਹ ਹੈ ਕਿ ਜੇਕਰ ਸੁੰਦਰ ਸ਼ਾਮ ਅਰੋੜਾ ਨੂੰ ਨਵੀਂ ਕੈਬਨਿਟ ’ਚ ਸਥਾਨ ਨਹੀਂ ਦਿੱਤਾ ਜਾਂਦਾ ਤਾਂ ਦੁਆਬਾ ਨੂੰ ਕਿਵੇਂ ਨੁਮਾਇੰਦਗੀ ਦਿੱਤੀ ਜਾਵੇ, ਇਸ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ।
ਅੱਜ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣਗੇ ਮੁੱਖ ਮੰਤਰੀ ਚਰਨਜੀਤ ਚੰਨੀ
ਪੰਜਾਬ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣ ਤੋਂ ਬਾਅਦ ਚਰਨਜੀਤ ਚੰਨੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਣ ਲਈ ਅੰਮ੍ਰਿਤਸਰ ਜਾ ਰਹੇ ਹਨ। ਚੰਨੀ ਨੇ ਸੋਮਾਵਰ ਮੁੱਖ ਮੰਤਰੀ ਅਹੁਦੇ ਦੀ ਸਹੁੰ ਚੁੱਕੀ ਤੇ ਇਸ ਮਗਰੋਂ ਕੀਤੀ ਪ੍ਰੈਸ ਕਾਨਫਰੰਸ ‘ਚ ਉਨ੍ਹਾਂ ਪੰਜਾਬੀਆਂ ਨੂੰ ਵਿਸ਼ਵਾਸ ਦੁਆਇਆ ਕਿ ਉਨ੍ਹਾਂ ਨਾਲ ਕੀਤੇ ਸਾਰੇ ਵਾਅਦੇ ਨਿਭਾਏ ਜਾਣਗੇ।
ਇਸ ਮਗਰੋਂ ਸੋਮਵਾਰ ਰਾਤ ਨੂੰ ਚੰਨੀ ਦੀ ਅਗਵਾਈ ‘ਚ ਪਹਿਲੀ ਕੈਬਨਿਟ ਮੀਟਿੰਗ ਕੀਤੀ ਗਈ। ਇਸ ਮੀਟਿੰਗ ‘ਚ ਉਪ ਮੁੱਖ ਮੰਤਰੀ ਸੁਖਜਿੰਦਰ ਰੰਧਾਵਾ ਤੇ ਓਪੀ ਸੋਨੀ ਵੀ ਮੌਜੂਦ ਸਨ। ਮੰਤਰੀ ਮੰਡਲ ਦੀ ਪਹਿਲੀ ਮੀਟਿੰਗ ਦੌਰਾਨ ਵੱਖ-ਵੱਖ ਗਰੀਬ ਪੱਖੀ ਉਪਰਾਲਿਆਂ ਨੂੰ ਨਿਰਧਾਰਤ ਸਮੇਂ ਵਿਚ ਲਾਗੂ ਕਰਨ ਲਈ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫੈਸਲਾ ਕੀਤਾ ਗਿਆ ਕਿ ਇਨ੍ਹਾਂ ਗਰੀਬ-ਪੱਖੀ ਉਪਰਾਲਿਆਂ ਦੀ ਸ਼ੁਰੂਆਤ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਜਨਮ ਦਿਵਸ ਉਤੇ 2 ਅਕਤੂਬਰ, 2021 ਤੋਂ ਕੀਤੀ ਜਾਵੇਗੀ।
![Gurbhej Singh Anandpuri](https://secure.gravatar.com/avatar/638ef6967b791caf37b5781795d863eb?s=96&r=g&d=https://nazranatv.com/wp-content/plugins/userswp/assets/images/no_profile.png)
Author: Gurbhej Singh Anandpuri
ਮੁੱਖ ਸੰਪਾਦਕ