ਬਠਿੰਡਾ 29 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਇੱਥੇ ਸਕੱਤਰੇਤ ਦੇ ਅਣਮਿਥੇ ਸਮੇਂ ਲਈ ਕੀਤੇ ਗਏ ਮੁਕੰਮਲ ਘਿਰਾਓ ਰਾਹੀਂ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਅਤੇ ਗੜੇਮਾਰੀ ਝੱਖੜ ਮੀਂਹ ਨਾਲ ਝੋਨੇ ਤੇ ਹੋਰ ਫ਼ਸਲਾਂ ਦੀ ਹੋਈ ਤਬਾਹੀ ਦਾ ਕਿਸਾਨਾਂ ਮਜ਼ਦੂਰਾਂ ਵਾਸਤੇ ਪੂਰਾ ਮੁਆਵਜ਼ਾ ਲੈਣ ਖਾਤਰ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਧਰਨਿਆਂ ਵਿੱਚ ਅੱਜ ਚੌਥੇ ਦਿਨ ਵੀ ਸੈਂਕੜੇ ਔਰਤਾਂ ਸਮੇਤ ਹਜ਼ਾਰਾਂ ਕਿਸਾਨ ਮਜ਼ਦੂਰ ਸ਼ਾਮਲ ਹੋਏ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਦੇ ਆਦਰਸ਼ ਸਕੂਲ ਬਠਿੰਡਾ ਆਉਣ ਦੀ ਮੌਕੇ ਤੇ ਭਿਣਕ ਪੈਣ ਸਾਰ ਰੋਹ ‘ਚ ਆਏ ਕਿਸਾਨਾਂ ਮਜ਼ਦੂਰਾਂ ਔਰਤਾਂ ਦਾ ਵੱਡਾ ਕਾਫ਼ਲਾ ਜ਼ੋਸ਼ੀਲੇ ਨਾਹਰੇ ਲਾਉਂਦਾ ਪੁੱਜ ਗਿਆ। ਅਸਲ ਵਿੱਚ ਸਕੂਲ ਦੇ ਸਮਾਗਮ ਦੀ ਪ੍ਰਧਾਨਗੀ ਕਰਨ ਉੱਥੇ ਪਹੁੰਚੀ ਮੰਤਰੀ ਦੀ ਪਤਨੀ ਕਾਫ਼ਲੇ ਦਾ ਪਤਾ ਲੱਗਣ ਤੇ ਤੁਰੰਤ ਉੱਥੋਂ ਖਿਸਕ ਗਈ। ਪਰ ਉੱਥੇ ਹਾਜ਼ਰ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੂੰ ਕਿਸਾਨਾਂ ਨੇ ਘੇਰ ਲਿਆ ਅਤੇ ਮੰਤਰੀ ਦੇ ਨਾ ਆਉਣ ਦੀ ਤਸੱਲੀ ਮਗਰੋਂ ਹੀ ਛੱਡਿਆ। ਸਰਕਾਰੀ ਝੂਠ ਵਾਲੇ ਬੈਨਰ ਲਾਹੁਣ ਜਾਂ ਉਨ੍ਹਾਂ’ਤੇ ਕਾਲ਼ੇ ਰੰਗ ਦੇ ਕਾਟੇ ਮਾਰਨ ਦੀ ਮੁਹਿੰਮ ਅੱਜ ਵੀ ਇੱਥੇ ਜਾਰੀ ਰਹੀ ਅਤੇ ਕਈ ਹੋਰ ਜ਼ਿਲ੍ਹਿਆਂ ਦੇ ਸ਼ਹਿਰਾਂ ਕਸਬਿਆਂ ਪਿੰਡਾਂ ਵਿੱਚ ਵੀ ਇਹ ਮੁਹਿੰਮ ਵਿੱਢੀ ਗਈ। ਅੱਜ ਦੀਆਂ ਸਟੇਜਾਂ ਦੀ ਸ਼ੁਰੂਆਤ ਦਿੱਲੀ ਟਿਕਰੀ ਮੋਰਚੇ ਵਿੱਚ ਤੜਕਸਾਰ ਵਾਪਰੇ ਭਿਆਨਕ ਹਾਦਸੇ ਵਿੱਚ ਸੜਕ ਦੇ ਪਾਸੇ ਬੈਠੀਆਂ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਦਿਆਲੂ ਵਾਲਾ ਦੀਆਂ ਸੱਤ ਔਰਤਾਂ ਉੱਤੇ ਟਰੱਕ ਟਿੱਪਰ ਚੜ੍ਹਾਉਣ ਕਾਰਨ ਸ਼ਹੀਦ ਹੋਣ ਵਾਲੀਆਂ ਤਿੰਨ ਔਰਤਾਂ ਅਮਰਜੀਤ ਕੌਰ, ਗੁਰਮੇਲ ਕੌਰ ਅਤੇ ਸੁਖਵਿੰਦਰ ਕੌਰ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਧਾਰ ਕੇ ਸਲਾਮੀ ਦੇ ਨਾਹਰੇ ਲਾਉਂਦਿਆਂ ਸ਼ਰਧਾਂਜਲੀ ਭੇਂਟ ਕਰਕੇ ਕੀਤੀ ਗਈ। ਇਨ੍ਹਾਂ ਬੇਵਕਤੀ ਮੌਤਾਂ ਦਾ ਗਹਿਰਾ ਅਫਸੋਸ ਉਨ੍ਹਾਂ ਦੇ ਪੂਰੇ ਪਰਿਵਾਰਾਂ ਸਮੇਤ ਕਿਸਾਨ ਘੋਲ਼ ਦੇ ਮੋਰਚਿਆਂ ਵਿੱਚ ਡਟੇ ਹੋਏ ਸਮੂਹ ਜੁਝਾਰੂ ਕਿਸਾਨਾਂ ਮਜ਼ਦੂਰਾਂ ਨਾਲ ਸਾਂਝਾ ਕੀਤਾ ਗਿਆ। ਇਸ ਘਟਨਾ ਦੇ ਸਾਰੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਗਈ। ਇਸ ਹਾਦਸੇ ਵਿੱਚ ਦੋ ਔਰਤਾਂ ਗੰਭੀਰ ਜ਼ਖ਼ਮੀ ਵੀ ਹੋਈਆਂ ਹਨ। ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਸ਼ਿੰਗਾਰਾ ਸਿੰਘ ਮਾਨ, ਜਗਤਾਰ ਸਿੰਘ ਕਾਲਾਝਾੜ, ਮਾਲਣ ਕੌਰ ਕੋਠਾਗੁਰੂ, ਮਨਜੀਤ ਕੌਰ ਤੋਲਾਵਾਲ, ਸਰਬਜੀਤ ਕੌਰ ਘੋਲੀਆ, ਕਮਲਜੀਤ ਕੌਰ ਬਰਨਾਲਾ ਅਤੇ ਸ਼ਾਮਲ ਜ਼ਿਲ੍ਹਿਆਂ ਬਲਾਕਾਂ ਦੇ ਮੁੱਖ ਆਗੂ ਸ਼ਾਮਲ ਸਨ। ਬੁਲਾਰਿਆਂ ਨੇ ਕਾਂਗਰਸ ਦੀ ਚੰਨੀ ਸਰਕਾਰ ‘ਤੇ ਦੋਸ਼ ਲਾਇਆ ਕਿ ਉਸਨੇ ਗੁਲਾਬੀ ਸੁੰਡੀ ਨਾਲ ਹੋਈ ਨਰਮੇ ਦੀ ਭਾਰੀ ਤਬਾਹੀ ਦਾ ਪੂਰਾ ਢੁੱਕਵਾਂ ਮੁਆਵਜ਼ਾ ਲੈਣ ਲਈ ਖਜ਼ਾਨਾ ਮੰਤਰੀ ਦੇ ਬੰਗਲੇ ਦੇ ਘਿਰਾਓ ਨੂੰ ਵੀ 15 ਦਿਨ ਨਜ਼ਰਅੰਦਾਜ਼ ਕਰੀ ਰੱਖਿਆ ਅਤੇ ਹੁਣ ਸਕੱਤਰੇਤ ਘਿਰਾਓ ਦੇ ਚੌਥੇ ਦਿਨ ਵੀ ਮੁਜਰਮਾਨਾ ਚੁੱਪ ਧਾਰੀ ਹੋਈ ਹੈ। ਉਲਟਾ ਚੰਨੀ ਸਰਕਾਰ ਵੱਲੋਂ ਸਰਕਾਰੀ ਬੱਸਾਂ ਅਤੇ ਸ਼ਹਿਰਾਂ/ਪਿੰਡਾਂ ਦੇ ਚੌਕਾਂ ‘ਚ ਵੱਡੇ ਬੈਨਰ ਲਗਵਾ ਕੇ ਪੀੜਤ ਕਿਸਾਨਾਂ ਨੂੰ ਨਰਮੇ ਦਾ ਮੁਆਵਜ਼ਾ ਦੇਣ ਬਾਰੇ ਨੰਗਾ ਚਿੱਟਾ ਝੂਠ ਬੋਲਿਆ ਗਿਆ ਹੈ ਜਿਹੜੇ ਕਿ ਅੱਜ ਵੀ ਬਠਿੰਡੇ ਸਮੇਤ ਕਈਂ ਜ਼ਿਲ੍ਹਿਆਂ ਵਿੱਚ ਲਾਹੇ/ਪੋਚੇ ਜਾ ਰਹੇ ਹਨ। ਪੰਜਾਬ ਦੇ ਖੇਤੀ ਮੰਤਰੀ ਵੱਲੋਂ ਤਬਾਹ ਹੋਏ ਨਰਮੇ ਦੇ ਰਕਬੇ ਬਾਰੇ ਅਖ਼ਬਾਰੀ ਬਿਆਨ ਦਾ ਜ਼ੋਰਦਾਰ ਖੰਡਨ ਕਰਦਿਆਂ ਕਿਸਾਨ ਆਗੂਆਂ ਨੇ ਚੁਣੌਤੀ ਦਿੱਤੀ ਕਿ ਕਿਸੇ ਵੀ ਕਿਸਾਨ ਵੱਲੋਂ ਕਿਸੇ ਪਟਵਾਰੀ ਨੂੰ ਤਬਾਹੀ ਦੀ ਗਰਦੌਰੀ ਕਰਨ ਤੋਂ ਰੋਕਣ ਦਾ ਸਬੂਤ ਪੇਸ਼ ਕੀਤਾ ਜਾਵੇ। ਅਸਲ ਵਿੱਚ ਝੂਠ ਬੋਲ ਬੋਲ ਕੇ 7 ਲੱਖ ਏਕੜ ਨਰਮੇ ਦੀ ਤਬਾਹੀ ਦਾ ਸੱਚ ਛੁਪਾਉਣ ਦੇ ਯਤਨ ਕੀਤੇ ਜਾ ਰਹੇ ਹਨ। ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਨਰਮੇ ਅਤੇ ਝੋਨੇ ਦੀ ਤਬਾਹੀ ਤੋਂ ਪੀੜਤ ਕਿਸਾਨਾਂ ਨੂੰ 60000 ਰੁਪਏ ਪ੍ਰਤੀ ਏਕੜ ਅਤੇ ਨਰਮੇ ਵਾਲੇ ਪਿੰਡਾਂ ਦੇ ਖੇਤ ਮਜ਼ਦੂਰਾਂ ਨੂੰ 30000 ਰੁਪਏ ਪ੍ਰਤੀ ਪ੍ਰਵਾਰ ਮੁਆਵਜ਼ਾ ਦਿੱਤਾ ਜਾਵੇ। ਤਬਾਹੀ ਦੀਆਂ ਦੋਸ਼ੀ ਨਕਲੀ ਬੀਜ/ਦਵਾਈਆਂ ਬਣਾਉਣ ਵੇਚਣ ਵਾਲੀਆਂ ਕੰਪਨੀਆਂ ਤੇ ਉਨ੍ਹਾਂ ਨਾਲ ਮਿਲੀਭੁਗਤ ਦੇ ਸਰਕਾਰੀ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।ਇਸ ਤਬਾਹੀ ਤੋਂ ਪੀੜਤ ਖੁਦਕੁਸ਼ੀਆਂ ਦਾ ਸ਼ਿਕਾਰ ਹੋਏ ਕਿਸਾਨਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਤੇ ਮੁਕੰਮਲ ਕਰਜ਼ਾ ਮੁਕਤੀ ਤੋਂ ਇਲਾਵਾ 1-1 ਜੀਅ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕੁਦਰਤੀ ਕਰੋਪੀ ਨਾਲ ਹੋਈ ਫ਼ਸਲੀ ਤਬਾਹੀ ਦਾ ਭਾਰ ਵੀ ਇਕੱਲੇ ਅੰਨਦਾਤੇ ਕਿਸਾਨਾਂ ਉੱਤੇ ਨਾ ਪਾਇਆ ਜਾਵੇ ਸਗੋਂ ਜਨਤਕ ਖਜ਼ਾਨੇ ਵਿਚੋਂ ਮੁਆਵਜ਼ਾ ਦੇ ਕੇ ਪੂਰੇ ਸਮਾਜ ਉੱਤੇ ਪਾਇਆ ਜਾਵੇ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਅੱਜ ਦੂਜੇ ਦਿਨ ਵੀ ਕਿਸਾਨਾਂ ਦੀ ਹਮਾਇਤ ਵਿੱਚ ਜ਼ਿਲ੍ਹਾ ਬਠਿੰਡਾ ਦੇ ਜਨਰਲ ਸਕੱਤਰ ਸੁਰਜੀਤ ਸਿੰਘ ਦੀ ਅਗਵਾਈ ਹੇਠ ਵਿਸ਼ਾਲ ਕਾਫ਼ਲੇ ਰਾਹੀਂ ਸ਼ਮੂਲੀਅਤ ਕੀਤੀ ਗਈ। ਬੁਲਾਰਿਆਂ ਨੇ ਸਮੂਹ ਕਿਸਾਨਾਂ ਮਜ਼ਦੂਰਾਂ ਨੂੰ ਸੱਦਾ ਦਿੱਤਾ ਕਿ ਕਾਲ਼ੇ ਖੇਤੀ ਕਾਨੂੰਨ ਰੱਦ ਕਰਾਉਣ ਲਈ ਚੱਲ ਰਹੇ ਮੁਲਕ ਪੱਧਰੇ ਕਿਸਾਨ ਘੋਲ਼ ਨੂੰ ਅੱਗੇ ਵਧਾਉਂਦਿਆਂ ਦਿੱਲੀ ਟਿਕਰੀ ਬਾਰਡਰ ਸਮੇਤ ਪੰਜਾਬ ਵਿਚਲੇ ਸਾਰੇ ਪੱਕੇ ਮੋਰਚਿਆਂ ਅਤੇ ਮੌਜੂਦਾ ਘਿਰਾਓ ਮੋਰਚੇ ਵਿੱਚ ਵੱਧ ਤੋਂ ਵੱਧ ਕਿਸਾਨਾਂ ਮਜ਼ਦੂਰਾਂ ਨੂੰ ਜਾਗਰੂਕ ਤੇ ਲਾਮਬੰਦ ਕਰਕੇ ਪੂਰਾ ਮਜ਼ਬੂਤ ਕੀਤਾ ਜਾਵੇ।
Author: Gurbhej Singh Anandpuri
ਮੁੱਖ ਸੰਪਾਦਕ