ਕਈ ਵਾਰ ਮਨੁੱਖ ਆਪਣੀਆਂ ਚਲਾਕੀਆਂ ਨਾਲ ਆਪਣੇ ਵਿਚਲੀ ਕਲਾ ਨਾਲ ਦੂਜੇ ਨੂੰ ਨੀਵਾਂ ਵਿਖਾਉਣ ਲਈ ਹਰ ਹਰਬਾ ਵਰਤਦਾ ਹੈ। ਅਜਿਹੇ ਹਰਬਿਆਂ ਵਿਚ ਝੂਠ ਬੋਲਣਾ/ ਝੂਠੀਆਂ ਊਜਾਂ ਥੋਪਣੀਅਾਂ/ ਮਾੜੀ ਭਾਸ਼ਾ ਬੋਲਣੀ/ ਅਤੇ ਨੀਵੇਂ ਪੱਧਰ ਤੇ ਜਾ ਕੇ ਦੂਜੇ ਦਾ ਨੁਕਸਾਨ ਕਰਨਾ ਆਦਕ ਯਤਨ ਹੁੰਦੇ ਹਨ। ਦਰਅਸਲ ਇਹ ਮਨੁੱਖ ਦੇ ਚੰਗੇ ਅਹਿਸਾਸ ਸੌੰ ਜਾਣ ਦੀ ਹਾਲਤ ਹੈ। ਅਜਿਹੀ ਪੱਧਰ ਤੇ ਬੰਦੇ ਨੂੰ ਪਤਾ ਨਹੀਂ ਲਗਦਾ ਕਿ ਉਹ ਕੀ ਗਵਾ ਰਿਹਾ ਹੈ ? ਜਾਂ ਇਸ ਵਿਹਾਰ ਚੋਂ ਕੀ ਪ੍ਰਾਪਤੀ ਕਰੇਗਾ? ਹਉਂ ਦਾ ਸ਼ਿਕਾਰ ਮਨੁੱਖ ਆਪਣੀ ਦੌੜ ਵਿਚ ਤਰਕ/ ਦਲੀਲ ਅਤੇ ਆਪਣੀ ਹਰ ਕਲਾ ਨੂੰ ਗ਼ਰੂਰ ਵਿਚ ਵਰਤਦਾ ਹੈ। ਪਰ ਜੇ ਕਿਤੇ ਅਹਿਸਾਸ ਜਾਗ ਪਵੇ ਤਾਂ ਮੋੜਾ ਪਾਉਣਾ ਔਖਾ ਨਹੀਂ ਹੁੰਦਾ।
ਤੁਸੀਂ ਧਿਆਨ ਨਾਲ ਆਲਾ ਦੁਆਲਾ ਵੇਖੋ ਤੇ ਪਰਖੋ!
ਪੰਥਕ ਰਾਜਨੀਤੀ ਵਿਚ ਨਿਘਾਰ ਦਾ ਇੱਕ ਕਾਰਣ ਅਹਿਸਾਸਾਂ ਦਾ ਮਰ ਜਾਣਾ ਹੈ ਤੇ ਹਰ ਘਟੀਆਂ ਹਰਕਤ ਇਕ ਦੂਜੇ ਵਿਰੁੱਧ ਕਰਨ ਲਈ ਹਰ ਮੱਕਾਰੀ ਵਰਤੀ ਜਾਂਦੀ ਹੈ। ਆਪਣੀ ਹਉਂ ਅਤੇ ਸੁਆਰਥ ਲਈ ਕਿਸੇ ਦੇ ਬੱਜਰ ਪਾਪ ਬਖਸ਼ ਵੀ ਦਿੱਤੇ ਜਾਂਦੇ ਹਨ ਤੇ ਕਿਸੇ ਦੇ ਗੁਨਾਹ ਨਾਂ ਹੁੰਦਿਆਂ ਵੀ ਉਹਨੂੰ ਸੂਲੀ ਚਾੜ੍ਹਨ ਦੇ ਯਤਨ ਕੀਤੇ ਜਾਂਦੇ ਹਨ।
ਧਰਮ ਵਾਲੇ ਪਾਸੇ ਦੇ ਧਰਮ ਅਾਗੂ/ ਅਤੇ ਹਰ ਰੂਪ ਵਿਚ ਧਰਮ ਕੌਮ ਦੀ ਦੁਹਾਈ ਦੇਣ ਵਾਲੇ ਲੋਕ ਵੀ ਅਹਿਸਾਸ ਤੋਂ ਕੋਰੇ ਹੋਣ ਦਾ ਹਰ ਵਕਤ ਸਬੂਤ ਦੇਣਗੇ। ਝੂਠੀਆਂ ਊਜਾਂ/ ਗਾਲੀ ਗਲੋਚ/ ਪ੍ਰਾਪੇਗੰਡਾ/ ਗਲਤ ਬਿਆਨੀਆਂ ਤੇ ਹਲਕੀਅਾਂ ਗੱਲਾਂ ਹੁਣ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣਨ ਲਗ ਪਈਆਂ ਹਨ। ਖੌਰੇ! ਮੂੰਹ ਚ ਝੂਠੀਆਂ ਊਜਾਂ/ ਗਾਲ੍ਹਾਂ/ ਹਲਕੀ ਬੋਲੀ ਲੈ ਕੇ ਮਰੇ ਅਹਿਸਾਸਾਂ ਨਾਲ ਕਿਹੜੀ ਧਰਮ ਸੇਵਾ ਹੋਵੇਗੀ ਤੇ ਪੰਥ ਦੇ ਭਵਿੱਖ ਨੂੰ ਕੀ ਚਾਰ ਚੰਨ ਲੱਗ ਜਾਵੇਗਾ?
ਕਾਰਣ ਸ਼ਾਇਦ ਬੁੱਧੀ ਦੀ ਰੌਸ਼ਨੀ ਦੇ ਨਾਲ ਨਾਲ ਅਹਿਸਾਸ ਰੌਸ਼ਨ ਕਰਨੇ ਭੁੱਲੇ ਹੋਏ ਹਨ। ਸਾਡੀਆਂ ਸਾਂਝੀਆਂ ਕੌਮੀ ਭਾਵਨਾਵਾਂ ਅਤੇ ਚੰਗੇ ਮਾੜੇ ਦਾ ਅਨੁਭਵ ਅਤੇ ਮਹਿਸੂਸ ਕਰਨ ਦੀ ਸਮਰੱਥਾ ਮੁੱਕਦੀ ਜਾ ਰਹੀ ਹੈ।
ਕਾਸ਼! ਕਿਤੇ ਅਸੀਂ ਸਮਝ ਸਕੀਏ ਕਿ ਗਿਆਨ ਵਿਚ ਤਰਕ/ ਦਲੀਲ/ ਬੌਧਿਕ ਚੇਤਨਾ ਦੇ ਨਾਲ ਨਾਲ ਭਾਵਨਾਵਾਂ/ ਅਹਿਸਾਸ/ ਮਹਿਸੂਸ ਕਰਨ ਦੀ ਬਿਰਤੀ ਅਤੇ ਸੰਵੇਦਨਾਵਾਂ ਵੀ ਹੁੰਦੀਆਂ ਹਨ।
ਪ੍ਰਿੰਸੀਪਲ ਗੰਗਾ ਸਿੰਘ ਆਪਣੇ ਸਮੇਂ ਦੇ ਸਿਰਕੱਢ ਵਿਦਵਾਨ / ਵਕਤਾ ਅਤੇ ਲੇਖਕ ਹੋਏ ਹਨ। ਪ੍ਰਿੰ: ਸਾਹਬ ਅਕਾਲੀ ਦਲ ਦੀਆਂ ਸਟੇਜਾਂ ਦੇ ਵੀ ਸ਼ਿੰਗਾਰ ਸਨ। ਚੰਗੇ ਵਕਤਾ ਹੋਣ ਕਰਕੇ ਵਿਰੋਧੀਆਂ ਨੂੰ ਰਗੜੇ ਲਾਉਣ ਕਰਕੇ ਵੀ ਉਨ੍ਹਾਂ ਦੀ ਚੰਗੀ ਭੱਲ੍ਹ ਅਕਾਲੀ ਲੀਡਰਾਂ ਵਿਚ ਬਣੀ ਹੋਈ ਸੀ। ਪ੍ਰਿੰਸੀਪਲ ਗੰਗਾ ਸਿੰਘ ਵਰਗੇ ਵਿਦਵਾਨ ਬੁਲਾਰੇ ਦੀ ਅਕਾਲੀ ਲੀਡਰ ਆਉਭਗਤ ਵੀ ਖੂਬ ਕਰਦੇ ਅਤੇ ਉਨ੍ਹਾਂ ਦੀ ਕਾਨਫਰੰਸਾਂ/ ਦੀਵਾਨਾਂ ਤੇ ਬੇਸਬਰੀ ਨਾਲ ਉਡੀਕ ਵੀ। ਅਕਾਲੀ ਲੀਡਰਾਂ ਚ ਆਪਸੀ ਮਤਭੇਦ ਉਭਰ ਜਾਣ ਕਰਕੇ ਬਾਬਾ ਖੜਕ ਸਿੰਘ ਦਾ ਧੜਾ ਵੱਖਰਾ ਹੋ ਗਿਆ ਸੀ। ਦੋਹਾਂ ਧੜਿਆਂ ਵਿਚਾਲੇ ਚੰਗੀ ਤਿੱਖੀ ਨੋਕ ਝੋਕ ਚੱਲਦੀ ਰਹਿੰਦੀ ਸੀ।
ਗੁਰਦਾਸਪੁਰ ਦੇ ਧਾਰੀਵਾਲ ਵਿਖੇ ਗੁਰਦੁਆਰਾ ਬੁਰਜ ਸਾਹਿਬ ਵਿਖੇ ਮੱਸਿਆ ਦੇ ਦੀਵਾਨ ਸਜਦੇ ਸਨ ਜਿਥੇ ਬਾਬਾ ਖੜਕ ਸਿੰਘ ਹੋਰਾਂ ਆਪਣੇ ਹਿਮਾਇਤੀਆਂ ਸਹਿਤ ਪਹੁੰਚ ਕੇ ਆਪਣੇ ਵੀਚਾਰ ਰੱਖਣੇ ਸਨ। ਇਸ ਕਾਨਫਰੰਸ ਵਿਚ ਵਿਘਨ ਪਾਉਣ ਦੀ ਸੋਚ ਨਾਲ ਅਕਾਲੀ ਲੀਡਰਾਂ ਵਲੋਂ ਉਥੇ ਪ੍ਰਿੰ : ਗੰਗਾ ਸਿੰਘ ਹੋਰਾਂ ਦੀ ਡਿਊਟੀ ਲਾਈ ਗੲੀ। ਬਾਬਾ ਖੜਕ ਸਿੰਘ ਚੌਦਸ ਦੇ ਰਾਤ ਦੇ ਦੀਵਾਨ ਵਿਚ ਸਟੇਜ ਤੇ ਬੋਲ ਰਹੇ ਸਨ ਜਦੋਂ ਪ੍ਰਿੰ: ਹੋਰੀਂ ਉਥੇ ਪਹੁੰਚੇ ਤੇ ਸਟੇਜ ਸਕੱਤਰ ਨੂੰ ਬਾਬਾ ਜੀ ਤੋਂ ਬਾਅਦ ਬੋਲਣ ਦਾ ਸਮਾਂ ਦੇਣ ਲਈ ਪਰਚੀ ਫੜਾ ਦਿੱਤੀ। ਬਾਬਾ ਖੜਕ ਸਿੰਘ ਹੋਰਾਂ ਖੁੱਲ੍ਹਾ ਸਮਾਂ ਸੰਗਤ ਸਾਹਵੇਂ ਆਪਣੇ ਵੀਚਾਰ ਰੱਖੇ ਤੇ ਲੋਕਾਂ ਬੜੇ ਸ਼ਾਂਤ ਵਾਤਾਵਰਣ ਵਿਚ ਉਨ੍ਹਾਂ ਨੂੰ ਸੁਣਿਆਂ। ਉਨ੍ਹਾਂ ਕਿਸੇ ਵਿਰੋਧੀ ਲਈ ਨਾ ਕੋਈ ਗਲਤ ਸ਼ਬਦਾਵਲੀ ਵਰਤੀ ਤੇ ਨਾਂ ਕੋਈ ਭੜਕਾਹਟ ਵਾਲੀ ਗੱਲ ਕੀਤੀ। ਉਨ੍ਹਾਂ ਦੇ ਬੈਠ ਜਾਣ ਬਾਅਦ ਸਟੇਜ ਸਕੱਤਰ ਨੇ ਬਾਬਾ ਜੀ ਨੂੰ ਿਪ੍ਰੰ: ਗੰਗਾ ਸਿੰਘ ਵਲੋਂ ਸਮਾਂ ਮੰਗਣ ਬਾਰੇ ਦੱਸਿਆ। ਬਾਬਾ ਜੀ ਨੇ ਸਮਾਂ ਦੇਣ ਲਈ ਕਿਹਾ। ਪ੍ਰਿੰ : ਗੰਗਾ ਸਿੰਘ ਦਾ ਨਾਂ ਬੋਲਿਆ ਗਿਆ। ਉਹ ਉਠੇ ਤੇ ਬਾਬਾ ਖੜਕ ਸਿੰਘ ਨੂੰ ਫਤਹ ਬੁਲਾ ਕੇ ਮੰਚ ਤੇ ਆਪਣੀ ਤਕਰੀਰ ਸ਼ੁਰੂ ਕੀਤੀ। ਉਨ੍ਹਾਂ ਆਪਣੀ ਤਕਰੀਰ ਵਿਚ ਬਾਬਾ ਧੜੇ ਨੂੰ ਖੂਬ ਰਗੜੇ ਲਾਏ ਅਤੇ ਹਲਕੀ ਸ਼ਬਦਾਵਲੀ ‘ਚ ਕਈ ਗੱਲਾਂ ਝੂਠੀਆਂ ਊਜਾਂ ਤੇ ਰੂਪ ਚ ਵੀ ਕਹਿ ਦਿੱਤੀਆਂ। ਭਾਸ਼ਣ ਮੁਕਾਉਣ ਬਾਅਦ ਉਹ ਬਾਬਾ ਖੜਕ ਸਿੰਘ ਕੋਲ ਆਏ ਤਾਂ ਬਾਬਾ ਜੀ ਨੇ ਉਨ੍ਹਾਂ ਨੂੰ ਗਲਵਕੜੀ ਚ ਲੈ ਲਿਆ। ਨਾਲ ਹੀ ਉਠ ਕੇ ਸੰਬੋਧਨ ਕੀਤਾ। ਸੰਗਤ ਜੀ। ਤੁਸਾਂ ਮੇਰੇ ਵੀਚਾਰ ਵੀ ਸੁਣੇ ਹਨ ਤੇ ਗਿਆਨੀ ਗੰਗਾ ਸਿੰਘ ਹੋਰਾਂ ਦੇ ਵੀ। ਕੌਣ ਸਹੀ ਹੈ? ਇਹ ਨਿਰਣਾ ਤੁਸਾਂ ਆਪੇ ਕਰਨਾਂ ਹੈ। ਸਾਡਾ ਮਕਸਦ ਹੈ ਪੰਥ ਦੀ ਬਿਹਤਰੀ ਹੋਵੇ ਤੇ ਸਾਡੇ ਮਸਲੇ ਹੱਲ ਹੋਵਣ। ਬਾਕੀ ਗਿਆਨੀ ਗੰਗਾ ਸਿੰਘ ਜੀ ਸਵੇਰ ਦੇ ਦੀਵਾਨ ਵਿਚ ਵੀ ਹਾਜ਼ਰੀ ਭਰਨਗੇ ਤੁਸਾਂ ਉਨ੍ਹਾਂ ਦੇ ਵੀਚਾਰ ਜ਼ਰੂਰ ਸ੍ਰਵਣ ਕਰਨੇ।
ਬਾਬਾ ਖੜਕ ਸਿੰਘ ਹੋਰਾਂ ਸੇਵਾਦਾਰ ਨੂੰ ਕਹਿ ਕੇ ਪ੍ਰਿੰ: ਗੰਗਾ ਸਿੰਘ ਦੇ ਰਹਿਣ ਲਈ ਕਮਰੇ ਅਤੇ ਪ੍ਰਸ਼ਾਦਾ ਪਾਣੀ ਦਾ ਪ੍ਰਬੰਧ ਕਰਵਾ ਦਿੱਤਾ ਅਤੇ ਹੋਰ ਜ਼ਰੂਰਤ ਲਈ ਹਿਦਾਇਤ ਕਰ ਦਿੱਤੀ। ਭਾਈ ਗੁਰਚਰਨ ਸਿੰਘ ਜੀ ਨੂੰ ਦੱਸਣ ਮੁਤਾਬਕ ਪ੍ਰਿੰ: ਗੰਗਾ ਸਿੰਘ ਹੋਰਾਂ ਰਾਤ ਪ੍ਰਸ਼ਾਦਾ ਹੀ ਛਕਿਆ ਤੇ ਨਾ ਉਹ ਚੰਗੀ ਤਰ੍ਹਾਂ ਸੌਂ ਹੀ ਸਕੇ। ਬਾਰ ਬਾਰ ਅਾਪਣੇ ਵਲੋਂ ਲਾਈਆਂ ਝੂਠੀਆਂ ਊਜਾਂ ਅਤੇ ਬਾਬਾ ਖੜਕ ਸਿੰਘ ਹੋਰਾਂ ਬਾਰੇ ਬੋਲੇ ਝੂਠ ਅਤੇ ਹਲਕੀ ਸ਼ਬਦਾਵਲੀ ਦਾ ਚੇਤਾ ਆਉਂਦਾ ਰਿਹਾ ।ੳੁਹ ਬੜੇ ਸ਼ਰਮਿੰਦਾ ਮਹਿਸੂਸ ਕਰ ਰਹੇ ਸਨ। ਉਹ ਸਵੇਰੇ ਉਠੇ ਅਤੇ ਬਿਨਾਂ ਕਿਸੇ ਨੂੰ ਮਿਲੇ ਅਤੇ ਬਿਨਾਂ ਦੱਸੇ ਅੰਮ੍ਰਿਤਸਰ ਨੂੰ ਮੁੜ ਅਾੲੇ। ਹਾਲਾਂਕਿ ਉਨ੍ਹਾਂ ਦਾ ਦਿਨ ਦੇ ਦੀਵਾਨ ਵਿਚ ਬੋਲਣ ਲਈ ਸਮਾਂ ਅਨਾਊਂਸ ਕੀਤਾ ਗਿਆ ਸੀ। ਆਪਣੇ ਮਨ ਹੀ ਮਨ ਵਿਚ ਪ੍ਰਿੰ : ਗੰਗਾ ਸਿੰਘ ਹੋਰੀਂ ਆਪਣੇ ਕਰਮ ਤੇ ਪਛਤਾਵਾ ਕਰ ਰਹੇ ਸਨ। ਅਹਿਸਾਸ ਹੋਣਾ ਕਿੰਨੀ ਵੱਡੀ ਗੱਲ ਹੈ।ਕੲੀ ਵਾਰ ਮੰਦਾ ਬੋਲ ਹੀ ਕਲੇਸ਼ ਦੀ ਜੜ੍ਹ ਹੁੰਦਾ ਹੈ।
ਇਸੇ ਲਈ ਗੁਰੂਦੇਵ ਬਾਣੀ ਵਿਚ ਸੁਚੇਤ ਕਰਦੇ ਹਨ:-
ਮੰਦਾ ਕਿਸੈ ਨ ਆਖਿ ਝਗੜਾ ਪਾਵਣਾ॥ (੫੬੬)
ਭਾਈ ਹਰਜਿੰਦਰ ਸਿੰਘ ‘ਸਭਰਾਅ’
(੨੧-੧੦-੨੦੧੭)
Author: Gurbhej Singh Anandpuri
ਮੁੱਖ ਸੰਪਾਦਕ
One Comment
Nice story very good writer sahb