Home » ਰਾਸ਼ਟਰੀ » ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਘਪਲਿਆਂ ਦੀ ਹੋਵੇਗੀ ਜਾਂਚ – ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ

ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਘਪਲਿਆਂ ਦੀ ਹੋਵੇਗੀ ਜਾਂਚ – ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ

40 Views

ਉਪ ਮੁੱਖ ਮੰਤਰੀ ਰੰਧਾਵਾ ਵੱਲੋਂ ਅਕਾਲੀ-ਭਾਜਪਾ ਸਰਕਾਰ ਵੇਲੇ ਪੰਚਾਇਤੀ ਫੰਡਾਂ ‘ਚ ਕਥਿਤ ਵਿੱਤੀ ਗੜਬੜੀਆਂ ਦੀ ਜਾਂਚ ਦੇ ਹੁਕਮ

ਐਸ.ਐਸ.ਪੀ.ਨੂੰ 10 ਦਿਨਾਂ ’ਚ ਰਿਪੋਰਟ ਸੌਂਪਣ ਦੀਆਂ ਹਦਾਇਤਾਂ, ਪੁਲਿਸ, ਵਿਜੀਲੈਂਸ ਅਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਕੀਤੀ ਜਾਵੇਗੀ ਜਾਂਚ

ਸੌੜੇ ਰਾਜਨੀਤਿਕ ਹਿੱਤਾਂ ਦੀ ਪੂਰਤੀ ਲਈ ਸੂਬੇ ਨੂੰ ਹਨੇਰੇ ਵਿੱਚ ਸੁੱਟਣ ਲਈ ਅਕਾਲੀ-ਭਾਜਪਾ ਸਰਕਾਰ ਦੀ ਕੀਤੀ ਨਿੰਦਾ

ਭੋਗਪੁਰ/ਜਲੰਧਰ 24 ਨਵੰਬਰ (ਸੁਖਵਿੰਦਰ ਜੰਡੀਰ) ਪੰਜਾਬ ਦੇ ਉਪ ਮੁੱਖ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਅਕਾਲੀ-ਭਾਜਪਾ ਸਰਕਾਰ ਵੇਲੇ ਆਦਮਪੁਰ ਹਲਕੇ ਦੀਆਂ ਪੰਚਾਇਤਾਂ ਨੂੰ ਵਿਕਾਸ ਲਈ ਜਾਰੀ ਹੋਏ ਫੰਡਾਂ ਦੀ ਵਰਤੋਂ ਵਿੱਚ ਕਥਿਤ ਗੜਬੜੀਆਂ ਦੀ ਜਾਂਚ ਦਾ ਆਦੇਸ਼ ਦਿੰਦਿਆਂ ਐਸ.ਐਸ.ਪੀ. ਜਲੰਧਰ (ਦਿਹਾਤੀ) ਨੂੰ ਇਸ ਸਬੰਧੀ 10 ਦਿਨਾਂ ਵਿੱਚ ਜਾਂਚ ਮੁਕੰਮਲ ਕਰਕੇ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ।
ਉਪ ਮੁੱਖ ਮੰਤਰੀ ਸ. ਰੰਧਾਵਾ, ਜਿਨ੍ਹਾ ਕੋਲ ਗ੍ਰਹਿ ਮੰਤਰਾਲਾ ਵੀ ਹੈ, ਅੱਜ ਇਥੇ ਭੋਗਪੁਰ ਸਹਿਕਾਰੀ ਖੰਡ ਮਿੱਲਜ਼ ਵਿਖੇ ਪਿੜਾਈ ਸੀਜ਼ਨ ਦੀ ਸ਼ੁਰੂਆਤ ਅਤੇ ਦੋ ਪ੍ਰਾਜੈਕਟਾਂ ਦੇ ਨੀਂਹ ਪੱਥਰ ਰੱਖਣ ਉਪਰੰਤ ਇਕੱਠ ਨੂੰ ਸੰਬੋਧਨ ਕਰ ਰਹੇ ਹਨ। ਪੰਜਾਬ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਦੇ ਚੇਅਰਮੈਨ ਸ. ਮਹਿੰਦਰ ਸਿੰਘ ਕੇ.ਪੀ. ਵੱਲੋਂ ਇਹ ਮੁੱਦਾ ਉਭਾਰਨ ‘ਤੇ ਸ. ਰੰਧਾਵਾ ਨੇ ਕਿਹਾ ਕਿ ਇਸ ਸਬੰਧੀ ਪੰਜਾਬ ਪੁਲਿਸ, ਵਿਜੀਲੈਂਸ ਅਤੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਅਧਿਕਾਰੀਆਂ ਵੱਲੋਂ ਜਾਂਚ ਕੀਤੀ ਜਾਵੇਗੀ ਅਤੇ ਜੇਕਰ ਕਿਸੇ ਵੀ ਕਿਸਮ ਦੀ ਗੜਬੜੀ ਜਾਂ ਬੇਨਿਯਮੀ ਸਾਹਮਣੇ ਆਈ ਤਾਂ ਕਾਨੂੰਨ ਮੁਤਾਬਕ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।ਉਨ੍ਹਾਂ ਕਿਹਾ ਕਿ ਪਿੰਡਾਂ ਦੇ ਸਰਬਪੱਖੀ ਵਿਕਾਸ ਲਈ ਆਉਂਦੇ ਫੰਡਾਂ ਵਿੱਚ ਜੇਕਰ ਅਕਾਲੀ-ਭਾਜਪਾ ਸਰਕਾਰ ਵੇਲੇ ਅਜਿਹੀਆਂ ਕੁਤਾਹੀਆਂ ਹੋਈਆਂ ਹਨ ਤਾਂ ਜ਼ਿੰਮੇਵਾਰ ਲੋਕਾਂ ਖਿਲਾਫ਼ ਮਾਮਲੇ ਦਰਜ ਕੀਤੇ ਜਾਣਗੇ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸ. ਰੰਧਾਵਾ ਨੇ ਕਿਹਾ ਕਿ ਸਰਕਾਰੀ ਸਿਸਟਮ ਵਿੱਚ ਹੋਰ ਵੀ ਵਧੇਰੇ ਪਾਰਦਰਸ਼ਤਾ ਯਕੀਨੀ ਬਣਾਉਣਾ ਮੌਜੂਦਾ ਸਰਕਾਰ ਦੀ ਇਕ ਅਹਿਮ ਤਰਜੀਹ ਹੈ ਅਤੇ ਲੋਕਪੱਖੀ ਕੰਮਾਂ ਲਈ ਜਾਰੀ ਫੰਡਾਂ ਦੀ ਵਰਤੋਂ ‘ਚ ਲਾਪ੍ਰਵਾਹੀ ਬਰਦਾਸ਼ਤਯੋਗ ਨਹੀਂ ਹੈ। ਸ. ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਖੰਡ ਮਿੱਲਾਂ ਦੀ ਮਾੜੀ ਹਾਲਤ ਲਈ ਪਿਛਲੀ ਅਕਾਲੀ-ਭਾਜਪਾ ਸਰਕਾਰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਹੈ ਕਿਉਂਕਿ ਉਨ੍ਹਾਂ ਨੇ ਨਾ ਸਿਰਫ਼ ਇਨ੍ਹਾਂ ਮਿੱਲਾਂ ਨੂੰ ਘਾਟੇ ਵਿੱਚ ਰੱਖਿਆ ਸਗੋਂ ਜਾਣ ਬੁੱਝ ਕੇ ਗੰਨਾ ਕਾਸ਼ਤਕਾਰਾਂ ਦੇ ਹਿੱਤਾਂ ਨੂੰ ਅੱਖੋਂ ਪਰੋਖੇ ਕੀਤਾ। ਉਨ੍ਹਾਂ ਕਿਹਾ ਕਿ ਇਕ ਵਾਰ ਤਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਨੇ ਭੋਗਪੁਰ ਸਹਿਕਾਰੀ ਖੰਡ ਮਿੱਲ ਨੂੰ ਵੀ ਨਿੱਜੀ ਹੱਥਾਂ ਵਿੱਚ ਸੌਂਪਣ ਦਾ ਪ੍ਰਬੰਧ ਕਰ ਲਿਆ ਸੀ ਪਰ ਮੌਜੂਦਾ ਕਾਂਗਰਸ ਸਰਕਾਰ ਨੇ ਨੇਕ ਨੀਤੀ ਨਾਲ ਮਿੱਲਾਂ ਨੂੰ ਮਜ਼ਬੂਤ ਕਰਦਿਆਂ ਮੁਨਾਫੇ ਵੱਲ ਤੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਗੰਨਾ ਕਾਸ਼ਤਕਾਰਾਂ ਦੀ ਆਮਦਨ ਵਿੱਚ ਵਾਧੇ ਦੇ ਨਾਲ-ਨਾਲ ਪੰਜਾਬ ਸਰਕਾਰ ਵੱਲੋਂ ਫ਼ਸਲ ਵਿਕਣ ਤੋਂ ਤੁਰੰਤ ਬਾਅਦ ਅਦਾਇਗੀਆਂ ਵੀ ਯਕੀਨੀ ਬਣਾਈਆਂ ਜਾਣਗੀਆਂ ਤਾਂ ਜੋ ਗੰਨੇ ਦੀ ਕਾਸ਼ਤ ਨੂੰ ਹੁਲਾਰਾ ਮਿਲ ਸਕੇ।ਉਪ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਵੱਲੋਂ ਗੰਨੇ ਦੀ ਕੀਮਤ ਵਿੱਚ 360 ਰੁਪਏ ਪ੍ਰਤੀ ਕੁਇੰਟਲ ਦਾ ਰਿਕਾਰਡ ਵਾਧਾ ਕਰਨ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਨੂੰ ਜਲਦ ਹੀ ਮੁਨਾਫੇ ਵਾਲੇ ਅਦਾਰਿਆਂ ਦੀ ਸੂਚੀ ਵਿੱਚ ਸ਼ੁਮਾਰ ਕੀਤਾ ਜਾਵੇਗਾ। ਉਨ੍ਹਾਂ ਨੇ ਖੰਡ ਮਿੱਲਾਂ ਦੇ ਸਰਵੇਅਰਾਂ ਨੂੰ ਨਿਰਦੇਸ਼ ਦਿੱਤੇ ਕਿ ਗੰਨਾ ਕਾਸ਼ਤਕਾਰਾਂ ਨੂੰ ਪਰਚੀ ਲੈਣ ਬਦਲੇ ਕਿਸੇ ਕਿਸਮ ਦੀ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਕਾਸ਼ਤਕਾਰਾਂ ਨੂੰ ਅਪੀਲ ਕੀਤੀ ਕਿ ਉਹ ਵੀ ਨਿਰਧਾਰਤ ਪ੍ਰਕਿਰਿਆ ਤੋਂ ਬਾਹਰ ਨਾ ਜਾਣ।ਇਸ ਮੌਕੇ ਸ. ਮਹਿੰਦਰ ਸਿੰਘ ਕੇ.ਪੀ., ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ ਅਤੇ ਦਲਜੀਤ ਸਿੰਘ ਗਿਲਜੀਆਂ ਆਦਿ ਨੇ ਵੀ ਸੰਬੋਧਨ ਕੀਤਾ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?