ਬਾਘਾਪੁਰਾਣਾ 1 ਦਸੰਬਰ (ਰਾਜਿੰਦਰ ਸਿੰਘ ਕੋਟਲਾ) ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਚਮਕੌਰ ਸਿੰਘ ਰੋਡੇਖੁਰਦ,ਸਕੱਤਰ ਜਸਮੇਲ ਸਿੰਘ ਰਾਜਿਆਣਾ,ਯੂਥ ਆਗੂ ਬਲਕਰਨ ਸਿੰਘ ਵੈਰੋਕੇ, ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰੋਡੇਖੁਰਦ ਨੇ ਪ੍ਰੈੱਸ ਬਿਆਨ ਦਿੰਦਿਆ ਕਿਹਾ ਕਿ ਜੋ ਪਿਛਲੇ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਆਪਣੀਆ ਮੰਗਾਂ ਨੂੰ ਲੈਕੇ ਬੈਠੇ ਕਿਸਾਨਾਂ ਦੀ ਆਖਿਰ ਜਿੱਤ ਹੋ ਹੀ ਗਈ।
ਜਿਕਰਯੋਗ ਹੈ ਕਿ ਕੇਂਦਰ ਸਰਕਾਰ ਵਲੋਂ ਤਕਰੀਬਨ ਇਕ ਸਾਲ ਢਾਈ ਮਹੀਨੇ ਪਹਿਲਾਂ ਲੋਕ ਮਾਰੂ ਤਿੰਨ ਕਾਲੇ ਕਾਨੂੰਨ ਪਾਰਲੀਮੈਂਟ ਵਿਚ ਲਿਆਂਦੇ ਗਏ ਸਨ,ਜਿਸਦੇ ਸਬੰਧ ਵਿੱਚ ਪਿਛਲੇ ਇਕ ਸਾਲ ਤੋਂ ਦਿੱਲੀ ਦੇ ਬਾਰਡਰਾਂ ਤੇ ਕਿਸਾਨ ਅੰਦੋਲਨ ਚੱਲ ਰਿਹਾ ਹੈ। ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਬਾਰਡਰਾਂ ਉੱਪਰੋਂ ਉਠਾਉਣ ਦੀ ਹਰ ਕਿਸਮ ਦੀ ਘਟੀਆ ਤੋਂ ਘਟੀਆ ਕਿਸਮ ਦੀ ਚਾਲ ਚੱਲੀ, ਪ੍ਰੰਤੂ ਕਿਸਾਨ ਜੱਥੇਬੰਦੀਆ ਦੇ ਆਗੂਆ ਦੀ ਸੂਝ ਬੂਝ ਨਾਲ ਸ਼ਾਂਤਮਈ ਢੰਗ ਨਾਲ ਅੰਦੋਲਨ ਸਫਲਤਾਪੂਰਵਕ ਚੱਲਿਆ ਤੇ ਕੇਂਦਰ ਸਰਕਾਰ ਨੂੰ ਅਸਫ਼ਲਤਾ ਦਾ ਮੂੰਹ ਦੇਖਣਾ ਪਿਆ। ਆਖਿਰ ਕਿਸਾਨ ਅੰਦੋਲਨ ਦੀ ਜਿੱਤ ਹੋਈ, ਤੇ ਕੇਂਦਰ ਸਰਕਾਰ ਨੂੰ ਤਿੰਨ ਕਾਲੇ ਕਾਨੂੰਨ ਪਾਰਲੀਮੈਂਟ ਸਰਦ ਰੁੱਤ ਸੈਸ਼ਨ ਦੌਰਾਨ ਰੱਦ ਕਰਨੇ ਪਏ। ਇਸ ਦੌਰਾਨ ਆਗੂਆ ਨੇ ਬਲਾਕ ਬਾਘਾਪੁਰਾਣਾ ਅਤੇ ਸਾਰੇ ਦੇਸ਼ ਦੇ ਕਿਸਾਨ ਸਾਥੀਆਂ ਦਾ ਧੰਨਵਾਦ ਕਰਦਿਆ ਕਿਹਾ ਕਿ ਜੇਕਰ ਦੇਸ਼ ਦੇ ਕਿਸਾਨ ਏਕਤਾ ਨਾਲ ਨਾ ਲੜਦੇ ਤਾਂ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਨਹੀ ਹੋ ਸਕਦੀ ਸੀ, ਇਹ ਸਿਰਫ਼ ਲੋਕਾਂ ਦੀ ਏਕਤਾ ਦੀ ਜਿੱਤ ਹੋਈ ਹੈ।
ਏਸੇ ਦੌਰਾਨ ਕਿਰਤੀ ਕਿਸਾਨ ਯੂਨੀਅਨ ਪਿੰਡ ਰਾਜਿਆਣਾ ਦੇ ਇਕਾਈ ਪ੍ਰਧਾਨ ਅਤੇ ਬਲਾਕ ਸਕੱਤਰ ਜਸਮੇਲ ਸਿੰਘ ਰਾਜਿਆਣਾ ਦੀ ਹੌਸਲਾ ਅਫਜ਼ਾਈ ਲਈ ਪਿੰਡ ਰਾਜਿਆਣਾ ਦੇ ਐਨ ਆਰ ਆਈ ਖਿੰਮੀ ਬਰਾੜ, ਪਰਮਿੰਦਰ ਬਰਾੜ ਆਸਟ੍ਰੇਲੀਆ ਵਲੋਂ 5100 ਰੁਪਏ ਅਤੇ ਮਨਦੀਪ ਸਿੰਘ ਮਨੀਲਾ ਪੁੱਤਰ ਸਵ: ਮੇਜਰ ਸਿੰਘ ਰਾਜਿਆਣਾ ਵਲੋਂ 5000 ਰੁਪਏ ਦੀ ਸਹਾਇਤਾ ਰਾਸ਼ੀ ਜਸਮੇਲ ਸਿੰਘ ਨੂੰ ਪਿੰਡ ਰਾਜਿਆਣਾ ਦੀ ਤਰਫ਼ੋਂ ਦਿੱਲੀ ਅੰਦੋਲਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲਈ ਪ੍ਰਦਾਨ ਕੀਤੀ ਗਈ। ਇਸ ਦੌਰਾਨ ਜਸਮੇਲ ਸਿੰਘ ਨੇ ਕਿਸਾਨ ਅੰਦੋਲਨ ਦੇ ਪਹਿਲੇ ਦਿਨ ਤੋਂ ਹੀ ਫੰਡਿੰਗ ਦੀ ਸਹਾਇਤਾ ਰਾਸ਼ੀ ਪ੍ਰਦਾਨ ਕਰਨ ਲਈ ਐਨ ਆਰ ਆਈ ਅਤੇ ਨਗਰ ਨਿਵਾਸੀਆ ਦਾ ਵਿਸੇਸ਼ ਤੌਰ ਤੇ ਧੰਨਵਾਦ ਕੀਤਾ।
ਇਸ ਦੌਰਾਨ ਬਲਾਕ ਆਗੂਆ ਨੇ ਬਾਘਾਪੁਰਾਣਾ ਦੇ ਸਾਰੇ ਹੀ ਐਨ ਆਰ ਆਈ ਅਤੇ ਕਿਸਾਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਅਤੇ ਦਿੱਲੀ ਕਿਸਾਨ ਅੰਦੋਲਨ ਦੀ ਜਿੱਤ ਦੀ ਵਧਾਈ ਦਿੱਤੀ।
Author: Gurbhej Singh Anandpuri
ਮੁੱਖ ਸੰਪਾਦਕ